ਪੰਜਾਬ ਦੀ ‘ਆਪ’ ਸਰਕਾਰ ਦੇ ਹੁਕਮਾਂ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ‘ਤੇ ਅੱਜ ਪੀਲਾ ਪੰਜਾ ਚਲਾਇਆ ਗਿਆ। ਸਰਕਾਰ ਦੀ ਇਸ ਕਾਰਵਾਈ ਖ਼ਿਲਾਫ਼ ਮੀਡੀਆ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਇਸ ਦੀ ਸਖ਼ਤ ਸ਼ਬਦਾਂ ‘ਚ ਨਿਖ਼ੇਧੀ ਕੀਤੀ ਹੈ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਵਰਦੀਧਾਰੀ ਬਦਮਾਸ਼ ਤੱਕ ਆਖ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੇਰੇ ਕੋਲ ਇਸ ਥਾਂ ਦੀ ਸਾਰੀ ਮਲਕੀਅਤ ਹੈ ਅਤੇ ਸਾਡੇ ਪਰਿਵਾਰ ਦੀ ਜ਼ਮੀਨ ਹੈ ਪਰ ਇਸ ਦੇ ਬਾਵਜੂਦ ਐੱਸ. ਐੱਸ. ਪੀ. ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਗੁਆਂਢੀਆਂ ਦਾ ਗੇਟ ਤੋੜਨ ਦੇ ਬਹਾਨੇ ਮੇਰੀ ਕੰਧ ਤੋੜ ਕੇ ਚਲੇ ਗਏ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮਾਂ ਬਹੁਤ ਜਲਦ ਬਦਲ ਰਿਹਾ ਹੈ ਅਤੇ ਜੋ ਬੀਜੋਗੇ, ਉਹੀ ਵੱਢੋਗੇ। ਇਹ ਤੁਹਾਡੇ ਤੋਂ ਝੱਲਿਆ ਨਹੀਂ ਜਾਣਾ।
ਖਹਿਰਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਇਸ ਨਾਲ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਜੇਕਰ ਸਰਕਾਰ ਦਾ ਕਿਸੇ ਨੇ ਵਿਰੋਧ ਕੀਤਾ ਤਾਂ ਅੱਜ ਸੁਖਪਾਲ ਖਹਿਰਾ ਦੇ ਘਰ ਜਿਸ ਤਰ੍ਹਾਂ ਪੀਲਾ ਪੰਜਾ ਚੱਲਿਆ ਹੈ, ਅਜਿਹਾ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ‘ਤੇ ਜਿੰਨੇ ਅਫ਼ਸਰ ਲੱਗੇ ਹਨ, ਇਹ ਸਾਰੇ ਪੰਜਾਬੀਅਤ ਅਤੇ ਸਿੱਖੀ ਨੂੰ ਨਫ਼ਰਤ ਕਰਦੇ ਹਨ। ਪੰਜਾਬ ਸਰਕਾਰ ਲੋਕਾਂ ‘ਚ ਇੰਨੀ ਦਹਿਸ਼ਤ ਪਾਉਣਾ ਚਾਹੁੰਦੀ ਹੈ ਕਿ ਪੂਰੇ ਸੂਬੇ ਅੰਦਰ ਕੋਈ ਉਸ ਦਾ ਵਿਰੋਧ ਨਾ ਕਰ ਸਕੇ। ਲੋਕਾਂ ਨੂੰ ਭੈਅਭੀਤ ਕਰਨ ਲਈ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਸੁਖਪਾਲ ਖਹਿਰਾ ਨੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਮੇਰੇ ਪਿੱਛੇ ਤਾਂ ਇਹ ਪਿਛਲੇ 4 ਸਾਲਾਂ ਤੋਂ ਪਏ ਹੋਏ ਹਨ। ਮੇਰੇ ‘ਤੇ 6 ਝੂਠੇ ਮੁਕੱਦਮੇ ਪਾਏ ਗਏ ਅਤੇ 5 ਮਹੀਨਿਆਂ ਦੀ ਜੇਲ੍ਹ ਕਰਵਾਈ ਗਈ ਪਰ ਇਸ ਤਰ੍ਹਾਂ ਕਰਨ ਨਾਲ ਅਸੀਂ ਨਹੀਂ ਡਰਦੇ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਹੱਕ ‘ਚ ਬੋਲਣ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਕੋਲ ਪਹੁੰਚ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




