ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਚੋਣਾਂ ‘ਚ ਇਕ ਵਾਰ ਫਿਰ ਬਾਦਲ ਗਾਇਬ
ਤਿੰਨ ਧਿਰੀ ਹੋ ਰਹੀ ਹੈ ਲੜਾਈ, ਦੂਸ਼ਣਬਾਜ਼ੀਆਂ ਦਾ ਦੌਰ ਜਾਰੀ
ਪਟਿਆਲਾ : (ਜਸਪਾਲ ਸਿੰਘ ਢਿੱਲੋਂ) ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੀਆਂ ਚੋਣਾਂ 22 ਅਗਸਤ ਨੂੰ ਹੋਣ ਜਾ ਰਹੀਆਂ ਹਨ। ਇਸ ਸਬੰਧੀ ਚੋਣ ਪ੍ਰਚਾਰ ਹੁਣ ਬੰਦ ਹੋ ਚੁੱਕਾ ਹੈ। ਇਸ ਵੇਲੇ ਤਿੰਨ ਧਿਰੀ ਲੜਾਈ ਬਣੀ ਹੋਈ ਹੈ। ਇਕ ਧੜਾ ਜੋ ਮੌਜ਼ੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਹੈ ਜਿਸ ਨੂੰ ਅਕਾਲੀ ਦਲ ਬਾਦਲ ਦੀ ਸਰਪ੍ਰਸਤੀ ਹੈ, ਦੂਜਾ ਧੜਾ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਅਤੇ ਤੀਜਾ ਧੜਾ ਸਵ: ਜਥੇਦਾਰ ਸੰਤੋਖ ਸਿੰਘ ਦੇ ਸਪੁਤਰ ਮਨਜੀਤ ਸਿੰਘ ਜੀਕੇ ਦਾ ਹੈ । ਸਾਰੇ ਹੀ ਧੜੇ ਆਪੋ ਆਪਣੇ ਸਮੇਂ ਅੰਦਰ ਪ੍ਰਧਾਨਗੀ ਤੇ ਕਾਬਜ਼ ਰਹੇ ਹਨ। ਇਸ ਵੇਲੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਸਰਨਾ ਭਰਾਵਾਂ ਨਾਲ ਮਿਲਕੇ 8 ਸੀਟਾਂ ਤੇ ਆਪਣੇ ਉਮੀਦਵਾਰ ਖੜਾਏ ਹੋਏ ਹਨ। ਭਾਈ ਬਡਾਲਾ ਦੇ ਉਮੀਦਵਾਰ ਵੀ ਚੋਣ ਮੈਦਾਨ ’ਚ ਹਨ।ਭਲਕੇ ਦਿੱਲੀ ਦਾ ਕਰੀਬ ਪੌਣੇ ਚਾਰ ਲੱਖ ਵੋਟਰ 46 ਵਾਰਡਾਂ ਲਈ ਵੋਟਾਂ ਦਾ ਇਸਤੇਮਾਲ ਕਰੇਗਾ।
ਦਿਲਚਸਪ ਗੱਲ ਇਹ ਹੈ ਕਿ ਪਿਛਲੀ ਵਾਰ ਜਦੋਂ ਚੋਣਾਂ ਹੋਈਆਂ ਸਨ ਤਾਂ ਜੀਕੇ ਅਤੇ ਸਿਰਸੇ ਨੇ ਰਲ ਕੇ ਚੋਣ ਲੜੀ ਸੀੇ। ਉਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ’ਚ ਸਰਕਾਰ ਹੋਣ ਦਾ ਵੀ ਪੂਰਾ ਲਾਭ ਉਠਾਇਆ ਗਿਆ ਸੀ। ਉਸ ਵੇਲੇ ਇਹ ਧੜਾ ਸਰਨਾ ਧੜੇ ਨੂੰ ਪਿਛਾੜ ਗਿਆ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਜੀਕੇ ਅਤੇ ਸਿਰਸਾ ਨੇ ਪਿਛਲੀ ਵਾਰ ਭਾਵੇਂ ਅਕਾਲੀ ਦਲ ਬਾਦਲ ਦੀ ਸਰਪ੍ਰਸਤੀ ’ਚ ਚੋਣ ਲੜੀ ਸੀ ,ਪਰ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਵਰਗੀਆਂ ਘਟਨਾਵਾਂ ਜਿਨਾਂ ਬਾਰੇ ਬਾਦਲ ਪ੍ਰੀਵਾਰ ਤੇ ਲਗਦੇ ਦੋਸ਼ਾਂ ਕਾਰਨ ਬਾਦਲ ਪਿਉ ਪੁੱਤ ਨੂੰ ਚੋਣਾਂ ਤੋਂ ਦੂਰ ਰਹਿਣ ਲਈ ਕਿਹਾ ਸੀ, ਇਥੋਂ ਤੱਕ ਕਿ ਉੁਨਾਂ ਦੀਆਂ ਤਸਵੀਰਾਂ ਵੀ ਪੋਸਟਰਾਂ ਤੇ ਨਹੀਂ ਲਾਈਆਂ ਸਨ। ਇਸ ਵਾਰ ਵੀ ਬਾਦਲਾਂ ਨੇ ਹਾਲੇ ਤੱਕ ਦਿੱਲੀ ਵੱਲ ਮੂੰਹ ਨਹੀਂ ਕੀਤਾ । ਇਸ ਵਾਰ ਵੀ ਬੇਅਦਬੀ ਵਾਲਾ ਮਾਮਲਾ ਜਿਉ ਦੀ ਤਿਉ ਖੜਾ ਹੈ ।
ਇਸ ਵਾਰ ਜੀਕੇ ਅਤੇ ਸਿਰਸਾ ਆਹਮੋ ਸਾਹਮਣੇ ਹਨ , ਪਰ ਸਿਰਸਾ ਨੇ ਵੀ ਜ਼ੁਅਰਤ ਨਹੀਂ ਕੀਤੀ ਕਿ ਉਹ ਬਾਦਲਾਂ ਤੋਂ ਚੋਣਾਂ ’ਚ ਪ੍ਰਚਾਰ ਕਰਵਾਉਣ। ਇਥੋਂ ਤੱਕ ਕਿ ਚੋਣ ਪ੍ਰਚਾਰ ਵੀ ਆਪਣੇ ਪੱਧਰ ਤੇ ਹੀ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਬਾਦਲਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਉਨਾਂ ਦੇ ਆਪਣੇ ਧੜੇ ਨੇ ਵੀ ਨਹੀਂ ਲਾਏ। ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਦੀ ਸਰਪ੍ਰਸਤੀ ਕਈ ਉਮੀਦਵਾਰਾਂ ਨੂੰ ਹਾਸਿਲ ਹੈ ਪਰ ਕੋਈ ਵੀ ਵੱਡਾ ਆਗੂ ਖੁੱਲ ਕੇ ਚੋਣ ਪ੍ਰਚਾਰ ਲਈ ਨਹੀਂ ਆਇਆ । ਦਿੱਲੀ ਦੇ ਸਥਾਨਿਕ ਆਗੂ ਹੀ ਆਪੋ ਅਪਣੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਸੰਭਾਲੀ ਬੈਠੇ ਹਨ। ਸ: ਢੀਂਡਸਾ ਬਾਰੇ ਚਰਚਾ ਇਹ ਹੈ ਕਿ ਉਹ ਵੰਡ ਕੇ ਉਮੀਦਵਾਰਾਂ ਨੂੰ ਸਮਰਥਨ ਦੇ ਰਹੇ ਹਨ। ਪਿਛਲੀ ਵਾਰ ਪੁਲਿਸ ਨੇ ਅਕਾਲੀ ਦਲ ਦੇ ਉਮੀਦਵਾਰਾਂ ਲਈ ਨਰਮ ਰਵਈਆ ਰੱਖਿਆ ਸੀ, ਦੂਜੀਆਂ ਧਿਰਾਂ ਦੇ ਉਮੀਦਵਾਰਾਂ ਨੂੰ ਇਹ ਗੱਲ ਮਹਿਸੂਸ ਹੋਈ ਕਿ ਪੁਲਿਸ ਕਾਰਨ ਉਨਾਂ ਦੇ ਕਈ ਸਮਰਥਕ ਉਨਾਂ ਦੀ ਖੁੱਲ ਕੇ ਮੱਦਦ ਨਹੀਂ ਕਰ ਸਕੇ ਕਈਆਂ ਨੂੰ ਚੋਣਾਂ ਤੋਂ ਪਹਿਲਾਂ ਹੀ ਪੁਲਿਸ ਦੀ ਹਿਰਾਸਤ ’ਚ ਜਾਣਾ ਪਿਆ।
ਜਿਸ ਕਾਰਨ ਉਹ ਆਖਦੇ ਹਨ ਕਿ ਸਾਡੀਆਂ ਵੋਟਾਂ ਜੋ ਸਾਨੂੰ ਭੁਗਤਾ ਸਕਦੇ ਸਨ ਉਹ ਨਹੀਂ ਭੁਗਤ ਸਕੀਆਂ । ਵੱਡੀ ਗੱਲ ਇਹ ਹੈ ਕਿ ਜੀਕੇ ਅਤੇ ਸਿਰਸਾ ਨੇ ਰਲਕੇ ਚੋਣ ਲੜੀ ਜਿਸ ਕਾਰਨ ਸਰਨਾਂ ਧੜਾ ਹਾਰ ਗਿਆ। ਇਸ ਵਾਰ ਸਿਰਸਾ ਅਤੇ ਜੀਕੇ ਦਾ ਧੜਾ ਇਕ ਦੂਜੇ ਦੇ ਸਾਹਮਣੇ ਮੈਦਾਨ ’ਚ ਹੈ ਜਿਸ ਨਾਲ ਵੋਟਾਂ ਵੰਡੀਆਂ ਜਾਣੀਆਂ ਸੁਭਾਵਕ ਹਨ। ਇਸ ਵੇਲੇ ਮਨਜਿੰਦਰ ਸਿੰਘ ਸਿਰਸਾ ਜਿਥੇ ਕਿਸਾਨੀ ਅੰਦੋਲਣ, ਕਰੋਨਾਂ ਕਾਰਜਕਾਲ ’ਚ ਕੀਤੇ ਗਏ ਕਾਰਜਾਂ ਨੂੰ ਪ੍ਰਮੁੱਖਤਾ ਨਾਲ ਪ੍ਰਚਾਰ ਰਹੇ ਹਨ , ਉਹ ਆਖਦੇ ਹਨ ਕਿ ਉਨਾਂ ਨੇ ਵੱਡੀ ਪੱਧਰ ਤੇ ਔਖੇ ਸਮੇਂ ਕਾਰਜ ਕੀਤੇ ਹਨ। ਉਹ ਸਮਝਦੇ ਹਨ ਕਿ ਵੋਟਰ ਉਨਾਂ ਵੱਲੋਂ ਕੀਤੇ ਕਾਰਜਾਂ ਤੇ ਜ਼ਰੂਰ ਮੋਹਰ ਲਾਉਣਗੇ।
ਮਨਜੀਤ ਸਿੰਘ ਜੀਕੇ ਆਪਣੇ ਪਿਤਾ ਦੇ ਕਾਰਜਕਾਲ ਅਤੇ ਚਾਰ ਦਹਾਕੇ ਤੋਂ ਪੰਥ ਦੀ ਕੀਤੀ ਸੇਵਾ ਦਾ ਵਾਸਤਾ ਪਾ ਰਹੇ ਹਨ। ਉਨਾਂ ਆਖਿਆ ਕਿ ਊਨਾਂ ਆਪਣੇ ਕਾਰਕਾਲ ਦੌਰਾਨ ਸੇਵਾਦਾਰਾਂ ਦਾ ਵੇਤਨ ਵਧਾਇਆ, ਵਿਦਿਅਕ ਅਦਾਰਿਆਂ ’ਚ ਸੁਧਾਰ ਕੀਤਾ ਉਨਾਂ ਖੁਲਾਸਾ ਕੀਤਾ ਕਿ ਉਨਾਂ ਦੇ ਸਮੇਂ ਸਾਡੇ ਸਕੂਲਾਂ ’ਚ ਵਿਦਿਅਰਥੀਆਂ ਦੀ ਗਿਣਤੀ ਜੋ 24ਹਜ਼ਾਰ ਤੋਂ ਵੱਧ ਸੀ ਹੁਣ ਘਟਕੇ 15ਹਜ਼ਾਰ ਤੇ ਆ ਸਿਮਟੀ ਹੈ ਇਸ ਲਈ ਸਿਰਸ ਦੀਆਂ ਗਲਤ ਨੀਤੀਆਂ ਜਿੰਮੇਵਾਰ ਹਨ।
ਉਹ ਸਿਰਸਾ ਦੇ ਕਾਰਜਕਾਲ ’ਚ ਹੋਏ ਕਥਿਤ ਭਿਸ਼ਟਾਚਾਰ ਦੀ ਅਵਾਜ਼ ਬੁਲੰਦ ਕਰਦੇ ਹਨ। ਉਨਾਂ ਆਖਿਆ ਕਿ ਆਪਣੇ ਸਿਆਸੀ ਪ੍ਰਭੂਆ ਦੀ ਪੁਸ਼ਤਪਨਾਹੀ ਲਈ ਸਿਰਸਾ ਨੇ ਗੁਰੂ ਘਰ ਦੀਆਂ ਗੋਲਕਾਂ ਨੂੰ ਕਥਿਤ ਰੂਪ ’ਚ ਲੁਟਾਇਆ ਹੈ,ਇਹ ਅਜੇਹੇ ਦੋਸ ਹਨ ਜਿਨਾਂ ਦਾ ਖੁਲਾਸਾ ਸੂਚਨਾਂ ਦੇ ਅਧਿਕਾਰੀ ਤਹਿਤ ਪ੍ਰਾਪਤ ਕੀਤੀ ਸੂਚਨਾਂ ਰਾਹੀਂ ਹੋਇਆ ਹੈ, ਜਿਸ ਤੋਂ ਸਿਰਸਾ ਭੱਜ ਨਹੀਂ ਸਕਦੇ । ਦਿੱਲੀ ਦੀ ਗੋਲਕ ਦੇ ਪੈਸੇ ਨਾਲ ਕੋਵਿਡ ਸਮੇਂ ਖ੍ਰੀਦਿਆ ਸਾਜੋ ਸਮਾਨ ਬਾਦਲਾਂ ਦੀ ਸਰਪ੍ਰਸਤੀ ਵਾਲੀ ਟਰਾਂਸਪੋਰਟ ਦੇ ਦਫਤਰ ਬਠਿੰਡੇ ਪਹੁੰਚਿਆ, ਜਿਸ ਦਾ ਇਕ ਧੜੇ ਨੇ ਸਿਟਿੰਗ ਅਪਰੇਸ਼ਨ ਵੀ ਕਰਵਾਇਆ ਗਿਆ।ਇਸ ਬਾਰੇ ਹਾਲੇ ਤੱਕ ਨਾ ਤਾਂ ਸਿਰਸਾ ਅਤੇ ਨਾ ਹੀ ਬਾਦਲ ਪ੍ਰੀਵਾਰ ਦੇ ਕਿਸੇ ਆਗੂ ਨੇ ਸਪਸ਼ਟੀਕਰਨ ਦਿੱਤਾ ਹੈ। ਸਰਨਾਂ ਧੜੇ ਨਾਲ ਸਬੰਧਤ ਆਗੂਆਂ ਦਾ ਕਹਿਣਾ ਹੈ ਕਿ ਇਸ ਵਾਰ ਹਾਲਤ ਬਦਲੇ ਹੋਏ ਹਨ , ਲਗਦਾ ਨਹੀਂ ਕਿ ਪਿਛਲੀਆਂ ਚੋਣਾਂ ਵਾਂਗ ਪੁਲਿਸ ਦਖਲ ਦੇਵੇਗੀ, ਉਨਾਂ ਦਾ ਕਹਿਣਾ ਹੈ ਕਿ ਸਾਨੂੰ ਪੂੁਰਨ ਆਸ ਹੈ ਕਿ ਇਸ ਵਾਰ ਵੋਟਰ ਸੱਚ ਤੇ ਪਹਿਰਾ ਦੇਣਗੇ ਤੇ ਪੰਥਕ ਸੋਚ ਵਾਲੇ ਉੂਮੀਦਵਾਰਾਂ ਨੂੰ ਹੀ ਚੁਨਣਗੇ।
ਸਿਰਸਾ ਉਪਰ ਦੋਵੇਂ ਦੂਜੇ ਧੜੇ ਜੀਕੇ ਅਤੇ ਸਰਨਾਂ ਭਰਾ ਇਹ ਵੀ ਲਾਉਦੇ ਹਨ ਕਿ ਸਿਰਸਾ ਗੂਰੂ ਦੀ ਗੋਲਕ ਦਾ ਵੱਡਾ ਹਿਸਾ ਆਪਣੇ ਸ਼ੋਹਰਤ ਤੇ ਖਰਚਦੇ ਹਨ ਤਾਂ ਜੋ ਵੋਟਰਾਂ ਨੂੰ ਗੁੰਮਰਾਹ ਕੀਤਾ ਜਾ ਸਕੇ। ਅਜੇਹੇ ਦੋਸ਼ ਸਰਨਾਂ ਭਰਾ ਵੀ ਲਾਉਦੇ ਹਨ ਕਿ ਸਿਰਸੇ ਦੇ ਕਾਰਜਕਾਲ ’ਚ ਬੇਨਿਯਮੀਆਂ ਦਾ ਹੜ ਆਇਆ ਹੋਇਆ ਹੈ ਜਿਸ ਦਾ ਉਹ ਕੋਈ ਜ਼ਵਾਬ ਨਹੀਂ ਦਿੰਦੇ। ਇਹ ਵੀ ਦੋਸ਼ ਲਾਏ ਜਾ ਰਹੀ ਹਨ ਕਿ ਸਿਰਸਾ ਵੱਲੋਂ ਸ਼ਰਾਬ ਦੀ ਵਰਤੋਂ ਤੇ ਹੋਰ ਨਸ਼ਿਆਂ ਸਮੇਤ ਵੋਟਰਾਂ ਦੀ ਖ੍ਰੀਦੋ ਫਰੋਖਤ ਵੀ ਹੋ ਰਹੀ ਹੈ। ਇਕ ਉਮੀਦਵਾਰ ਤੇ ਦੋਸ਼ ਲੱਗੇ ਜੋ ਜੀਕੇ ਧੜੇ ਨਾਲ ਸਬੰਧਤ ਸੀ , ਨੂੰ ਮਨਜੀਤ ਸਿੰਘ ਜੀਕੇ ਨੇ ਤੁਰੰਤ ਕਾਰਵਾਈ ਕਰਦਿਆਂ ਆਪਣਾ ਸਮਰਥਨ ਵਾਪਿਸ ਵੀ ਲੈ ਲਿਆ ਹੈ। ਸਿਰਸਾ ਦੇ ਊਲਟ ਦੋਵੇਂ ਧੜੇ ਰੱਜ ਕੇ ਦੋਸ਼ ਲਾ ਰਹੇ ਹਨ , ਜਿਨਾਂ ਬਾਰੇ ਸਿਰਸਾ ਬਿਲਕੁਲ ਚੁੱਪ ਹੈ।
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਬੇਵਾਕੀ ਨਾਲ ਦੋਸ ਲਾ ਰਹੇ ਹਨ ਤੇ ਬਹੁਤ ਹੀ ਸਖਤ ਲਹਿਜ਼ੇ ’ਚ ਪ੍ਰਚਾਰ ਕਰ ਰਹੇ ਹਨ, ਉਨਾਂ ਬਾਦਲ ਪ੍ਰੀਵਾਰ ਨੂੰ ਪੂਰੀ ਤਰਾਂ ਨਿਸ਼ਾਨੇ ਤੇ ਲੈ ਰਹੇ ਹਨ। ਉਨਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਦੀ ਬਰਬਾਦੀ ਲਈ ਸਭ ਤੋਂ ਵੱਧ ਬਾਦਲ ਪ੍ਰੀਵਾਰ ਜਿੰਮੇਵਾਰ ਹੈ ਜਿਸ ਨੇ ਆਪਣੇ ਸਵਾਰਥਾਂ ਲਈ ਪੰਥਕ ਸੋਖ ਤੇ ਸਿਧਾਂਤਾਂ ਦਾ ਘਾਣ ਕੀਤਾ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਅਕਾਲੀ ਦਲ ਬਾਦਲ ਦੇ ਕੁੱਝ ਪੰਜਾਬ ਨਾਲ ਸਬੰਧਤ ਆਗੂ ਜ਼ਰੂਰ ਦੇਖੇ ਗਏ ਹਨ ਪਰ ਕਿਸੇ ਵੀ ਵੱਡੇ ਆਗੂ ਨੇ ਊਥੇ ਜਾਣ ਦੀ ਜ਼ੁਅਰਤ ਨਹੀਂ ਕੀਤੀ , ਇੰਜ ਲੱਗਦਾ ਹੈ ਕਿ ਬੇਅਦਬੀ ਨੇ ਬਾਦਲ ਪ੍ਰੀਵਾਰ ਦਾ ਖਹਿੜਾ ਨਹੀਂ ਛੱਡਿਆ ਜਿਸ ਕਰਕੇ ਕਿਸੇ ਨੇ ਵੀ ਅਜੇਹੇ ਮੋਕੇ ਜ਼ੋਖਮ ਉਠਾਉਣ ਦੀ ਹਿੰਮਤ ਨਹੀਂ ਕੀਤੀ ਸਾਰਾ ਦਾਰੋਮਦਾਰ ਦਿੱਲੀ ਦੇ ਸਥਾਨਿਕ ਆਗੂਆਂ ਤੇ ਛੱਡਿਆ ਹੋਇਆ ਹੈ। ਦਿੱਲੀ ਦਾ ਵੋਟਰ ਕਿਸ ਨੂੰ ਸੇਵਾ ਦਾ ਤਾਜ਼ ਬਖਸ਼ਦਾ ਹੈ ਭਲਕੇ ਪਤਾ ਲੱਗ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.