D5 specialOpinion

ਧਰਮ ਸੰਸਦ – ਵੰਡਣ ਦੀ ਕੋਝੀ ਰਾਜਨੀਤੀ

ਡਾ.ਸੁਖਦੇਵ ਸਿੰਘ ਮਿਨਹਾਸ (ਮੋਹਾਲੀ) : ਬੀਤੇ ਦਿਨੀਂ ਹਰਿਦੁਆਰ ਵਿਖੇ ਹਿੰਦੂ ਧਾਰਮਿਕ ਆਗੂਆਂ ਵੱਲੋਂ ਮੁਸਲਮਾਨਾਂ ਪ੍ਰਤੀ ਨਫ਼ਰਤ ਭਰੇ ਅਤੇ ਮੁਲਕ ਦੀ ਏਕਤਾ ਨੂੰ ਖੰਡਤ ਕਰਨ ਵਾਲੇ ਦਿੱਤੇ ਗਏ ਭਾਸ਼ਣ ਬਹੁਤ ਹੀ ਚਿੰਤਾਜਨਕ ਅਤੇ ਮੰਦਭਾਗੇ  ਕਹੇ ਜਾ ਸਕਦੇ ਹਨ। ਮੁਲਕ ਦੀਆਂ ਲੱਗਭਗ ਸਾਰੀਆਂ ਪ੍ਰਮੁੱਖ ਅਖ਼ਬਾਰਾਂ ਨੇਂ ਨਫ਼ਰਤ ਦੇ ਸੌਦਾਗਰਾਂ ਦੇ ਇਨ੍ਹਾਂ ਬਿਆਨਾਂ ਦਾ ਸੱਖਤ ਨੋਟਿਸ  ਲਿਆ ਹੈ ਅਤੇ ਇਸ ਦੀ ਪੁਰਜੋਰ ਨਿਖੇਧੀ ਕੀਤੀ ਹੈ। ਇਸ ਸੰਧਰਭ ਵਿਚ ਕੁਛ ਵਿਅਕਤੀਆਂ ਉੱਤੇ ਕੇਸ ਭੀ ਦਰਜ ਹੋਏ ਹਨ ।ਭਾਰਤ ਵਰਗੇ ਇਕ ਵੱਡੇ ਜਮਹੂਰੀ  ਦੇਸ਼, ਜਿਸ ਵਿਚ ਸਦੀਆਂ ਤੋਂ  ਵੱਖ ਵੱਖ ਧਰਮਾਂ, ਜਾਤਾਂ, ਵਿਸ਼ਵਾਸਾਂ ਅਤੇ ਸੰਸਕਾਰਾਂ ਵਾਲੇ ਲੋਕ ਆਪਸੀ ਭਾਈਚਾਰੇ ਦੇ ਰੰਗ ਵਿਚ ਰੰਗੇ ਹੋਏ ਏਕੇ ਦੀ ਮਿਸਾਲ ਵਿਸ਼ਵ ਨੂੰ ਦੇ ਰਹੇ ਹਨ, ਉਸ ਦੇਸ਼ ਵਿਚ ਸੰਤਾਂ ਦੇ ਭੇਖ ਵਿੱਚ ਅਧਰਮੀ ਲੋਕਾਂ ਨੇ  ਲੋਕਾਂ ਨੂੰ ਸੌੜੀ ਰਾਜਨੀਤੀ ਖਾਤਰ ਵੰਡਣ ਦਾ ਕੋਝਾ ਯਤਨ ਕੀਤਾ ਹੈ।

ਹਿੰਦੂ ਧਰਮ ਦੀ ਰਾਖੀ ਲਈ ਹਿੰਸਾ ਦੀ ਵਕਾਲਤ ਕਰਨ ਵਾਲੇ  ਸੰਤ ਮਹਾਤਮਾਵਾਂ ਨੂੰ ਧਾਰਮਿਕ ਵਿਅਕਤੀ  ਕਿਵੇਂ ਆਖਿਆ ਜਾ ਸਕਦਾ ਹੈ? ਵਿਦਿਆਰਥੀਆਂ ਨੂੰ ਕਿਤਾਬਾਂ ਛੱਡ ਕੇ ਹਥਿਆਰ ਚੁੱਕਣ ਦਾ ਸੁਨੇਹਾ ਦੇਣ ਵਾਲੇ ਅਤੇ ਮਹਾਤਮਾ ਗਾਂਧੀ ਦੇ ਹਤਿਆਰੇ ਦੇ ਸੋਹਲੇ ਗਾਉਣ ਵਾਲੇ ਲੋਕਾਂ ਨੂੰ ਦੇਸ਼ ਦੇ ਸੁਭਚਿੰਤਕ ਕਿਵੇਂ ਆਖਿਆ ਜਾ ਸਕਦਾ ਹੈ। ਔਰੰਗਜੇਬ ਦੀਆਂ ਵਧੀਕੀਆਂ ਦੀ ਸਜ਼ਾ ਭਾਰਤ ਵਿਚ ਵਸ ਰਹੇ ਮੁਸਲਮਾਨਾਂ ਨੂੰ ਦੇਣ ਦੀ ਵਕਾਲਤ ਕਿਸ ਹਦ  ਤਕ ਜਾਇਜ ਠਹਰਾਈ ਜਾ ਸਕਦੀ ਹੈ?  ਮੁਸਲਮਾਨਾਂ ਦਾ ਖੁਰਾ ਖੋਜ ਮਿਟਾਉਣ ਦਾ ਸੰਦੇਸ਼ ਦੇਣ ਵਾਲੇ ਲੋਕਾਂ ਦੀ ਸੋਚ ਅਤੇ ਔਰੰਗਜੇਬ ਦੀ ਸੋਚ ਵਿਚ ਫਿਰ ਕੀ ਫਰਕ ਰਹਿ ਗਿਆ। ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ  ਦੇਸ਼ ਦੇ ਸ਼ਿਖਰ ਤੇ ਬੈਠੇ ਲੀਡਰਾਂ ਦੀ ਇਸ ਘਟਨਾ ਕ੍ਰਮ ਉੱਤੇ ਚੁੱਪੀ ਹੈ। ਉਨ੍ਹਾਂ ਦੀ ਚੁੱਪੀ ਇਨ੍ਹਾਂ ਸੰਤਾਂ ਦੇ ਵਿਚਾਰਾਂ ਨਾਲ ਹਾਮੀ ਭਰਨ ਦਾ ਸੰਕੇਤ ਹੀ ਦਿੰਦੀ ਹੈ। ਵੈਸੇ ਦਾ ਇਸ ਗੱਲ ਦਾ ਸੰਕੇਤ ਮਾਣਯੋਗ ਨਰੇਂਦਰ ਮੋਦੀ ਜੀ ਦਾ ਭਗਭੇਂ  ਵਸਤਰ ਧਾਰਨ ਕਰਕੇ ਗੰਗਾ ਇਸਨਾਨ ਕਰਨਾ ਭੀ ਦਿੰਦਾ ਹੈ।

ਪਿਛਲੇ ਦਿਨੀਂ ਹਿੰਦੂਵਾਦੀ ਸੋਚ ਰੱਖਣ ਵਾਲੇ ਇਕ ਬੁਲਾਰੇ ਨੇ ਇਹ ਭੀ ਆਖਿਆ ਕਿ ਸਭ ਤੋਂ ਪਹਿਲਾਂ ਹਿੰਦੂ ਸ਼ਬਦ ਦਾ ਇਸਤੇਮਾਲ ਗੁਰੂ ਨਾਨਕ ਦੇਵ ਜੀ ਨੇ ਕੀਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਸੋਚੀ ਸਮਝੀ ਸਾਜ਼ਿਸ਼ ਰਾਹੀਂ ਇਸ ਦੇਸ਼ ਨੂੰ ਭਗਵੇਂ ਰੰਗ ਵਿਚ ਰੰਗਣ ਦਾ ਯਤਨ ਕੀਤਾ ਜਾ ਰਿਹਾ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ ਸਭ ਆਪਸ ਮੇਂ ਭਾਈ ਭਾਈ ਦੀ ਸੋਚ ਦੇ ਉਲਟ ਦੇਸ਼ ਦੇ ਲੋਕਾਂ ਨੂੰ ਨਫ਼ਰਤ ਦੀ ਅੱਗ ਵਿਚ ਧੱਕਣ ਵਾਲੇ ਲੋਕਾਂ ਵਿਰੁੱਧ ਦੇਸ਼ ਦ੍ਰੋਹ ਦਾ ਮੁਕੱਦਮਾ ਦਰਜ ਕਰਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ।ਸਾਰੇ ਬੁੱਧੀਜੀਵੀਆਂ ਅਤੇ ਅਮਨ ਪਸੰਦ ਸੂਝਵਾਨ ਨਾਗਰਿਕਾਂ ਨੂੰ ਇਕ ਪਲੇਟਫਾਰਮ ‘ਤੇ ਆਕੇ ਇਨ੍ਹਾਂ  ਤਾਕਤਾਂ ਦੇ ਭੈੜੇ  ਮਨਸੂਬੇ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button