Breaking NewsD5 specialNewsPress ReleasePunjabTop News

ਡੀਜੀਪੀ ਦਿਨਕਰ ਗੁਪਤਾ ਵੱਲੋਂ ਲੁਧਿਆਣੇ ਦੇ ਪੁਲਿਸ ਪਰਿਵਾਰਾਂ ਅਤੇ ਉਨ੍ਹਾਂ ਦੇ ਵਾਰਡਾਂ ਨੂੰ ਆਧੁਨਿਕ ਇਨਡੋਰ ਸਪੋਰਟਸ ਸਟੇਡੀਅਮ ਅਤੇ ਇੱਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ’ ਕੀਤੀ ਸਮਰਪਿਤ

ਡੀਜੀਪੀ ਪੰਜਾਬ ਨੇ ਮਹਿਲਾ ਪੁਲਿਸ ਸਟਾਫ਼ ਵੱਲੋਂ ਚਲਾਏ ਜਾਣ ਵਾਲੇ ਪਰਿਵਾਰਕ ਕਾਊਂਸਲਿੰਗ ਸੈਂਟਰ ਦਾ ਵੀ ਕੀਤਾ ਉਦਘਾਟਨ 
ਡੀਜੀਪੀ ਨੇ ਕੌਂਸਲਿੰਗ ਸੈਂਟਰ ਦੇ ਪੈਨਲ ਮੈਂਬਰਾਂ ਨੂੰ ਟੁੱਟੇ ਹੋਏ/ਵੱਖਰੇ ਪਰਿਵਾਰਾਂ ਦਰਮਿਆਨ ਸਮਝੌਤਾ ਕਰਵਾਉਣ ਲਈ ਕੀਤਾ ਉਤਸ਼ਾਹਿਤ 
ਮਹਿਲਾਵਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਅਤੇ ਉਨ੍ਹਾਂ ਦੇ ਸਨਮਾਨ ਨੂੰ ਕਾਇਮ ਰੱਖਣਾ ਪੰਜਾਬ ਪੁਲਿਸ ਦੀ ਪ੍ਰਮੁੱਖ ਤਰਜੀਹ
ਕੁੱਲ 10,000 ਪੁਲਿਸ ਕਰਮਚਾਰੀਆਂ ਦੀ ਹੋਣ ਵਾਲੀ ਭਰਤੀ ਵਿੱਚ 3400 ਤੋਂ ਵੱਧ ਹੋਣਗੀਆਂ ਮਹਿਲਾ ਪੁਲਿਸ ਮੁਲਾਜ਼ਮਾਂ: ਡੀਜੀਪੀ 
ਚੰਡੀਗੜ੍ਹ:ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਵਾਰਡਾਂ ਦੀ ਭਲਾਈ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਟੇਟ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਡੀਜੀਪੀ ਦਿਨਕਰ ਗੁਪਤਾ ਨੇ ਅੱਜ ਲੁਧਿਆਣਾ ਕਮਿਸ਼ਨਰੇਟ ਅਧੀਨ ਪੁਲਿਸ ਦੀ ਭਲਾਈ ਸਬੰਧੀ ਪਹਿਲਕਦਮੀਆਂ ਦੀ ਲੜੀ ਸਮਰਪਿਤ ਕਰਦਿਆਂ ਪੁਲਿਸ ਲਾਈਨਜ਼ ਵਿਖੇ ਇੱਕ ਅਤਿ ਆਧੁਨਿਕ ਇਨਡੋਰ ਸਪੋਰਟਸ ਸਟੇਡੀਅਮ ਅਤੇ ਪੁਲਿਸ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਲਈ ਇੱਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ’ ਦਾ ਉਦਘਾਟਨ ਕੀਤਾ।ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪੁਲਿਸ ਲਾਈਨਜ਼ ਵਿਖੇ ਇੱਕ ਅਤਿ-ਆਧੁਨਿਕ ਇਨਡੋਰ ਸਟੇਡੀਅਮ-ਕਮ-ਜਿਮਨੇਜ਼ੀਅਮ ਦਾ ਉਦਘਾਟਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਇਸ ਖੇਡ ਬੁਨਿਆਦੀ ਢਾਂਚੇ ਦਾ ਮੁੱਖ ਮੰਤਵ ਖੇਡਾਂ ਅਤੇ ਜ਼ਿਮਿੰਗ ਰਾਹੀਂ ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਬਣਾਈ ਰੱਖਣਾ ਹੈ।
ਡੀਜੀਪੀ ਨੇ ਦੱਸਿਆ ਕਿ ਇਨਡੋਰ ਸਟੇਡੀਅਮ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਿਹਨਾਂ ਵਿੱਚ ਕਾਰਪੇਟਡ ਬੈਡਮਿੰਟਨ ਕੋਰਟ, ਯੋਗਾ ਅਤੇ ਮੈਡੀਟੇਸ਼ਨ ਰੂਮ, ਅਫਸਰ ਲੌਂਜ ਅਤੇ ਆਲੇ ਦੁਆਲੇ ਦੇ ਸ਼ਾਨਦਾਰ ਦ੍ਰਿਸ਼ਾਂ ਨਾਲ ਇੱਕ ਇਨਡੋਰ ਜ਼ਿਮ ਵੀ ਸ਼ਾਮਲ ਹੈ ਜੋ ਕਿ ਆਧੁਨਿਕ ਮਸ਼ੀਨਾਂ ਨਾਲ ਲੈੱਸ ਹੈ ਜੋ ਪੁਲਿਸ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰੇਗਾ। ਡੀਜੀਪੀ ਨੇ ਅੱਗੇ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਜਿਮ ਟ੍ਰੇਨਰ ਸਰੀਰਕ ਸਥਿਤੀ, ਸਰੀਰਕ ਤਾਕਤ ਅਤੇ ਢੁੱਕਵੀਂ ਕਸਰਤ ਦੀਆਂ ਗਤੀਵਿਧੀਆਂ’ ‘ਤੇ ਕੰਮ ਕਰਨਗੇ ਅਤੇ ਵਿਲੱਖਣ ਕਸਰਤ ਰੂਟੀਨ ਬਣਾਉਣਗੇ ਤਾਂ ਜੋ ਪੁਲਿਸ ਕਰਮਚਾਰੀਆਂ ਨੂੰ ਬਿਹਤਰ ਬਣਨ ਵਿੱਚ ਸਹਾਇਤਾ ਕੀਤੀ ਜਾ ਸਕੇ। ਇਹ ਇਮਾਰਤ ਵਰਧਮਾਨ ਗਰੁੱਪ ਵੱਲੋਂ ਉਨ੍ਹਾਂ ਦੀ ਸੀ.ਐਸ.ਆਰ. ਗਤੀਵਿਧੀ ਦੇ ਹਿੱਸੇ ਵਜੋਂ ਬਣਾਈ ਗਈ ਹੈ।
ਡੀਜੀਪੀ ਦਿਨਕਰ ਗੁਪਤਾ, ਜਿਨ੍ਹਾਂ ਨਾਲ ਸੀ.ਪੀ. ਲੁਧਿਆਣਾ ਰਾਕੇਸ਼ ਅਗਰਵਾਲ ਵੀ ਸਨ, ਨੇ ਪੁਲਿਸ ਕਰਮਚਾਰੀਆਂ ਦੇ ਵਾਰਡਾਂ ਦਰਮਿਆਨ ਪੜ੍ਹਨ ਦੀ ਆਦਤ ਨੂੰ ਉਤਸ਼ਾਹਤ ਕਰਨ ਲਈ ਪੁਲਿਸ ਲਾਈਨਜ਼ ਵਿਖੇ ਇੱਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ’ ਦਾ ਉਦਘਾਟਨ ਵੀ ਕੀਤਾ।ਡੀਜੀਪੀ ਨੇ ਦੱਸਿਆ ਕਿ ਬੁੱਕ ਨੁੱਕ, ਪੁਲਿਸ ਕਰਮਚਾਰੀਆਂ ਦੇ ਵਾਰਡਾਂ ਲਈ ਇੱਕ ਬਹੁਤ ਹੀ ਨਵੀਨਤਮ ਰੀਡਿੰਗ-ਕਮ-ਐਕਟੀਵਿਟੀ ਖੇਤਰ ਹੈ ਜਿਸ ਨੂੰ ਐਨ.ਜੀ.ਓ. ਆਸ ਅਹਿਸਾਸ ਦੇ ਸਹਿਯੋਗ ਨਾਲ ਪੁਲਿਸ ਕਰਮਚਾਰੀਆਂ ਦੇ ਵਾਰਡਾਂ ਦਰਮਿਆਨ ਪੜ੍ਹਨ ਦੀ ਆਦਤ ਨੂੰ ਉਤਸ਼ਾਹਤ ਕਰਨ ਲਈ ਲਾਂਚ ਕੀਤਾ ਗਿਆ ਹੈ। ਡੀਜੀਪੀ ਨੇ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਵਿਚਾਰ ਏਡੀਸੀਪੀ ਜ਼ੋਨ 1 ਕਮ ਡੀਸੀਪੀਓ ਡਾ. ਪ੍ਰਾਗਿਆ ਜੈਨ ਵੱਲੋਂ ਦਿੱਤਾ ਗਿਆ ਸੀ।
ਬੁੱਕ ਨੁੱਕ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਇਸਦਾ ਆਪਣਾ ਸੁਹਜਮਈ ਮਾਹੌਲ ਸ਼ਾਮਲ ਹੈ, ਜਿਸ ਵਿੱਚ 4 ਤੋਂ 18 ਸਾਲ ਦੇ ਬੱਚਿਆਂ ਲਈ ਵਿਦਿਅਕ, ਕਾਲਪਨਿਕ ਅਤੇ ਗੈਰ-ਕਾਲਪਨਿਕ ਕਿਤਾਬਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮਾਨਸਿਕ ਗਤੀਵਿਧੀਆਂ ਨੂੰ ਵਧਾਉਣ ਲਈ ਕਈ ਬੋਰਡ ਗੇਮਾਂ ਅਤੇ ਅੰਦਰੂਨੀ ਵਿਦਿਅਕ ਗਤੀਵਿਧੀਆਂ ਵਾਲਾ ਇੱਕ ਆਕਰਸ਼ਕ ਥੀਮੈਟਿਕ ਟੈਂਟ ਵੀ ਲਗਾਇਆ ਗਿਆ ਹੈ।
ਉਹਨਾਂ ਕਿਹਾ ਕਿ ਸਾਰੇ ਰੈਂਕਾਂ ਦੇ ਪੁਲਿਸ ਕਰਮਚਾਰੀਆਂ (ਜੀ.ਓਜ਼ ਤੋਂ ਦਰਜਾ ਚਾਰ ਕਰਮਚਾਰੀ) ਦੇ ਵਾਰਡ ਇਹਨਾਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਉਹਨਾਂ ਅੱਗੇ ਕਿਹਾ ਕਿ ਪੁਲਿਸ ਲਾਈਨਜ਼ ਵਿੱਚ ਮਾਲੀ ਵਜੋਂ ਕੰਮ ਕਰਦੇ ਦਰਜਾ 4 ਕਰਮਚਾਰੀ ਦੀ ਧੀ ਰਿਸੈਪਸ਼ਨ ਅਤੇ ਰੋਜ਼ਾਨਾ ਦੇ ਕੰਮਕਾਜ ਦੀ ਦੇਖ-ਰੇਖ ਕਰੇਗੀ। ਇਹ ਪਹਿਲਕਦਮੀ ਮਲਕੀਅਤ ਅਤੇ ਸਬੰਧਤਤਾ ਦੀ ਭਾਵਨਾ ਨੂੰ ਉਤਸ਼ਾਹਤ ਕਰੇਗੀ।ਡੀਜੀਪੀ ਨੇ ਸੀ.ਪੀ. ਅਗਰਵਾਲ ਨੂੰ ਇਹ ਯਕੀਨੀ ਬਣਾਉਣ ਦਾ ਪ੍ਰਸਤਾਵ ਦਿੱਤਾ ਕਿ ਸਟੇਡੀਅਮ, ਜ਼ਿਮ ਅਤੇ ਬੁੱਕ ਨੁੱਕ ਲਾਇਬ੍ਰੇਰੀ ਸਮੇਤ ਅਜਿਹੀਆਂ ਸਾਰੀਆਂ ਸਹੂਲਤਾਂ ਨਾ ਸਿਰਫ ਉੱਚ ਅਧਿਕਾਰੀਆਂ ਲਈ ਬਲਕਿ ਪੂਰੀ ਫੋਰਸ ਲਈ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ।ਉਨ੍ਹਾਂ ਨੇ ਸੀ.ਪੀ. ਨੂੰ ਸੀਨੀਅਰ ਨਾਗਰਿਕਾਂ ਲਈ ਅਜਿਹੀਆਂ ਲਾਇਬ੍ਰੇਰੀਆਂ ਅਤੇ ਰੀਡਿੰਗ ਰੂਮ ਸਥਾਪਤ ਕਰਨ ਲਈ ਵੀ ਸੁਝਾਅ ਤਾਂ ਜੋ ਉਹ ਉੱਥੇ ਆ ਕੇ ਆਪਣੇ ਵਿਹਲੇ ਸਮੇਂ ਨੂੰ ਲਾਹੇਵੰਦ ਗਤੀਵਿਧੀਆਂ ਵਿੱਚ ਬਦਲ ਸਕਣ।
ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਨੇ ਇੱਥੋਂ ਦੇ ਰਿਸ਼ੀ ਨਗਰ ਵਿੱਚ ਸਥਾਪਤ ਪਰਿਵਾਰਕ ਕੌਂਸਲਿੰਗ ਸੈਂਟਰ ਦਾ ਉਦਘਾਟਨ ਵੀ ਕੀਤਾ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਸਰਗਰਮ ਸਹਿਯੋਗ ਨਾਲ ਇਸ ਇਮਾਰਤ ਲਈ ਜਗ੍ਹਾ ਅਲਾਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਡੀਜੀਪੀ ਨੇ ਜਨਤਕ ਹਿੱਤਾਂ ਵਾਲੇ ਇਸ ਪ੍ਰੋਜੈਕਟ ਦੇ ਸਮਰਥਨ ਲਈ ਮਾਨਯੋਗ ਕੈਬਨਿਟ ਮੰਤਰੀ ਦਾ ਧੰਨਵਾਦ ਵੀ ਕੀਤਾ।ਕਾਉਂਸਲਿੰਗ ਸੈਂਟਰ ਦੇ ਪੈਨਲ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ, ਡੀਜੀਪੀ ਨੇ ਕਿਹਾ ਕਿ ਉਹ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਕੌਂਸਲਿੰਗ ਰਾਹੀਂ ਪਰਿਵਾਰਾਂ ਵਿਚਕਾਰ ਮੁੜ ਸਮਝੌਤਾ ਕਰਵਾਉਣ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਪੁਲਿਸ ਲੋੜੀਂਦੇ ਹੁਨਰ ਵਾਲੇ ਲਗਭਗ 450 ਪੇਸ਼ੇਵਰ ਕੌਂਸਲਰਾਂ ਅਤੇ ਮਾਹਰਾਂ ਦੀ ਭਰਤੀ ਕਰਨ ਜਾ ਰਹੀ ਹੈ ਜੋ ਕਿ ਪ੍ਰਾਈਵੇਟ ਪੈਨਲ ਮੈਂਬਰਾਂ ਨਾਲ ਮਿਲ ਕੇ ਕੰਮ ਕਰਨਗੇ।
ਉਨ੍ਹਾਂ ਨੇ ਸੀ.ਪੀ. ਰਾਕੇਸ਼ ਅਗਰਵਾਲ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਪਰਿਵਾਰਕ ਕੌਂਸਲਿੰਗ ਸੈਂਟਰ ਨੂੰ ਮਹਿਲਾ ਸਟਾਫ ਯੂਨਿਟ ਬਣਾਇਆ ਜਾਵੇ ਤਾਂ ਜੋ ਆਪਣੀਆਂ ਸ਼ਿਕਾਇਤਾਂ ਦਰਜ ਕਰਾਉਣ ਆਉਣ ਵਾਲੀਆਂ ਮਹਿਲਾਵਾਂ ਨੂੰ ਸੁਵਿਧਾਜਨਕ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੁਹਰਾਇਆ ਕਿ ਮਹਿਲਾਵਾਂ ਵਿਰੁੱਧ ਅਪਰਾਧਾਂ ਨੂੰ ਰੋਕਣਾ ਪੰਜਾਬ ਸਰਕਾਰ ਅਤੇ ਪੁਲਿਸ ਦੀ ਮੁੱਢਲੀ ਤਰਜੀਹ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਐਸ.ਆਈ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਰੈਂਕ ‘ਤੇ ਹਾਲ ਹੀ ਵਿੱਚ ਕੀਤੀ ਜਾਣ ਵਾਲੀ ਕੁੱਲ 10,000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਭਰਤੀ ਵਿੱਚ ਇੱਕ ਤਿਹਾਈ ਮਹਿਲਾਵਾਂ ਭਰਤੀ ਕੀਤੀਆਂ ਜਾਣਗੀਆਂ।ਉਹਨਾਂ ਅੱਗੇ ਕਿਹਾ ਕਿ ਕੌਂਸਲਿੰਗ ਸੈਂਟਰ ਵਿੱਚ 44 ਕਮਰੇ, ਫੋਟੋਸਟੇਟ ਅਤੇ ਟਾਈਪਿੰਗ ਸਹੂਲਤ ਤੋਂ ਇਲਾਵਾ ਕੰਟੀਨ, ਨਵ-ਜਨਮੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਕਮਰੇ, ਬੱਚਿਆਂ ਲਈ ਖੇਡਣ ਦਾ ਖੇਤਰ, ਰਿਸੈਪਸ਼ਨ, ਪ੍ਰਾਈਵੇਟ ਕਾਉਂਸਲਿੰਗ ਮੈਂਬਰ ਅਤੇ ਮਨੋਵਿਗਿਆਨਕ ਡਾਕਟਰਾਂ ਦੀਆਂ ਸਹੂਲਤਾਂ ਸ਼ਾਮਲ ਹਨ।
ਸੀ.ਪੀ. ਰਾਕੇਸ਼ ਅਗਰਵਾਲ ਨੇ ਡੀਜੀਪੀ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ, ਕੌਂਸਲਿੰਗ ਸੈਂਟਰ ਵੱਖ-ਵੱਖ ਇਮਾਰਤਾਂ ਵਿੱਚ ਸਥਿਤ ਚਾਰ ਜ਼ੋਨਲ ਦਫਤਰਾਂ ਤੋਂ ਕੰਮ ਕਰ ਰਿਹਾ ਸੀ, ਜੋ ਕਿ ਖਸਤਾ ਹਾਲਤਾਂ ਵਿੱਚ ਸਨ। ਉਨ੍ਹਾਂ ਕਿਹਾ ਕਿ ਇਸ ਸਹੂਲਤ ਵਿੱਚ ਮੁਰੰਮਤ ਦਾ ਕੰਮ ਜੇ.ਸੀ.ਪੀ. ਹੈੱਡ ਕੁਆਰਟ, ਜੇ. ਇਲੈਂਚੀਜ਼ੀਅਨ ਅਤੇ ਡੀ.ਸੀ.ਪੀ. ਅਸ਼ਵਨੀ ਕਪੂਰ ਦੇ ਯਤਨਾਂ ਨਾਲ ਪੂਰਾ ਹੋਇਆ।ਲੋਕਾਂ ਲਈ ਸੁਚੱਜੇ ਢੰਗ ਨਾਲ ਸੇਵਾਵਾਂ ਦੀ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਡੀਜੀਪੀ ਨੇ ਉਨ੍ਹਾਂ ਨੂੰ ਸਾਡੇ ਬਹਾਦਰ ਪੁਲਿਸ ਬਲਾਂ ਦੇ ਪਰਿਵਾਰਾਂ ਦੀ ਸਮੁੱਚੀ ਬਿਹਤਰੀ ਲਈ ਅਜਿਹੇ ਹੋਰ ਉੱਦਮ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button