ਗੋ ਫਰਸਟ ਦੇ ਦਿੱਲੀ ਤੋਂ ਗੁਹਾਟੀ ਜਾ ਰਹੇ ਜਹਾਜ਼ ਦੀ ਵਿੰਡਸ਼ੀਲਡ ’ਚ ਉਡਾਣ ਦੌਰਾਨ
ਤਰੇਡ਼ ਆਉਣ ਤੋਂ ਬਾਅਦ ਉਸ ਦਾ ਮਾਰਗ ਬਦਲ ਕੇ ਜੈਪੁਰ ਲਿਜਾਇਆ ਗਿਆ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਦੋ ਦਿਨਾਂ ’ਚ ਗੋ ਫਰਸਟ ਦੇ ਜਹਾਜ਼ਾਂ ’ਚ ਤਕਨੀਕੀ ਗਡ਼ਬਡ਼ੀ ਦੀ ਇਹ ਤੀਜੀ ਘਟਨਾ ਹੈ।ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ ਏ-320 ਨਿਓ ਮਾਡਲ ਹੈ। ਵਿੰਡਸ਼ੀਲਡ ’ਚ ਤਰੇਡ਼ ਦਿਸਣ ’ਤੇ ਪਾਇਲਟ ਜਹਾਜ਼ ਨੂੰ ਵਾਪਸ ਦਿੱਲੀ ਲਿਆਉਣਾ ਚਾਹੁੰਦੇ ਸਨ ਪਰ ਬੁੱਧਵਾਰ ਦੁਪਹਿਰੇ ਭਾਰੀ ਬਾਰਿਸ਼ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਵਿੰਡਸ਼ੀਲਡ ’ਚ ਤਰੇਡ਼ ਆਉਣ ਦਾ ਕਾਰਨ ਵੀ ਖ਼ਰਾਬ ਮੌਸਮ ਨੂੰ ਹੀ ਦੱਸਿਆ ਜਾ ਰਿਹਾ ਹੈ। ਗੋ ਫਰਸਟ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਜੈਪੁਰ ਤੋਂ ਗੁਹਾਟੀ ਲਿਜਾਇਆ ਗਿਆ।ਮੰਗਲਵਾਰ ਨੂੰ ਵੀ ਗੋ ਫਰਸਟ ਦੀ ਮੁੰਬਈ-ਲੇਹ ਤੇ ਸ੍ਰੀਨਗਰ-ਦਿੱਲੀ ਉਡਾਣ ਦੌਰਾਨ ਜਹਾਜ਼ਾਂ ਦੇ ਇੰਜਣ ’ਚ ਗਡ਼ਬਡ਼ੀ ਪਾਈ ਗਈ ਸੀ। ਡੀਜੀਸੀਏ ਨੇ ਇਨ੍ਹਾਂ ਦੋਵਾਂ ਜਹਾਜ਼ਾਂ ਦੇ ਉਡਾਣ ਭਰਨ ’ਤੇ ਰੋਕ ਲਗਾ ਦਿੱਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀਜੀਸੀਏ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਨ੍ਹਾਂ ਦੋਵਾਂ ਜਹਾਜ਼ਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਗੋ ਫਰਸਟ ਦੀ ਵੈੱਬਸਾਈਟ ਮੁਤਾਬਕ, ਉਸ ਦੇ ਬੇਡ਼ੇ ’ਚ 57 ਜਹਾਜ਼ ਹਨ।ਜ਼ਿਕਰਯੋਗ ਹੈ ਕਿ ਪਿਛਲੇ ਇਕ ਮਹੀਨੇ ’ਚ ਭਾਰਤੀ ਏਅਰਲਾਈਨਾਂ ਦੇ ਜਹਾਜ਼ਾਂ ’ਚ ਤਕਨੀਕੀ ਗਡ਼ਬਡ਼ੀਆਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿਸ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਸੁਰੱਖਿਆ ਯਕੀਨੀ ਬਣਾਉਣ ਲਈ ਐਤਵਾਰ ਤੋਂ ਮੰਗਲਵਾਰ ਵਿਚਾਲੇ ਏਅਰਲਾਈਨਾਂ ਅਤੇ ਆਪਣੇ ਮੰਤਰਾਲੇ ਤੇ ਡੀਜੀਸੀਏ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ।ਡੀਜੀਸੀਏ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਨੇ ਸਪਾਟ ਚੈੱਕ (ਨਿਰੀਖਣ) ਕੀਤੇ ਹਨ ਤੇ ਇਨ੍ਹਾਂ ’ਚ ਪਾਇਆ ਕਿ ਬੇਲੋਡ਼ੀਂਦੀ ਸੰਖਿਆ ’ਚ ਇੰਜੀਨੀਅਰਿੰਗ ਦੇ ਮੁਲਾਜ਼ਮ ਵੱਖ-ਵੱਖ ਏਅਰਲਾਈਨਾਂ ਦੇ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਪ੍ਰਮਾਣਿਤ ਕਰ ਰਹੇ ਸਨ। ਹਰੇਕ ਉਡਾਣ ਤੋਂ ਪਹਿਲਾਂ ਜਹਾਜ਼ ਨੂੰ ਏਅਰਕ੍ਰਾਫਟ ਮੈਂਟੀਨੈਂਸ ਇੰਜੀਨੀਅਰ (ਏਐੱਮਈ) ਵੱਲੋਂ ਜਾਂਚਿਆ ਤੇ ਪ੍ਰਮਾਣਿਤ ਕੀਤਾ ਜਾਂਦਾ ਹੈ। ਡੀਜੀਸੀਏ ਨੇ ਹੁਣ ਏਅਰਲਾਈਨਾਂ ਲਈ ਏਐੱਮਈ ਦੀ ਤਾਇਨਾਤੀ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤੇ ਉਨ੍ਹਾਂ ਨੂੰ 28 ਜੁਲਾਈ ਤਕ ਇਸ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਨਿਰੀਖਣ ’ਚ ਇਹ ਵੀ ਪਤਾ ਲੱਗਾ ਸੀ ਕਿ ਏਅਰਲਾਈਨਾਂ ਦੀਆਂ ਏਐੱਮਈ ਟੀਮਾਂ ਦੱਸੀਆਂ ਗਈਆਂ ਗਡ਼ਬਡ਼ੀਆਂ ਦੇ ਕਾਰਨਾਂ ਦੀ ਗ਼ੈਰ-ਜ਼ਰੂਰੀ ਤਰੀਕੇ ਨਾਲ ਪਛਾਣ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ ’ਚ ਡੀਜੀਸੀਏ ਨੇ ਕਿਹਾ ਸੀ ਕਿ ਅਜਿਹੀਆਂ 30 ਘਟਨਾਵਾਂ ਰੋਜ਼ਾਨਾ ਹੁੰਦੀਆਂ ਹਨ ਪਰ ਸ਼ਾਇਦ ਹੀ ਇਨ੍ਹਾਂ ਦੀ ਸੁਰੱਖਿਆ ’ਤੇ ਕੋਈ ਅਸਰ ਪੈਂਦਾ ਹੈ। ਇਸ ਦੇ ਉਲਟ ਉਹ ਇਕ ਮਜ਼ਬੂਤ ਸੁਰੱਖਿਆ ਪ੍ਰਬੰਧਨ ਪ੍ਰਣਾਲੀ ਲਈ ਲਾਜ਼ਮੀ ਹਨ।
ਹਾਲ ’ਚ ਹੋਈਆਂ ਘਟਨਾਵਾਂ
17 ਜੁਲਾਈ : ਇੰਡੀਗੋ ਦੀ ਸ਼ਾਰਜਾਹ-ਹੈਦਰਾਬਾਦ ਉਡਾਣ ਨੂੰ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਕਰਾਚੀ ’ਚ ਲੈਂਡ ਕਰਨਾ ਪਿਆ।16 ਜੁਲਾਈ : ਏਅਰ ਇੰਡੀਆ ਐਕਸਪ੍ਰੈੱਸ ਦੀ ਕਾਲੀਕਟ-ਦੁਬਈ ਉਡਾਣ ਦੇ ਕੈਬਿਨ ’ਚ ਸਡ਼ਨ ਦੀ ਬਦਬੂ ਆਉਣ ’ਤੇ ਮਸਕਟ ਡਾਇਵਰਟ ਕੀਤਾ ਗਿਆ।
15 ਜੁਲਾਈ : ਏਅਰ ਇੰਡੀਆ ਐਕਸਪ੍ਰੈੱਸ ਦੀ ਬਹਿਰੀਨ-ਕੋਚੀ ਉਡਾਣ ’ਚ ਕਾਕਪਿਟ ’ਚ ਜ਼ਿੰਦਾ ਪੰਛੀ ਮਿਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.