ਜਾਗ ਵੋਟਰਾ ਜਾਗ ਬਈ,ਹੁਣ ਵੋਟਾਂ ਆਈਆਂ!
ਸੌਣਾ ਤੇ ਜਾਗਣਾ,ਮਨੁੱਖੀ ਜੀਵਨ ਦੀਆਂ ਜਰੂਰੀ ਪ੍ਰਕ੍ਰਿਰਿਆਵਾਂ ਹਨ।ਜਿਸ ਤਰ੍ਹਾਂ, ਮਨੁੱਖ ਦੀ ਜਿੰਦਗੀ ਦੀ ਤਾਜਗੀ ਅਤੇ ਚੰਗੀ ਸਿਹਤ ਲਈ ਸੌਣਾ ਜਰੂਰੀ ਹੁੰਦਾ ਹੈ।ਉਸੇ ਤਰ੍ਹਾਂ ਹੀ, ਚਿੰਤਾਗ੍ਰਸਤ ਮਨੁੱਖ ਨੂੰ ਜਦੋਂ ਨੀਂਦ ਨਹੀਂ ਆਉਂਦੀ,ਤਾਂ ਉਸਨੂੰ ਆਪਣੀ ਨੀਂਦ ਪੂਰੀ ਕਰਨ ਲਈ ਤਰ੍ਹਾਂ 2 ਦੇ ਹੀਲੇ ਵਸੀਲੇ ਜਾਂ ਫਿਰ ਦਵਾਈਆਂ ਦਾ ਪ੍ਰਯੋਗ ਵੀ ਕਰਨਾ ਪੈਂਦਾ ਹੈ।ਕਿਉਂਕਿ ਮਨੁੱਖ ਦੀ ਚੰਗੀ ਸਿਹਤ ਲਈ ਨੀਂਦ ਦਾ ਆਉਣਾ ਬਹੁਤ ਜਰੂਰੀ ਹੁੰਦਾ ਹੈ। ਅਗਰ ਮਨੁੱਖ ਦੀ ਜਿੰਦਗੀ ਲਈ ਨੀਂਦ ਜਰੂਰੀ ਹੁੰਦੀ ਹੈ,ਤਾਂ ਜਿੰਦਗੀ ਦੇ ਰੋਜਮਰ੍ਹਾ ਦੇ ਕੰਮ ਧੰਦਿਆਂ ਨੂੰ ਅੱਗੇ ਤੋਰਨ ਦੇ ਲਈ ਮਨੁੱਖ ਦਾ ਜਾਗਣਾ ਵੀ ਜਰੂਰੀ ਹੁੰਦਾ ਹੈ।ਕਿਉਂਕਿ ਹਰ ਵਕਤ ਲੰਮੀਆਂ ਤਾਣ ਕੇ ਸੁੱਤੇ ਵਿਅਕਤੀ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ।ਵੈਸੇ ਵੀ,ਜਿਆਦਾ ਨੀਂਦ ਲੈਣ ਵਾਲੇ ਵਿਅਕਤੀ ਨੂੰ ਆਲਸੀ ਦਾ ਨਾਮ ਦਿੱਤਾ ਜਾਂਦਾ ਹੈ।
ਜਿਹੜਾ ਆਪ ਕਿਸੇ ਦਾ ਕੁੱਝ ਸਵਾਰ ਨਹੀਂ ਸਕਦਾ,ਸਗੋਂ ਲੋਕਾਂ ਤੇ ਬੋਝ ਹੀ ਹੁੰਦਾ ਹੈ।ਅਗਰ ਇਹ ਕਹਿ ਲਿਆ ਜਾਵੇ,ਕਿ ਅਜਿਹਾ ਵਿਅਕਤੀ ਧਰਤੀ ਤੇ ਭਾਰ ਹੀ ਹੁੰਦਾ ਹੈ,ਤਾਂ ਇਹ ਕੋਈ ਅੱਤਕਥਨੀ ਨਹੀਂ ਹੋਵੇਗੀ। ਵੈਸੇ ਵੀ ਨੀਂਦ ਤੋਂ ਜਾਗਣਾ,ਮਨੁੱਖ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਵੀ ਤਾਂ ਹੁੰਦੀ ਹੈ।ਭਾਵੇਂ ਨੀਂਦ ਵੀ ਅਰਧ ਮੌਤ ਹੀ ਹੁੰਦੀ ਹੈ।ਪਰ,ਅਗਰ ਕੋਈ ਮਨੁੱਖ ਸੌਣ ਤੋਂ ਬਾਅਦ,ਜਾਗਦਾ ਹੀ ਨਹੀਂ,ਤਾਂ ਸਮਝੋ,ਕਿ ਉਹ ਮਨੁੱਖ ਮਰ ਚੁੱਕਿਆ ਹੈ।ਇਸ ਲਈ ਜਾਗਣਾ,ਮਨੁੱਖ ਦੇ ਜਿਉਂਦੇ ਰਹਿਣ ਦੀ ਇੱਕ ਨਿਸ਼ਾਨੀ ਵੀ ਤਾਂ ਹੁੰਦੀ ਹੈ। ਭਾਵੇਂ ਆਮ ਭਾਸ਼ਾ ਚ,ਨੀਂਦ ਤੋਂ ਜਾਗਣ ਨੂੰ ਹੀ ਜਾਗਣਾ ਕਹਿ ਦਿੰਦੇ ਹਨ।ਪਰ ਕਿਸੇ ਅਹਿਮ ਜਾਂ ਫਿਰ ਵਹਿਮ ਤੋਂ ਸੁਚੇਤ ਹੋ ਜਾਣਾ ਅਤੇ ਸੱਚ ਤੇ ਝੂਠ ਦਾ ਨਿਤਾਰਾ ਕਰਕੇ ਅਸਲੀਅਤ ਨੂੰ ਸਮਝਣਾ ਵੀ ਇੱਕ ਕਿਸਮ ਦਾ ਜਾਗਣਾ ਹੀ ਕਿਹਾ ਜਾ ਸਕਦਾ ਹੈ।ਮਨੁੱਖ ਦਾ ਨੀਂਦ ਅਤੇ ਨੀਂਦ ਤੋਂ ਜਾਗਣਾ,ਇਹ ਕੁਦਰਤੀ ਪ੍ਰਕ੍ਰਿਰਿਆਵਾਂ ਹਨ।ਪਰ ਕਿਸੇ ਅਹਿਮ ਜਾਂ ਵਹਿਮ ਤੋਂ ਜਾਗਣਾ, ਇਹ ਪ੍ਰਕ੍ਰਿਆ ਮਨੁੱਖ ਦੀ ਜਿੰਦਗੀ ਦੀ ਕਾਇਆ ਹੀ ਪਲਟ ਕੇ ਰੱਖ ਦਿੰਦੀ ਹੈ।
ਕਿਉਂਕਿ ਕਈ ਵਾਰ ਮਨੁੱਖ,ਕਿਸੇ ਗਲਤ ਧਾਰਨਾ ਦੇ ਪਿੱਛੇ ਲੱਗਕੇ,ਆਪਣੀ ਸਾਰੀ ਉਮਰ ਹੀ ਬਰਬਾਦ ਕਰ ਦਿੰਦਾ ਹੈ।ਇਸ ਲਈ,ਮਨੁੱਖ ਦੀ ਜਾਗਣ ਦੀ ਇਹ ਪ੍ਰਕ੍ਰਿਆ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਦੇਸ਼ ਅਜਾਦ ਹੋਣ ਤੋਂ ਬਾਅਦ,ਭਾਰਤ ਦੇ ਲੋਕਾਂ ਨੂੰ ਭਾਰਤੀ ਸੰਵਿਧਾਨ ਦੇ ਮੁਤਾਬਿਕ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ।ਹੁਣ ਦੇਸ਼ ਦਾ ਹਰ ਉਹ ਨਾਗਰਿਕ,ਜਿਸਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ, ਉਹ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੇ ਪਸੰਦੀਦਾ ਨੁਮਾਇੰਦਾ ਚੁਣ ਸਕਦਾ ਹੈ।ਪਰ ਇਹਦੇ ਨਾਲ ਇੱਕ ਗੱਲ ਜਰੂਰ ਹੈ,ਕਿ ਇਸ ਵੋਟ ਦਾ ਤਾਂ ਹੀ ਕੋਈ ਫਾਇਦਾ ਹੈ,ਅਗਰ ਕੋਈ ਵੋਟਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੇ।
ਅਜੋਕੇ ਦੌਰ ਚ,ਦੇਸ਼ ਦੇ ਪੰਜ ਸੂਬਿਆਂ ਚ ਚੋਣਾਂ ਹੋਣ ਜਾ ਰਹੀਆਂ ਹਨ।ਕਹਿਣ ਅਤੇ ਸੁਣਨ ਨੂੰ ਭਾਵੇਂ ਦੇਸ਼ ਅੰਦਰ ਲੋਕਰਾਜ ਹੈ।ਪਰ ਅਸਲੀਅਤ ਤਾਂ ਇਹ ਹੈ,ਕਿ ਦੇਸ਼ ਦਾ ਆਮ ਨਾਗਰਿਕ,ਬੇਰੁਜ਼ਗਾਰੀ, ਮਹਿੰਗਾਈ,ਭ੍ਰਿਸ਼ਟਾਚਾਰ,ਭਾਈ ਭਤੀਜਾਵਾਦ,ਜਾਤੀਵਾਦ, ਧਾਰਮਿਕ ਕੱਟੜਤਾ,ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਜਿਹੀਆਂ ਸਮੱਸਿਆਵਾਂ ਤੋਂ ਪੀੜਤ ਹੈ।ਦੇਸ਼ ਦੀ ਹਰ ਰਾਜਨੀਤਕ ਪਾਰਟੀ,ਲੋਕਾਂ ਨੂੰ ਵੋਟਾਂ ਦੇ ਵਕਤ ਤਰ੍ਹਾਂ ਦੇ ਲਾਰੇ ਅਤੇ ਵਾਅਦੇ ਕਰਕੇ, ਭੋਲੇ ਭਾਲੇ ਵੋਟਰਾਂ ਨੂੰ ਗੁਮਰਾਹ ਕਰਕੇ ਆਪਣੇ ਪੱਖ ਚ ਵੋਟ ਦਾ ਇਸਤੇਮਾਲ ਕਰਵਾ ਲੈਂਦੀ ਹੈ।ਪਰ ਜਿੱਤਣ ਤੋਂ ਬਾਅਦ ਅਗਲੀਆਂ ਚੋਣਾਂ ਤੱਕ ਬਾਤ ਨਹੀਂ ਪੁੱਛਦੇ।ਵਿਚਾਰਾ ਵੋਟਰ,ਆਪਣੀ ਅਗਿਆਨਤਾ ਦੇ ਕਾਰਨ ਸ਼ਰਮਸਾਰ ਅਤੇ ਠੱਗਿਆ 2 ਮਹਿਸੂਸ ਕਰਦਾ ਹੈ।
ਇਹ ਗੱਲ ਬੜੀ ਮਾਇਨੇ ਰੱਖਦੀ ਹੈ,ਕਿ ਹਰ ਵੋਟਰ ਦੀ ਇਕੱਲੀ 2 ਵੋਟ ਦੀ ਬੜੀ ਵੱਡੀ ਕੀਮਤ ਹੁੰਦੀ ਹੈ।ਅਗਰ ਅਜਿਹਾ ਨਾ ਹੁੰਦਾ,ਤਾਂ ਵੋਟਾਂ ਦੇ ਵਕਤ ਰਾਜੇ ਰਜਵਾੜੇ ਅਤੇ ਅਮੀਰ ਤੋਂ ਅਮੀਰ ਲੋਕ ਤੁਹਾਡੇ ਦਰਾਂ ਤੇ ਆ ਕੇ ਤੁਹਾਡੇ ਪੈਰੀਂ ਹੱਥ ਕਿਉਂ ਲਾਉਂਦੇ।ਸੋ ਆਪਣੀ ਵੋਟ ਦੀ ਕੀਮਤ ਨੂੰ ਪਹਿਚਾਣੋ।ਇੰਨ੍ਹਾਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਦੀਆਂ ਗੱਲਾਂ ਚ ਆ ਕੇ ਅਤੇ ਜਜਬਾਤੀ ਹੋ ਕੇ ਆਪਣੀ ਵੋਟ ਦਾ ਗਲਤ ਥਾਂ ਤੇ ਅਤੇ ਗਲਤ ਉਮੀਦਵਾਰ ਨੂੰ ਵੋਟ ਨਾ ਪਾਇਓ,ਤਾਂ ਕਿ ਪੰਜ ਸਾਲ ਲਈ ਦੁਬਾਰਾ ਫੇਰ ਪਛਤਾਉਣਾ ਨਾ ਪਵੇ।ਕਿਉਂਕਿ,ਅਜਿਹਾ ਸਮਾਂ ਵਾਰ 2 ਨਹੀਂ ਆਉਂਦਾ।
ਸੋ ਮੁੱਕਦੀ ਗੱਲ ਤਾਂ ਇਹ ਹੈ,ਕਿ ਆਪਣੀ ਵੋਟ ਦਾ ਇਸਤੇਮਾਲ ਉਸ ਪਾਰਟੀ ਜਾਂ ਉਸ ਉਮੀਦਵਾਰ ਨੂੰ ਹੀ ਕਰੋ,ਜੋ ਤੁਹਾਡੇ ਜਾਂ ਤੁਹਾਡੇ ਸਮਾਜ ਦੇ ਹਿੱਤਾਂ ਦੀ ਗੱਲ ਕਰੇ।ਵੋਟ ਪਾਉਣ ਦੇ ਵਕਤ ਜਾਤ ਬਰਾਦਰੀ,ਧਰਮ ਜਾਂ ਕਿਸੇ ਕਿਸਮ ਦੀ ਹੋਰ ਸਾਂਝ ਨੂੰ ਬਿਲਕੁਲ ਹੀ ਨਕਾਰ ਕੇ ਉਸ ਉਮੀਦਵਾਰ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ,ਜਿਹੜੀ ਪਾਰਟੀ ਬੇਰੁਜਗਾਰੀ,ਮਹਿੰਗਾਈ,ਨਿੱਜੀਕਰਨ,ਭਾਈ ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਵੇ ਅਤੇ ਲੋਕਾਂ ਨੂੰ ਮੁਫਤ ਅਤੇ ਉੱਚ ਵਿਦਿਆ,ਚੰਗੀਆਂ ਸਿਹਤ ਸਹੂਲਤਾਂ,ਰੁਜਗਾਰ ਦਾ ਉੱਚਿੱਤ ਪ੍ਰਬੰਧ ਕਰੇ,ਤਾਂ ਕਿ ਲੋਕਾਂ ਦਾ ਜੀਣਾ ਆਸਾਨ ਹੋ ਸਕੇ।ਅਜਿਹੀਆਂ ਸਰਕਾਰਾਂ,ਤਾਂ ਹੀ ਹੋਂਦ ਚ ਆ ਸਕਦੀਆਂ ਹਨ,ਅਗਰ ਦੇਸ਼ ਦਾ ਵੋਟਰ ਮਾਨਸਿਕ ਤੌਰਤੇ ਜਾਗਰੂਕ ਹੋਵੇ।
ਸੁਬੇਗ ਸਿੰਘ, ਸੰਗਰੂਰ
93169 10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.