ਅਮਰਜੀਤ ਸਿੰਘ ਵੜੈਚ (9417801988)
ਕੀ ਨਿਤਿਸ਼ ਕੁਮਾਰ 2024 ‘ਚ ਬੀਜੇਪੀ ਦੇ ‘ਮਹਾਂਬਲੀ’ ਨਰਿੰਦਰ ਮੋਦੀ ਲਈ ਇਕ ਵੱਡਾ ਚੈਲੰਜ ਬਣ ਸਕਦੇ ਹਨ ? ਇਹ ਸਵਾਲ ਹੁਣ ਰਾਜਨੀਤਿਕ ਹਲਕਿਆਂ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਨਿਤਿਸ਼ ਦਾ ਭਾਜਪਾ ਨਾਲੋਂ ਤੋੜ-ਵਿਛੋੜਾ ਵਿਰੋਧੀ ਪਾਰਟੀਆਂ ਲਈ ਵੀ ਇਕ ਚੰਗਾ ਸੰਕੇਤ ਹੈ ਜੋ ਕਿਸੇ ਇਕ ਤਕੜੇ ਚਿਹਰੇ ਦੀ ਤਲਾਸ਼ ਵਿੱਚ ਸੀ ਪਰ ਕਾਂਗਰਸ ਲਈ ਖ਼ਤਰੇ ਦਾ ਬਿਗਲ ਹੈ।
ਬਿਹਾਰ ‘ਚ ਨਿਤਿਸ਼ ਕੁਮਾਰ ਵੱਲੋਂ ਬੀਜੇਪੀ ਨਾਲੋਂ ਨਾਤਾ ਤੋੜਨਾ ਕੋਈ ਅਚਾਨਕ ਵਾਪਰਿਆ ‘ਹਾਦਸਾ’ ਨਹੀਂ ਹੈ, ਇਹ ਚਾਲ ਖੇਡਣ ਦੀ ਤਿਆਰੀ ਪਿਛਲੇ ਦੋ ਮਹੀਨਿਆਂ ਤੋਂ ਹੀ ਚੱਲ ਰਹੀ ਸੀ ਜਦੋਂ ਮਹਾਂਰਾਸਟਰ ‘ਚ ‘ਮਹਾਂ ਵਿਕਾਸ ਅਗਾੜੀ’ ਦੀ ਉਧਵ ਠਾਕਰੇ ਸਰਕਾਰ ਤੋੜ ਕੇ ਏਕਨਾਥ ਸ਼ਿੰਦੇ ਦੀ ਅਗਵਾਈ ‘ਚ ਸ਼ਿਵ ਸੈਨਾ ਦੀ ਸਰਕਾਰ ਬਣਾਈ ਗਈ ਸੀ। ਨਿਤਿਸ਼ ਨੇ ਮਹਾਂਰਾਸ਼ਟਰ ‘ਚੋਂ ਹੀ ਆਪਣੇ ਭਵਿੱਖ ਦੀ ਇਬਾਰਤ ਪੜ੍ਹ ਲਈ ਸੀ। ਇਸ ਤੋਂ ਇਲਾਵਾ ਕੁਮਾਰ ਨੂੰ ਉਪ-ਰਾਸ਼ਟਰਪਤੀ ਬਣਾਉਣ ਦੇ ਵੀ ਬੀਜੇਪੀ ਵੱਲੋਂ ਸੰਕੇਤ ਦਿਤੇ ਗਏ ਸੀ ਪਰ ਨਿਤਿਸ਼ ਨੂੰ ਐਨ ਅਖੀਰ ‘ਚ ਆਕੇ ਨਿਰਾਸ਼ਾ ਹੀ ਪੱਲੇ ਪਈ ਸੀ।
ਬਿਹਾਰ ‘ਚ ਨਿਤਿਸ਼ ਵੱਲੋਂ ਬੀਜੇਪੀ ਨੂੰ ਝਟਕਾ ਦੇਣ ਦਾ ਸੱਭ ਤੋਂ ਵੱਡਾ ਕਾਰਨ ਇਹ ਹੈ ਕਿ ਬੀਜੇਪੀ ਅੰਦਰ ਖਾਤੇ ਨਿਤਿਸ਼ ਦੀ ‘ਜਨਤਾ ਦਲ ਯੂਨਾਇਟਿਡ’ ਨੂੰ ਕਮਜ਼ੋਰ ਕਰਨ ਲਈ ਉਸ ਦੇ ਕਈ ਵਿਧਾਇਕਾਂ ਨੂੰ ਤੋੜਨ ਲਈ ਕਰੋੜਾਂ ਰੁਪਏ ਚੜ੍ਹਾਉਣ ਦੀ ਤਿਆਰੀ ਵਿੱਚ ਸੀ ਜਿਸ ਦਾ ਨਿਤਿਸ਼ ਨੂੰ ਪਤਾ ਲੱਗ ਗਿਆ ਸੀ ; ਇਹ ਦੋਸ਼ ਕੁਮਾਰ ਨੇ ਬੀਜੇਪੀ ‘ਤੇ ਲਾਇਆ ਹੈ।
ਪਿਛਲੇ ਦਿਨੀਂ ਬੀਜੇਪੀ ਦੇ ਮੁਖੀ ਜੇਪੀ ਨੱਡਾ ਨੇ ਕਿਹਾ ਕਿ ਭਵਿੱਖ ‘ਚ ਬੀਜੇਪੀ ਦਾ ਸਾਹਮਣਾ ਕਰਨ ਲਈ ਕੋਈ ਵੀ ਰਾਸ਼ਟਰੀ ਪੱਧਰ ਦੀ ਪਾਰਟੀ ਨਹੀਂ ਬਚੇਗੀ । ਇਸ ਦੇ ਨਾਲ ਹੀ ਮੋਦੀ ਜੀ ਦਾ ਬਿਆਨ ਆ ਗਿਆ ਹੈ ਕਿ ਕਾਂਗਰਸ ਖ਼ਤਮ ਹੋਣ ਜਾ ਰਹੀ ਹੈ ਹੁਣ ਇਸ ਨੂੰ ਕਾਲਾ ਜਾਦੂ ਵੀ ਬਚਾ ਨਹੀਂ ਸਕੇਗਾ। ਉਧਰ ‘ਨੈਸ਼ਨਲ ਕਾਂਗਰਸ ਪਾਰਟੀ’ ਦੇ ਸ਼ਰਦ ਪਵਾਰ ਨੇ ਵੀ ਕਹਿ ਦਿੱਤਾ ਹੈ ਕਿ ਬੀਜੇਪੀ ਖੇਤਰੀ ਪਾਰਟੀਆਂ ਨੂੰ ਖ਼ਤਮ ਕਰਨ ਦੇ ਏਜੰਡੇ ‘ਤੇ ਕੰਮ ਕਰ ਰਹੀ ਹੈ।
ਪਿਛਲੇ 75 ਸਾਲਾਂ ਦੀ ਰਾਜਨੀਤਿਕ ਪਟਾਰੀ ਖੋਲ੍ਹਿਆ ਪਤਾ ਲੱਗਦਾ ਹੈ ਕਿ ਦੇਸ਼ ਦੀ ਪਹਿਲੀ ਸਰਕਾਰ ਕਾਂਗਰਸ ਪਾਰਟੀ ਨੇ ਮਈ 1952 ‘ਚ 364 ਸੀਟਾਂ ਜਿਤਕੇ ਬਣਾਈ ਸੀ ਕਿਉਂਕਿ ਉਸ ਵਕਤ ਹੋਰ ਕੋਈ ਰਾਸ਼ਟਰੀ ਪਾਰਟੀ ਕਾਂਗਰਸ ਦਾ ਸਾਹਮਣਾ ਕਰਨ ਜੋਗੀ ਨਹੀਂ ਸੀ ; ਅੱਜ ਓਹੀ ਪਾਰਟੀ ਸਿਰਫ਼ 50 ਸੀਟਾਂ ‘ਤੇ ਸੁੰਗੜ ਗਈ ਹੈ। ਦੂਜੇ ਬੰਨੇ ਮੌਜੂਦਾ ਬੀਜੇਪੀ ਜੋ 1952 ਦੀਆਂ ਚੋਣਾਂ ਸਮੇਂ ‘ਭਾਰਤੀ ਜਨ ਸੰਘ’ ਦੇ ਤੌਰ ‘ਤੇ ਚੋਣਾਂ ਲੜਕੇ ਸਿਰਫ਼ ਤਿੰਨ ਸੀਟਾਂ ਹੀ ਜਿੱਤੀ ਸੀ; ਉਹ ਪਾਰਟੀ 2019 ‘ਚ 303 ਸੀਟਾਂ ਜਿਤ ਕੇ ਕਾਂਗਰਸ ਦੀ 1952 ਵਾਲੀ ਸਥਿਤੀ ‘ਚ ਆ ਗਈ ਹੈ ਭਾਵ ਅੱਜ ਬੀਜੇਪੀ ਨੂੰ ਰਾਸ਼ਟਰੀ ਪੱਧਰ ‘ਤੇ ਕੋਈ ਪਾਰਟੀ ਟੱਕਰ ਦੇਣ ਜੋਗੀ ਨਹੀਂ ਬਚੀ।
‘ਭਾਰਤੀ ਜਨ ਸੰਘ’ 1980 ‘ਚ ‘ਭਾਰਤੀ ਜਨਤਾ ਪਾਰਟੀ’ ਬਣ ਗਿਆ ਸੀ। ਭਾਰਤੀ ਜਨ ਸੰਘ ਬਨਾਮ ਬੀਜੇਪੀ 75 ਸਾਲਾਂ ਦੇ ਸਫ਼ਰ ‘ਚ ਇਸ ਵਕਤ ਟੀਸੀ ਦੀ ਪਾਰਟੀ ਹੈ ਜਦੋਂ ਕੇ ਕਾਂਗਰਸ ਇਸ ਸਮੇਂ ‘ਚ ਸੱਤ੍ਹਾ ਦੇ ਸੁੱਖ ਮਾਣਦੀ-ਮਾਣਦੀ ਹੁਣ ਆਪਣਾ ਵਜੂਦ ਬਚਾਉਣ ਲਈ ਤਰਲੇ ਮਾਰ ਰਹੀ ਹੈ । ਕਾਂਗਰਸ ਪਾਰਟੀ ਦਾ ਦੇਸ਼ ਦੀ ਆਜ਼ਾਦੀ ‘ਚ ਵੱਡਾ ਯੋਗਦਾਨ ਰਿਹਾ ਹੈ ਪਰ ਇਹ ਪਾਰਟੀ ਨਾ ਆਜ਼ਾਦੀ ਦੇ 50 ਸਾਲਾ ਤੇ ਨਾਹੀ 75 ਸਾਲਾ ਜਸ਼ਨ ਮਨਾ ਸਕੀ।
ਸਾਲ 1984 ‘ਚ, ਪੰਜਾਬ ‘ਚੋਂ ਰੋਪੜ ਦੇ ਜੰਮਪਲ, ਕਾਸ਼ੀਰਾਮ ਨੇ ਕਾਂਗਰਸ ਪਾਰਟੀ ਲਈ ‘ਬਹੁਜਨ ਸਮਾਜ ਪਾਰਟੀ’ ਬਣਾਕੇ ਇਕ ਵੱਡਾ ਚੈਲੰਜ ਖੜਾ ਕੀਤਾ ਸੀ ਤੇ ਪਾਰਟੀ 1989 ‘ਚ ਪਹਿਲੀ ਵਾਰ ਲੋਕ ਸਭਾ ਲਈ 245 ਸੀਟਾਂ ‘ਤੇ ਚੋਣਾਂ ਲੜੀ ਪਰ ਉਸ ਦੇ ਹਿਸੇ ਸਿਰਫ਼ ਚਾਰ ਸੀਟਾਂ ਹੀ ਆਈਆਂ ਸੀ। ਬਸਪਾ 2009 ਦੀਆਂ ‘ਆਮ-ਚੋਣਾਂ’ ‘ਚ 21 ਸੀਟਾਂ ਜਿੱਤ ਗਈ ਪਰ 2019 ‘ਚ ਸਿਰਫ਼ 10 ਸੀਟਾਂ ਹੀ ਬਚਾ ਸਕੀ। ਇਹ ਪਾਰਟੀ ਯੂਪੀ ‘ਚ ‘ਪਾਰਟੀ ਸੁਪਰੀਮੋ’ ਮਾਇਆਵਤੀ ਦੀ ਅਗਵਾਈ ‘ਚ ਚਾਰ ਵਾਰ ਸਰਕਾਰ ਬਣਾ ਚੁੱਕੀ ਹੈ ਪਰ ਹੁਣ ਉਥੇ ਵੀ ਇਸ ਦਾ ਹਾਲ ਮਾੜਾ ਹੈ।
ਕਾਂਗਰਸ ਤੇ ਬਸਪਾ ਦੇ ਰਿਪੋਰਟ ਕਾਰਡ ਫਰੋਲਣ ‘ਤੇ ਪਤਾ ਲੱਗਦਾ ਹੈ ਕਿ ਇਨ੍ਹਾਂ ਦੋਨਾ ਪਾਰਟੀਆਂ ‘ਚ ਪ੍ਰਧਾਨਗੀ ਇਕ-ਇਕ ਪਰਿਵਾਰ ਤੱਕ ਹੀ ਸੀਮਤ ਰਹੀ ਜਿਸ ਕਰਕੇ ਦੋਵੇਂ ਪਾਰਟੀਆਂ ਹੇਠਲੇ ਪੱਧਰ ‘ਤੇ ਕਮਜ਼ੋਰ ਹੁੰਦੀਆਂ ਗਈਆਂ ਕਿਉਂਕਿ ਇਨ੍ਹਾਂ ਪਾਰਟੀਆਂ ‘ਚ ਉਪਰਲੇ ਅਹੁਦਿਆਂ ਤੱਕ ਪਹੁੰਚਣ ਲਈ ਕੋਈ ਮੁਕਾਬਲਾ ਹੀ ਨਹੀਂ ਸੀ। ਇਹੀ ਹਾਲ ਪੰਜਾਬ ‘ਚ ਬਾਦਲ ਪਰਿਵਾਰ ਨੇ ‘ਸ਼੍ਰੋਮਣੀ ਅਕਾਲੀ ਦਲ’ ਦਾ ਤੇ ਜੰਮੂ-ਕਸ਼ਮੀਰ ‘ਚ ਫ਼ਾਰੂਖ ਅਬਦੁੱਲਾ ਨੇ ‘ਨੈਸ਼ਨਲ ਕਾਨਫਰੰਸ’ ਦਾ ਕੀਤਾ ਹੈ।
ਦੇਸ਼ ਦੀ ਰਾਜਨੀਤੀ ‘ਚ ਇਕ ਹੋਰ ਵਰਤਾਰਾ ਇਸ ਸਦੀ ਦੇ ਦੂਜੇ ਦਹਾਕੇ ‘ਚ ਆਰੰਭ ਹੋਇਆ ਸੀ ਜਦੋਂ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੀ ਅਗਵਾਈ ‘ਚ ‘ਇੰਡੀਆ ਅਗੇਂਸਟ ਕਰੱਪਸ਼ਨ’ ਲਹਿਰ ਸ਼ੁਰੂ ਕੀਤੀ ਸੀ ਤੇ ਜਿਸ ‘ਚੋਂ ‘ਆਮ ਆਦਮੀ ਪਾਰਟੀ’ ਨੇ ਜਨਮ ਲਿਆ ਸੀ। ਇਹ ਪਾਰਟੀ ਹੁਣ ਪੰਜਾਬ ਤੇ ਦਿੱਲੀ ‘ਚ ਪੱਕੇ ਪੈਰੀਂ ਹੋਣ ਮਗਰੋਂ ਗੋਆ ‘ਚ ਵੀ ਦੋ ਸੀਟਾਂ ਨਾਲ ਦਸਤਕ ਦੇ ਚੁੱਕੀ ਹੈ। ਅਗਰ ਇਹ ਪਾਰਟੀ ਅਗਲੇ ਵਰ੍ਹੇ ਤੱਕ ਕਿਸੇ ਇਕ ਰਾਜ ‘ਚ ਹੋਰ ਸਰਕਾਰ ਬਣਾ ਗਈ ਤਾਂ ਚੋਣ ਕਮਿਸ਼ਨ ‘ਆਪ’ ਨੂੰ ਰਾਸ਼ਟਰੀ ਪਾਰਟੀ ਵਜੋਂ ਮਾਨਤਾ ਦੇ ਦੇਵੇਗਾ।
ਬੀਜੇਪੀ ਨੂੰ ‘3’ ਤੋਂ ‘303’ ਬਣਨ ਲਈ 72 ਸਾਲ ਲੱਗੇ ਸਨ ਪਰ ‘ਆਪ’ ਬਾਰਾਂ ਸਾਲਾਂ ‘ਚ ਹੀ ਉਸ ਨੂੰ ਚੈਲਿੰਜ ਦੇਣ ਲਈ ਅੰਗੜਾਈਆਂ ਭਰਨ ਲੱਗੀ ਹੈ ਜੋ ਕਾਂਗਰਸ ਲਈ ਵੀ ਸ਼ੁੱਭ ਸੰਕੇਤ ਨਹੀਂ ਹੈ। ਰਾਜਨੀਤੀ ‘ਚ ਸਭ ਕੁਝ ਸੰਭਵ ਹੈ ; 2017 ‘ਚ ਲਾਲੂ ਪ੍ਰਸ਼ਾਦ ਯਾਦਵ ਨੇ ਨਿਤਿਸ਼ ਕੁਮਾਰ ਨੂੰ ਭਾਜਪਾ ਨਾਲ ਜੱਫ਼ੀ ਪਾਉਣ ‘ਤੇ ਵਾਰ-ਵਾਰ ਕੁੰਜ ਉਤਾਰਨ ਵਾਲੇ ਸੱਪ ਨਾਲ ਤੋਲਿਆ ਸੀ ‘ਤੇ ਹੁਣ ਜਦੋਂ ਨਿਤਿਸ਼ ਕੁਮਾਰ ਭਾਜਪਾ ਛੱਡਕੇ ਲਾਲੂ ਦੀ ਪਾਰਟੀ ‘ਰਾਸ਼ਟਰੀ ਜਨਤਾ ਦਲ’ ਨਾਲ ਜੱਫ਼ੀ ਪਾ ਚੁੱਕਿਆ ਹੈ ਤਾਂ ਬੀਜੇਪੀ ਦੇ ਬੇਗੂ ਸਰਾਏ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਗਿਰੀਰਾਜ ਨੇ ਲਾਲੂ ਨੂੰ ਮਿਹਣਾ ਮਾਰਿਆ ਹੈ ਕਿ ਹੁਣ ਓਹੀ ਸੱਪ ਲਾਲੂ ਦੇ ਘਰ ‘ਚ ਵੜ ਗਿਆ ਹੈ।
ਨਿਤਿਸ਼ ਕੁਮਾਰ ਦਾ ਹੁਣ ਵਾਲਾ ਪੈਂਤੜਾ 2024 ਨੂੰ ਮੱਦੇ ਨਜ਼ਰ ਰੱਖ ਕੇ ਲਿਆ ਲੱਗਦਾ ਹੈ ਕਿਉਂਕਿ ਇਹ ਕਿਆਸ ਅਰਾਈਆਂ ਲੱਗ ਰਹੀਆਂ ਹਨ ਕਿ ਵਿਰੋਧੀ ਧਿਰਾਂ ਕਿਸੇ ਐਸੇ ਚਿਹਰੇ ਦੀ ਤਲਾਸ਼ ‘ਚ ਹਨ ਜੋ ਨਰਿੰਦਰ ਮੋਦੀ ਨੂੰ 24 ‘ਚ ਤਕੜੀ ਟੱਕਰ ਦੇ ਸਕੇ। ਕੁਮਾਰ ਨੇ ਬਿਹਾਰ ‘ਚ ਐੱਨਡੀਏ ਨਾਲੋਂ ਨਾਤਾ ਤੋੜਕੇ ਵਿਰੋਧੀ ਧਿਰਾਂ ਨੂੰ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਮੋਦੀ ਦਾ ਰਾਸ਼ਟਰੀ ਨੇਤਾ ਵਾਲਾ ਤਲਿਸਮ ਤੋੜ ਸਕਦੇ ਹਨ। ਇਹ ਵੀ ਸਵਾਲ ਉਠ ਰਹੇ ਹਨ ਕਿ ਕੁਮਾਰ ਕੋਲ 44 ਤੇ ਤੇ ਜੱਸਵੀ ਯਾਦਵ ਕੋਲ 77 ਵਿਧਾਇਕ ਹਨ ਤਾਂ ਫਿਰ ਵੀ ਰਜਦ ਸਰਕਾਰ ਚ’ ਦੂਜੇ ਨੰਬਰ ‘ਤੇ ਕਿਉਂ ਬੈਠੇਗੀ? ਇਸ ਬਾਰੇ ਇਹ ਪਤਾ ਲੱਗ ਰਿਹਾ ਹੈ ਕਿ ਬਿਹਾਰ ਦੀਆਂ 2025 ‘ਚ ਹੋਣ ਵਾਲੀਆਂ ਚੋਣਾਂ ਲਈ ਤੇਜੱਸਵੀ ਨਾਲ ਹੁਣੇ ਹੀ ਸੌਦਾ ਹੋ ਗਿਆ ਹੈ। ਉਧਰ ਕੇਜਰੀਵਾਲ ਵੀ 2024 ‘ਚ ਵੱਡੇ ਸੁਪਨੇ ਲੈ ਰਿਹਾ ਹੈ। ਸਾਲ 2024 ਤੱਕ ਪਹੁੰਚਦਿਆਂ ਸੱਤ ਸੂਬਿਆਂ ਗੁਜਰਾਤ, ਹਿਮਾਚਲ ਇਸ ਵਰ੍ਹੇ ਤੇ ਕਰਨਾਟਕਾ, ਰਾਜਸਥਾਨ, ਛੱਤੀਸਗੜ੍ਹ, ਐੱਮਪੀ ਤੇ ਤੇਲੰਗਾਨਾ ‘ਚ ਅਗਲੇ ਵਰ੍ਹੇ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਹਨ ਜਿਨ੍ਹਾਂ ‘ਚ ਬੀਜੇਪੀ, ਵਿਰੋਧੀ ਧਿਰਾਂ, ‘ਆਪ’ ਤੇ ਕਾਂਗਰਸ ਸੱਤ੍ਹਾ ਤੱਕ ਪਹੁੰਚਣ ਲਈ ਹਰ ਹੀਲਾ ਵਰਤਣਗੀਆਂ ਕਿਉਕਿ ਉਹ ਸੱਤ ਚੋਣਾਂ 2024 ਲਈ ਸੈਮੀਫਾਇਨਲ ਤੇ ਫਾਇਨਲ ਹੀ ਸਿੱਧ ਹੋਣਗੀਆਂ।
ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੀ ਬੀਜੇਪੀ 2024 ‘ਚ ਮੋਦੀ ਨੂੰ ਪੀਐੱਮ ਵਜੋਂ ਪੇਸ਼ ਕਰਕੇ ਚੋਣ ਲੜੇਗੀ ਜਾਂ ਮੋਦੀ ਦੀ ਅਗਵਾਈ ‘ਚ ਚੋਣਾਂ ਲੜਕੇ ਕਿਸੇ ਹੋਰ ਲੀਡਰ ਨੂੰ ਪੀਐੱਮ ਬਣਾਏਗੀ ? ਕੀ ਅਮਿਤ ਸ਼ਾਹ ਗ੍ਰਹਿ ਮੰਤਰੀ ਬਣ ਕੇ ਹੀ ਸੰਤੁਸ਼ਟ ਰਹਿਣਗੇ ? ਕੀ ਨਿਤਿਨ ਗਦਕਰੀ 3/4 ਨੰਬਰ ‘ਤੇ ਰਹਿ ਕੇ ਹੀ ਗੁਜ਼ਾਰਾ ਕਰਨਗੇ ? ਨਿਤਿਨ ਸੱਚਮੁੱਚ ਹੀ ਛੱਡਣਾ ਚਾਹੁੰਦੇ ਨੇ ਰਾਜਨੀਤੀ ਜਾਂ ਉਹ ਕੁਝ ਹੋਰ ਕਹਿਣਾ ਚਾਹੁੰਦੇ ਹਨ ?
ਹੁਣ ਸਿਰਫ਼ ਵੇਖਣਾ ਇਹ ਹੈ ਕਿ ਅਗਲੇ ਦਿਨਾਂ ‘ਚ ਨਿਤਿਸ਼ ਕੁਮਾਰ ਕੇਂਦਰੀ ਏਜੰਸੀਆਂ ਤੋਂ ਬਚ ਸਕਦੇ ਹਨ ਜਾਂ ਨਹੀਂ ਤੇ ਦੂਜਾ ਕੀ ਬੀਜੇਪੀ ਨਿਤਿਸ਼ ਦੀ ਸਰਕਾਰ ਨੂੰ ਚੱਲਣ ਦਏਗੀ ਜਾਂ ਇਥੇ ਵੀ ਕੋਈ ‘ਏਕਨਾਥ ਸ਼ਿੰਦੇ’ ਪੈਦਾ ਕਰ ਦਿੱਤਾ ਜਾਵੇਗਾ। ਮਮਤਾ ਬੈਨਰਜੀ ਵੀ ਇਸ ਦੌੜ ਵਿੱਚ ਹਨ ਪਰ ਨਿਤਿਸ਼ ਦੇ ਉਭਰਨ ਮਗਰੋਂ ਕੁਝ ਸਮੀਕਰਨ ਬਦਲ ਸਕਦੇ ਹਨ। ਆਉਣ ਵਾਲੇ ਦਿਨਾਂ ‘ਚ ਹੋਰ ਖੇਤਰੀ ਪਾਰਟੀਆਂ ਨੂੰ ਵੀ ਨਿਤਿਸ਼ ਕੁਮਾਰ ਵਾਂਗ ਸੁਚੇਤ ਰਹਿਣਾ ਪਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.