PunjabTop News

ਗ੍ਰਿਫ਼ਤਾਰ ਮੁਲਜ਼ਮਾਂ ਨੇ ਸਿਰਸਾ ਵਿੱਚ ਗ੍ਰੇਨੇਡ ਹਮਲੇ ਦੀ ਵੀ ਰਚੀ ਸੀ ਸਾਜ਼ਿਸ਼: ਡੀਜੀਪੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਨਾਰਕੋ-ਅੱਤਵਾਦ ਗਠਜੋੜ ਵਿਰੁੱਧ ਵੱਡੀ ਸਫਲਤਾ ਤਹਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਐਸਏਐਸ ਨਗਰ ਨੇ ਫੌਜ ਦੇ ਭਗੌੜੇ , ਜਿਸਦੀ ਪਛਾਣ ਰਾਜਬੀਰ ਸਿੰਘ ਉਰਫ ਫੌਜੀ ਵਜੋਂ ਹੋਈ ਹੈ, ਨੂੰ ਬਿਹਾਰ ਦੇ ਮੋਤੀਹਾਰੀ ਵਿੱਚ ਭਾਰਤ-ਨੇਪਾਲ ਸਰਹੱਦ ਨੇੜੇ ਕਸਬਾ ਰਕਸੌਲ ਤੋਂ 500 ਗ੍ਰਾਮ ਹੈਰੋਇਨ ਅਤੇ ਇੱਕ ਹੈਂਡ ਗ੍ਰਨੇਡ ਸਮੇਤ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਨੇਪਾਲ ਰਾਹੀਂ ਦੇਸ਼ ਛੱਡ ਕੇ ਭੱਜਣ ਦੀ ਫਿਰਾਕ ਵਿੱਚ ਸੀ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਇਹ ਕਾਰਵਾਈ ਫਾਜ਼ਿਲਕਾ ਦੀ ਕਾਸ਼ੀ ਰਾਮ ਕਲੋਨੀ ਦੇ ਰਹਿਣ ਵਾਲੇ ਉਸਦੇ ਸਾਥੀ ਚਿਰਾਗ, ਜਿਸ ਕੋਲੋਂ 407 ਗ੍ਰਾਮ ਹੈਰੋਇਨ ਅਤੇ ਇੱਕ 9 ਐਮਐਮ ਪਿਸਤੌਲ ਬਰਾਮਦ ਕੀਤੀ ਗਈ ਸੀ , ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਹਮਣੇ ਆਈ ਹੈ । ਜਿਕਰਯੋਗ ਹੈ ਕਿ ਉਕਤ ਚਿਰਾਗ ਨਾਮ ਦਾ ਵਿਅਕਤੀ ਦੋਸ਼ੀ ਰਾਜਬੀਰ ਲਈ ਕੋਰੀਅਰ ਮੈਨ ਵਜੋਂ ਕੰਮ ਕਰ ਰਿਹਾ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕਮਾਈ ਨੂੰ ਉਸ ਤੱਕ ਵਾਪਸ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ। ਇਸ ਤਰ੍ਹਾਂ ਚਿਰਾਗ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੜੀ ਵਿੱਚ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰ ਰਿਹਾ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਰਾਜਬੀਰ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ 2011 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਫਰਵਰੀ 2025 ਵਿੱਚ ਉਸ ਵੇਲੇ ਫੌਜ ’ਚੋਂ ਭਗੌੜਾ ਹੋ ਗਿਆ ਸੀ, ਜਦੋਂ ਉਸ ਅਤੇ ਉਸਦੇ ਸਾਥੀਆਂ ’ਤੇ ਇਸ ਸਾਲ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਸਟੇਸ਼ਨ ਘਰਿੰਡਾ ਵਿਖੇ ਅਧਿਕਾਰਤ ਭੇਦ ਐਕਟ ਦੀ ਧਾਰਾ 3, 4 ਅਤੇ 5 ਤਹਿਤ ਇੱਕ ਜਾਸੂਸੀ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ।ਡੀਜੀਪੀ ਨੇ ਦੱਸਿਆ ਕਿ ਜਾਂਚ ਤੋਂ ਹਰਿਆਣਾ ਦੇ ਸਿਰਸਾ ਵਿੱਚ ਇੱਕ ਮਹਿਲਾ ਪੁਲਿਸ ਥਾਣੇ ‘ਤੇ ਗ੍ਰਨੇਡ ਹਮਲੇ ਦੀ ਸਾਜ਼ਿਸ਼ ਵਿੱਚ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਭੂਮਿਕਾ ਹੋਣ ਦਾ ਵੀ ਪਤਾ ਲੱਗਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਰਾਜਬੀਰ ਅਤੇ ਚਿਰਾਗ ਨੇ ਅੰਮ੍ਰਿਤਸਰ ਦਿਹਾਤੀ ਦੇ ਗੁਰਜੰਟ ਸਿੰਘ ਨੂੰ ਹੈਂਡ ਗ੍ਰਨੇਡ ਪਹੁੰਚਾਏ ਸਨ, ਜਿਸਨੂੰ ਬਾਅਦ ਵਿੱਚ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦੱਸਣਯੋਗ ਹੈ ਕਿ ਉਸਨੂੰ ਚਿਰਾਗ ਰਾਹੀਂ ਅੱਗੇ ਵਿੱਤੀ ਸਹਾਇਤਾ ਵੀ ਪਹੁੰਚਾਈ ਗਈ ਸੀ। ਗੁਰਜੰਟ ਨੂੰ ਦਿੱਤੇ ਗਏ ਫੰਡ ਅੱਗੇ ਹਮਲਾਵਰਾਂ ਨੂੰ ਭੇਜੇ ਗਏ ਸਨ, ਜਿਨ੍ਹਾਂ ਦੀ ਵਰਤੋਂ ਉਕਤ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਲਈ ਕੀਤੀ ਗਈ ਸੀ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਲਈ ਅਗਲੇਰੀ ਜਾਂਚ ਜਾਰੀ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਐਸਏਐਸ ਨਗਰ ਡੀ ਸੁਧਰਵਿਜ਼ੀ ਨੇ ਕਿਹਾ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ 2022 ਵਿੱਚ, ਗ੍ਰਿਫ਼ਤਾਰ ਮੁਲਜ਼ਮ ਰਾਜਬੀਰ ਸੋਸ਼ਲ ਮੀਡੀਆ ਰਾਹੀਂ ਕੁਝ ਪਾਕਿਸਤਾਨ-ਅਧਾਰਤ ਸੰਸਥਾਵਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸਨੇ ਹੈਰੋਇਨ ਦੀ ਖੇਪ ਤੱਕ ਪਹੁੰਚ ਦੇ ਬਦਲੇ ਉਨ੍ਹਾਂ ਨੂੰ ਅੱਗੇ ਫੌਜੀ ਦੀ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਹੋਰ ਫੌਜ ਦੇ ਹੋਰ ਮੁਲਾਜ਼ਮਾਂ ਨੂੰ ਵੀ ਇਨ੍ਹਾਂ ਹੈਂਡਲਰਾਂ ਨਾਲ ਜਾਣੂ ਕਰਵਾਇਆ। ਕੇਸ ਦਰਜ ਹੋਣ ਤੋਂ ਬਾਅਦ ਰਾਜਬੀਰ ਫਰਾਰ ਹੋ ਗਿਆ ਅਤੇ ਨੇਪਾਲ ਜਾ ਕੇ ਲੁਕ ਗਿਆ, ਜਿਸ ਤੋਂ ਬਾਅਦ ਉਹ ਅਕਸਰ ਪੰਜਾਬ ਅਤੇ ਨੇਪਾਲ ਦਰਮਿਆਨ ਆਉਣ-ਜਾਣ ਕਰਦਾ ਰਿਹਾ ਅਤੇ ਆਪਣੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੰਮ ਜਾਰੀ ਰੱਖੇ।
ਏਆਈਜੀ ਨੇ ਦੱਸਿਆ ਕਿ ਰਾਜਬੀਰ ਦੇ ਕਹਿਣ ਅਨੁਸਾਰ ਉਸਦੇ ਪਾਕਿਸਤਾਨ-ਅਧਾਰਤ ਹੈਂਡਲਰ ਉਸਨੂੰ ਨੇਪਾਲ ਰਾਹੀਂ ਭਾਰਤ ਤੋਂ ਯੂਰਪ ਭੱਜਣ ਵਿੱਚ ਸਹਾਇਤਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਕਾਰਵਾਈ ਤਹਿਤ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਉਸਨੂੰ ਪੰਜਾਬ ਲਿਆਂਦਾ ਗਿਆ
ਇਸ ਸਬੰਧ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21, ਅਸਲਾ ਐਕਟ ਦੀ ਧਾਰਾ 25(1) ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) 61(2) ਤਹਿਤ ਪੁਲਿਸ ਥਾਣਾ ਐਸਐਸਓਸੀ ਐਸਏਐਸ ਨਗਰ ਵਿਖੇ ਐਫਆਈਆਰ ਨੰਬਰ 14 ਮਿਤੀ 10.12.2025 ਦਰਜ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button