ਚੰਨੀ ਨੂੰ ਇੱਕ ਮੌਕਾ ਹੋਰ ਦੇਣ ‘ਚ, ਹਰਜ ਹੀ ਕੀ ਏ!
ਸੁਬੇਗ ਸਿੰਘ, ਸੰਗਰੂਰ
ਭਾਵੇਂ ਕਹਿਣ ਨੂੰ ਕੋਈ ਜਿੰਨਾ ਮਰਜੀ ਆਖੀ ਜਾਵੇ, ਕਿ ਮੈਂ ਸ਼ਰੀਫ ਹਾਂ, ਬਾਕੀ ਸਾਰੇ ਚੋਰ ਹਨ ਪਰ ਹਮਾਮ ‘ਚ ਤਾਂ ਸਾਰੇ ਹੀ ਨੰਗੇ ਹੁੰਦੇ ਹਨ।ਕਹਿਣ ਤੋਂ ਭਾਵ ਇਹ ਹੈ, ਜਿਸ ਮਰਜੀ ਬੰਦੇ ਦੀ ਗੱਲ ਕਰ ਲਵੋ,ਹਰ ਕੋਈ ਔਗੁਣਾਂ ਨਾਲ ਹੀ ਭਰਿਆ ਹੋਇਆ ਮਿਲੇਗਾ।
ਚੰਗਾ ਤਾਂ ਬਸ,ਪ੍ਰਮਾਤਮਾ ਦਾ ਹੀ ਨਾਮ ਹੈ।ਬਾਕੀ ਤਾਂ ਸਾਰਾ ਕੁਣਬਾ ਹੀ ਬਦਨਾਮ ਹੈ!
ਵੈਸੇ ਵੀ,ਜਿਹੜਾ ਬੰਦਾ ਆਪਣੇ ਆਪਨੂੰ ਹੀ ਸਲਾਹੁਣ ਲੱਗ ਪਵੇ,ਉਹ ਤਾਂ ਕਿਸੇ ਵੀ ਹਾਲਤ ਚ ਚੰਗਾ ਨਹੀਂ ਹੋ ਸਕਦਾ।
ਇਸ ਤੋਂ ਇਲਾਵਾ,ਜਦੋਂ ਸਧਾਰਨ ਵਿਅਕਤੀ ਤੋਂ ਹਟਕੇ,ਗੱਲ ਕਿਸੇ ਰਾਜਨੀਤਕ ਵਿਅਕਤੀ ਜਾਂ ਪਾਰਟੀ ਤੇ ਆ ਜਾਵੇ,ਫੇਰ ਤਾਂ ਰੱਬ ਹੀ ਰਾਖਾ ਹੈ।ਕਿਉਂਕਿ ਰਾਜਨੀਤੀ ਤਾਂ ਚੱਲਦੀ ਹੀ ਝੂਠ ਦੇ ਸਹਾਰੇ ਹੈ।ਕਿਉਂਕਿ ਰਾਜਨੀਤੀ ਚ,ਜਿਹੜਾ ਬੰਦਾ ਜਿੰਨਾ ਝੂਠ ਬੋਲੇਗਾ ਅਤੇ ਆਪਣੇ ਲੱਛੇਦਾਰ ਭਾਸ਼ਣਾਂ ਦੇ ਰਾਹੀਂ ਲੋਕਾਂ ਨੂੰ ਮੂਰਖ ਬਨਾਉਣ ਦੀ ਕਲਾ ਜਾਣਦਾ ਹੋਵੇਗਾ,ਉਹ ਵਿਅਕਤੀ,ਉਤਨਾ ਹੀ ਵੱਡਾ ਲੀਡਰ ਹੋਵੇਗਾ। ਕਿਉਂਕਿ ਰਾਜਨੀਤੀ ਲਈ, ਮੁੱਖ ਗੁਣ ਝੂਠ ਤੁਫਾਨ ਬੋਲਣ ਵਾਲਾ ਅਤੇ ਲੋਕਾਂ ਨੂੰ ਬੁੱਧੂ ਬਨਾਉਣਾ ਹੋਣਾ ਚਾਹੀਦਾ ਹੈ। ਅਕਸਰ ਇਹ ਗੱਲ,ਦੇਸ਼ ਦਾ ਹਰ ਨਾਗਰਿਕ ਬੜੀ ਚੰਗੀ ਤਰ੍ਹਾਂ ਜਾਣਦਾ ਹੈ,ਕਿ ਦੇਸ਼ ਦੇ ਰਾਜਨੀਤਕ ਲੋਕ ਕਿਵੇਂ ਲੋਕਾਂ ਨੂੰ ਮੂਰਖ ਬਣਾਉਂਦੇ ਹਨ।ਕਿਵੇਂ ਵੋਟਾਂ ਦੇ ਵਕਤ, ਤਰ੍ਹਾਂ 2 ਦੇ ਲਾਰੇ ਅਤੇ ਨਾਅਰੇ ਲਗਾ ਕੇ ਲੋਕਾਂ ਨੂੰ ਮੂਰਖ ਬਨਾਉਂਦੇ ਹਨ।ਜਦੋਂ ਵੋਟਾਂ ਦਾ ਕੰਮ ਨਿੱਬੜ ਜਾਂਦਾ ਹੈ ਅਤੇ ਜਿੱਤ ਜਾਂਦੇ ਹਨ,ਤਾਂ ਫਿਰ ਪੰਜ ਸਾਲ ਲੋਕਾਂ ਨੂੰ ਮੂੰਹ ਵੀ ਨਹੀਂ ਵਿਖਾਉਂਦੇ। ਕਿਉਂਕਿ,ਇਹ ਲੋਕ,ਲੋਕਾਂ ਨਾਲ ਕੀਤੇ ਹੋਏ ਝੂਠੇ ਵਾਅਦੇ ਪੂਰੇ ਨਾ ਕਰਨ ਕਰਕੇ ਮੂੰਹ ਦਿਖਾਉਣ ਦੇ ਕਾਬਲ ਹੀ ਨਹੀਂ ਹੁੰਦੇ ਅਤੇ ਗਾਇਬ ਹੋ ਜਾਂਦੇ ਹਨ।
ਅਸਲ ਵਿੱਚ,ਇਹਦੇ ਵਿੱਚ ਕੋਈ ਇੱਕ ਪਾਰਟੀ ਦੇ ਲੋਕ ਜਾਂ ਕੋਈ ਖਾਸ ਵਿਅਕਤੀ ਹੀ,ਇਸ ਮਸਲੇ ਚ ਪ੍ਰਪੱਕ ਨਹੀਂ ਹੁੰਦਾ।ਸਗੋਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਲੋਕ,ਇੱਕੋ ਹੀ ਥੈਲੀ ਦੇ ਵੱਟੇ ਚੱਟੇ ਹੁੰਦੇ ਹਨ।ਕੋਈ ਕਿਸੇ ਤੋਂ ਰੱਤੀ ਭਰ ਵੀ ਘੱਟ ਨਹੀਂ ਹੁੰਦਾ। ਇਨ੍ਹਾਂ ਚੋਣਾਂ ਦੇ ਦੌਰਾਨ,ਚੋਣਾਂ ਲੜ੍ਹਨ ਵਾਲੇ ਨੁਮਾਇੰਦਿਆਂ ਦੇ ਵੱਖ 2 ਹਮਾਇਤੀ ਆਪਸ ਵਿੱਚ ਗਾਲੀ ਗਲੋਚ,ਲੜਾਈ ਝਗੜੇ ਕਰ ਲੈਂਦੇ ਹਨ।ਕਈ ਵਾਰ ਤਾਂ ਨੌਬਤ,ਗੋਲੀ ਚੱਲਣ ਅਤੇ ਕਤਲ ਤੱਕ ਵੀ ਪਹੁੰਚ ਜਾਂਦੀ ਹੈ।ਜਿਸਦੇ ਸਿੱਟੇ, ਬੜੇ ਭਿਆਨਕ ਨਿੱਕਲਦੇ ਹਨ।ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਜਾਂਦੇ ਹਨ।ਪਰ ਚੋਣਾਂ ਲੜ੍ਹਨ ਵਾਲਿਆਂ ਅਤੇ ਜਿੱਤਣ ਵਾਲਿਆਂ ਨੂੰ,ਆਪਣੇ ਹਮਾਇਤੀਆਂ ਦੀ ਬਰਬਾਦੀ ਨਾਲ ਕੋਈ ਫਰਕ ਨਹੀਂ ਪੈਂਦਾ।ਕਿਉਂਕਿ ਇਹ ਸਾਰੇ, ਇੱਕੋ ਹੀ ਥੈਲੀ ਦੇ ਚੱਟੇ ਵੱਟੇ,ਦੋਸਤ ਅਤੇ ਆਪਸ ਵਿੱਚ ਰਿਸ਼ਤੇਦਾਰ ਜੋ ਹੁੰਦੇ ਹਨ,ਜਿਹੜੇ ਬਦਲ 2 ਕੇ ਰਾਜਸੱਤਾ ਤੇ ਕਾਬਜ ਹੁੰਦੇ ਰਹਿੰਦੇ ਹਨ।
ਅੱਜ ਕੱਲ੍ਹ,ਪੰਜਾਬ ਚ ਵਿਧਾਨ ਸਭਾ 2022 ਦੀਆਂ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ।ਭਾਵੇਂ ਪੰਜ ਸਾਲ ਤੱਕ,ਕਿਸੇ ਪਾਰਟੀ ਨੇ ਨਾ ਹੀ ਲੋਕਾਂ ਦੇ ਮਸਲਿਆਂ ਨੂੰ ਗੌਲਿਆ ਅਤੇ ਨਾ ਹੀ ਹੱਲ ਹੀ ਕਰਨ ਦੀ ਕੋਸ਼ਿਸ਼ ਹੀ ਕੀਤੀ।ਪਰ ਹੁਣ,ਚੋਣਾਂ ਦੇ ਵਕਤ ਹਰ ਰਾਜਨੀਤਕ ਪਾਰਟੀ,ਆਪੋ ਆਪਣੀ ਪਾਰਟੀ ਦਾ ਲੋਕ ਲੁਭਾਊ ਚੋਣ ਮੈਨੀਫੈਸਟੋ,ਨਵੇਂ 2 ਲਾਅਰਿਆਂ ਅਤੇ ਵਾਅਦਿਆਂ ਦੇ ਨਾਲ ਲੈ ਕੇ ਹਾਜਰ ਹੋ ਚੁੱਕਿਆ ਹੈ ਅਤੇ ਆਪਣੇ ਆਪਨੂੰ ਦੂਸਰੀ ਪਾਰਟੀ ਨਾਲੋਂ ਵਧੀਆ ਸਾਬਤ ਕਰਨ ਤੇ ਲੱਗਿਆ ਹੋਇਆ ਹੈ। ਇਹੋ ਕਾਰਨ ਹੈ ਕਿ ਹਰ ਪਾਰਟੀ,ਲੋਕਾਂ ਚ ਇੱਕੋ ਗੱਲ ਲੈ ਕੇ ਹਾਜਰ ਹੋ ਰਹੀ ਹੈ,ਕਿ ਉਸਨੂੰ ਇੱਕ ਮੌਕਾ ਦਿੱਤਾ ਜਾਵੇ,ਤਾਂ ਉਹ ਪੰਜਾਬ ਤੇ ਪੰਜਾਬੀਆਂ ਦਾ ਹਰ ਮਸਲਾ ਹੱਲ ਕਰ ਦੇਵੇਗੀ।ਪੰਜਾਬ ਦੇ ਨੌਜਵਾਨਾਂ ਨੂੰ ਰੁਜਗਾਰ,ਸਸਤੀ ਵਿੱਦਿਆ ਅਤੇ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ।ਮਹਿੰਗਾਈ ਤੇ ਕੰਟਰੋਲ, ਰੇਤ, ਨਸ਼ਾ, ਟਰਾਂਸਪੋਰਟ, ਦਲਿਤਾਂ ਤੇ ਅੱਤਿਆਚਾਰ ਬੰਦ ਹੋਣਗੇ।ਬਿਜਲੀ,ਪਾਣੀ ਸਸਤੇ ਅਤੇ ਮੁਫਤ ਮਿਲਣਗੇ।ਔਰਤਾਂ ਨੂੰ ਬੱਸ ਸਫਰ ਮੁਫਤ,ਹਜਾਰ ਰੁਪਏ ਮਹੀਨਾ ਭੱਤਾ,ਆਟਾ ਦਾਲ ਸਕੀਮ ਦਾ ਲਾਭ ਦੇਣ ਦਾ ਲਾਲਚ ਦੇ ਕੇ,ਹਰ ਕੋਈ ਉਨ੍ਹਾਂ ਨੂੰ ਹੀ ਇੱਕ ਮੌਕਾ ਹੋਰ ਦੇਣ ਦੀ ਗੁਹਾਰ ਲਾਈ ਜਾਂਦਾ ਹੈ,ਜਿਹੜਾ ਕਿ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਹੈ।
ਇਸ ਇੱਕ ਮੌਕਾ ਹੋਰ ਦੇਣ ਦੀ ਮੰਗ ਨੂੰ ਲੈ ਕੇ, 93 ਸਾਲਾ ਪ੍ਰਕਾਸ਼ ਸਿੰਘ ਬਾਦਲ ਨੇ, ਭਾਵੇਂ ਸਾਰੀ ਉਮਰ ਰਾਜਨੀਤੀ ਵਿੱਚ ਹੀ ਕੱਢ ਦਿੱਤੀ। ਆਪਣੀ ਧਨ ਦੌਲਤ ਤਾਂ,ਬੇਹਿਸਾਬ ਬਣਾ ਲਈ,ਪਰ ਲੋਕਾਂ ਦਾ ਕੱਖ ਵੀ ਨਹੀਂ ਸੰਵਾਰਿਆ। ਇਹਨਾਂ ਦੇ ਨਾਲ ਹੀ,ਸੁਖਬੀਰ ਸਿੰਘ ਬਾਦਲ,ਜੋ ਕਿ 2012 ਦੀ ਅਕਾਲੀਆਂ ਦੀ ਸਰਕਾਰ ਵੇਲੇ ਉਪ ਮੁੱਖ ਮੰਤਰੀ ਰਹੇ ਹਨ ਅਤੇ ਪੰਜਾਬ ਨੂੰ ਕੈਲੇਫੋਰਨੀਆ ਬਨਾਉਣ ਦੀਆਂ ਗੱਲਾਂ ਕਰਦੇ ਸਨ।ਪਰ ਜੋ ਪੰਜਾਬ ਦਾ ਹੋਇਆ ਹੈ,ਉਹ ਜੱਗ ਜਾਹਰ ਹੈ। ਇਨ੍ਹਾਂ ਦੇ ਰਾਜ ਚ ਦਲਿਤਾਂ ਤੇ ਅੱਤਿਆਚਾਰ, ਭਾਈ ਭਤੀਜਾਵਾਦ, ਰੇਤ,ਕੇਬਲ,ਟਰਾਂਸਪੋਰਟ,ਨਸ਼ਾ ਮਾਫੀਆ ਪੂਰੀ ਤਰ੍ਹਾਂ ਸਿਖਰ ਤੇ ਸੀ।ਪਰ ਇੱਕ ਮੌਕਾ ਸੁਖਬੀਰ ਬਾਦਲ ਵੀ ਮੰਗ ਰਿਹਾ ਹੈ। ਇਸ ਤੋਂ ਇਲਾਵਾ,ਭਾਜਪਾ ਵੀ,ਅਕਾਲੀ ਦਲ ਬਾਦਲ ਦੀ ਰਾਜਸੱਤਾ ਚ ਭਾਈਵਾਲ ਰਹੀ ਹੈ।ਲੋਕਾਂ ਨੇ ਉਨ੍ਹਾਂ ਨੂੰ ਵੀ ਮੌਕਾ ਦਿੱਤਾ ਸੀ। ਪਰ ਉਨ੍ਹਾਂ ਨੇ ਵੀ, ਲੋਕਾਂ ਦਾ ਕੱਖ ਨਹੀਂ ਸੰਵਾਰਿਆ।ਕਿਉਂਕਿ, ਭਾਈਵਾਲ ਹੋਣ ਦੇ ਕਾਰਨ,ਭਾਜਪਾ ਵੀ ਅਕਾਲੀ ਦਲ ਬਾਦਲ ਜਿੰਨੀ ਹੀ ਜਿੰਮੇਵਾਰ ਹੈ। ਪਰ ਲੋਕਾਂ ਦਾ ਕੋਈ ਮਸਲਾ ਹੱਲ,ਭਾਜਪਾ ਨੇ ਵੀ ਨਹੀਂ ਕੀਤਾ।ਪਰ ਇੱਕ ਮੌਕਾ, ਭਾਜਪਾ ਵੀ ਮੰਗ ਰਹੀ ਹੈ।
ਇਹ ਗੱਲ ਬੜੀ ਹੀ ਹੈਰਾਨੀ ਦੀ ਹੈ,ਕਿ ਕੈਪਟਨ ਅਮਰਿੰਦਰ ਸਿੰਘ ਪੰਜ ਸਾਲ ਪਹਿਲਾਂ ਅਤੇ ਹੁਣ ਵਾਲੀ ਕਾਂਗਰਸ ਦੀ ਸਰਕਾਰ ‘ਚ, ਸਾਢੇ ਚਾਰ ਸਾਲ ਬਤੌਰ ਮੁੱਖ ਮੰਤਰੀ ਰਹੇ ਹਨ।ਪਰ ਜੋ ਵਾਅਦੇ ਜਨਤਾ ਨਾਲ ਉਨ੍ਹਾਂ ਨੇ ਕੀਤੇ ਸਨ,ਉਨ੍ਹਾਂ ਚੋਂ ਕੋਈ ਵੀ ਮਸਲਾ ਹੱਲ ਨਹੀਂ ਹੋਇਆ।ਪਰ ਹੁਣ ਉਹ ਵੀ ਇੱਕ ਮੌਕਾ ਹੋਰ ਮੰਗ ਰਹੇ ਹਨ।ਇਸ ਤੋਂ ਇਲਾਵਾ,ਸੁਖਦੇਵ ਸਿੰਘ ਢੀਂਡਸ਼ਾ ਅਕਾਲੀ ਦਲ ਬਾਦਲ ਦੇ ਸਕੱਤਰ ਜਨਰਲ ਅਤੇ ਸਿਰਕੱਢ ਨੇਤਾ ਰਹੇ ਹਨ।ਦੂਸਰੇ ਪਾਸੇ,ਇਨ੍ਹਾਂ ਦੇ ਫਰਜੰਦ, ਪਰਮਿੰਦਰ ਸਿੰਘ ਢੀਂਡਸ਼ਾ ਵੀ ਅਕਾਲੀ ਸਰਕਾਰ ਵੇਲੇ ਲੰਮਾਂ ਸਮਾਂ ਵਿੱਤ ਮੰਤਰੀ ਰਹੇ ਹਨ,ਪਰ ਲੋਕਾਂ ਦਾ ਕੁੱਝ ਨਹੀਂ ਸੰਵਾਰਿਆ।ਪਰ ਹੁਣ ਅਕਾਲੀ ਦਲ ਬਾਦਲ ਤੋਂ ਅਲੱਗ ਹੋ ਕੇ,ਕੈਪਟਨ ਅਤੇ ਭਾਜਪਾ ਨਾਲ ਸਾਂਝ ਪਾ ਕੇ, ਇਹ ਵੀ ਇੱਕ ਮੌਕਾ ਲੋਕਾਂ ਤੋਂ ਹੋਰ ਮੰਗ ਰਹੇ ਹਨ। ਸਭ ਤੋਂ ਵਿਲੱਖਣ ਗੱਲ ਤਾਂ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਹਨ।ਇਨ੍ਹਾਂ ਨੂੰ, ਪੰਜਾਬ ਦੇ ਲੋਕਾਂ ਨੇ 2014 ਦੀਆਂ ਲੋਕ ਸਭਾ ਦੀਆਂ 04 ਸੀਟਾਂ ਜਿਤਾ ਕੇ ਲੋਕ ਸਭਾ ਚ ਭੇਜਿਆ। ਜਿਨ੍ਹਾਂ ‘ਚੋਂ 03 ਨੂੰ, ਜਾਂ ਤਾਂ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਨੇ ਪਾਰਟੀ ਚੋਂ ਕੱਢ ਦਿੱਤਾ ਜਾਂ ਫਿਰ ਉਹ ਪਾਰਟੀ ਛੱਡ ਗਏ।
2019 ਦੀਆਂ ਲੋਕ ਸਭਾ ਚੋਣਾਂ ‘ਚ, ਇੱਕੋ ਇੱਕ ਸਾਂਸਦ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਜਿਤਾਇਆ,ਜੋ ਵਿਧਾਨ ਸਭਾ ਚੋਣਾਂ ਚ ਆਪ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਹੈ ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ, ਲੋਕਾਂ ਨੇ ਆਪ ਨੂੰ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਬਣਾ ਕੇ ਭੇਜਿਆ।ਪਰ ਅਫਸੋਸ,ਕਿ ਆਪ ਦੇ ਬਹੁਤ ਸਾਰੇ ਵਿਧਾਇਕ ਪਾਰਟੀ ਛੱਡਕੇ ਦੂਸਰੀਆਂ ਪਾਰਟੀਆਂ ਚ ਸਾਮਲ ਹੋ ਗਏ।ਇਸ ਤੋਂ ਇਲਾਵਾ,ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਚ ਰਹਿੰਦਿਆਂ ਕੋਈ ਵੀ ਅਜਿਹੀ ਜਿੰਮੇਵਾਰੀ ਨਹੀਂ ਨਿਭਾਈ।ਜਿਸਦੇ ਸਦਕਾ, ਇਸ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਚ ਸੱਤਾ ਸੌਂਪੀ ਜਾਵੇ।ਪਰ ਆਪ ਦਾ ਮੁਖੀਆ,ਕੇਜਰੀਵਾਲ ਵੀ ਲੋਕਾਂ ਨੂੰ ਕਹਿ ਰਿਹਾ ਹੈ,ਕਿ ਉਸਨੂੰ ਵੀ ਇੱਕ ਮੌਕਾ ਦਿੱਤਾ ਜਾਵੇ।ਭਾਵੇਂ,ਕੇਜਰੀਵਾਲ,ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਹਰ ਮੁੱਦੇ ਤੇ ਗੰਗਾ ਗਏ ਗੰਗਾ ਰਾਮ ਤੇ ਜਮਨਾ ਗਏ ਜਮਨਾ ਦਾਸ!
ਦੀ ਨੀਤੀ ਤੇ ਚੱਲ ਰਹੇ ਹਨ।ਇਹ ਗੱਲ,ਕਿਸੇ ਤੋਂ ਵੀ ਲੁਕੀ ਛਿਪੀ ਹੋਈ ਨਹੀਂ ਹੈ।
ਭਾਵੇਂ ਹਰ ਕੋਈ ਰਾਜਨੀਤਕ ਪਾਰਟੀ ਚੋਣਾਂ ਦੇ ਵਕਤ,ਆਪਣੀ ਕੋਈ ਨਾ ਕੋਈ ਚੋਣ ਰਣਨੀਤੀ ਘੜ੍ਹਦੀ ਹੈ।ਇਸੇ ਸੰਦਰਭ ਚ, ਕਾਂਗਰਸ ਪਾਰਟੀ ਨੇ ਵੀ ਸਾਡੇ ਚਾਰ ਸਾਲਾਂ ਤੋਂ ਬਾਅਦ, ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ।ਇਹਦੇ ਪਿੱਛੇ ਦੋ ਮੁੱਖ ਕਾਰਨ ਸਨ।ਇੱਕ ਤਾਂ, ਕੈਪਟਨ ਦੀ ਢਿੱਲੀ ਕਾਰਗੁਜਾਰੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੂਸਰਾ ਚੰਨੀ ਦਲਿਤ ਚਿਹਰਾ ਹੋਣ ਦੇ ਕਾਰਨ, ਕਾਂਗਰਸ ਨੂੰ ਦਲਿਤ ਵੋਟ ਜਿਆਦਾ ਮਿਲਣ ਦੀ ਉਮੀਦ ਵੀ ਸੀ।ਭਾਵੇਂ ਇਸਨੂੰ ਚੋਣ ਰਣਨੀਤੀ ਕਹਿ ਲਿਆ ਜਾਵੇ ਜਾਂ ਕੁੱਝ ਹੋਰ,ਪਰ ਕਾਂਗਰਸ ਨੇ ਆਪਣੀ ਪਾਰਟੀ ਦੇ ਫਾਇਦੇ ਲਈ ਇਹ ਸਭ ਕੁੱਝ ਕੀਤਾ ਹੈ,ਜੋ ਕਿ ਹਰ ਪਾਰਟੀ ਹੀ ਕਰਦੀ ਹੈ।
ਮੁੱਕਦੀ ਗੱਲ ਤਾਂ ਇਹ ਹੈ,ਕਿ ਅਗਰ ਹਰ ਪਾਰਟੀ,ਲੋਕਾਂ ਤੋਂ ਇੱਕ ਮੌਕਾ ਹੋਰ ਮੰਗ ਰਹੀ ਹੈ,ਤਾਂ ਕਿਉਂ ਨਾ ਇੱਕ ਮੌਕਾ ਚਰਨਜੀਤ ਸਿੰਘ ਚੰਨੀ ਨੂੰ ਹੀ ਦੁਬਾਰਾ ਦਿੱਤਾ ਜਾਵੇ। ਕਿਉਂਕਿ,ਚੰਨੀ ਨੇ ਤਾਂ,ਬਤੌਰ ਮੁੱਖ ਮੰਤਰੀ ਸਿਰਫ 111 ਦਿਨ ਹੀ ਸੱਤਾ ਸੰਭਾਲੀ ਹੈ। ਜਿਸਦੇ ਦੌਰਾਨ, ਉਹਦੀ ਪਾਰਟੀ ਦੇ ਨੇਤਾਵਾਂ ਨੇ ਹੀ,ਪੂਰੇ ਜੋਰ ਸ਼ੋਰ ਨਾਲ ਉਨ੍ਹਾਂ ਦੀਆਂ ਲੱਤਾਂ ਖਿੱਚੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਕੰਮ ਹੀ ਨਹੀਂ ਕਰਨ ਦਿੱਤਾ। ਇਹ ਗੱਲ ਬੜੀ ਸੋਚਣ ਵਿਚਾਰਨ ਵਾਲੀ ਹੈ,ਕਿ ਅਗਰ ਆਜਾਦੀ ਤੋਂ ਬਾਅਦ, ਲੱਗਭੱਗ ਹਰ ਪਾਰਟੀ ਅਤੇ ਸਿਰਕੱਢ ਨੇਤਾਵਾਂ ਨੇ,ਬਤੌਰ ਮੁੱਖ ਮੰਤਰੀ ਕੰਮ ਕੀਤਾ ਹੈ,ਤਾਂ ਹੁਣ ਕਿਉਂ ਨਾ,ਇੱਕ ਵਾਰ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ,ਦੂਜੇ ਮੁੱਖ ਮੰਤਰੀਆਂ ਦੇ ਵਾਂਗ ਉਨ੍ਹਾਂ ਦੀ ਕਾਰਗੁਜ਼ਾਰੀ ਵੀ ਵੇਖ ਲਈ ਜਾਵੇ,ਤਾਂ ਇਹ ਕੋਈ ਮਾੜੀ ਗੱਲ ਵੀ ਨਹੀਂ ਹੋਵੇਗੀ।ਕਿਉਂਕਿ ਬਤੌਰ ਮੁੱਖ ਮੰਤਰੀ 111 ਦਿਨਾਂ ਦਾ ਕਾਰਜਕਾਲ,ਕੋਈ ਜਿਆਦਾ ਸਮਾਂ ਵੀ ਤਾਂ ਨਹੀਂ ਹੁੰਦਾ। ਇਸ ਲਈ ਚੰਨੀ ਨੂੰ ਇੱਕ ਮੌਕਾ ਹੋਰ, ਦੇਣ ਚ ਹਰਜ ਹੀ ਕੀ ਏ! ਵਾਲੀ ਗੱਲ ਤੇ ਜਰੂਰ ਵਿਚਾਰ ਲੈਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.