Breaking NewsD5 specialNewsPress ReleasePunjab

ਡੀਜੀਪੀ ਦਿਨਕਰ ਗੁਪਤਾ ਨੇ ਡਰੋਨਾਂ ਕਾਰਨ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਾਲੇ ਬਿਹਤਰ ਤਾਲਮੇਲ ਦੀ ਕੀਤੀ ਮੰਗ

ਡੀਜੀਪੀ ਨੇ ਸੀਪੀਜ਼/ਐਸਐਸਪੀਜ਼ ਨੂੰ ਰਾਤ ਸਮੇਂ ਨਾਕਿਆਂ ਵਿੱਚ ਵਾਧਾ ਕਰਨ ਅਤੇ ਵੱਧ ਤੋਂ ਵੱਧ ਵਾਹਨਾਂ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼
ਡੀਜੀਪੀ ਦਿਨਕਰ ਗੁਪਤਾ ਨੇ ਗੁਰਦਾਸਪੁਰ ਵਿਖੇ ਉੱਚ ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਗੁਰਦਾਸਪੁਰ :  ਸਬੂਤ ਅਧਾਰਤ ਅਤੇ ਸਰਗਰਮ ਪੁਲਿਸਿੰਗ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਅੱਜ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਪੰਜਾਬ ਦੀਆਂ ਸਰਹੱਦਾਂ ‘ਤੇ ਡਰੋਨਾਂ ਦੀਆਂ ਗਤੀਵਿਧੀਆਂ, ਜੋ ਕੌਮੀ ਸੁਰੱਖਿਆ ‘ਤੇ ਨਵੇਂ ਖ਼ਤਰੇ ਵਜੋਂ ਸਾਹਮਣੇ ਆ ਰਹੀਆਂ ਹਨ ਅਤੇ ਜਿਸ ਨੇ ਸਰਹੱਦੀ ਸੁਰੱਖਿਆ ਨੂੰ ਭਾਰੀ ਸੱਟ ਮਾਰੀ ਹੈ, ਦਾ ਮੁਕਾਬਲਾ ਕਰਨ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, “ਸਤੰਬਰ 2019 ਵਿਚ, ਇਹ ਪਹਿਲੀ ਵਾਰ ਸੀ ਕਿ ਹਥਿਆਰਾਂ ਦੀ ਤਸਕਰੀ ਲਈ ਅੰਮ੍ਰਿਤਸਰ ਵਿਚ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਡਰੋਨ ਨਾਲ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਅਕਸਰ ਕੀਤੀ ਜਾ ਰਹੀ ਸੀ ਅਤੇ ਹੁਣ ਜੰਮੂ ਵਿਚ ਡਰੋਨਾਂ ਦੀ ਵਰਤੋਂ ਨਾਲ ਅੱਤਵਾਦੀ ਹਮਲੇ ਨੇ ਸੁਰੱਖਿਆ ਸਬੰਧੀ ਹੋਰ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ।” ਉਹਨਾਂ ਅੱਗੇ ਕਿਹਾ ਕਿ ਬੀਐਸਐਫ, ਪੰਜਾਬ ਪੁਲਿਸ ਅਤੇ ਸੂਬੇ ਦੇ ਲੋਕਾਂ ਵੱਲੋਂ ਪਿਛਲੇ 20 ਮਹੀਨਿਆਂ ਦੌਰਾਨ 60 ਤੋਂ ਵੱਧ ਡਰੋਨ ਉੱਡਦੇ ਵੇਖੇ ਗਏ ਹਨ।
ਡੀਜੀਪੀ ਨੇ ਅੱਜ ਗੁਰਦਾਸਪੁਰ ਵਿਖੇ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਡਰੋਨ ਰਾਹੀਂ ਜੰਮੂ ਦੇ ਏਅਰ ਫੋਰਸ ਬੇਸ ‘ਤੇ ਹੋਏ ਹਮਲੇ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ਵਿੱਚ ਡੀਜੀਪੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਇਹ ਦੂਜੀ ਉੱਚ ਪੱਧਰੀ ਮੀਟਿੰਗ ਹੈ। ਇਸ ਮੀਟਿੰਗ ਵਿੱਚ ਏਡੀਜੀਪੀ ਇੰਟਰਨਲ ਸਕਿਓਰਿਟੀ ਆਰ.ਐਨ. ਢੋਕੇ, ਆਈਜੀ ਬਾਰਡਰ ਰੇਂਜ ਐਸਪੀਐਸ ਪਰਮਾਰ ਅਤੇ ਡੀਆਈਜੀ ਬੀਐਸਐਫ ਪ੍ਰਭਾਕਰ ਜੋਸ਼ੀ ਸਮੇਤ ਬੀਐਸਐਫ ਦੇ ਤਕਰੀਬਨ 8 ਕਮਾਂਡੈਂਟਸ ਵੀ ਸ਼ਾਮਲ ਸਨ। ਬੀਐਸਐਫ ਅਤੇ ਪੰਜਾਬ ਪੁਲਿਸ ਦਰਮਿਆਨ ਹੋਰ ਬਿਹਤਰ ਤਾਲਮੇਲ ਅਤੇ ਸਹਿਯੋਗ ਦੀ ਮੰਗ ਕਰਦਿਆਂ, ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਦੋਵੇਂ ਬਲਾਂ ਨੂੰ ਇਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਅਸਲ ਸਮੇਂ ਦੀ ਜਾਣਕਾਰੀ ਇਕੱਠੀ ਅਤੇ ਸਾਂਝੀ ਕਰਕੇ ਖੁਫੀਆ ਇੰਟੈਲੀਜੈਂਸ ਨੂੰ ਮੁੜ ਸਰਗਰਮ ਕਰਨਾ ਚਾਹੀਦਾ ਹੈ।
ਉਨ੍ਹਾਂ ਬੀਐਸਐਫ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦੀ ਸੈਕਟਰ-ਵਾਈਜ ਇਨਪੁਟਸ ਨੂੰ ਪੰਜਾਬ ਪੁਲਿਸ ਨਾਲ ਸਾਂਝਾ ਕਰਨ ਤਾਂ ਜੋ ਉਹ ਇਹਨਾਂ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖ ਸਕਣ ਅਤੇ ਕਿਸੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ।ਡੀਜੀਪੀ ਨੇ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਦੇ ਐਸਐਸਪੀਜ਼ ਨੂੰ ਹਦਾਇਤ ਕੀਤੀ ਕਿ ਸਰਹੱਦੀ ਪਿੰਡਾਂ ਦੀ ਸੂਚੀ ਬਣਾਈ ਜਾਵੇ ਅਤੇ ਹਰ ਪਿੰਡ ਵਿੱਚ ਪੁਲਿਸ, ਜਨਤਾ, ਜੀ.ਓ.ਜੀ., ਐਨ.ਜੀ.ਓਜ਼ ਆਦਿ ਦੇ ਸਹਿਯੋਗ ਨਾਲ ਇੱਕ ਮਜ਼ਬੂਤ ਖੁਫੀਆ ਨੈਟਵਰਕ ਵਿਕਸਤ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਿੰਡ ਵਿਚ ਹੋਣ ਵਾਲੀਆਂ ਕਿਸੇ ਵੀ ਅਪਰਾਧਿਕ ਗਤੀਵਿਧੀਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਸਕਣ।
ਉਨ੍ਹਾਂ ਐਸਐਸਪੀਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰਾਂ ਵਿੱਚ ਰਾਤ ਸਮੇਂ ਪੁਲਿਸ ਨਾਕਿਆਂ ਵਿੱਚ ਵਾਧਾ ਕਰਨ ਅਤੇ ਹਰ ਨਾਕੇ ‘ਤੇ ਵੱਧ ਤੋਂ ਵੱਧ ਵਾਹਨਾਂ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਜਿਸ ਨਾਲ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ। ਉਹਨਾਂ ਇਹ ਵੀ ਸਲਾਹ ਦਿੱਤੀ ਕਿ ਸਾਰੇ ਨਾਕਿਆਂ ਨੂੰ ਇਸ ਤਰੀਕੇ ਨਾਲ ਸਮਕਾਲੀ ਕੀਤਾ ਜਾਣਾ ਚਾਹੀਦਾ ਹੈ ਕਿ ਇਕੋ ਕਾਲ ‘ਤੇ ਉਹ ਸਾਰੇ ਤੁਰੰਤ ਚੇਤੰਨ ਹੋ ਜਾਣ। ਡੀਜੀਪੀ ਦਿਨਕਰ ਗੁਪਤਾ ਨੇ ਐਸਐਸਪੀਜ਼ ਨੂੰ ਸਾਰੇ ਭਗੌੜਿਆਂ (ਪੀਓਜ਼), ਜ਼ਮਾਨਤ ‘ਤੇ ਬਾਹਰ ਆਏ ਦੋਸ਼ੀਆਂ ਅਤੇ ਐਨਡੀਪੀਐਸ ਐਕਟ, ਆਰਮਜ਼ ਐਕਟ ਅਤੇ ਯੂਏਪੀਏ ਐਕਟ ਸਬੰਧੀ ਕੇਸਾਂ ਵਿੱਚ ਫਰਾਰ ਵਿਅਕਤੀਆਂ ਦੀ ਸੂਚੀ ਬਣਾਉਣ ਅਤੇ ਉਹਨਾਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ। ਡੀਜੀਪੀ ਨੇ ਉਨ੍ਹਾਂ ਨੂੰ ਨਸ਼ਿਆਂ ਦੀ ਬਰਾਮਦਗੀ ਨੂੰ ਵਧਾਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਮੀਟਿੰਗ ਵਿੱਚ ਐਸਐਸਪੀ ਗੁਰਦਾਸਪੁਰ ਨਾਨਕ ਸਿੰਘ, ਐਸਐਸਪੀ ਪਠਾਨਕੋਟ ਸੁਰੇਂਦਰ ਲਾਂਬਾ, ਐਸਐਸਪੀ ਬਟਾਲਾ ਰਛਪਾਲ ਸਿੰਘ ਅਤੇ ਏਆਈਜੀ ਐਸਐਸਓਸੀ ਓਪਿੰਦਰਜੀਤ ਸਿੰਘ ਘੁੰਮਣ ਵੀ ਸ਼ਾਮਲ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button