ਇੱਕ ਪਾਸੇ ਜਿੱਥੇ ਵਾਤਾਵਰਨ ਪ੍ਰੇਮੀ, ਸਰਕਾਰੀ ਅਦਾਰੇ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਿਨੋ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਪ੍ਰਤੀ ਚਿੰਤਤ ਹੁੰਦਿਆ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ ਪਰ ਇਸ ਦੇ ਉਲਟ ਜੰਗਲਾਤ ਵਿਭਾਗ ਵੱਲੋਂ ਸੜਕਾਂ ਤੋਂ ਰੁੱਖਾਂ ਦੀ ਕੀਤੀ ਜਾ ਰਹੀ ਕਟਾਈ ਤੋਂ ਬਾਅਦ ਨਵੇਂ ਰੁੱਖ ਲਗਾਉਣ ਦੀ ਮੁਹਿੰਮ ਅਜੇ ਤੱਕ ਸ਼ੂਰੂ ਨਹੀਂ ਕੀਤੀ ਗਈ। ਜੇ ਗੱਲ ਕੀਤੀ ਜਾਵੇ ਤਾਂ ਭਾਰਤ ਮਾਲਾ ਪ੍ਰਾਜੈਕਟ ਅਧੀਨ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਅਖੀਰਲੇ ਕਸਬੇ ਰਮਦਾਸ ਤੱਕ ਬਣਨ ਵਾਲੇ ਕਰੀਬ 35 ਕਿਲੋਮੀਟਰ ਚਾਰ-ਮਾਰਗੀ ਨੈਸ਼ਨਲ ਹਾਈਵੇਅ ਅਧੀਨ ਆਏ ਹਜ਼ਾਰਾਂ ਵੱਖ-ਵੱਖ ਕਿਸਮ ਦੇ ਵੱਡੇ ਅਤੇ ਛੋਟੇ ਰੁੱਖਾਂ ਨੂੰ ਜੰਗਲਾਤ ਵਿਭਾਗ ਵੱਲੋਂ ਠੇਕੇਦਾਰ ਰਾਹੀਂ ਕੱਟਿਆ ਜਾ ਰਿਹਾ ਹੈ ਕਿਉਂਕਿ ਪੁਰਾਣੀ ਸੜਕ ਦੇ ਦੋਵੇਂ ਪਾਸੇ 10 ਤੋਂ 12 ਫੁੱਟ ਹੋਰ ਚੌੜੀ ਹੋਣ ਵਾਲੀ ਸੜਕ ਦੇ ਵਿੱਚ ਆਏ ਹਜ਼ਾਰਾਂ ਦਰੱਖਤ ਸੜਕ ਬਣਨ ਵਾਲੀ ਇਸ ਜਗਾ ਵਿੱਚ ਆ ਗਏ ਸਨ। ਪਹਿਲਾਂ ਇਸ ਸੜਕ ’ਤੇ ਜਾਂਦੇ ਰਾਹਗੀਰ ਇਨ੍ਹਾਂ ਰੁੱਖਾਂ ਹੇਠ ਖੜ੍ਹ ਕੇ ਛਾਂ ਦੇ ਸਹਾਰੇ ਗਰਮੀ ਤੋਂ ਰਾਤ ਮਹਿਸੂਸ ਕਰਦੇ ਸਨ ਪਰ ਹੁਣ ਇਸ ਜਗ੍ਹਾ ’ਤੇ ਰੁੱਖ ਨਜ਼ਰ ਨਹੀਂ ਆ ਰਹੇ ਅਤੇ ਨਾ ਹੀ ਨਵੇਂ ਦਰੱਖਤ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਥੇ ਹੀ ਗੱਲ ਕਰਦਿਆਂ ਵਾਤਾਵਰਨ ਪ੍ਰੇਮੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਵਿਕਾਸ ਕਰਨਾ ਬਹੁਤ ਵਧੀਆ ਹੈ ਅਤੇ ਸਮੇਂ ਦੀ ਲੋੜ ਹੈ ਪਰ ਰੁੱਖਾਂ ਪ੍ਰਤੀ ਹਰ ਵਿਅਕਤੀ ਨੂੰ ਹਮਦਰਦੀ ਭਰਿਆ ਵਤੀਰਾ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇ ਨਵੀਂ ਬਣਨ ਵਾਲੀ ਸੜਕ ਤੋਂ ਸਾਰੇ ਹੀ ਰੁੱਖ ਵੱਢੇ ਜਾਣੇ ਸਨ ਤਾਂ ਇਨ੍ਹਾਂ ਦੀ ਜਗ੍ਹਾ ਨਵੇਂ ਰੁੱਖ ਵਿਭਾਗ ਵੱਲੋਂ ਕਿਉਂ ਨਹੀਂ ਲਗਾਏ ਜਾ ਰਹੇ ਕਿਉਕਿ ਜਿੰਨੇ ਰੁੱਖ ਕੱਟਣੇ ਸਨ ਉਨ੍ਹੇ ਹੀ ਹੋਰ ਨਵੇਂ ਲਾਉਣ ਬਾਰੇ ਪਹਿਲਾਂ ਵਿਚਾਰ ਕਿਉਂ ਨਹੀਂ ਕੀਤਾ ਗਿਆ ਜਦੋਂਕਿ ਵੱਢਣ ਤੋਂ ਪਹਿਲਾਂ ਨਵੇਂ ਲਾਉਣੇ ਬਹੁਤ ਜ਼ਰੂਰੀ ਹੁੰਦੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਸੜਕ ਤੋਂ ਜਿੰਨੇ ਵੀ ਰੁੱਖ ਵੱਢੇ ਗਏ ਹਨ ਉਸ ਤੋਂ ਜ਼ਿਆਦਾ ਹੋਰ ਨਵੇਂ ਰੁੱਖ ਲਗਾਉਣ ਲਈ ਜੰਗਲਾਤ ਵਿਭਾਗ ਸਾਹਮਣੇ ਆਵੇ ਤਾਂ ਜੋ ਧਰਤੀ ਨੂੰ ਬਚਾਇਆ ਜਾ ਸਕੇ।ਇਸ ਸਬੰਧੀ ਵਣ ਰੇਂਜ ਅਫਸਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਜਦੋਂ ਨੈਸ਼ਨਲ ਹਾਈਵੇਅ ਦੀ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ ਉਸ ਤੋਂ ਬਾਅਦ ਸੜਕ ਦੇ ਦੋਵੇਂ ਪਾਸੇ ਜਿੰਨੀ ਵੀ ਜਗ੍ਹਾ ਹੋਵੇਗੀ ਉਸ ਵਿੱਚ ਰੁੱਖ ਲਗਾ ਦਿੱਤੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.