ਜ਼ਿਮਨੀ ਚੋਣ ਲਈ ਮੁੱਖ ਮੰਤਰੀ ਮਾਨ ਨੇ ਪ੍ਰਚਾਰ ਕੀਤਾ ਤੇਜ਼, ਚੱਬੇਵਾਲ ਵਿੱਚ ਕੀਤੀਆਂ ਦੋ ਜਨ ਸਭਾਵਾਂਂ
- ਅਸੀਂ ਝੂਠੇ ਵਾਅਦੇ ਨਹੀਂ ਕਰਦੇ, ਜੋ ਕਹਿੰਦੇ ਹਾਂ ਉਹ ਕਰਦੇ ਹਾਂ, ਅਸੀਂ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਅੱਜ 90 ਫ਼ੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ - ਮਾਨ
ਹੁਸ਼ਿਆਰਪੁਰ/ਚੰਡੀਗੜ੍ਹ, 6 ਨਵੰਬਰ 2024 – ਪੰਜਾਬ ਦੀਆਂ ਚਾਰ ਸੀਟਾਂ ‘ਤੇ 20 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਬੁੱਧਵਾਰ ਨੂੰ ਉਨ੍ਹਾਂ ਚੱਬੇਵਾਲ ਵਿਖੇ ਦੋ ਥਾਵਾਂ ਪੰਡੋਰੀ ਬੀਬੀ ਅਤੇ ਬਾਹੋਵਾਲ ‘ਤੇ ਜਨ ਸਭਾਵਾ ਕੀਤੀਆਂ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਇਸ਼ਾਂਕ ਚੱਬੇਵਾਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਭਾਸ਼ਣ ਦੌਰਾਨ ਮਾਨ ਨੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ‘ਦੋਸਤਾਨਾ ਮੈਚ’ ਖੇਡਦੇ ਸਨ। ਇਨ੍ਹਾਂ ਨੇ ਆਪਸ ਵਿੱਚ ਮਿਲੀਭੁਗਤ ਕੀਤੀ ਸੀ ਅਤੇ ਪੰਜ ਸਾਲ ਇੱਕ-ਇੱਕ ਕਰਕੇ ਸੱਤਾ ਵਿੱਚ ਆਉਂਦੇ ਰਹੇ। ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਕੋਈ ਤੀਜੀ ਧਿਰ ਆਮ ਆਦਮੀ ਪਾਰਟੀ ਵੀ ਇੱਥੇ ਆ ਕੇ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਹਿਸਾਬ ਲਵੇਗੀ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ, ਹਮੇਸ਼ਾ ਆਪਣੇ ਨਿੱਜੀ ਹਿੱਤਾਂ ਨੂੰ ਉੱਪਰ ਰੱਖਿਆ। ਇਨ੍ਹਾਂ ਲੋਕਾਂ ਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਹੀ ਫ਼ਾਇਦਾ ਪਹੁੰਚਾਇਆ। ਇਸ ਲਈ 2022 ਵਿੱਚ ਜਨਤਾ ਨੇ ਵੱਡੇ ਦਿੱਗਜਾਂ ਨੂੰ ਹਰਾ ਕੇ ਉਨ੍ਹਾਂ ਵਰਗੇ ਆਮ ਆਦਮੀ ਨੂੰ ਚੁਣਿਆ।
ਮਾਨ ਨੇ ਕਿਹਾ ਕਿ ਪਹਿਲਾਂ ਅਕਾਲੀ ਕਾਂਗਰਸੀ ਵਾਲੇ ਸਿਰਫ਼ ਚੋਣਾਂ ਦੌਰਾਨ ਹੀ ਨਜ਼ਰ ਆਉਂਦੇ ਸਨ ਪਰ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਵੀ ਆਪਣੀ ਰਣਨੀਤੀ ਬਦਲਣੀ ਪਈ। ਹੁਣ ਉਨ੍ਹਾਂ ਨੂੰ ਆਪਣੇ ਆਲੀਸ਼ਾਨ ਮਹਿਲਾਂ ਤੋਂ ਬਾਹਰ ਆ ਕੇ ਲੋਕਾਂ ਦੇ ਪੈਰ ਫੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੌਣ ਪੰਜਾਬ ਨੂੰ ਪਿਆਰ ਕਰਦਾ ਹੈ ਅਤੇ ਕੌਣ ਆਪਣੇ ਮਕਸਦ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮੂੰਹ ਵਿੱਚ ਸੋਨੇ ਦੇ ਚਮਚੇ ਲੈ ਕੇ ਪੈਦਾ ਹੋਏ ਹਨ, ਉਹ ਆਮ ਲੋਕਾਂ ਦੇ ਦੁੱਖ-ਦਰਦ ਨੂੰ ਨਹੀਂ ਜਾਣਦੇ। ਉਹ ਸਿਰਫ ਆਪਣੀ ਸਿਆਸੀ ਦੁਕਾਨ ਚਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਰਾਜਨੀਤੀ ਸਾਡੇ ਲਈ ਵਪਾਰ ਨਹੀਂ ਹੈ। ਅਸੀਂ ਇੱਥੇ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ। ਮੈਂ ਕਾਮੇਡੀਅਨ ਵਜੋਂ ਆਪਣਾ ਸਫਲ ਕੈਰੀਅਰ ਲੋਕਾਂ ਦੀ ਸੇਵਾ ਲਈ ਛੱਡ ਦਿੱਤਾ। ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਨਕਮ ਟੈਕਸ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ ਪਰ ਅਸੀਂ ਅਜੇ ਵੀ ਸੀਵਰੇਜ ਤੋਂ ਬਾਹਰ ਨਹੀਂ ਨਿਕਲ ਪਾ ਰਹੇ। ਇਹ ਲੋਕ ਚਾਹੁੰਦੇ ਸਨ ਕਿ ਲੋਕ ਪੜ੍ਹੇ-ਲਿਖੇ ਨਾ ਹੋਣ ਕਿਉਂਕਿ ਜੇਕਰ ਉਹ ਪੜ੍ਹੇ-ਲਿਖੇ ਹੋਣਗੇ ਤਾਂ ਉਨ੍ਹਾਂ ਨੂੰ ਸਹੀ-ਗ਼ਲਤ ਦਾ ਪਤਾ ਲੱਗ ਜਾਵੇਗਾ ਅਤੇ ਫਿਰ ਸੋਚ ਸਮਝ ਕੇ ਵੋਟ ਪਾਉਣਗੇ। ਇਸ ਲਈ ਸਾਨੂੰ ਰਾਜਨੀਤੀ ਵਿੱਚ ਆਉਣਾ ਪਿਆ। ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਅਸੀਂ ਸਕੂਲਾਂ, ਹਸਪਤਾਲਾਂ, ਬਿਜਲੀ, ਕਾਰੋਬਾਰ, ਮਜ਼ਦੂਰਾਂ ਅਤੇ ਕਿਸਾਨਾਂ ਦੀ ਗੱਲ ਕਰਦੇ ਹਾਂ। ਅਸੀਂ ਜਾਤ-ਪਾਤ ਅਤੇ ਧਰਮ ਦੀ ਰਾਜਨੀਤੀ ਨਹੀਂ ਕਰਦੇ।
ਮਾਨ ਨੇ ਵਿਰੋਧੀ ਪਾਰਟੀਆਂ ਦੇ ਚੋਣ ਵਾਅਦਿਆਂ ਨੂੰ ‘ਲੌਲੀਪੌਪ’ ਦੱਸਦਿਆਂ ਕਿਹਾ ਕਿ ਅਸੀਂ ਖੋਖਲੇ ਤੇ ਝੂਠੇ ਵਾਅਦੇ ਨਹੀਂ ਕਰਦੇ। ਅਸੀਂ ਜੋ ਕਹਿੰਦੇ ਹਾਂ ਉਹ ਕਰ ਕੇ ਵਿਖਾਉਂਦੇ ਹਾਂ। ਚੋਣਾਂ ਤੋਂ ਪਹਿਲਾਂ ਅਸੀਂ ਮੁਫ਼ਤ ਬਿਜਲੀ ਦਾ ਵਾਅਦਾ ਕੀਤਾ ਸੀ, ਅੱਜ 90 ਫ਼ੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਪਹਿਲਾਂ ਲੋਕਾਂ ਦੇ ਹਰ ਮਹੀਨੇ 5 ਤੋਂ 7 ਹਜ਼ਾਰ ਬਿਜਲੀ ਦਾ ਬਿੱਲ ਆਉਂਦਾ ਸੀ। 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। 850 ਤੋਂ ਵੱਧ ਆਮ ਆਦਮੀ ਕਲੀਨਿਕ ਬਣਾਏ ਅਤੇ ਸਰਕਾਰ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾ ਰਹੇ ਹਾਂ। ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਣ ਦਾ ਵਾਅਦਾ ਵੀ ਜਲਦੀ ਪੂਰਾ ਕਰਾਂਗੇ।
ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜਬੂਰ ਸਨ ਕਿਉਂਕਿ ਸਰਕਾਰ ’ਤੇ ਭਰੋਸਾ ਨਹੀਂ ਸੀ। ਨਾ ਤਾਂ ਕੋਈ ਡਾਕਟਰ ਸੀ ਅਤੇ ਨਾ ਹੀ ਟੈਸਟ ਕਰਨ ਵਾਲੀਆਂ ਮਸ਼ੀਨਾਂ। ਅਸੀਂ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਲਈ ਭੇਜਣਾ ਪੈਂਦਾ ਸੀ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਸਹੀ ਢੰਗ ਨਾਲ ਨਹੀਂ ਹੁੰਦੀ ਅਤੇ ਨਾ ਹੀ ਬੈਂਚ, ਡੈਸਕ ਅਤੇ ਕਿਤਾਬਾਂ ਸਨ। ਹੁਣ ਅਸੀਂ ਇਸ ਨੂੰ ਸਕੂਲ ਆਫ਼ ਐਮੀਨੈਂਸ ਵਿੱਚ ਤਬਦੀਲ ਕਰ ਰਹੇ ਹਾਂ ਅਤੇ ਵਿਦੇਸ਼ਾਂ ਤੋਂ ਅਧਿਆਪਕਾਂ ਨੂੰ ਸਿਖਲਾਈ ਪ੍ਰਾਪਤ ਕਰਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ, ਉਨ੍ਹਾਂ ਦੇ ਵਿੱਤ ਮੰਤਰੀ ਪੰਜ ਸਾਲ ‘ਖਜ਼ਾਨਾ ਖਾਲੀ’ ਕਹਿੰਦੇ ਰਹੇ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਨਾ ਤਾਂ ਕੋਈ ਸੜਕ ਬਣਾਈ, ਨਾ ਕੋਈ ਸਕੂਲ, ਕਾਲਜ ਜਾਂ ਯੂਨੀਵਰਸਿਟੀ ਬਣਾਈ, ਫਿਰ ਖ਼ਜ਼ਾਨਾ ਖਾਲੀ ਕਿਵੇਂ ਹੋ ਗਿਆ? ਅਸਲ ਵਿੱਚ ਉਨ੍ਹਾਂ ਦੇ ਇਰਾਦੇ ਖਾਲੀ ਸਨ। ਉਹ ਕੰਮ ਨਹੀਂ ਕਰਨਾ ਚਾਹੁੰਦੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਹ ਪਿੰਡਾਂ ਵਿੱਚ ਜਾਂਦੇ ਹੀ ਨਹੀਂ ਹਨ ਕਿਉਂਕਿ ਉਨ੍ਹਾਂ ਕੋਲ ਦੱਸਣ ਲਈ ਕੋਈ ਕੰਮ ਨਹੀਂ ਹੈ। ਇਸ ਲਈ, ਅਜਿਹੇ ਵਿਅਕਤੀ ਨੂੰ ਚੁਣੋ ਜੋ ਤੁਹਾਡਾ ਕੰਮ ਕਰੇ। ਮਾਨ ਨੇ ਸਾਬਕਾ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜ ਸਾਲ ਤੱਕ ਉਨ੍ਹਾਂ ਦੇ ਮਹਿਲ ਦਾ ਦਰਵਾਜ਼ਾ ਅੰਦਰੋਂ ਬੰਦ ਰਿਹਾ, ਫਿਰ 2022 ‘ਚ ਲੋਕਾਂ ਨੇ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਕਿਹਾ ਕਿ ਹੁਣ ਅੰਦਰ ਹੀ ਰਹੋ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਾਡਾ ਧਿਆਨ ਪਿੰਡਾਂ ਦੇ ਵਿਕਾਸ ਵੱਲ ਹੈ। ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਪਿੰਡਾਂ ਨੂੰ ਚਮਕਾ ਦਿੱਤਾ ਜਾਵੇਗਾ। ਪਿੰਡਾਂ ਨੂੰ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਸਰਬਸੰਮਤੀ ਨਾਲ ਸਰਪੰਚ ਚੁਣਨ ਵਾਲੇ ਹਰੇਕ ਪਿੰਡ ਨੂੰ 5 ਲੱਖ ਰੁਪਏ ਦਿੱਤੇ ਜਾਣਗੇ ਤਾਂ ਜੋ ਉੱਥੇ ਕੰਮ ਤੇਜ਼ੀ ਨਾਲ ਹੋ ਸਕਣ।
ਪਿਛਲੀਆਂ ਸਰਕਾਰਾਂ ਅਖੀਰ ਦੇ 6 ਮਹੀਨਿਆਂ ‘ਚ ਕੰਮ ਕਰਦਿਆਂ ਸਨ, ‘ਆਪ’ ਸਰਕਾਰ ਨੇ ਆਉਂਦਿਆਂ ਹੀ ਆਪਣੇ ਵਾਅਦੇ ਪੂਰੇ ਕਰ ਦਿੱਤੇ – ਇਸ਼ਾਂਕ ਚੱਬੇਵਾਲ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਇਸ਼ਾਂਕ ਚੱਬੇਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਾਢੇ ਚਾਰ ਸਾਲ ਕੁਝ ਨਹੀਂ ਕਰਦਿਆਂ ਸਨ ਸਿਰਫ਼ ਵੋਟਾਂ ਲੈਣ ਲਈ ਅਖੀਰ ਦੇ ਛੇ ਮਹੀਨੇ ਕੰਮ ਕਰਦਿਆਂ ਸਨ। ‘ਆਪ’ ਸਰਕਾਰ ਨੇ ਸੱਤਾ ‘ਚ ਆਉਂਦੇ ਹੀ ਕੰਮ ਸ਼ੁਰੂ ਕਰ ਦਿੱਤਾ ਅਤੇ ਸ਼ੁਰੂਆਤੀ ਦੌਰ ‘ਚ ਹੀ ਆਪਣੇ ਸਾਰੇ ਵੱਡੇ ਵਾਅਦੇ ਪੂਰੇ ਕਰ ਦਿੱਤੇ। ਮਾਨ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ ਪ੍ਰਦਾਨ ਕਰ ਰਹੀ ਹੈ। ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ। ਚੱਬੇਵਾਲ ਵਿੱਚ ਵੀ ਉਦਯੋਗ ਸਥਾਪਿਤ ਹਨ। ਆਉਣ ਵਾਲੇ ਸਾਲਾਂ ਵਿੱਚ ਕੰਮ ਹੋਰ ਤੇਜ਼ੀ ਨਾਲ ਹੋਵੇਗਾ।
ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਰੁਜ਼ਗਾਰ ਲਈ ਇਲਾਕੇ ਵਿੱਚ ਵਧੀਆ ਇੰਡਸਟਰੀ ਲਗਾਈ ਜਾਵੇ। ਪੋਲੀਟੈਕਨਿਕ ਕਾਲਜ ਖੋਲ੍ਹਿਆ ਜਾਵੇ। ਰਾਸ਼ਨ ਕਾਰਡਾਂ ਦੀ ਗਿਣਤੀ ਵਿੱਚ 10 ਹਜ਼ਾਰ ਦਾ ਵਾਧਾ ਕੀਤਾ ਜਾਵੇ ਅਤੇ ਆਵਾਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ। ਉਨ੍ਹਾਂ ਗੁਰੂ ਘਰ ਨੂੰ ਜਾਣ ਵਾਲੀਆਂ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਚੱਬੇਵਾਲ ਹਲਕੇ ਲਈ 70 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਇੱਕ ਮੌਕਾ ਦੇਵੋ। ਜੇਕਰ ਤਿੰਨੋਂ ਸੰਸਦ ਮੈਂਬਰ, ਵਿਧਾਇਕ ਅਤੇ ਸਰਕਾਰ ਇੱਕੋ ਪਾਰਟੀ ਦੇ ਹੋਣ ਤਾਂ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਹੋਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.