D5 specialOpinion

ਚੋਣਾਂ ਦੇ ਘੜਮੱਸ ‘ਚ, ਅਸਲ ਲੋਕ ਮੁੱਦੇ ਗਾਇਬ !

ਸੁਬੇਗ ਸਿੰਘ,ਸੰਗਰੂਰ

ਪੰਜਾਬੀ ਦੀ ਇੱਕ ਬੜੀ ਹੀ ਪੁਰਾਣੀ ਤੇ ਮਸ਼ਹੂਰ ਕਹਾਵਤ ਹੈ ਕਿ ਅੱਗ ਲੱਗੀ ਤੋਂ, ਮਸ਼ਕਾਂ ਦੇ ਭਾਅ ਨਹੀਂ ਪੁੱਛੀਂਦੇ!

ਜੋ ਕਿ ਜਿੰਦਗੀ ਦੀ ਸਚਾਈ ਨੂੰ ਬਿਆਨ ਕਰਦੀ ਹੈ।ਕਿਉਂਕਿ,ਜਦੋਂ ਜੰਗ,ਜਿੰਦਗੀ ਤੇ ਮੌਤ ਦੀ ਲੜੀ ਜਾ ਰਹੀ ਹੋਵੇ,ਤਾਂ ਅੱਗ ਲੱਗਣ ਵੇਲੇ,ਮਸ਼ਕਾਂ ਦਾ ਭਾਅ ਘੱਟ ਕਰਨ ਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ।ਸਗੋਂ,ਅਜਿਹੇ ਮੌਕੇ ਉੱਤੇ ਤਾਂ ਅੱਗ ਬੁਝਾਉਣ ਲਈ,ਮਸ਼ਕਾਂ ਕਿਸੇ ਵੀ ਕੀਮਤ ਤੇ ਖਰੀਦ ਲੈਣੀਆਂ ਹੀ ਬਿਹਤਰ ਹੁੰਦੀਆਂ ਹਨ।ਕਿਉਂਕਿ,ਪੈਸਿਆਂ ਦਾ ਘਾਟਾ ਵਾਧਾ ਤਾਂ,ਬਾਅਦ ਚ ਵੀ ਪੂਰਾ ਕੀਤਾ ਜਾ ਸਕਦਾ ਹੈ।ਪਰ ਘਰ ਨੂੰ ਲੱਗੀ ਅੱਗ ਦੇ ਨਾਲ ਹੋਏ ਨੁਕਸਾਨ ਦਾ ਘਾਟਾ ਪੂਰਾ ਕਰਨਾ ਬੜਾ ਹੀ ਔਖਾ ਹੋ ਜਾਂਦਾ ਹੈ। ਚੋਣਾਂ ਦੇ ਅਜਿਹੇ ਦੌਰ ਚ,ਜਦੋਂ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਵੇ,ਉਸ ਵਕਤ,ਲੋਕਾਂ ਦੇ ਭਲੇ ਦੀ ਗੱਲ ਤਾਂ ਕੀਹਨੇ ਕਰਨੀ ਹੁੰਦੀ ਹੈ।ਸਗੋਂ ਅਜਿਹੇ ਵਕਤ ਤਾਂ,ਹਰ ਚੋਣ ਲੜ੍ਹਨ ਵਾਲੇ ਦੇ ਦਿਲੋ ਦਿਮਾਗ ਤੇ ਇੱਕ ਹੀ ਭੂਤ ਸਵਾਰ ਹੁੰਦਾ ਹੈ,ਕਿ ਚੋਣਾਂ ਕਿਵੇਂ ਜਿੱਤੀਆਂ ਜਾਣ।ਇਸੇ ਲਈ ਤਾਂ,ਇਹ ਚੋਣਾਂ ਉਮੀਦਵਾਰਾਂ ਦੀ ਇੱਜਤ ਦਾ ਸਵਾਲ ਬਣੀਆਂ ਹੁੰਦੀਆਂ ਹਨ।ਕਿਉਂਕਿ ਇੰਨ੍ਹਾਂ ਚੋਣਾਂ ਦੇ ਸਿਰ ਤੇ ਹੀ ਤਾਂ, ਚੋਣ ਜਿੱਤਣ ਵਾਲੇ ਨੇ ਆਪਣੀਆਂ ਆਉਣ ਵਾਲੀਆਂ ਕਈ 2 ਪੀੜ੍ਹੀਆਂ ਲਈ ਧਨ ਦੌਲਤ ਇਕੱਠੀ ਕਰਨੀ ਹੁੰਦੀ ਹੈ।

ਇਹੋ ਕਾਰਨ ਹੈ,ਕਿ ਚੋਣ ਜਿੱਤਣ ਲਈ,ਹਰ ਕੋਈ ਅੱਡੀ ਚੋਟੀ ਦਾ ਜੋਰ ਲਗਾ ਦਿੰਦਾ ਹੈ।ਇਹਦੇ ਲਈ,ਹਰ ਕੋਈ ਚੋਣ ਲੜ੍ਹਨ ਵਾਲਾ ਅਤੇ ਹਰ ਰਾਜਨੀਤਕ ਪਾਰਟੀ,ਇੱਕ ਦੂਜੇ ਤੋਂ ਵੱਧ ਚੜ੍ਹਕੇ,ਆਪਣੇ ਵੋਟਰਾਂ ਨਾਲ ਵਾਅਦੇ ਕਰਦੀ ਹੈ।ਜਿੰਨ੍ਹਾਂ ਦੇ ਭਰਮ ਜਾਲ ਚ ਫਸਕੇ,ਵੋਟਰ ਕਿਸੇ ਗਲਤ ਉਮੀਦਵਾਰ ਨੂੰ ਆਪਣੀ ਕੀਮਤੀ ਵੋਟ ਪਾ ਕੇ,ਗਲਤ ਚੋਣ ਕਰ ਲੈਂਦੇ ਹਨ।ਜਿਸਦੀ ਬਦੌਲਤ,ਵੋਟਰ ਅਗਲੀਆਂ ਚੋਣਾਂ ਤੱਕ ਪਛਤਾਉਂਦੇ ਵੀ ਹਨ।ਪਰ ਹਰ ਵਾਰ ਦੀਆਂ ਚੋਣਾਂ ਚ,ਕੁੱਝ ਨਵੇਂ ਅਤੇ ਕੁੱਝ ਪੁਰਾਣੇ ਉਮੀਦਵਾਰ ਅਤੇ ਰਾਜਨੀਤਕ ਪਾਰਟੀਆਂ,ਹੋਰ ਨਵੇਂ 2 ਸ਼ਬਜਬਾਗ ਦਿਖਾ ਕੇ ਵੋਟਰਾਂ ਨੂੰ ਦੁਬਾਰਾ ਭਰਮਾ ਲੈਂਦੇ ਹਨ।ਜਿਸਦੇ ਨਤੀਜੇ ਵਜੋਂ,ਵੋਟਰ ਫੇਰ ਆਪਣੀ ਵੋਟ ਦਾ ਗਲਤ ਇਸਤੇਮਾਲ ਕਰ ਬੈਠਦੇ ਹਨ। ਭਾਵੇਂ ਵੋਟ ਦਾ ਹੱਕ ਮਿਲਣਾ ਦੇਸ਼ ਦੇ ਹਰ ਨਾਗਰਿਕ ਦੀ ਖੁਸ਼ਕਿਸਮਤੀ ਹੁੰਦੀ ਹੈ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਵੋਟਰ ਦਾ ਆਪਣਾ ਫਰਜ ਅਤੇ ਉਹਦੀ ਸਿਆਣਪ ਹੁੰਦੀ ਹੈ।ਪਰ ਅਗਰ ਗੌਰ ਨਾਲ,ਇਸ ਗੱਲ ਨੂੰ ਪੂਰੀ ਤਰ੍ਹਾਂ ਘੋਖਿਆ ਜਾਵੇ,ਤਾਂ ਇਹ ਗੱਲ ਬੜੀ ਸਪੱਸ਼ਟ ਹੈ,ਕਿ ਦੇਸ਼ ਦੇ ਬਹੁਤ ਘੱਟ ਲੋਕ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਹਨ।

ਪਰ ਅਫਸੋਸ,ਕਿ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਇਹ ਗਿਆਨ ਹੀ ਨਹੀਂ ਹੈ,ਕਿ ਸਾਡੇ ਮਹਾਨ ਰਹਿਬਰਾਂ ਅਤੇ ਸੰਵਿਧਾਨ ਲਿਖਣ ਵਾਲਿਆਂ ਨੇ ਸਾਨੂੰ ਵੋਟ ਦਾ ਅਧਿਕਾਰ ਕਿੰਨੇ ਔਖੇ ਹੋ ਕੇ ਲੈ ਕੇ ਦਿੱਤਾ ਹੈ।ਜਿਸਨੂੰ ਅਸੀਂ ਬਿਨਾਂ ਸੋਚੇ ਸਮਝੇ ਅਤੇ ਬੇਕਾਰ ਸਮਝ ਕੇ,ਵੋਟਾਂ ਦੇ ਸਮੇਂ ਐਵੇਂ ਹੀ ਬਰਬਾਦ ਕਰ ਦਿੰਦੇ ਹਾਂ।ਜਿਸਦੇ ਨਤੀਜੇ ਸਾਨੂੰ,ਬਾਅਦ ਚ ਭੁਗਤਣੇ ਪੈਂਦੇ ਹਨ। ਦੇਸ਼ ਦੀ ਹਰ ਰਾਜਨੀਤਕ ਪਾਰਟੀ ਅਤੇ ਹਰ ਚੋਣ ਲੜ੍ਹਨ ਵਾਲੇ ਦਾ ਤਾਂ,ਸਿਰਫ ਇੱਕ ਹੀ ਉਦੇਸ਼ ਹੁੰਦਾ ਹੈ,ਕਿ ਉਹ ਕਿਸੇ ਵੀ ਤਰੀਕੇ ਨਾਲ ਚੋਣ ਜਿੱਤ ਜਾਵੇ।ਉਹਦੇ ਲਈ ਤਾਂ,ਬੱਸ, ਕੋਈ ਮਰੇ ਕੋਈ ਜੀਵੇ,ਸੁਥਰਾ ਘੋਲ ਪਤਾਸੇ ਪੀਵੇ! ਵਾਲੀ ਕਹਾਵਤ ਲਾਗੂ ਹੁੰਦੀ ਹੈ।ਚੋਣਾਂ ਲੜਨ ਵਾਲਿਆਂ ਨੂੰ ਤਾਂ ਆਪਣੀ ਚੋਣ ਲੜ੍ਹਨ ਅਤੇ ਜਿੱਤ ਪ੍ਰਾਪਤ ਕਰਨ ਦਾ ਹੀ ਮਕਸਦ ਹੁੰਦਾ ਹੈ।ਇਸ ਤੋਂ ਇਲਾਵਾ,ਉਹਦੇ ਲਈ ਹੋਰ ਕੋਈ ਗੱਲ ਜਿਆਦਾ ਮਾਇਨੇ ਨਹੀਂ ਰੱਖਦੀ।

ਇਹੋ ਕਾਰਨ ਹੈ,ਕਿ ਚੋਣਾਂ ਦੇ ਵਕਤ ਹਰ ਚੋਣ ਲੜ੍ਹਨ ਵਾਲਾ ਜਾਂ ਹਰ ਰਾਜਨੀਤਕ ਪਾਰਟੀ, ਇੱਕ ਦੂਜੇ ਤੋਂ ਵੱਧ ਚੜ੍ਹਕੇ ਲੋਕ ਲੁਭਾਊ ਨਾਅਰੇ ਲਾਉਂਦੇ ਹਨ।ਭਾਵੇਂ ਉਨ੍ਹਾਂ ਨੂੰ ਇੰਨ੍ਹਾਂ ਗੱਲਾਂ ਦਾ ਗਿਆਨ ਹੁੰਦਾ ਹੈ,ਕਿ ਸਾਡੇ ਨਾਅਰੇ ਅਤੇ ਲਾਰੇ ਝੂਠੇ ਹਨ ਅਤੇ ਇਹ ਪੂਰੇ ਹੋਣ ਵਾਲੇ ਵੀ ਨਹੀਂ ਹਨ।ਪਰ ਫੇਰ ਵੀ ਉਹ ਲਾਉਂਦੇ ਜਰੂਰ ਹਨ।ਕਿਉਂਕਿ ਇਹ ਸਭ ਕੁੱਝ ਕਰਨਾ ਉਨ੍ਹਾਂ ਦੀ ਮਜਬੂਰੀ ਤੇ ਬੇਵੱਸੀ ਵੀ ਤਾਂ ਹੁੰਦੀ ਹੈ।ਇਹਦਾ ਮੁੱਖ ਕਾਰਨ ਇਹ ਵੀ ਤਾਂ ਹੁੰਦਾ ਹੈ,ਕਿ ਲੋਕ ਇਹੋ ਜਿਹੇ ਨਾਅਰੇ ਹੀ ਚਾਹੁੰਦੇ ਹਨ ਅਤੇ ਅਜਿਹੇ ਨਾਅਰਿਆਂ ਨਾਲ ਗੁਮਰਾਹ ਹੋ ਕੇ ਵੋਟਾਂ ਵੀ ਪਾ ਦਿੰਦੇ ਹਨ।ਇਸ ਲਈ,ਵੋਟਾਂ ਦੇ ਵਕਤ ਅਜਿਹੇ ਨਾਅਰੇ ਲਾਉਣਾ,ਰਾਜਨੀਤੀ ਦਾ ਇੱਕ ਹਿੱਸਾ ਹੀ ਬਣ ਚੁੱਕਿਆ ਹੈ ਪਰ ਫੇਰ ਵੀ ਅਗਰ, ਥੋੜ੍ਹਾ ਗਹੁ ਨਾਲ ਵਿਚਾਰ ਕਰ ਲਿਆ ਜਾਵੇ,ਤਾਂ ਹਰ ਰਾਜਨੀਤਕ ਪਾਰਟੀ ਨੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਤਾਂ ਬਿਲਕੁਲ ਹੀ ਵਿਸਾਰ ਦਿੱਤਾ ਹੈ।ਜਿੰਨ੍ਹਾਂ ਨਾਲ ਲੋਕਾਂ ਦੀ ਜਿੰਦਗੀ ਚ ਥੋੜ੍ਹਾ ਬਹੁਤਾ ਸੁਧਾਰ ਆਉਣ ਦੀ ਉਮੀਦ ਹੁੰਦੀ ਹੈ।ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚ,ਕੋਈ ਆਟਾ ਦਾਲ ਸਕੀਮ,ਕੋਈ ਲੈਪਟੌਪ,ਕੋਈ ਘਰ 2 ਨੌਕਰੀ,ਕੋਈ ਔਰਤਾਂ ਦਾ ਮੁਫਤ ਬੱਸ ਸਫਰ,ਕੋਈ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000/- ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕਰਦਾ ਹੈ।

ਕੋਈ ਬਿਜਲੀ ਪਾਣੀ ਮੁਫਤ ਦੇਣ ਦੀ ਗੱਲ ਕਰਦਾ ਹੈ ਅਤੇ ਕੋਈ ਬਾਹਰਲੇ ਮੁਲਕਾਂ ਚ ਪੜਾਈ ਕਰਨ ਲਈ,ਬਿਨਾਂ ਵਿਆਜ ਤੋਂ ਦਸ ਲੱਖ ਕਰਜੇ ਦੀ ਗੱਲ ਕਰਦਾ ਹੈ।ਕਹਿਣ ਤੋਂ ਭਾਵ ਇਹ ਹੈ,ਕਿ ਹਰ ਕੋਈ ਗਰੀਬ ਤੇ ਲਾਚਾਰ ਬੰਦੇ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕਰਦਾ ਹੈ।ਇਹਦੇ ਨਾਲ ਪੰਜਾਬੀਆਂ ਨੂੰ ਮਾਨਸਿਕ ਤੌਰਤੇ ਗੁਲਾਮ ਅਤੇ ਵਿਹਲੜ ਬਨਾਉਣ ਦੀਆਂ ਗੋਂਦਾ ਗੁੰਦੀਆਂ ਜਾ ਰਹੀਆਂ ਹਨ,ਜੋ ਕਿ ਪੰਜਾਬ ਤੇ ਪੰਜਾਬੀਆਂ ਨੂੰ ਤਬਾਹੀ ਦੇ ਕੰਢੇ ਤੇ ਲੈ ਕੇ ਜਾਣ ਦਾ ਕੰਮ ਕਰਨਗੀਆਂ। ਇਸਦੇ ਉਲਟ,ਕੋਈ ਵੀ ਰਾਜਨੀਤਕ ਪਾਰਟੀ,ਪੰਜਾਬ ਦੇ ਨੌਜਵਾਨਾਂ ਨੂੰ ਸਹੀ ਮਾਇਨਿਆਂ ਚ ਰੁਜਗਾਰ,ਸਸਤੀ ਵਿਦਿਆ,ਬਿਹਤਰ ਸਿਹਤ ਤੇ ਆਵਾਜਾਈ ਦੀਆਂ ਸਹੂਲਤਾਂ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤੀ ਦਾ ਉਪਰਾਲਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ,ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਖਤਮ ਕਰਨਾ, ਸਰਕਾਰੀ ਸੰਪਤੀ ਨੂੰ ਪ੍ਰਾਈਵੇਟ ਹੱਥਾਂ ਚ ਸੌਪਣ ਤੋਂ ਗੁਰੇਜ ਕਰਨਾ, ਮਹਿੰਗਾਈ ਤੇ ਕਾਬੂ ਪਾਉਣਾ, ਸੂਬੇ ਦੇ ਪਾਣੀਆਂ ਦੀ ਰਾਖੀ ਕਰਨੀ ਅਤੇ ਗੰਧਲਾ ਹੋਣ ਤੋਂ ਬਚਾਉਣਾ,ਧਰਤੀ ਨੂੰ ਕੀਟ ਨਾਸ਼ਕ ਦਵਾਈਆਂ ਤੋਂ ਮੁਕਤ ਕਰਵਾਉਣਾ,ਪੰਜਾਬ ਦੀ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ,ਜਾਤ ਪਾਤ ਦੇ ਅਧਾਰ ਤੇ ਵਿਤਕਰੇ ਨੂੰ ਖਤਮ ਕਰਨਾ ਅਤੇ ਧਾਰਮਿਕ ਕੱਟੜਤਾ ਨੂੰ ਰੋਕਣ ਜਿਹੇ ਅਨੇਕਾਂ ਹੀ ਮੁੱਦੇ ਹਨ।ਜਿਹੜੇ ਪੰਜਾਬ ਚ ਚੋਣਾਂ ਲੜ੍ਹਨ ਵਾਲੀ ਹਰ ਰਾਜਨੀਤਕ ਪਾਰਟੀ ਦੇ ਮੁੱਖ ਮੁੱਦੇ ਹੋਣੇ ਚਾਹੀਦੇ ਹਨ।

ਪਰ ਅਫਸੋਸ!ਕਿ ਇਹ ਸਾਰੇ ਮੁੱਦੇ ਤਾਂ ਹਰ ਰਾਜਨੀਤਕ ਪਾਰਟੀ ਦੇ ਚੋਣ ਮੈਨੀਫੈਸਟੋ ਚੋਂ ਬਿਲਕੁਲ ਹੀ ਗਾਇਬ ਹਨ।ਪਰ ਵੇਖਣ ਤੇ ਸੁਣਨ ਵਾਲੀ ਗੱਲ ਤਾਂ ਇਹ ਹੈ,ਕਿ ਅਗਰ ਇਹ ਸਾਰੇ ਮੁੱਦੇ ਰਾਜਨੀਤਕ ਪਾਰਟੀਆਂ ਦੇ ਚੋਣ ਮੈਨੀਫੈਸਟੋ ਦਾ ਸ਼ਿੰਗਾਰ ਬਣ ਵੀ ਜਾਣ,ਤਾਂ ਵੀ ਕੀ ਗਰੰਟੀ ਹੈ,ਕਿ ਹਰ ਰਾਜਨੀਤਕ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਚੋਣ ਮੈਨੀਫੈਸਟੋ ਚ ਦਰਜ ਮੁੱਦਿਆਂ ਨੂੰ ਲਾਗੂ ਹੀ ਕਰੇਗੀ।ਅਗਰ ਕੋਈ ਪਾਰਟੀ,ਚੋਣਾਂ ਜਿੱਤਣ ਤੋਂ ਬਾਅਦ ਵੀ ਅਜਿਹਾ ਨਹੀਂ ਕਰਦੀ,ਤਾਂ ਵੀ ਲੋਕ ਉਨ੍ਹਾਂ ਦਾ ਕੀ ਵਿਗਾੜ ਲੈਣਗੇ।ਕਿਉਂਕਿ ਚੋਣਾਂ ਚ ਕੀਤੇ ਗਏ ਜਾਂ ਚੋਣ ਮੈਨੀਫੈਸਟੋ ਚ ਦਰਜ ਵਾਅਦੇ,ਕਿਹੜਾ ਕੋਈ ਕਾਨੂੰਨੀ ਦਸਤਾਵੇਜ਼ ਹਨ।ਇਹ ਸਭ ਤਾਂ ਸਿਰਫ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਅਤੇ ਲੋਕਾਂ ਨੂੰ ਮੂਰਖ ਬਨਾਉਣ ਲਈ ਹੀ ਹੁੰਦੇ ਹਨ।ਇਸਤੋਂ ਵੱਧ,ਹੋਰ ਕੁੱਝ ਵੀ ਤਾਂ ਨਹੀਂ ਹੁੰਦਾ।

ਮੁੱਕਦੀ ਗੱਲ ਤਾਂ ਇਹ ਹੈ,ਕਿ ਚੋਣਾਂ ਲੜਨ ਵਾਲਿਆਂ ਅਤੇ ਵੋਟਰਾਂ ਦਾ ਆਪਸ ਵਿੱਚ ਸ਼ਿਕਾਰ ਤੇ ਸ਼ਿਕਾਰੀ ਵਾਲਾ ਰਿਸ਼ਤਾ ਹੁੰਦਾ ਹੈ।ਸ਼ਿਕਾਰੀ ਨੇ ਹਮੇਸ਼ਾ ਸ਼ਿਕਾਰ ਹੀ ਕਰਨਾ ਹੁੰਦਾ ਹੈ ਅਤੇ ਸ਼ਿਕਾਰ ਦਾ ਮਾਸ ਤਾਂ,ਹਰ ਹਾਲਤ ਵਿੱਚ ਚੂੰਡਿਆ ਹੀ ਜਾਣਾ ਹੁੰਦਾ ਹੈ।ਇਸ ਲਈ,ਵੋਟਰ ਨੂੰ ਕਦੇ ਵੀ ਕਿਸੇ ਰਾਜਨੀਤਕ ਪਾਰਟੀ ਦੇ ਝਾਂਸੇ ਚ ਆ ਕੇ,ਕਿਸੇ ਗਲਤ ਉਮੀਦਵਾਰ ਨੂੰ ਆਪਣੀ ਵੋਟ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਵੋਟਾਂ ਦੇ ਵਕਤ ਜਾਤਪਾਤ,ਧਰਮ ਅਤੇ ਕਿਸੇ ਹੋਰ ਕਿਸਮ ਦੇ ਲਾਲਚ ਵਿੱਚ ਹੀ ਆਉਣਾ ਚਾਹੀਦਾ ਹੈ,ਤਾਂ ਕਿ ਲੋਕਾਂ ਨੂੰ ਬਾਅਦ ਚ ਪਛਤਾਉਣਾ ਨਾ ਪਵੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਰਬਾਦ ਹੋਣ ਤੋਂ ਬਚ ਸਕੇ।ਇਹੋ ਹੀ ਅਜੋਕੇ ਦੌਰ ਦੇ ਹਰ ਸੂਝਵਾਨ ਵੋਟਰ ਤੋਂ ਮੰਗ ਹੈ।

93169 10402

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button