ਤੰਬਾਕੂ ਕਾਰਨ ਰੋਜ਼ 2800 ਮੌਤਾਂ, ‘ਤੰਬਾਕੂ ਨਹੀਂ ਆਨਾਜ ਉਗਾਓ’, ਕੈਂਸਰ ਦਾ ਵੱਡਾ ਕਾਰਨ ਤੰਬਾਕੂ
ਅਮਰਜੀਤ ਸਿੰਘ ਵੜੈਚ (94178-01988)
ਭਾਰਤ ‘ਚ ਤੰਬਾਕੂ ਦੀ ਵਰਤੋਂ ਕਾਰਨ ਹਰ ਇਕ ਮਿੰਟ ਮਗਰੋਂ ਦੋ ਮੌਤਾਂ ,ਹਰ ਇਕ ਘੰਟੇ ਮਗਰੋਂ 116 ਤੇ ਹਰ ਰੋਜ਼ ਤਕਰੀਬਨ 2800 ਲੋਕ ਮੌਤ ਦੇ ਮੂੰਹ ‘ਚ ਜਾ ਪੈਂਦੇ ਹਨ । ਦੁਨੀਆਂ ਵਿੱਚ ਤੰਬਾਕੂ ਨਾਲ਼ ਹਰ ਵਰ੍ਹੇ 70 ਲੱਖ ਤੋਂ ਵੱਧ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ । ਸਾਡੇ ਦੇਸ਼ ਵਿੱਚ ਮੂੰਹ ਦੇ ਕੈਂਸਰ ਲਈ 90 ਫ਼ੀਸਦ ਤੰਬਾਕੂ ਹੀ ਜ਼ਿੰਮੇਵਾਰ ਹੈ । ਲਗਾਤਾਰ ਤੰਬਾਕੂ ਸੁੰਘਣ ਕਰਕੇ ਵੀ 616 ਲੋਕ ਰੋਜ਼ ਮਰਦੇ ਹਨ । ਅੱਜ ਵਿਸ਼ਵ ਪੱਧਰ ‘ਤੇ ‘ਤੰਬਾਕੂ ਵਿਰੋਧੀ ਦਿਵਸ ‘ ਮਨਾਇਆ ਜਾ ਰਿਹਾ ਹੈ ਜੋ ਸੰਯੁਕਤ ਰਾਸ਼ਟਰ ਨੇ 1988 ਤੋਂ ਮਨਾਉਣਾ ਸ਼ੁਰੂ ਕੀਤਾ ਸੀ ‘ ; ਅੱਜ ਦਾ ਵਿਸ਼ਾ ਹੈ ‘ਤੰਬਾਕੂ ਨਹੀਂ ਆਨਾਜ ਉਗਾਓ ‘ ।
ਤੰਬਾਕੂ ਦੋ ਤਰ੍ਹਾਂ ਵਰਤਿਆ ਜਾਂਦਾ ਹੈ । ਇਕ ਹੈ ਧੂੰਏ ਵਾਲਾ ਤੇ ਦੂਜਾ ਹੈ ਬਿਨਾ ਧੂੰਏ ਵਾਲ਼ਾ ; ਬੀੜੀ,ਸਿਗਰਟ,ਹੁੱਕਾ,ਈਸਿਗਰਟ ਤੇ ਸਿਗਾਰ ਧੂੰਏ ਵਾਲ਼ਾ ਤੇ ਜਰਦਾ,ਪਾਨ,ਫੈਣੀ ਤੇ ਗੁੱਟਕਾ ਬਿਨਾ ਧੂੰਏ ਵਾਲਾ ; ਭਾਵ ਦੋਵੇਂ ਹੀ ਸਿਹਤ ਲਈ ਖ਼ਤਰਨਾਕ ਹੁੰਦੇ ਹਨ ।
ਜਿਹੜੇ ਲੋਕ ਤੰਬਾਕੂ ਪੀਣ ਵਾਲ਼ਿਆਂ ਦੇ ਨੇੜੇ ਲਗਾਤਾਰ ਰਹਿੰਦੇ ਹਨ ਉਨ੍ਹਾਂ ‘ਚੋਂ ਵੀ ਭਾਰਤ ‘ਚ ਹਰ ਸਾਲ ਸਵਾ ਦੋ ਲੱਖ ਲੋਕ ਤੰਬਾਕੂ ਦੀ ਬਲੀ ਚੜ੍ਹ ਜਾਂਦੇ ਹਨ । ਇਕ ਸਰਵੇਖਣ ਅਨੁਸਾਰ ਕੰਮ ਵਾਲ਼ੀਆਂ ਥਾਂਵਾਂ ‘ਤੇ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਕਰਕੇ ਦੂਜੇ 30 ਫ਼ੀਸਦ ਲੋਕ ,ਹੋਟਲਾਂ ‘ਚ 7 ਫ਼ੀਸਦ,13 ਫ਼ੀਸਦ ਬੱਸਾਂ ਤੇ ਰੇਲ ਗੱਡੀਆਂ ਤੇ 11 ਫ਼ੀਸਦ ਲੋਕ ਘਰਾਂ ‘ਚ ਪ੍ਰਭਾਵਿਤ ਹੁੰਦੇ ਹਨ ।
ਭਾਰਤ ‘ਚ ਹਰ ਇਕ ਲੱਖ ਨਾਗਰਿਕਾਂ ਪਿਛੇ 100 ਨੂੰ ਜ਼ਿੰਦਗੀ ‘ਚ ਕਦੇ ਨਾ ਕਦੇ ਕੈਂਸਰ ਹੁੰਦਾ ਹੈ ਤੇ ਇਨ੍ਹਾਂ ‘ਚੋਂ 27 ਫ਼ੀਸਦ ਉਹ ਲੋਕ ਹੁੰਦੇ ਹਨ ਜੋ ਕਿਸੇ ਨਾ ਕਿਸੇ ਤਰ੍ਹਾਂ ਤੰਬਾਕੂ ਦੀ ਵਰਤੋਂ ਕਰਦੇ ਹਨ । ਸਾਲ 2020 ਦੇ ਸਰਵੇਖਣ ਅਨੁਸਾਰ ਤੰਬਾਕੂ ਕਾਰਨ ਔਰਤਾਂ ਨੂੰ ਕੈਂਸਰ ਹੋਣ ਦਾ ਖ਼ਤਰਾ ਮਰਦਾਂ ਨਾਲ਼ੋਂ ਵੱਧ ਹੁੰਦਾ ਹੈ । ਮਰਦਾਂ ‘ਚ ਇਹ ਦਰ ਇਕ ਲੱਖ ਪਿਛੇ 94 ਹੈ ਤੇ ਔਰਤਾਂ ‘ਚ 103 ਹੈ ।
ਮੁੱਖ ਰੂਪ ‘ਚ ਸੱਤ ਕਿਸਮ ਦੇ ਕੈਂਸਰ ਹੁੰਦੇ ਹਨ : ਫੇਫੜੇ ,ਛਾਤੀ,ਖਾਣੇ ਦੀ ਨਲ਼ੀ ,ਪੇਟ ,ਮੂੰਹ,ਜਿਗਰ ਤੇ ਬੱਚੇਦਾਨੀ ਦੇ ਕੈਂਸਰ । ਔਰਤਾਂ ‘ਚ ਬੱਚੇਦਾਨੀ ਤੇ ਛਾਤੀ ਦਾ ਤੇ ਮਰਦਾਂ ‘ਚ ਮੂੰਹ ਦਾ ਸੱਭ ਤੋਂ ਵੱਧ ਕੈਂਸਰ ਹੁੰਦਾ ਹੈ ।
ਸਾਲ 2021 ‘ਚ ਦੇਸ਼ ‘ਚ ਤਕਰੀਬਨ 27 ਕਰੋੜ ਲੋਕ ਕੈਂਸਰ ਨਾਲ਼ ਪੀੜਤ ਸਨ ਪਰ ਇੰਡੀਅਨ ਕੌਂਸਿਲ ਆਫ ਮੈਡੀਕਲ ਰਿਸਰਚ ਦੇ ਸਰਵੇਖਣ ਨੇ ਇਕ ਹਿਸਾਬ ਲਾਇਆ ਹੈ ਕਿ 2025 ਤੱਕ ਇਕ ਅੰਕੜਾ ਵੱਡਾ ਹੋਕੇ 30 ਕਰੋੜ ਦੇ ਨੇੜੇ ਪਹੁੰਚ ਜਾਏਗਾ। ਇਹ ਵੀ ਪਤਾ ਲੱਗਾ ਹੈ ਕਿ ਉਤਰ ਭਾਰਤ ‘ਚ ਹਰ ਇਕ ਲੱਖ ਪਿਛੇ 2408 ਤੇ ਉਤਰ-ਪੂਰਬ ਦੇ ਰਾਜਾਂ ‘ਚ ਇਕ ਲੱਖ ਪਿਛੇ 2177 ਲੋਕ ਕੈਂਸਰ ਨਾਲ਼ ਪੀੜਤ ਹੁੰਦੇ ਹਨ । ਪੰਜਾਬ ‘ਚ ਵੀ ਕੈਂਸਰ ਵਧ ਰਿਹਾ ਹੈ । ਇਥੇ ਔਰਤਾਂ ‘ਚ ਛਾਤੀ ਤੇ ਬੱਚੇਦਾਨੀ ਦਾ ਕੈਂਸਰ ਜ਼ਿਆਦਾ ਹੈ ਤੇ ਮੂੰਹ ਦਾ ਕੇਂਸਰ ਮਰਦਾ ‘ਚ ਵਧਿਆ ਹੈ ।
ਇਹ ਅੰਕੜੇ ਭਾਵੇ ਨਿਕੇ ਲਗਦੇ ਹੋਣ ਪਰ ਬੜੇ ਭਿਆਨਕ ਹਨ ਕਿਉਂਕਿ ਜਿਨ੍ਹਾਂ ਘਰਾਂ ਦੇ ਲੋਕ ਕੈਂਸਰ ਦਾ ਸ਼ਿਕਾਰ ਹੋ ਜਾਂਦੇ ਹਨ ਉਹ ਇਲਾਜ ਕਰਾਉਂਦੇ ਕਰਾਉਂਦੇ ਵਿੱਤੀ , ਪਰਿਵਾਰਿਕ ਤੇ ਸਮਾਜਿਕ ਤੌਰ ‘ਤੇ ਖਤਮ ਹੋ ਜਾਂਦੇ ਹਨ । ਸਿਰਫ਼ ਸਰਦੇ ਪੁਜਦੇ ਲੋਕ ਹੀ ਇਸਦੇ ਇਲਾਜ ਦਾ ਭਾਰ ਸਹਿ ਸਕਦੇ ਹਨ ।
ਤੰਬਾਕੂ ਦੀ ਵਰਤੋਂ ‘ਤੇ ਕਾਬੂ ਪਾਉਣ ਲਈ ਭਾਰਤ ਸਰਕਾਰ ਨੇ The Cigarettes and Other Tobacco Products (Prohibition of Advertisement and Regulation of Trade and Commerce, Production, Supply and Distribution) Act, 2003 (COTPA) ਕਾਨੂੰਨ ਬਣਾਇਆ ਹੋਇਆ ਹੈ ਪਰ ਫਿਰ ਵੀ ਤੰਬਾਕੂ ਦੀ ਵਰਤੋਂ ਵਧ ਰਹੀ ਹੈ । ਹਰ ਬੀੜੀ ਦੇ ਬੰਡਲ ,ਸਿਗਰਟ ਦੀ ਡੱਬੀ , ਪਾਨ ਮਸਾਲੇ ਦੀ ਪੁੜੀ ਤੇ ਈ ਸਿਗਰਟ ਤੇ ਮੋਟੇ ਅੱਖਰਾਂ ‘ਚ ਲਿਖਿਆ ਹੁੰਦਾ ਹੈ ਕਿ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਪਰ ਤਾਂ ਵੀ ਲੋਕ ਇਸ ਨੂੰ ਪੀਂਦੇ ਹਨ ।
ਸਾਡੇ ਮੁਲਕ ਚ’ 15 ਰਾਜਾਂ ‘ਚ ਤੰਬਾਕੂ ਦੀ ਖੇਤੀ ਹੁੰਦੀ ਹੈ ; ਗੁਜਰਾਤ,ਆਂਧਰਾ ਪ੍ਰਦੇਸ, ਕਰਨਾਟਕਾ, ਪੱਛਮੀ ਬੰਗਾਲ਼,ਉਡੀਸ਼ਾ,ਤਾਮਿਲਨਾਡੂ ਬਿਹਾਰ ,ਮੱਧ ਪ੍ਰਦੇਸ਼ ,ਰਾਜਿਸਥਾਨ ਆਦਿ । ਇਸ ਦੀ ਖੇਤੀ ‘ਚ ਛੇ ਕਰੋੜ ਕਿਸਾਨ ਤੇ 20 ਕਰੋੜ ਖੇਤੀ ਮਜ਼ਦੂਰ ਆਪਣੇ ਪਰਿਵਾਰ ਪਾਲ਼ ਰਹੇ ; 10 ਕਰੋੜ ਹੋਰ ਮਜ਼ਦੂਰ ਇਸਦੇ ਉਤਪਾਦਨ ਬਣਾਉਣ ‘ਚ ਲੱਗੇ ਹੋਏ ਹਨ । ਸਾਡੇ ਚਾਰ ਕਰੋੜ ਲੋਕ ਤਾਂ ਬੀੜੀਆਂ ਬਣਾਉਣ ‘ਚ ਹੀ ਰੁਜ਼ਗਾਰ ‘ਤੇ ਲੱਗੇ ਹੋਏ ਹਨ । ਚੀਨ ਤੇ ਬਰਾਜੀਲ ਤੋਂ ਬਾਦ ਭਾਰਤ ਸੱਭ ਤੋਂ ਵੱਧ ਤੰਬਾਕੂ ਉਤਪਾਦਨ ਤੇ ਨਿਰਯਾਤ ਵੀ ਕਰਦਾ ਹੈ । ਇਸ ਤੋਂ ਕੁੱਲ ਖੇਤੀ ਉਤਪਾਦਨ ਦੀ ਆਮਦਨ ਦਾ 4 ਫ਼ੀਸਦ ਨਿਰਯਾਤ ਤੋਂ ਮਾਲੀਆ ਪ੍ਰਾਪਤ ਹੁੰਦਾ ਹੈ ਤੇ ਦੇਸ਼ 14000 ਕਰੋੜ ਰੁ: ਐਕਸਾਈਜ਼ ਤੋਂ ਹੀ ਕਮਾ ਲੈਂਦਾ ਹੈ ।
ਉਧਰ ਇਸ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਇਲਾਜ ਤੇ ਸਰਕਾਰ ਦਾ ਤਕਰੀਬਨ ਦੋ ਲੱਖ ਕਰੋੜ ਰੁਪਇਆ ਖਰਚ ਹੋ ਜਾਂਦਾ ਹੈ ਜੋ ਦੇਸ਼ ਦੇ ਬਜਟ ਤੇ ਇਕ ਬਹੁਤ ਵੱਡਾ ਭਾਰ ਹੈ । ਜੇਕਰ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਕਰਨ ਤੋਂ ਰੋਕ ਲਿਆ ਜਾਵੇ ਤਾਂ ਬਹੁਤ ਸਾਰੇ ਪਰਿਵਾਰ ਤਬਾਹ ਹੋਣ ਤੋਂ ਬਚ ਸਕਦੇ ਹਨ ਪਰ ਇਸ ਲਈ ਲੰਮੇ ਸਮੇਂ ਦੀ ਨੀਤੀ ਬਣਾਉਣ ਦੀ ਲੋੜ ਹੈ ਤਾਂ ਕਿ ਜੋ ਲੋਕ ਇਸ ਦੇ ਉਤਪਾਦਨ ਕਾਰਨ ਕਰੋੜਾਂ ਦੀ ਗਿਣਤੀ ‘ਚ ਰੁਜ਼ਗਾਰ ‘ਤੇ ਲੱਗੇ ਹੋਏ ਹਨ ਪਹਿਲਾਂ ਉਨ੍ਹਾਂ ਨੂੰ ਵੀ ਕਿਸੇ ਹੋਰ ਰੁਜ਼ਗਾਰ ‘ਚ ਲਾ ਦਿਤਾ ਜਾਵੇ ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਨਿਗਰ ਉਪਰਾਲੇ ਕੀਤੇ ਜਾਣ ਤਾਂ ਕਿ ਭਵਿਖ ‘ਚ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.