Press ReleasePunjabTop News

ਦੀਵਾਲੀ ‘ਤੇ ਇਸ ਵਾਰ ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਘਟਿਆ: ਮੀਤ ਹੇਅਰ

ਹਵਾ ਗੁਣਵੱਤਾ ਸੂਚਕਾਂਕ ਵਿੱਚ ਸੁਧਾਰ ਲਈ ਠੋਸ ਕਦਮ ਚੁੱਕਣ ਵਾਸਤੇ ਪ੍ਰਦੂਸ਼ਣ ਬੋਰਡ ਦੀ ਕੀਤੀ ਸ਼ਲਾਘਾ

ਚੰਡੀਗੜ੍ਹ : ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬ ਵਿੱਚ ਔਸਤ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਵਿੱਚ ਪਿਛਲੇ ਸਾਲ ਦੇ ਮੁਕਾਬਲੇ 16.4 ਫੀਸਦੀ ਅਤੇ 2020 ਦੇ ਮੁਕਾਬਲੇ 31.7 ਫੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ। ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਸਦਕਾ ਇਸ ਸਾਲ ਦੀਵਾਲੀ ਵਾਲੇ ਦਿਨ ਪਿਛਲੇ ਸਾਲਾਂ ਦੇ ਮੁਕਾਬਲੇ ਹਵਾ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ।
ਵਾਤਾਵਰਣ ਮੰਤਰੀ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਅਤੇ 2020 ਵਿੱਚ ਕੋਈ ਵੀ ਸ਼ਹਿਰ ਏ.ਕਿਊ.ਆਈ. ਦੀ ਦਰਮਿਆਨੀ ਸ਼੍ਰੇਣੀ ਵਿੱਚ ਨਹੀਂ ਰਿਹਾ ਜਦੋਂ ਕਿ ਇਸ ਸਾਲ 2 ਸ਼ਹਿਰ (ਖੰਨਾ ਅਤੇ ਮੰਡੀ ਗੋਬਿੰਦਗੜ੍ਹ) ਏ.ਕਿਊ.ਆਈ.  ਦੀ ਦਰਮਿਆਨੀ ਸ਼੍ਰੇਣੀ ਵਿੱਚ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਦੇ ਵੱਡੇ 6 ਸ਼ਹਿਰਾਂ ਵਿੱਚ ਪਿਛਲੇ ਸਾਲ ਦੀਵਾਲੀ ਦੇ ਦਿਨਾਂ (2020 ਅਤੇ 2021) ਦੇ ਮੁਕਾਬਲੇ ਇਸ ਸਾਲ ਦੀਵਾਲੀ (2022) ਦੌਰਾਨ ਏ.ਕਿਊ.ਆਈ. ਵਿੱਚ ਵੱਡੀ ਕਮੀ ਵੇਖਣ ਨੂੰ ਮਿਲੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੀਵਾਲੀ ਮੌਕੇ ਪੰਜਾਬ ਦਾ ਔਸਤ ਏ.ਕਿਊ.ਆਈ. 2021 ਵਿੱਚ 268 (ਖਰਾਬ) ਅਤੇ 2020 ਵਿੱਚ 328 (ਬਹੁਤ ਖਰਾਬ)  ਦੇ ਮੁਕਾਬਲੇ ਇਸ ਸਾਲ 224 (ਖਰਾਬ) ਸੀ।
ਉਨ੍ਹਾਂ ਦੱਸਿਆ ਕਿ ਇਸ ਸਾਲ ਅੰਮ੍ਰਿਤਸਰ ਵਿਖੇ ਏ.ਕਿਊ.ਆਈ. ਸ਼੍ਰੇਣੀ 262 ਨਾਲ ਵੱਧ ਤੋਂ ਵੱਧ ਏ.ਕਿਊ.ਆਈ. ਦਰਜ ਕੀਤਾ ਗਿਆ। ਹਾਲਾਂਕਿ ਪਿਛਲੇ ਸਾਲ ਵੱਧ ਤੋਂ ਵੱਧ ਏ.ਕਿਊ.ਆਈ  327 (ਬਹੁਤ ਖਰਾਬ) ਜਲੰਧਰ ਵਿੱਚ ਦਰਜ ਕੀਤਾ ਗਿਆ ਸੀ ਅਤੇ 2020 ਵਿੱਚ ਵੱਧ ਤੋਂ ਵੱਧ ਏ.ਕਿਊ.ਆਈ.   386 (ਬਹੁਤ ਖਰਾਬ) ਅੰਮ੍ਰਿਤਸਰ ਵਿੱਚ ਦੇਖਿਆ ਗਿਆ ਸੀ। ਇਸ ਸਾਲ ਘੱਟੋ-ਘੱਟ ਏ.ਕਿਊ.ਆਈ.   ਮੰਡੀ ਗੋਬਿੰਦਗੜ੍ਹ ਵਿੱਚ 188 (ਦਰਮਿਆਨਾ) ਦਰਜ ਕੀਤਾ ਗਿਆ ਜੋ ਕਿ ਪਿਛਲੇ ਸਾਲ 220 (ਖਰਾਬ) ਅਤੇ 2020 ਵਿੱਚ 262 (ਖਰਾਬ) ਦਰਜ ਕੀਤਾ ਗਿਆ ਸੀ।
ਪਿਛਲੇ ਸਾਲ 2 ਸ਼ਹਿਰਾਂ (ਅੰਮ੍ਰਿਤਸਰ ਅਤੇ ਜਲੰਧਰ) ਦਾ ਏ.ਕਿਊ.ਆਈ.    ਬਹੁਤ ਖਰਾਬ ਸ਼੍ਰੇਣੀ ਵਿੱਚ ਰਿਹਾ ਜਦੋਂ ਕਿ 2020 ਵਿੱਚ  ਚਾਰ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦਾ ਏ.ਕਿਊ.ਆਈ.   ਬਹੁਤ ਖਰਾਬ ਸ਼੍ਰੇਣੀ ਵਿੱਚ ਰਿਹਾ। ਹਾਲਾਂਕਿ ਇਸ ਸਾਲ ਕੋਈ ਵੀ ਸ਼ਹਿਰ ਏ.ਕਿਊ.ਆਈ.   ਦੀ ਬਹੁਤ ਖਰਾਬ ਸ਼੍ਰੇਣੀ ਵਿੱਚ ਨਹੀਂ ਰਿਹਾ। ਵਾਤਾਵਰਣ ਮੰਤਰੀ ਨੇ ਕਿਹਾ ਕਿ ਇਸ ਸਾਲ ਏ.ਕਿਊ.ਆਈ.  ਵਿੱਚ ਸਭ ਤੋਂ ਵੱਧ ਕਮੀ ਜਲੰਧਰ (31.2 ਫੀਸਦੀ) ਅਤੇ ਸਭ ਤੋਂ ਘੱਟ ਕਮੀ ਪਟਿਆਲਾ (7.0 ਫੀਸਦੀ) ਵਿੱਚ ਦੇਖੀ ਗਈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਆਦਰਸ਼ ਪਾਲ ਵਿਗ ਨੇ ਪਟਾਕੇ ਚਲਾਉਣ ਅਤੇ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਗਰੀਨ ਪਟਾਕਿਆਂ ਦੀ ਵਰਤੋਂ ਲਈ ਨਿਰਧਾਰਤ ਸਮੇਂ ਦੇ ਸਬੰਧ ਵਿੱਚ ਜਾਰੀ ਕੀਤੀ ਗਈ ਸਲਾਹਕਾਰੀ ਦੀ ਪਾਲਣਾ ਕਰਨ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਸ ਦੇ ਨਤੀਜੇ ਵਜੋਂ ਪਿਛਲੇ ਸਾਲ ਅਤੇ 2020 ਦੇ ਮੁਕਾਬਲੇ ਇਸ ਸਾਲ ਸਮੁੱਚੇ ਤੌਰ ‘ਤੇ ਹਵਾ ਦੀ ਵਿੱਚ ਸੁਧਾਰ ਹੋਇਆ ਹੈ।
ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਵਾ ਗੁਣਵੱਤਾ ਦੀ ਅਸਲ ਸਮੇਂ ਨਿਗਰਾਨੀ ਲਈ ਪੰਜਾਬ ਦੇ 6 ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਸੀਏਏਕਿਊਐਮਐਸ) ਸਥਾਪਤ ਕੀਤੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button