IndiaTop News

ਟੀਬੀ ਦੇ ਮਰੀਜ਼ ਦਾ ਕੀਤਾ ਕੈਂਸਰ ਦਾ ਇਲਾਜ, ਹਸਪਤਾਲ ’ਤੇ 23 ਲੱਖ ਦਾ ਜੁਰਮਾਨਾ

ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਟੀਬੀ ਪੀੜਤ ਔਰਤ ਨੂੰ ਕੈਂਸਰ ਪੀੜਤ ਮੰਨ ਕੇ ਕਰੀਬ ਚਾਰ ਮਹੀਨੇ ਤੱਕ ਕੀਮੋਥੈਰੇਪੀ ਦੇ ਦਿੱਤੀ। ਔਰਤ ਦੀ ਸਿਹਤ ਲਗਾਤਾਰ ਵਿਗੜਦੀ ਰਹੀ ਤਾਂ ਪਰਿਵਾਰਕ ਮੈਂਬਰ ਉਸ ਨੂੰ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਲੈ ਕੇ ਗਏ। ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਪਤਾ ਲਾਇਆ ਕਿ ਔਰਤ ਨੂੰ ਕੈਂਸਰ ਨਹੀਂ, ਸਗੋਂ ਟੀਬੀ ਹੈ। ਇਸ ਗੰਭੀਰ ਲਾਪਰਵਾਹੀ ’ਤੇ ਭਰਤਪੁਰ ਸਥਿਤ ਸਥਾਈ ਲੋਕ ਅਦਾਲਤ ਨੇ ਹਸਪਤਾਲ ਮੈਨੇਜਮੈਂਟ ਅਤੇ ਡਾਕਟਰ ’ਤੇ 23 ਲੱਖ 36 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ।ਭਰਤਪੁਰ ਦੀ ਪੁਸ਼ਪ ਵਾਟਿਕਾ ਕਾਲੋਨੀ ਵਾਸੀ ਲਕਸ਼ਮੀ ਸ਼ਰਮਾ ਨੂੰ ਅਕਤੂਬਰ 2022 ਵਿਚ ਪੇਟ ਦਰਦ ਅਤੇ ਬੇਚੈਨੀ ਦੀ ਸ਼ਿਕਾਇਤ ਹੋਣ ’ਤੇ ਪਰਿਵਾਰਕ ਮੈਂਬਰ ਜੈਪੁਰ ਸਥਿਤ ਮਹਾਵੀਰ ਕੈਂਸਰ ਹਸਪਤਾਲ ਲੈ ਕੇ ਪਹੁੰਚੇ ਸਨ। ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਔਰਤ ਨੂੰ ਕੈਂਸਰ ਪੀੜਤ ਮੰਨ ਲਿਆ। ਜਾਂਚ ਰਿਪੋਰਟ ਦੇ ਆਧਾਰ ’ਤੇ ਡਾਕਟਰਾਂ ਨੇ ਕੈਂਸਰ ਦਾ ਇਲਾਜ ਸ਼ੁਰੂ ਕਰ ਦਿੱਤਾ। ਔਰਤ ਨੂੰ ਲਗਾਤਾਰ ਦਰਦਨਾਕ ਕੀਮੋਥੈਰੇਪੀ ਦਿੱਤੀ ਗਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਸਿਹਤ ਲਗਾਤਾਰ ਖ਼ਰਾਬ ਹੁੰਦੀ ਦੇਖ ਕੇ ਪਰਿਵਾਰਕ ਮੈਂਬਰ ਜਨਵਰੀ 2023 ਵਿਚ ਔਰਤ ਨੂੰ ਮੁੰਬਈ ਸਥਿਤ ਟਾਟਾ ਮੈਮੋਰੀਅਲ ਹਸਪਤਾਲ ਲੈ ਕੇ ਗਏ। ਉੱਥੇ ਜਾਂਚ ਵਿਚ ਕੈਂਸਰ ਨਹੀਂ, ਸਗੋਂ ਟੀਬੀ ਦੀ ਪੁਸ਼ਟੀ ਹੋਈ। ਉੱਥੇ ਡਾਕਟਰਾਂ ਨੇ ਟੀਬੀ ਦਾ ਇਲਾਜ ਸ਼ੁਰੂ ਕੀਤਾ।ਇਸ ਤੋਂ ਬਾਅਦ ਪਰਿਵਾਰਕ ਮੈਂਬਰ ਔਰਤ ਨੂੰ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਸਥਿਤ ਸ਼੍ਰੀ ਬ੍ਰਿਜ ਸੇਵਾ ਸਮਿਤੀ ਟੀਬੀ ਹਸਪਤਾਲ ਲੈ ਕੇ ਗਏ, ਜਿੱਥੇ ਜਾਂਚ ਵਿਚ ਮੁੜ ਟੀਬੀ ਦੀ ਪੁਸ਼ਟੀ ਹੋਈ। ਬਿਮਾਰੀ ਦਾ ਇਲਾਜ ਸ਼ੁਰੂ ਹੁੰਦੇ ਹੀ ਸਿਹਤ ਵਿਚ ਸੁਧਾਰ ਹੋ ਗਿਆ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਵਿਚ ਸਥਾਈ ਲੋਕ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ।
ਲੋਕ ਅਦਾਲਤ ਦੇ ਪ੍ਰਧਾਨ ਗੰਭੀਰ ਸਿੰਘ, ਮੈਂਬਰ ਰਜਨੀਕਾਂਤ ਅਤੇ ਯੋਗੇਸ਼ ਸ਼ਰਮਾ ਨੇ ਪਿਛਲੀ 4 ਸਤੰਬਰ ਨੂੰ ਫ਼ੈਸਲਾ ਸੁਣਾਉਂਦਿਆਂ ਇਸ ਮਾਮਲੇ ਨੂੰ ਡਾਕਟਰੀ ਲਾਪਰਵਾਹੀ ਮੰਨਿਆ। ਅਦਾਲਤ ਨੇ ਮਾਨਸਿਕ ਅਤੇ ਸਰੀਰਕ ਨੁਕਸਾਨ ਦੀ ਭਰਪਾਈ ਲਈ 20 ਲੱਖ ਰੁਪਏ ਅਤੇ ਇਲਾਜ ਦੇ ਵੈਧ ਬਿੱਲਾਂ ਦੇ 3 ਲੱਖ 36 ਹਜ਼ਾਰ 774 ਰੁਪਏ ਸਮੇਤ ਕੁੱਲ 23 ਲੱਖ 36 ਹਜ਼ਾਰ 774 ਰੁਪਏ ਦਾ ਜੁਰਮਾਨਾ ਹਸਪਤਾਲ ਮੈਨੇਜਮੈਂਟ ਅਤੇ ਡਾਕਟਰ ’ਤੇ ਲਾਉਣ ਦਾ ਹੁਕਮ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button