ਡਾਇਮੰਡਾਂ ਦੇ ਨਾਲ ਤੋਲਦਾ’ ਗੀਤ ਨਾਲ ਦਿਲਜੀਤ ਨੇ ਕੀਤੀ ਸ਼ੋਅ ਦੀ ਸ਼ੁਰੂਆਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫੁੱਟਬਾਲ ਗਰਾਊਂਡ ’ਚ ‘ਦਿਲ ਲੂਮੀਨਾਟੀ 2024’ ਦੇ ਗ੍ਰੈਂਡ ਫਿਨੈਲੇ ਸ਼ੋਅ ਪੁੱਜੇ ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫੁੱਟਬਾਲ ਗਰਾਊਂਡ ’ਚ ‘ਦਿਲ ਲੂਮੀਨਾਟੀ 2024’ ਦੇ ਗ੍ਰੈਂਡ ਫਿਨੈਲੇ ਸ਼ੋਅ ਦੌਰਾਨ ਦਿਲਜੀਤ ਨੂੰ ਨੇੜਿਓਂ ਦੇਖਣ ਤੇ ਸੁਣਨ ਲਈ ਲੁਧਿਆਣਾ ਸਮੇਤ ਵੱਖ ਵੱਖ ਸੂਬਿਆਂ ਤੇ ਵਿਦੇਸ਼ ਦੀ ਧਰਤੀ ਤੋਂ ਕੜਕਦੀ ਠੰਢ ਦੇ ਬਾਵਜੂਦ ਪੁੱਜੇ ਵੱਡੀ ਗਿਣਤੀ ’ਚ ਪ੍ਰਸ਼ੰਸਕਾਂ ’ਚ ਉਤਸ਼ਾਹ ਦੇਖਣ ਵਾਲਾ ਸੀ। ਦੁਪਹਿਰ ਬਾਅਦ ਤੋਂ ਹੀ ਦਿਲਜੀਤ ਦੇ ਪ੍ਰਸ਼ੰਸਕਾਂ ਨੇ ਸ਼ੋਅ ਵਾਲੇ ਫੁੱਟਬਾਲ ਗਰਾਊਂਡ ’ਚ ਪਹੁੰਚਣ ਲਈ ਪੀਏਯੂ ਦੇ ਐਂਟਰੀ ਗੇਟ ’ਤੇ ਲਾਈਨਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਨ੍ਹਾਂ ਦੇ ਹੱਥਾਂ ’ਚ ਪਾਏ ਕਿਊਆਰ ਕੋਡ ਵਾਲੇ ਬੈਂਡ ਸਕੈਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਭੇਜਿਆ ਜਾ ਰਿਹਾ ਸੀ।
ਸ਼ੋਅ ਲਈ ਲੋਕ ਕਈ ਘੰਟਿਆਂ ਪਹਿਲਾਂ ਹੀ ਲਈ ਟਿਕਟ ਅਨੁਸਾਰ ਬਣਾਏ ਗਏ ਬਲਾਕਾਂ ’ਚ ਪਹੁੰਚਣੇ ਸ਼ੁਰੂ ਹੋ ਗਏ। ਫੁੱਟਬਾਲ ਗਰਾਊਂਡ ਤੋਂ ਦੂਰੀ ’ਤੇ ਬਣਾਏ ਗਏ ਪਾਰਕਿੰਗ ਵਾਲੀ ਜਗ੍ਹਾ ਤੋਂ ਪੀਏਯੂ ਤੱਕ ਜਾਣ ਲਈ ਭਾਵੇਂ ਕਿ ਆਟੋਆਂ ਤੇ ਈ-ਰਿਕਸ਼ਿਆਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ਪਰ ਡਾਈਵਰਜ਼ਨ ਪੁਆਇੰਟ ਤੋਂ ਪਾਰਕਿੰਗ ਤੱਕ ਲੱਗੇ ਜਾਮ ਦੇ ਚੱਲਦੇ ਬਹੁਤੇ ਲੋਕ ਉਤਰ ਕੇ ਪੈਦਲ ਹੀ ਫੁੱਟਬਾਲ ਗਰਾਊਂਡ ਵੱਲ ਚਲੇ ਗਏ। ਇਸ ਦੌਰਾਨ ਜਾਂਦੇ ਹੋਏ ਦਿਲਜੀਤ ਦੇ ਬਹੁਤੇ ਪਸ਼ੰਸਕ ਉਨ੍ਹਾਂ ਦੀ ਗੀਤ ਗੁਣਗੁਨਾਉਂਦੇ ਵੀ ਨਜ਼ਰ ਆਏ। ਦਿਲਜੀਤ ਦੋਸਾਂਝ ਦੇ ‘ਦਿਲ ਲੂਮੀਨਾਟੀ’ ਸ਼ੋਅ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ, ਉਥੇ ਹੀ ਪੁਲਿਸ ਤੇ ਦਿਲਜੀਤ ਦੀ ਪ੍ਰਾਈਵੇਟ ਸਕਿਓਰਿਟੀ ਵੀ ਸਵੇਰ ਤੋਂ ਹੀ ਪੀਏਯੂ ਦੇ ਆਸ-ਪਾਸ ਤਾਇਨਾਤ ਹੋ ਗਈ ਸੀ, ਜਿਨ੍ਹਾਂ ਵੱਲੋਂ ਐਂਟਰੀ ਗੇਟ ਸਮੇਤ ਸਾਹਮਣਿਓ ਨਿਕਲਦੀ ਐਲੀਵੇਟਿਡ ’ਤੇ ਵੀ ਕਿਸੇ ਨੂੰ ਰੁਕਣ ਨਹੀਂ ਦਿੱਤਾ ਜਾ ਰਿਹਾ ਸੀ।
ਦਿਲਜੀਤ ਦੋਸਾਂਝ ਬਾਅਦ ਦੁਪਿਹਰ ਲੁਧਿਆਣਾ ਪੁੱਜੇ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਹਸਨਪੁਰ ਸਥਿਤ ‘ਮਨੁੱਖਤਾ ਦੀ ਸੇਵਾ’ ਪਰਿਵਾਰ ਨਾਲ ਮੁਲਾਕਾਤ ਕੀਤੀ, ਜਿੱਥੇ ਦਿਲਜੀਤ ਅੱਧਾ ਘੰਟਾ ਤੋਂ ਜ਼ਿਆਦਾ ਸਮਾਂ ਰੁਕੇ। ਇਸ ਦੌਰਾਨ ਉਨ੍ਹਾਂ ਮਨੁੱਖਤਾ ਦੀ ਸੇਵਾ ਘਰ ’ਚ ਰਹਿ ਰਹੇ ਲੋਕਾਂ ਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦਿਲਜੀਤ ਨੇ ਉਥੇ ਸਥਿਤ ਡਾਕਟਰਾਂ ਦੇ ਚਿੱਟੇ ਕੋਟਾਂ ਉਪਰ ਮਾਰਕਰ ਨਾਲ ਆਟੋਗ੍ਰਾਫ਼ ਵੀ ਦਿੱਤੇ। ਪੀਏਯੂ ਨੂੰ ਜਾਣ ਵਾਲੇ ਸਾਰੇ ਹੀ ਰਸਤਿਆਂ ਤੇ ਚੌਕਾਂ ’ਚ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਕਿਸੇ ਵੀ ਵਾਹਨ ਨੂੰ ਪੀਏਯੂ ਵਾਲੇ ਪਾਸੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਖੁਦ ਦਿਲਜੀਤ ਦੋਸਾਂਝ ਸ਼ੋਅ ਦੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।
ਰਾਤ ਸਾਡੇ 9:35 ਦੇ ਕਰੀਬ ਜਿਓਂ ਹੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਪੀਏਯੂ ਦੀ ਸਟੇਜ ’ਤੇ ਚੈੱਕਇਨ ਕੀਤਾ ਪੀਏਯੂ ਦੀ ਫੁੱਟਬਾਲ ਗਰਾਊਂਡ ਦੀ ਸਟੇਜ ’ਤੇ ਆਉਂਦੇ ਹੀ ਦਿਲਜੀਤ ਨੇ ਆਪਣੇ ਅੰਦਾਜ਼ ’ਚ ਸੱਜਾ ਹੱਥ ਉੱਪਰ ਕਰ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ। ਉਸ ਦੇ ਕਾਲਾ ਕੁੜਤਾ, ਕਾਲਾ ਚਾਦਰਾ, ਕਾਲੀ ਪੱਗੜੀ ਤੇ ਉੱਪਰ ਸਿਲਵਰ ਦੀ ਜੈਕੇਟ ਪਾਈ ਹੋਈ ਸੀ। ਇਸ ਦੇ ਨਾਲ ਹੀ ਉਸ ਨੇ ‘ਡਾਇੰਮਡਾਂ ਦੇ ਨਾਲ ਤੋਲਦਾ, ਜਿੰਨਾ ਤੇਰਾ ਭਾਰ ਗੋਰੀਏ’, ‘ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ, ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ’ ਨਾਲ ਆਪਣੇ ਗੀਤਾਂ ਦੀ ਸ਼ੁਰੂਆਤ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.