D5 specialOpinion

ਡਾ. ਰਤਨ ਸਿੰਘ ਜੱਗੀ ਦੀ ਪੁਸਤਕ ‘ਗੁਰੂ ਨਾਨਕ ਜੋਤਿ ਵਿਕਾਸ’ ਇਤਿਹਾਸਕ ਦਸਤਾਵੇਜ਼

ਉਜਾਗਰ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਗੁਰੂ ਸਾਹਿਬ ਦੇ ਯੋਗਦਾਨ ਦਾ ਸ਼ਬਦ-ਗੁਰੂ ਤੱਕ ਦੇ ਸਫਰ ਨੂੰ ਡਾ ਰਤਨ ਸਿੰਘ ਜੱਗੀ ਨੇ ਇਕ ਇਤਿਹਾਸਕ ਦਸਤਾਵੇਜ਼ ਦੇ ਰੂਪ ਵਿੱਚ ਸੰਕਲਿਤ ਕਰਕੇ ਸਿੱਖ ਜਗਤ ਨੂੰ ਬਿਹਤਰੀਨ ਤੋਹਫ਼ਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਗੁਰੂ ਸਾਹਿਬਾਨ ਬਾਰੇ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ ਪ੍ਰੰਤੂ ‘ਗੁਰੂ ਨਾਨਕ ਜੋਤਿ ਵਿਕਾਸ’ ਆਪਣੀ ਕਿਸਮ ਦੀ ਵਿਲੱਖਣ ਪੁਸਤਕ ਹੈ। ਇਹ ਪੁਸਤਕ ਖੋਜ ‘ਤੇ ਅਧਾਰਤ ਹੈ। ਵੈਸੇ ਤਾਂ ਹਰ ਗੁਰੂ ਸਾਹਿਬ ਬਾਰੇ ਇਕ-ਇਕ ਪੁਸਤਕ ਪ੍ਰਕਾਸ਼ਤ ਕੀਤੀ ਜਾ ਸਕਦੀ ਹੈ। ਦਸ ਗੁਰੂਆਂ ਬਾਰੇ ਸੰਖੇਪ ਵਿੱਚ ਠੋਸ ਤੱਥਾਂ ‘ਤੇ ਅਧਾਰਤ ਜਾਣਕਾਰੀ ਇਕ ਪੁਸਤਕ ਵਿੱਚ ਇਕੱਠੀ ਕਰ ਦਿੱਤੀ ਹੈ। ਡਾ ਜੱਗੀ ਨੇ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਤਿੰਨ ਸਰੋਤਾਂ ਤੋਂ ਮਿਲਦੀ ਹੈ ਪ੍ਰੰਤੂ ਮੁੱਖ ਸ੍ਰੋਤਾਂ ਦੇ ਅੰਤਰਗਤ ਜਨਮ ਸਾਖੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ, ਭਾਈ ਗੁਰਦਾਸ ਦੀਆਂ ਰਚਨਵਾਂ, ਪ੍ਰਾਣ-ਸੰਗਲੀ, ਬਚਿਤ੍ਰ ਨਾਟਕ ਆਦਿ ਨੂੰ ਰੱਖਿਆ ਗਿਆ ਹੈ। ਇਨ੍ਹਾਂ ਸ੍ਰੋਤਾਂ ਅਨੁਸਾਰ ਗੁਰੂ ਜੀ ਵਿੱਚ ਬਚਪਨ ਤੋਂ ਹੀ  ਅਲੌਕਿਕ ਲੱਛਣ ਸਨ। ਜਦੋਂ ਪਿਤਾ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਗੁਰੂ ਜੀ ਉਦਾਸੀ ਵਿੱਚੋਂ ਨਾ ਨਿਕਲੇ ਫਿਰ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ।

ਸਿਰੀ ਚੰਦ ਅਤੇ ਲਖਮੀ ਦਾਸ ਦੋ ਸਪੁੱਤਰਾਂ ਦੇ ਜਨਮ ਤੋਂ ਬਾਅਦ ਵੀ ਉਹ ਸੰਤੁਸ਼ਟ ਨਾ ਹੋਏ। ਫਿਰ ਪੰਜ ਉਦਾਸੀਆਂ (ਅਧਿਆਤਮਿਕ  ਯਾਤ੍ਰਾਵਾਂ) ਤੇ ਚਲੇ ਗਏ। ਯਾਤ੍ਰਾ ਦੇ ਸਾਰੇ ਤੀਰਥਾਂ ਅਤੇ ਕੇਂਦਰਾਂ ‘ਤੇ ਗਏ, ਜਿਨ੍ਹਾਂ ਵਿੱਚ ਸੁਮੇਰੁ ਪਰਬਤ, ਮੱਕਾ, ਮਦੀਨਾ, ਬਗ਼ਦਾਦ, ਅਚਲ ਬਟਾਲਾ ਆਦਿ ਸ਼ਾਮਲ ਹਨ। ਗੁਰੂ ਨਾਨਕ ਦੇਵ  ਜੀ ਦਾ ਜਨਮ  ਵਿਸਾਖੀ ਸ਼ੁਕਲ ਪੱਖ ਸੰਮਤ 1526 ਨੂੰ ਮਾਤਾ ਤਿ੍ਰਪਤਾ ਅਤੇ ਪਿਤਾ ਕਾਲੂ ਦਾਸ ਮਹਿਤਾ ਦੇ ਘਰ ਹੋਇਆ। ਜਾਣਕਾਰੀ ਦੇ ਸਾਰੇ ਸ੍ਰੋਤ ਗੁਰੂ ਜੀ ਦੇ ਜਨਮ-ਦਿਵਸ ਅਤੇ ਮਹੀਨੇ ਬਾਰੇ ਇਕਮਤ ਨਹੀਂ ਹਨ। ਦਿਹਾਂਤ ਸੰਮਤ 1596 ਅਸੂ ਵਦੀ 10 ਨੂੰ ਕਰਤਾਰਪੁਰ ਵਿੱਚ ਹੋਇਆ। ਇਥੋਂ ਤੱਕ ਕਿ ਗੁਰੂ ਜੀ ਨਾਲ ਸੰਬੰਧਤ ਘਟਨਾਵਾਂ ਬਾਰੇ ਵੀ ਇਕਮਤ ਨਹੀਂ ਹਨ। ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਜੋ ਉਪਦੇਸ਼ ਗੁਰੂ ਜੀ ਦਿੰਦੇ ਸਨ, ਉਹੀ ਉਨ੍ਹਾਂ ਦੀ ਬਾਣੀ ਸੀ। ਸਾਰੀ ਬਾਣੀ ਇਕੋ ਸਮੇਂ ਨਹੀਂ ਰਚੀ ਗਈ। ਡਾ ਜੱਗੀ ਅਨੁਸਾਰ ਵੱਡੇ ਆਕਾਰ ਵਾਲੀਆਂ ਰਚਨਾਵਾਂ ਕਰਤਾਰਪੁਰ ਰਚੀਆਂ ਗਈਆਂ ਸਨ। ਉਨ੍ਹਾਂ ਦੀ ਬਾਣੀ ਦੀ ਕੁਲ ਪੱਦ-ਸੰਖਿਆ 958 ਹੈ। ਗੁਰੂ ਜੀ ਦੀ ਪ੍ਰਮਾਣਿਕ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਸੰਕਲਨ ਵੇਲੇ ਨਿਸਚਿਤ ਕੀਤੀ ਸੀ। ਡਾ ਜੱਗੀ ਅਨੁਸਾਰ ਗੁਰੂ ਜੀ ਮਾਨਵਵਾਦੀ, ਨਿਮਰ, ਵਿਸ਼ਾਲ ਅਨੁਭਵੀ, ਕਵੀ, ਵਿਚਾਰਕ, ਨਿਰਭੈ ਲੋਕ ਨਾਇਕ, ਦੇਸ਼ ਭਗਤ, ਬ੍ਰਹਮ ਗਿਆਤਾ, ਕ੍ਰਾਂਤੀਕਾਰੀ ਸੁਧਾਰਕ, ਮਹਾਂਪੁਰਸ਼ ਸਨ। ਗੁਰੂ ਨਾਨਕ ਦੇਵ  ਜੀ ਦਾ ਜਨਮ 1469 ਮਾਤਾ ਤਿ੍ਰਪਤਾ ਅਤੇ ਪਿਤਾ ਕਾਲੂ ਦਾਸ ਮਹਿਤਾ ਦੇ ਘਰ ਹੋਇਆ।

ਸ੍ਰੀ ਗੁਰੂ ਅੰਗਦ ਦੇਵ
ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਤਿੰਨ ਸ੍ਰੋਤਾਂ ਤੋਂ ਜਾਣਕਾਰੀ ਮਿਲਦੀ ਹੈ, ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ, ਵਾਰਾਂ ਭਾਈ ਗੁਰਦਾਸ ਅਤੇ ਦਸਮ ਗ੍ਰੰਥ ਅਤੇ ਭਾਈ ਨੰਦ ਲਾਲ ਗੋਯਾ ਦੀਆਂ ਰਚਨਾਵਾਂ ਸ਼ਾਮਲ ਹਨ। ਉਨ੍ਹਾਂ ਦੀ ਬਾਣੀ ਭਾਵੇਂ ਬਹੁਤ ਥੋੜ੍ਹੀ ਹੈ ਪ੍ਰੰਤੂ ਉਸ ਵਿੱਚ ਪ੍ਰੇਮ-ਭਾਵਨਾ ਸ਼ਰਧਾ ਅਤੇ ਸਮਰਪਣ ਨਾਲ ਉਘੜਕੇ ਸਾਹਮਣੇ ਆਉਂਦੀ ਹੈ। ਉਨ੍ਹਾਂ ਦੇ 63 ਸ਼ਲੋਕ ਅਤੇ 9 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਭਾਈ ਲਹਿਣਾ ਜੀ ਦਾ ਪਰਿਵਾਰ ਦੇਵੀ ਦਾ ਭਗਤ ਸੀ ਪ੍ਰੰਤੂ ਗੁਰੂ ਜੀ ਨੇ ਜਪੁਜੀ ਸਾਹਿਬ ਅਤੇ ਆਸਾ ਕੀ ਵਾਰ ਦਾ ਪਾਠ ਸੁਣਿਆਂ ਤਾਂ ਪ੍ਰਭਾਤ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਪਰਿਵਾਰ ਸਮੇਤ ਕਰਤਾਪੁਰ ਪਹੁੰਚ ਗਏ। ਫਿਰ ਉਹ ਗੁਰੂ ਨਾਨਕ ਦੇਵ ਦੇ ਉਪਾਸਕ ਬਣ ਗਏ, ਜਿਸ ਤੋਂ ਭਾਈ ਲਹਿਣਾ ਦਾ ਪਰਿਵਾਰ ਨਰਾਜ਼ ਹੋ ਗਿਆ। ਪ੍ਰੰਤੂ ਭਾਈ ਲਹਿਣਾ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਜੁੜ ਗਏ। ਫਿਰ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਨੇ ਆਪਣਾ ਉਤਰ ਅਧਿਕਾਰੀ ਬਣਾਕੇ ਉਨ੍ਹਾਂ ਦਾ ਨਾਮ ਅੰਗਦ ਦੇਵ ਰੱਖ ਦਿੱਤਾ। ਉਹ ਇਕੱਲੇ ਤਪੱਸਵੀ ਹੀ ਨਹੀਂ ਸਗੋਂ ਸਮਾਜ ਸੇਵਕ ਵੀ ਸਨ। ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈ  (ਵੈਸਾਖ ਵਦੀ 1,1561) ਨੂੰ ਮੱਤੇ-ਦੀ-ਸਰਾਂ ਜਿਲ੍ਹਾ ਫਰੀਦਕੋਟ ਵਿਖੇ ਹੋਇਆ। ਉਨ੍ਹਾਂ ਦਾ ਦਿਹਾਂਤ 29 ਮਾਰਚ 1552 ਈ ਚੇਤ ਸੁਦੀ 4, 1609 ਬਿਕਰਮੀ ਨੂੰ ਹੋਇਆ।

ਸ੍ਰੀ ਗੁਰੂ ਅਮਰ ਦਾਸ
ਗੁਰੂ ਅਮਰਦਾਸ ਜੀ ਦੀ ਜਨਮ-ਮਿਤੀ ਬਾਰੇ ਵਿਦਵਾਨਾ ਵਿੱਚ ਏਕਤਾ ਨਹੀਂ ਹੈ। ਮਹਾਨ ਕੋਸ਼ ਅਨੁਸਾਰ 5 ਮਈ 1479 ਪ੍ਰੰਤੂ ਸ਼ਰੋਮਣੀ ਕਮੇਟੀ ਨੇ 11 ਮਈ 1479 ਮੰਨਿਆਂ ਹੈ। ਉਹ ਇਕ ਅਧਿਆਤਮਿਕ ਜਿਗਿਆਸੂ ਸਨ। ਲਗਪਗ 11 ਵਰਿ੍ਹਆਂ ਦੀ ਨਿਸ਼ਕਾਮ ਸੇਵਾ-ਸਾਧਨਾ ਅਤੇ ਅਧਿਆਤਮਿਕ ਪਰਿਪਕਤਾ ਦੇ ਫਲਸਰੂਪ ਆਪਨੇ  29 ਮਾਰਚ 1552 ਈ ਨੂੰ ਗੁਰ ਗੱਦੀ ਪ੍ਰਾਪਤ ਕੀਤੀ। 1 ਸਤੰਬਰ 1574 ਈ ਨੂੰ ਸੰਸਾਰਕ ਯਾਤਰਾ ਸਮਾਪਤ ਹੋਈ। ਆਪ ਜੀ ਦੀ ਬਾਣੀ 18 ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ਼ਬਦਾਂ/ ਸ਼ਲੋਕਾਂ ਦੀ ਕੁਲ ਗਿਣਤੀ 885 ਹੈ, ਜਿਨ੍ਹਾਂ ਵਿਚ 172 ਚਉਪਦੇ, 91 ਅਸ਼ਟਪਦੀਆਂ, 24 ਸੋਲਹੇ, 78 ਪਦੇ, 4 ਅਲਾਹੁਣੀਆਂ, 20 ਛੰਤ, 411 ਸ਼ਲੋਕ ਅਤੇ 85 ਪਉੜੀਆਂ ਹਨ। ਸਭ ਤੋਂ ਵੱਡੀ ਬਾਣੀ ਅਨੰਦੁ ਹੈ। ਆਪ ਦਾ ਵਿਆਹ 23 ਵਰਿ੍ਹਆਂ ਦੀ ਉਮਰ ਵਿੱਚ 1502 ਈ ਨੂੰ ਹੋਇਆ। ਪਤਨੀ ਦੇ ਨਾਂ ਬਾਰੇ ਤਿੰਨ ਮਤ ਪ੍ਰਚਲਤ ਹਨ- ਮਨਸਾ ਦੇਵੀ, ਮਾਲੀ ਅਤੇ ਰਾਮੋ। ਰਾਮੋ ਦੀ ਪੁਸ਼ਟੀ ਅਧਿਕਾਂਸ਼ ਪੁਰਾਤਨ ਗ੍ਰੰਥ ਕਰਦੇ ਹਨ। ਆਪ ਦੇ ਦੋ ਸਪੁੱਤਰ ਮੋਹਨ ਅਤੇ ਮੋਹਰੀ ਸਨ।

ਸ੍ਰੀ ਗੁਰੂ ਰਾਮ ਦਾਸ
ਆਪ ਦਾ ਜਨਮ 24 ਸਤੰਬਰ 1534 ਈ ਨੂੰ ਪਿਤਾ ਸੋਢੀ ਹਰੀ ਦਾਸ ਅਤੇ ਮਾਤਾ ਦਯਾ ਕੌਰ (ਨਾਂਮਾਤਰ ਅਨੂਪ ਦੇਵੀ) ਦੇ ਘਰ ਚੂਨਾ-ਮੰਡੀ ਬਸਤੀ ਲਾਹੌਰ ਹੋਇਆ ਸੀ। ਜਦੋਂ 7 ਸਾਲ ਦੇ ਸਨ ਤਾਂ ਮਾਤਾ ਪਿਤਾ ਦਾ ਦਿਹਾਂਤ ਹੋ ਗਿਆ। ਨਾਨੀ ਬਾਸਰਕੇ ਲੈ ਆਈ। ਘੁੰਙਣੀਆਂ ਵੇਚਕੇ ਗੁਜ਼ਾਰਾ ਕਰਦੇ ਰਹੇ। 12 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਆਏ। ਉਥੇ ਹੀ ਗੁਰੂ ਸੇਵਾ ਵਿੱਚ ਮਗਨ ਹੋ ਗਏ। ਗੁਰੂ ਅਮਰਦਾਸ ਇਤਨੇ ਪ੍ਰਭਾਵਤ ਹੋਏ ਕਿ ਆਪਣੀ ਸਪੁੱਤਰੀ ਬੀਬੀ ਭਾਨੀ ਨਾਲ ਵਿਆਹ ਕਰ ਦਿੱਤਾ। ਗ੍ਰਹਿਸਥੀ ਹੋਣ ਦੇ ਨਾਲ ਅਧਿਆਤਮਿਕ ਸਾਧਨਾ ਵੀ ਪੂਰੀ ਸ਼ਿਦਤ ਨਾਲ ਕੀਤੀ। ਆਪ ਨੂੰ 1 ਸਤੰਬਰ 1574 ਈ ਨੂੰ ਗੁਰ-ਗੱਦੀ ਪ੍ਰਾਪਤ ਹੋਈ। ਆਪ ਦੇ ਤਿੰਨ ਸਪੁੱਤਰ  ਪਿਰਥੀ ਚੰਦ, ਮਹਾਂ ਦੇਵ ਅਤੇ ਅਰਜਨ ਸਨ। ਆਪ 1 ਸਤੰਬਰ 1581 ਨੂੰ ਸਵਰਗਵਾਸ ਹੋ ਗਏ। ਉਨ੍ਹਾਂ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ।

ਸ੍ਰੀ ਗੁਰੂ ਅਰਜਨ ਦੇਵ
ਆਪ ਦਾ ਜਨਮ 15 ਅਪ੍ਰੈਲ 1563 ਈ ਨੂੰ ਗੋਇੰਦਵਾਲ ਵਿਖੇ ਰਾਮਦਾਸ ਦੇ ਘਰ ਬੀਬੀ ਭਾਨੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਵਿਆਹ 1579 ਵਿੱਚ ਮਉ ਪਿੰਡ ਦੇ ਕਿ੍ਰਸ਼ਨ ਚੰਦ ਦੀ ਸਪੁਤਰੀ ਗੰਗਾ ਦੇਵੀ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਇੱਕ ਸਪੁੱਤਰ ਹਰਿਗੋਬਿੰਦ ਦਾ ਜਨਮ 14 ਜੂਨ 1595 ਨੂੰ ਹੋਇਆ। ਆਪ ਦੀ ਅਦੁੱਤੀ ਸਾਧਨਾ, ਨਿਸ਼ਕਾਮ-ਭਗਤੀ, ਸੇਵਾ, ਤਿਆਗ ਆਦਿ ਦੇ ਸਿੱਟੇ ਵਜੋਂ 1 ਸਤੰਬਰ 1581 ਈ ਨੂੰ ਗੁਰ-ਗੱਦੀ ਮਿਲੀ। ਗੁਰੂ ਦਰਬਾਰ ਦੀ ਸਹੀ ਵਿਵਸਥਾ ਹੋਣ ਤੋਂ ਬਾਅਦ ਉਸਾਰੀ ਦੇ ਕੰਮਾ ਵਲ ਧਿਆਨ ਦੇਣਾ ਸ਼ੁਰੂ ਕੀਤਾ। 1589 ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰੱਖਵਾਈ। 1604 ਈ ਵਿੱਚ ਆਪਣੀ ਬਾਣੀ ਸਹਤਿ ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਅਤੇ ਹਰਿਮੰਦਰ ਸਾਹਿਬ ਵਿੱਚ ਸਥਾਪਤਿ ਕਰਵਾਇਆ। 15 ਮਈ 1606 ਨੂੰ ਗੁਰੂ ਜੀ ਨੂੰ ਪਰਿਵਾਰ ਸਮੇਤ ਗਿ੍ਰਫਤਾਰ ਕਰ ਲਿਆ ਅਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਭਾਰਤੀ ਪੁਸਤਕ ਇਤਿਹਾਸ ਵਿੱਚ ਨਵਾਂ ਮੀਲ ਪੱਥਰ ਸਥਾਪਤ ਕੀਤਾ। ਗੁਰੂ ਜੀ ਨੇ 30 ਰਾਗਾਂ ਵਿੱਚ ਬਾਣੀ ਰਚੀ। ਸੁਖਮਨੀ ਗੁਰੂ ਜੀ ਦੀ ਪ੍ਰਮੁੱਖ ਬਾਣੀ ਹੈ।

ਸ੍ਰੀ ਗੁਰੂ ਹਰਿਗੋਬਿੰਦ
ਹਰਿਗੋਬਿੰਦ ਜੀ ਦਾ ਜਨਮ 14 ਜੂਨ 1595 ਨੂੰ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਅੰਮਿ੍ਰਤਸਰ ਜਿਲ੍ਹੇ ਦੇ ਵਡਾਲੀ ਪਿੰਡ ਵਿੱਚ ਹੋਇਆ। ਪਰਿਵਾਰਿਕ ਮੁਸ਼ਕਲਾਂ ਕਰਕੇ ਕਈ ਵਾਰ ਗੁਰੂ ਜੀ ਨੂੰ ਕਈ ਢੰਗਾਂ ਨਾਲ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ। ਬਾਬਾ ਬੁੱਢਾ ਜੀ ਤੋਂ ਅੱਖਰੀ ਵਿਦਿਆ ਅਤੇ ਧਰਮ ਗ੍ਰੰਥਾਂ ਦਾ ਅਧਿਐਨ ਕਰਵਾਇਆ ਗਿਆ।  ਭਾਈ ਪਰਾਗਾ, ਭਾਈ ਜੇਠਾ ਅਤੇ ਗੰਗਾ ਸਹਿਗਲ ਤੋਂ ਸ਼ਸਤ੍ਰ ਵਿਦਿਆ ਅਤੇ ਘੋੜ ਸਵਾਰੀ ਦੀ ਸਿਖਲਾਈ ਕਰਵਾਈ। 11 ਵਰਿ੍ਹਆਂ ਦੀ ਉਮਰ ਵਿੱਚ ਗੁਰ-ਗੱਦੀ ਤੇ ਬਿਰਾਜਮਾਨ ਹੋਏ। ਉਨ੍ਹਾਂ ਭਗਤੀ ਦੇ ਪਹਿਰਾਵੇ ਦੇ ਨਾਲ ਯੋਧਿਆਂ ਦੀ ਸਾਜ-ਸਜਾ ਵੀ ਗ੍ਰਹਿਣ ਕੀਤੀ। ਪੀਰੀ ਦੇ ਨਾਲ ਮੀਰੀ ਦਾ ਸਾਮੰਜਸ ਕੀਤਾ। ਗੁਰੂ ਸਾਹਿਬ ਦੁਆਰਾ ਸਿੱਖਾਂ ਨੂੰ ਸੈਨਿਕ ਸਿਖਲਾਈ ਦੇਣ ਲਈ ਬੁੰਗਾ ਤਖ਼ਤ ਦੀ ਸਥਾਪਨਾ ਕੀਤੀ। ਜਿਸ ਕਰਕੇ ਜਹਾਂਗੀਰ ਨੇ 1619 ਵਿੱਚ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ, ਜਿਥੇ ਕਈ ਰਾਜਪੂਤ ਰਾਜੇ ਵੀ ਕੈਦ ਸਨ। ਗੁਰੂ ਜੀ ਨੇ ਮੁਗਲਾਂ ਨਾਲ ਚਾਰ ਲੜਾਈਆਂ ਲੜੀਆਂ। ਆਪ ਜੀ 3 ਮਾਰਚ 1644 ਨੂੰ ਸਵਰਗਵਾਸ ਹੋ ਗਏ।

ਸ੍ਰੀ ਗੁਰੂ ਹਰਿ ਰਾਇ
ਗੁਰੂ ਜੀ ਦਾ ਜਨਮ 26 ਫਰਵਰੀ 1630 ਨੂੰ ਕੀਰਤਪੁਰ ਸਾਹਿਬ ਵਿਖੇ  ਬਾਬਾ ਗੁਰਦਿੱਤਾ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੋਇਆ। ਆਪ ਦਾ ਵਿਆਹ ਬੁਲੰਦ ਸ਼ਹਿਰ ਦੇ ਨਿਵਾਸੀ ਦਯਾ ਰਾਮ ਦੀਆਂ ਦੋ ਸਪੁੱਤਰੀਆਂ ਨਾਲ 1640 ਵਿੱਚ  ਹੋਇਆ। 8 ਮਾਰਚ 1644 ਈ ਨੂੰ ਗੁਰ-ਗੱਦੀ ‘ਤੇ ਬੈਠੇ। ਆਪ ਨੇ ਬਾਣੀ ਦੀ ਰਚਨਾ ਨਹੀਂ ਕੀਤੀ। ਆਪ 6 ਅਕਤੂਬਰ 1661 ਨੂੰ ਜੋਤੀ ਜੋਤਿ ਸਮਾ ਗਏ।

ਸ੍ਰੀ ਗੁਰੂ ਹਰਿਕ੍ਰਿਸ਼ਨ
ਆਪ ਦਾ ਜਨਮ 7 ਜੁਲਾਈ 1656 ਨੂੰ ਮਾਤਾ ਕਿ੍ਰਸ਼ਨ ਕੌਰ ਨਾਮਾਤਰ ਸੁਲੱਖਣੀ ਦੀ ਕੁੱਖੋਂ ਕੀਰਤਪੁਰ ਵਿੱਚ ਹੋਇਆ। 7 ਅਕਤੂਬਰ 1661 ਨੂੰ ਗੁਰ-ਗੱਦੀ ਪ੍ਰਦਾਨ ਕੀਤੀ। ਚੇਚਕ ਦੀ ਬਿਮਾਰੀ ਕਰਕੇ ਆਪ 30 ਮਾਰਚ 1664 ਨੂੰ ਸਵਰਗਵਾਸ ਹੋ ਗਏ।

ਸ੍ਰੀ ਗੁਰੂ ਤੇਗ ਬਹਾਦਰ
ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਘਰ ਹੋਇਆ। ਆਪ ਦਾ ਵਿਆਹ  ਕਰਤਾਰਪੁਰ ਨਿਵਾਸੀ ਭਾਈ ਲਾਲ ਚੰਦ ਦੀ ਸਪੁੱਤਰੀ ਬੀਬੀ ਗੁਜਰੀ ਨਾਲ 1632 ਵਿੱਚ ਹੋਇਆ। ਅੱਠਵੇਂ ਗੁਰੂ ਹਰਿਕਿ੍ਰਸ਼ਨ ਜੀ ਨੇ ਜੋਤੀ ਜੋਤਿ ਸਮਾਉਣ ਸਮੇਂ ਸਿਰਫ ਇਹ ਕਿਹਾ ਸੀ ਕਿ ਅਗਲੇ ਗੱਦੀਦਾਰ ‘ਬਾਬਾ ਬਕਾਲੇ’ ਹਨ। ਉਨ੍ਹਾਂ ਤੋਂ ਬਾਅਦ 22 ਵਿਅਕਤੀ ਬਾਬਾ ਬਕਾਲੇ ਵਾਲੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗੇ ਸਨ।  ਇਸੇ ਦੌਰਾਨ ਭਾਈ ਮੱਖਣ ਸ਼ਾਹ ਲੁਬਾਣਾ ਆਪਣੇ ਜ਼ਹਾਜ਼ ਡੁੱਬਣ ਨੂੰ ਬਚਾਉਣ ਵਾਸਤੇ ਮੰਨਂੀ ਹੋਈ ਮੰਨਤ ਨੂੰ ਗੁਰੂ ਜੀ ਨੂੰ ਭੇਟਾ ਕਰਨ ਲਈ ਬਾਬਾ ਬਕਾਲੇ ਪਹੁੰਚਿਆ। ਉਨ੍ਹਾਂ ਸੱਚੇ ਗੁਰੂ ਨੂੰ ਲੱਭ ਲਿਆ। ਉਨ੍ਹਾਂ ਆਨੰਦਪੁਰ ਨਗਰ ਦੀ ਨੀਂਹ ਰੱਖੀ ਅਤੇ ਲੋਕਾਂ ਲਈ ਖੂਹ ਖੁਦਵਾਏ। ਜਦੋਂ ਕਸ਼ਮੀਰੀ ਬ੍ਰਾਹਮਣ ਆਪਣੇ ਧਰਮ ਨੂੰ ਬਚਾਉਣ ਲਈ ਗੁਰੂ ਜੀ ਕੋਲ ਆਏ ਤਾਂ ਉਨ੍ਹਾਂ ਆਤਮ-ਬਲੀਦਾਨ ਦੇ ਹਥਿਆਰ ਨੂੰ ਤਰਜੀਹ ਦਿੱਤੀ। ਔਰੰਗਜ਼ੇਬ ਨੇ 11 ਨਵੰਬਰ 1675 ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ। ਭਾਰਤੀ ਸੰਸਕਿ੍ਰਤੀ ਵਿੱਚ ਬਲੀਦਾਨ ਦੀ ਪਰੰਪਰਾ ਦਾ ਆਰੰਭ ਗੁਰੂ ਤੇਗ ਬਹਾਦਰ ਨੇ ਕੀਤਾ। ਤਿਲਕ ਜੰਞੂ ਦੇ ਰਾਖੇ ਅਖਵਾਏ। ਆਪ ਨੇ 15 ਰਾਗਾਂ ਵਿੱਚ 59 ਸ਼ਬਦਾਂ ਚਉਪਦਿਆਂ ਦੀ ਰਚਨਾ ਕੀਤੀ।

ਸ੍ਰੀ ਗੁਰੂ ਗੋਬਿੰਦ ਸਿੰਘ
ਗੁਰੂ ਗੋਬਿੰਦ ਸਿੰਘ ਦਾ ਜਨਮ 26 ਦਸੰਬਰ 1666 ਈ ਨੂੰ ਪਟਨਾ ਸਾਹਿਬ ਵਿਖੇ ਹੋਇਆ। ਜਦੋਂ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਧਰਮ ਦੀ ਰੱਖਿਆ ਲਈ ਬੇਨਤੀ ਕੀਤੀ ਤਾਂ 9 ਸਾਲ ਦੇ ਬਾਲਕ ਗੋਬਿੰਦ ਰਾਇ ਨੇ ਆਪਣੇ ਪਿਤਾ ਨੂੰ ਕੁਰਬਾਨੀ ਦੇਣ ਲਈ ਕਹਿਕੇ ਅਚੰਭਾ ਕਰ ਦਿੱਤਾ। ਸਿੱਖ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਖਾਲਸੇ ਦੀ ਸਿਰਜਣਾ 13 ਅਪ੍ਰੇਲ 1699 ਨੂੰ ਆਨੰਦਪੁਰ ਸਾਹਿਬ ਵਿੱਚ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੀ ਕੁਰਬਾਨੀ ਦਿੱਤੀ। ਸੰਸਾਰ ਦੇ ਇਤਿਹਾਸ ਵਿੱਚ ਅਜਿਹੀ ਕੁਰਬਾਨੀ ਦੀ ਦਾਸਤਾਂ ਨਹੀਂ ਮਿਲਦੀ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ। ਛੋਟੇ ਸਾਹਿਬਜ਼ਾਦੇ ਸਰਹੰਦ ਵਿਖੇ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ। ਮਾਤਾ ਗੁਜਰੀ ਠੰਡੇ ਬੁਰਜ ਵਿੱਚ ਸ਼ਹੀਦ ਕੀਤੇ ਗਏ। ਡਾ ਰਤਨ ਸਿੰਘ ਜੱਗੀ ਨੇ ਸਿੱਖ ਗੁਰੂਆਂ ਦੇ ਯੋਗਦਾਨ ਨੂੰ ਸੰਖੇਪ ਵਿੱਚ ਲਿਖਕੇ ਕੁਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button