ਗੋਂਗਲੂ ਦੇ ਫ਼ਾਇਦੇ
ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਮੁਹਾਵਰਾ ਤਾਂ ਬਥੇਰੀ ਵਾਰ ਸੁਣਿਆ ਸੀ ਪਰ ਗੋਂਗਲੂਆਂ ਵਿਚ ਭਰੇ ਕਮਾਲ ਦੇ ਤੱਤਾਂ ਬਾਰੇ ਗੂੜ ਗਿਆਨ ਨਹੀਂ ਸੀ। ਜਦੋਂ ਖੋਜ ਰਾਹੀਂ ਪਤਾ ਲੱਗਿਆ ਕਿ 30 ਕਿਸਮਾਂ ਦੇ ਗੋਂਗਲੂ ਜਾਂ ਸ਼ਲਗਮ ਇਸ ਵੇਲੇ ਮੌਜੂਦ ਹਨ ਜਿਨਾਂ ਵਿਚ ਇੱਕ ਛੋਟੇ ਜਿਹੇ ਸ਼ਲਗਮ ਵਿਚ ਏਨੀ ਤਾਕਤ ਹੈ ਕਿ ਉਸ ਵਿਚਲੇ 233 ਮਿਲੀਗ੍ਰਾਮ ਪੋਟਾਸ਼ੀਅਮ ਸਦਕਾ ਪੱਠੇ ਅਤੇ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲੋ-ਨਾਲ ਬਲੱਡ ਪ੍ਰੈੱਸ਼ਰ ਅਤੇ ਸ਼ੱਕਰ ਰੋਗ ਵੀ ਕਾਬੂ ਵਿਚ ਰੱਖੇ ਜਾ ਸਕਦੇ ਹਨ। ਲੋਕਾਂ ਦੇ ਕੰਨ ਤਾਂ ਉਦੋਂ ਖੜੇ ਹੋਏ ਜਦੋਂ ਖੋਜ ਰਾਹੀਂ ਇਹ ਸਾਬਤ ਹੋਇਆ ਕਿ ਬਹੁਤੇ ਜਣਿਆਂ ਵੱਲੋਂ ਨਾਪਸੰਦ ਕੀਤਾ ਜਾਣ ਵਾਲਾ ਗੋਂਗਲੂ ਆਪਣੇ ਅੰਦਰ ਇੱਕ ਕੈਮੀਕਲ ਗਲੂਕੋਸਿਨੋਲੇਟ ਲੁਕਾਈ ਬੈਠਾ ਹੈ ਜਿਸ ਸਦਕਾ ਛਾਤੀ ਅਤੇ ਗਦੂਦ ਦੇ ਕੈਂਸਰ ਦੇ ਸੈੱਲ ਤੇਜ਼ੀ ਨਾਲ ਫੈਲ ਨਹੀਂ ਸਕਦੇ।
ਸਮੇਂ ਦੇ ਬਥੇਰੇ ਥਪੇੜੇ ਝੱਲਣ ਬਾਅਦ ਵੀ ਗੋਂਗਲੂ ਅੱਜ ਸਭ ਤੋਂ ਪੁਰਾਣੀਆਂ ਸਬਜ਼ੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ ਜੋ ਡਾਇਨਾਸੋਰ ਵੇਲੇ ਤੋਂ ਅੱਜ ਤੱਕ ਇਸ ਧਰਤੀ ਉੱਤੇ ਆਪਣੀ ਹੋਂਦ ਬਚਾਈ ਬੈਠਾ ਹੈ। ਸਾਈਬੇਰੀਆ ਦੀ ਠੰਡ ਵੀ ਗੋਂਗਲੂਆਂ ਨੂੰ ਲੱਖਾਂ ਸਾਲਾਂ ਤੱਕ ਖ਼ਤਮ ਨਹੀਂ ਕਰ ਸਕੀ। ਗ਼ਰੀਬਾਂ ਦੀ ਖ਼ੁਰਾਕ ਮੰਨੇ ਜਾਂਦੇ ਗੋਂਗਲੂ ਵਿਚ ਇੱਕ ਗ੍ਰਾਮ ਪ੍ਰੋਟੀਨ, ਚਾਰ ਗ੍ਰਾਮ ਮਿੱਠਾ, ਸੱਤ ਗ੍ਰਾਮ ਕਾਰਬੋਹਾਈਡ੍ਰੇਟ ਤੋਂ ਇਲਾਵਾ ਕੈਲਸ਼ੀਅਮ, ਫੋਲੇਟ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਵਿਟਾਮਿਨ-ਸੀ ਭਰੇ ਪਏ ਹਨ। ਇੱਕ ਕੱਪ ਤਾਜ਼ੇ ਕੱਟੇ ਹੋਏ ਗੋਂਗਲੂ ਵਿਚ 6380 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਏ ਹੁੰਦਾ ਹੈ। ਇਸ ਤੋਂ ਇਲਾਵਾ ਐਂਟੀਆਕਸੀਡੈਂਟ ਲਿਊਟੀਨ ਵੀ ਹੈ ਜੋ ਅੱਖਾਂ ਦੀ ਰੌਸ਼ਨੀ ਠੀਕ ਰੱਖਣ, ਅੰਦਰਲੀ ਪਰਤ ਤੰਦਰੁਸਤ ਰੱਖਣ, ਚਿੱਟਾ ਮੋਤੀਆ ਰੋਕਣ ਦੇ ਨਾਲ-ਨਾਲ ਮੈਕੂਲਰ ਡੀਜੈਨਰੇਸ਼ਨ ਵੀ ਰੋਕਦਾ ਹੈ।
ਭਾਵੇਂ ਹਮੇਸ਼ਾ ਦੁੱਧ ਹੀ ਹੱਡੀਆਂ ਦੀ ਤਾਕਤ ਬਣਾਈ ਰੱਖਣ ਲਈ ਵਧੀਆ ਮੰਨਿਆ ਗਿਆ ਹੈ ਪਰ ਗੋਂਗਲੂ ਵਿਚਲਾ ਕੈਲਸ਼ੀਅਮ ਵੀ ਹੱਡੀਆਂ ਤਗੜੀਆਂ ਰੱਖਣ ਵਿਚ ਮਦਦ ਕਰਦਾ ਹੈ। ਦਿਲ ਅਤੇ ਪੱਠਿਆਂ ਲਈ ਵੀ ਗੋਂਗਲੂ ਵਧੀਆ ਸਾਬਤ ਹੋ ਚੁੱਕਿਆ ਹੈ। ਚੀਨ ਵਿਚ ਦੁਨੀਆ ਦੀ ਸਭ ਤੋਂ ਵੱਡੀ ਛਾਤੀ ਦੇ ਕੈਂਸਰ ਉੱਤੇ ਖੋਜ ਹੋ ਚੁੱਕੀ ਹੈ ਜਿਸ ਨੂੰ ‘‘ਸ਼ੰਘਾਈ ਬਰੈਸਟ ਕੈਂਸਰ ਸਰਵਾਈਵਲ ਸਟਡੀ’’ ਅਧੀਨ ਛਾਪਿਆ ਗਿਆ ਸੀ। ਉਸ ਵਿਚ ਛਾਤੀ ਦੇ ਰੋਗ ਤੋਂ ਪੀੜਤ ਚੀਨੀ ਔਰਤਾਂ ਨੂੰ ਗੋਂਗਲੂ ਰੋਜ਼ ਖਾਣ ਲਈ ਦਿੱਤੇ ਗਏ ਸਨ। ਜਿਸ ਗਰੁੱਪ ਨੂੰ ਗੋਂਗਲੂ ਖਾਣ ਲਈ ਦਿੱਤੇ ਗਏ, ਉਨਾਂ ਦਾ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ ਅਤੇ ਉਨਾਂ ਨੇ ਲੰਮੀ ਉਮਰ ਭੋਗੀ। ਇਹ ਖੋਜ ਏਨੀ ਮਹੱਤਵਪੂਰਨ ਮੰਨੀ ਗਈ ਕਿ ਅਮਰੀਕਨ ਐਸੋਸੀਏਸ਼ਨ ਫੌਰ ਰੀਸਰਚ ਦੀ 103ਵੀਂ ਸਾਲਾਨਾ ਕਾਨਫਰੰਸ ਵਿਚ ਇਸ ਦਾ ਖਾਸ ਜ਼ਿਕਰ ਕਰ ਕੇ ਗੋਂਗਲੂਆਂ ਨੂੰ ਬੇਸ਼ਕੀਮਤੀ ਕੁਦਰਤੀ ਦਵਾਈ ਮੰਨ ਲਿਆ ਗਿਆ।
ਛਾਤੀ ਦੇ ਕੈਂਸਰ ਉੱਤੇ ਡਾ. ਸਰਾਹ ਨੇ ਵਾਂਡਰਬਿਲਟ ਯੂਨੀਵਰਸਿਟੀ (ਨੈਸ਼ਵਿਲੇ) ਵਿਖੇ ਦੁਨੀਆ ਦੇ ਵੱਖ ਹਿੱਸਿਆਂ ਤੋਂ ਪਹੁੰਚੇ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਉੱਤੇ ਖੋਜ ਕੀਤੀ ਅਤੇ ਸਭ ਨੂੰ 36 ਮਹੀਨੇ ਰੋਜ਼ ਗੋਂਗਲੂ ਖੁਆਏ ਗਏ। ਇਸ ਦੇ ਨਾਲ ਹੀ ਰੋਜ਼ ਕੇਲ ਪੱਤਾ, ਫੁੱਲ ਗੋਭੀ ਤੇ ਬਰੌਕਲੀ ਵੀ ਦਿਨ ਵਿਚ ਇੱਕ ਵਾਰ ਖੁਆਏ ਗਏ। ਇਹ ਵੇਖਣ ਵਿਚ ਆਇਆ ਕਿ ਛਾਤੀ ਦਾ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ ਅਤੇ ਮੌਤ ਦਰ ਵੀ ਕਾਫੀ ਘੱਟ ਹੋਈ ਲੱਭੀ। ਪੰਜ ਸਾਲਾਂ ਤਕ ਲਗਾਤਾਰ ਖੋਜ ਜਾਰੀ ਰੱਖਣ ਬਾਅਦ ਦਿਸਿਆ ਕਿ ਗੋਂਗਲੂ ਖਾਣ ਵਾਲੇ ਮਰੀਜ਼ਾਂ ਵਿਚ ਦੁਬਾਰਾ ਕੈਂਸਰ ਹੋਣ ਦਾ ਖ਼ਤਰਾ 35 ਫੀਸਦੀ ਘੱਟ ਹੋ ਗਿਆ ਅਤੇ ਮੌਤ ਦਰ ਵੀ 27 ਤੋਂ 62 ਫੀਸਦੀ ਘੱਟ ਹੋ ਗਈ। ਇਹ ਵਧੀਆ ਅਸਰ ਗੋਂਗਲੂ ਵਿਚਲੇ ਆਈਸੋਥਾਇਓਸਾਇਆਨੇਟ ਅਤੇ ਇੰਡੋਲ ਸਦਕਾ ਦਿਸੇ। ਜਿਨਾਂ ਨੇ ਰੋਜ਼ ਇਕ ਗੋਂਗਲੂ ਖਾਧਾ, ਉਨਾਂ ਵਿਚ ਮੌਤ ਦਰ 27 ਫੀਸਦੀ ਘਟੀ ਪਰ ਜਿਨਾਂ ਨੇ ਰੋਜ਼ ਤਿੰਨ ਗੋਂਗਲੂ ਖਾਧੇ, ਉਨਾਂ ਵਿਚ ਮੌਤ ਦਰ 62 ਫੀਸਦੀ ਘੱਟ ਹੋ ਗਈ।
ਇਸ ਤੋਂ ਤਗੜੀ ਖੋਜ ਹਾਲੇ ਤੱਕ ਕਿਤੇ ਨਹੀਂ ਹੋਈ ਜਿੱਥੇ ਸਪਸ਼ਟ ਰੂਪ ਵਿਚ ਕਿਸੇ ਸਬਜ਼ੀ ਸਦਕਾ ਕੈਂਸਰ ਦੇ ਸੈੱਲਾਂ ਨੂੰ ਫੈਲਣ ਵਿਚ ਰੋਕ ਲੱਗੀ ਵੇਖੀ ਹੋਵੇ। ਬਲੈਡਰ ਕੈਂਸਰ ਵਿਚ ਵੀ ਗੋਂਗਲੂਆਂ ਦੇ ਨਾਲ ਫੁੱਲਗੋਭੀ, ਪੱਤਗੋਭੀ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਦੇਣ ਨਾਲ ਕੈਂਸਰ ਦੇ ਫੈਲਣ ਦੀ ਸਪੀਡ ਘਟੀ ਹੋਈ ਲੱਭੀ। ਇਹ ਖੋਜ ‘‘ਕੈਂਸਰ ਐਪੀਡੀਮੀਓਲਿਜੀ ਬਾਇਓਮਾਰਕਰਜ਼’’ ਸੰਨ 2008 ਦੇ ਜਰਨਲ ਵਿਚ ਪੰਨਾ 938 ਤੋਂ 944 ਵਿਚ ਦਰਜ ਕੀਤੀ ਗਈ ਹੈ। ਕੁੱਝ ਖੋਜਾਂ ਫੇਫੜਿਆਂ ਦੇ ਕੈਂਸਰ ਵਾਲੇ ਮਰੀਜ਼ਾਂ ਉੱਤੇ ਵੀ ਕੀਤੀਆਂ ਗਈਆਂ ਜਿਨਾਂ ਵਿਚ ਗੋਂਗਲੂਆਂ ਨੂੰ ਖਾਣ ਨਾਲ ਸਿਹਤ ਵਿਚ ਸੁਧਾਰ ਹੋਇਆ ਲੱਭਿਆ। ਜੇ ਬਹੁਤ ਤੇਜ਼ਾਬ ਬਣਦਾ ਹੋਵੇ ਤੇ ਪੇਟ ਦੇ ਕੈਂਸਰ ਦਾ ਖ਼ਤਰਾ ਹੋਵੇ, ਤਾਂ ਗੋਂਗਲੂ ਰੋਜ਼ ਖਾਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ‘‘ਮੈਡਸਕੇਪ ਮੈਡੀਕਲ ਨਿਊਜ਼’’ ਵਿਚ ਛਪੀ ਖੋਜ ਅਨੁਸਾਰ ਗੋਂਗਲੂ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਖਾਣ ਨਾਲ ਢਿਡ ਅੰਦਰ ਐਂਟੀਆਕਸੀਡੈਂਟ ਦੀ ਮਾਤਰਾ ਵਧ ਜਾਂਦੀ ਹੈ ਜੋ ਮਾੜੇ ਸੈੱਲਾਂ ਨੂੰ ਖ਼ਤਮ ਕਰ ਦਿੰਦੇ ਹਨ।
ਜੌਨ ਹੌਪਕਿਨਜ਼ ਯੂਨੀਵਰਸਿਟੀ ਬਾਲਟੀਮੋਰ ਵਿਖੇ ਡਾ. ਜੈਡ ਫਾਹੇ ਨੇ ਚੂਹਿਆਂ ਉੱਤੇ ਖੋਜ ਕਰ ਕੇ ਵੀ ਸਪਸ਼ਟ ਕਰ ਦਿੱਤਾ ਕਿ ਗੋਂਗਲੂ ਖੁਆਉਣ ਨਾਲ ਚੂਹਿਆਂ ਵਿਚ ਵੀ ਪੇਟ ਦਾ ਕੈਂਸਰ ਹੋਣ ਦਾ ਖ਼ਤਰਾ ਨਾ ਬਰਾਬਰ ਹੋ ਗਿਆ। ਇਹ ਖੋਜ ‘‘ਕੈਂਸਰ ਰਿਸਰਚ’’ ਜਰਨਲ ਸੰਨ 2009 ਦੇ ਪੰਨਾ ਨੰਬਰ 353 ਤੋਂ 360 ਤੱਕ ਦਰਜ ਕੀਤੀ ਗਈ ਹੈ। ਡਾ. ਫਾਹੇ ਨੇ ਸਪਸ਼ਟ ਕੀਤਾ ਕਿ ਨਾ ਸਿਰਫ਼ ਜਾਨਵਰਾਂ ਵਿਚ, ਬਲਕਿ ਮਨੁੱਖੀ ਸਰੀਰ ਅੰਦਰਲੇ ਕੈਂਸਰ ਦੇ ਸੈੱਲਾਂ ਨੂੰ ਮਾਰਨ ਵਿਚ ਗੋਂਗਲੂ ਵਰਗੀ ਚਮਤਕਾਰੀ ਸਬਜ਼ੀ ਹਾਲੇ ਤੱਕ ਕੋਈ ਹੋਰ ਲੱਭੀ ਨਹੀਂ ਜਾ ਸਕੀ।
ਇੱਕ ਹੋਰ ਖੋਜ ਵਿਚ ਡਾ. ਨੇਚੂਤਾ ਨੇ ਆਪਣੇ ਸਾਥੀਆਂ ਨਾਲ ਸੰਨ 2002 ਤੋਂ ਸੰਨ 2006 ਤੱਕ 20 ਤੋਂ 75 ਸਾਲਾਂ ਦੀਆਂ 4886 ਔਰਤਾਂ ਸ਼ਾਮਲ ਕੀਤੀਆਂ ਜਿਨਾਂ ਨੂੰ ਪਹਿਲੀ, ਦੂਜੀ, ਤੀਜੀ ਜਾਂ ਚੌਥੀ ਸਟੇਜ ਦਾ ਛਾਤੀ ਦਾ ਕੈਂਸਰ ਸੀ। ਸਭ ਨੂੰ ਰੋਜ਼ ਤਿੰਨ ਗੋਂਗਲੂ ਖੁਆਏ ਗਏ। ਪਹਿਲਾ ਚੈੱਕਅਪ 18 ਮਹੀਨੇ ਬਾਅਦ ਅਤੇ ਦੂਜਾ 36 ਮਹੀਨੇ ਬਾਅਦ ਕੀਤਾ ਗਿਆ। ਫਿਰ ਤੀਜਾ ਚੈੱਕਅੱਪ ਸਾਢੇ ਪੰਜ ਸਾਲਾਂ ਬਾਅਦ ਕੀਤਾ ਗਿਆ।
ਨਤੀਜੇ ਕੁੱਝ ਇਸ ਤਰਾਂ ਦੇ ਸਨ :-
1. ਜਿਨਾਂ ਨੇ 18 ਮਹੀਨੇ ਬਾਅਦ ਗੋਂਗਲੂ ਖਾਣੇ ਛੱਡ ਦਿੱਤੇ, ਉਨਾਂ ਸਾਰੀਆਂ 707 ਔਰਤਾਂ
ਦੀ ਮੌਤ ਹੋ ਗਈ।
2. ਜਿਨਾਂ ਨੇ ਇੱਕ ਗੋਂਗਲੂ ਰੋਜ਼ ਖਾਧਾ, ਉਨਾਂ 666 ਔਰਤਾਂ ਨੂੰ ਕੈਂਸਰ ਦੁਬਾਰਾ ਹੋਣਾ ਸ਼ੁਰੂ ਹੋ
ਗਿਆ।
3. ਜਿਨਾਂ ਨੇ ਲਗਾਤਾਰ ਪੰਜ ਸਾਲ ਰੋਜ਼ ਤਿੰਨ ਗੋਂਗਲੂ, ਕੇਲ ਪੱਤਾ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਖਾਧੀਆਂ, ਉਨਾਂ ਵਿੱਚੋਂ ਇੱਕ ਦੀ ਵੀ ਮੌਤ ਸਾਢੇ ਪੰਜ ਸਾਲ ਤੱਕ ਨਹੀਂ ਹੋਈ।
ਅਮਰੀਕਨ ਐਸੋਸੀਏਸ਼ਨ ਫੌਰ ਕੈਂਸਰ ਰੀਸਰਚ ਵੱਲੋਂ ਸੰਨ 2012 ਵਿਚ ਇਸ ਖੋਜ ਦੇ ਆਧਾਰ ਉੱਤੇ ਸਪਸ਼ਟ ਕਰ ਦਿੱਤਾ ਕਿ ਗੋਂਗਲੂ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਸਕਦੇ ਹਨ। ਜੇ ਪਹਿਲੀ ਸਟੇਜ ਵਿਚ ਹੀ ਪੂਰਾ ਇਲਾਜ ਕਰਵਾਉਣ ਦੇ ਨਾਲ ਅੱਗੋਂ ਉਮਰ ਭਰ ਗੋਂਗਲੂ ਖਾਧੇ ਜਾਣ ਤਾਂ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ।
ਆਮ ਜਨਤਾ ਲਈ ਵੀ ਸੁਣੇਹਾ ਇਹੋ ਦਿੱਤਾ ਗਿਆ ਹੈ ਕਿ ਜੇ ਕੈਂਸਰ ਵਰਗੀ ਮਨਹੂਸ ਬੀਮਾਰੀ ਤੋਂ ਬਚਣਾ ਹੈ ਤਾਂ ਗੋਂਗਲੂ ਹਰ ਹਾਲ ਰੋਜ਼ ਖਾਣੇ ਹੀ ਪੈਣੇ ਹਨ।
ਧਿਆਨ ਦੇਣ ਯੋਗ ਕੁੱਝ ਗੱਲਾਂ :-
1. ਜੇ ਟੱਟੀ ਵਿਚ ‘ਆਕਲਟ ਲਹੂ’ ਦਾ ਟੈਸਟ ਕਰਨਾ ਹੋਵੇ ਤਾਂ ਗੋਂਗਲੂ ਦੇ ਨਾਲ ਬਰੌਕਲੀ ਵੀ ਕੁੱਝ ਦਿਨਾਂ ਲਈ ਖਾਣੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਟੈਸਟ ਰਿਪੋਰਟ ਗ਼ਲਤ ਆ ਸਕਦੀ ਹੈ। ਕਈ ਵਾਰ ਇੰਜ ਜਾਪਦਾ ਹੈ ਕਿ ਜਿਵੇਂ ਟੱਟੀ ਵਿਚ ਲਹੂ ਆ ਰਿਹਾ ਹੈ, ਪਰ
ਹੁੰਦਾ ਨਹੀਂ।
2. ਜੇ ਲਹੂ ਪਤਲਾ ਕਰਨ ਦੀਆਂ ਦਵਾਈਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਗੋਂਗਲੂ ਨਹੀਂ ਖਾਣੇ ਚਾਹੀਦੇ ਕਿਉਂਕਿ ਇਨਾਂ ਵਿਚਲਾ ਵਿਟਾਮਿਨ ਕੇ ਲਹੂ ਛੇਤੀ ਜਮਾ ਦਿੰਦਾ ਹੈ।
3. ਜੇ ਗੁਰਦੇ ਦਾ ਰੋਗ ਹੋਵੇ ਤਾਂ ਗੋਂਗਲੂ ਨਹੀਂ ਖਾਣੇ ਚਾਹੀਦੇ ਕਿਉਂਕਿ ਇਨਾਂ ਵਿਚਲਾ ਵਾਧੂ
ਪੋਟਾਸ਼ੀਅਮ ਸਰੀਰ ਅੰਦਰ ਜਮਾਂ ਹੋ ਕੇ ਨੁਕਸਾਨ ਪਹੁੰਚਾ ਸਕਦਾ ਹੈ। ਲੱਤਾਂ ਵਿਚ ਕੜਵੱਲ, ਖਿਚਾਓ ਆਦਿ ਵੀ ਹੋ ਸਕਦੇ ਹਨ ਅਤੇ ਧੜਕਨ ਵੀ ਵਧ ਸਕਦੀ ਹੈ।
4. ਸ਼ਲਗਮ ਯੂਰਿਕ ਏਸਿਡ ਵਧਾ ਸਕਦੇ ਹਨ।
ਗੋਂਗਲੂ ਕਿਹੜਾ ਖਾਈਏ :-
1. ਛੋਟਾ ਗੋਂਗਲੂ ਵਧੀਆ ਹੁੰਦਾ ਹੈ।
2. ਵੱਡਾ ਪੱਕਿਆ ਗੋਂਗਲੂ ਕੌੜਾ ਹੋ ਜਾਂਦਾ ਹੈ ਤੇ ਉਸ ਵਿਚ ਵਧੀਆ ਤੱਥ ਵੀ ਘੱਟ ਹੋ ਜਾਂਦੇ
ਹਨ।
3. ਢਿੱਲਾ ਪਿਆ ਗੋਂਗਲੂ ਨਹੀਂ ਖਾਣਾ ਚਾਹੀਦਾ।
4. ਜੇ ਗੋਂਗਲੂ ਦੇ ਬਾਹਰ ਕਾਲੇ ਜਾਂ ਪੀਲੇ ਨਿਸ਼ਾਨ ਹੋਣ, ਤਾਂ ਨਹੀਂ ਖਾਣਾ ਚਾਹੀਦਾ।
ਗੋਂਗਲੂ ਕਿਵੇਂ ਵਰਤੀਏ?
ਘਰ ਬੀਜੇ ਕੂਲੇ ਛੋਟੇ ਗੋਂਗਲੂ ਤਾਂ ਸਿਰਫ਼ ਚੰਗੀ ਤਰਾਂ ਧੋ ਕੇ ਹੀ ਜੜ ਕੱਟ ਕੇ, ਕੋਮਲ ਮਲੂਕ ਪੱਤਿਆਂ ਸਮੇਤ ਬਿਨਾਂ ਛਿੱਲੇ ਖਾਧੇ ਜਾ ਸਕਦੇ ਹਨ।
ਜੇ ਉਸੇ ਵੇਲੇ ਨਹੀਂ ਖਾਣੇ ਤਾਂ ਬਿਨਾਂ ਧੋਤੇ ਹੀ ਸਿਰਫ਼ ਜੜ ਅਤੇ ਪੱਤੇ ਕੱਟ ਕੇ ਕੁੱਝ ਘੰਟੇ ਰੱਖੇ ਜਾ ਸਕਦੇ ਹਨ। ਖਾਣ ਲੱਗਿਆਂ ਹੀ ਉਨਾਂ ਨੂੰ ਚੰਗੀ ਤਰਾਂ ਧੋਣ ਦੀ ਲੋੜ ਹੈ। ਜੇ ਫਰਿੱਜ ਅੰਦਰ ਰੱਖਣੇ ਹੋਣ ਤਾਂ ਬਿਨਾਂ ਛਿੱਲੇ ਇੱਕ ਹਫ਼ਤੇ ਤੱਕ ਰੱਖੇ ਜਾ ਸਕਦੇ ਹਨ।
ਜੇ ਗੋਂਗਲੂ ਨਿੱਕਾ ਤੇ ਕੂਲਾ ਨਹੀਂ ਤਾਂ ਛਿੱਲੜ ਲਾਹ ਕੇ ਖਾਣਾ ਚਾਹੀਦਾ ਹੈ। ਗੋਂਗਲੂ ਕੱਚਾ ਜਾ ਪਕਾ ਕੇ ਖਾਧਾ ਜਾ ਸਕਦਾ ਹੈ।
1. ਗੋਂਗਲੂ ਨੂੰ ਉਬਾਲ ਕੇ ਉਬਲੇ ਆਲੂਆਂ ਨਾਲ ਫੇਹ ਕੇ ਟਿੱਕੀਆਂ ਜਾਂ ਪਰੌਂਠੇ ਵਿਚ ਪਾਇਆ ਜਾ ਸਕਦਾ ਹੈ।
2. ਕੱਦੂਕਸ ਕਰ ਕੇ ਕੱਚਾ ਖਾਧਾ ਜਾ ਸਕਦਾ ਹੈ।
3. ਗਾਜਰਾਂ ਅਤੇ ਸ਼ਕਰਕੰਦੀ ਨਾਲ ਅੱਗ ਉੱਤੇ ਭੁੰਨ ਕੇ ਸਲਾਦ ਵਾਂਗ ਖਾਧਾ ਜਾ ਸਕਦਾ ਹੈ।
4. ਬਹੁਤ ਹਲਕੀ ਅੱਗ ਉੱਤੇ ਇਕੱਲਾ ਵੀ ਭੁੰਨ ਕੇ ਖਾਧਾ ਜਾ ਸਕਦਾ ਹੈ।
5. ਪਾਲਕ, ਪੱਤਗੋਭੀ ਨਾਲ ਗੋਂਗਲੂ ਦੇ ਪੱਤੇ ਵੀ ਸਲਾਦ ਵਾਂਗ ਕੱਟ ਕੇ, ਉਸ ਉੱਤੇ ਓਲਿਵ
ਤੇਲ ਅਤੇ ਨਿੰਬੂ ਪਾ ਕੇ ਖਾਧੇ ਜਾ ਸਕਦੇ ਹਨ।
6. ਅਚਾਰ ਬਣਾ ਕੇ ਵੀ ਖਾਧਾ ਜਾ ਸਕਦਾ ਹੈ।
ਤਲ ਕੇ ਖਾਣ ਨਾਲ ਗੋਂਗਲੂ ਵਿਚਲੇ ਅਸਰ ਘੱਟ ਜਾਂਦੇ ਹਨ।
ਅੰਤ ਵਿਚ ਇਹੋ ਦੱਸਣਾ ਹੈ ਕਿ ਜਿੰਨੀਆਂ ਖੋਜਾਂ ਕੈਂਸਰ ਲਈ ਵਧੀਆ ਅਸਰ ਵਿਖਾ ਚੁੱਕੀਆਂ ਹਨ, ਉਨਾਂ ਸਾਰੀਆਂ ਵਿਚ ਕੱਚਾ ਸ਼ਲਗਮ ਹੀ ਖਾਣ ਲਈ ਦਿੱਤਾ ਗਿਆ ਸੀ।
ਹੁਣ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਪਹਿਲਾਂ ਨੱਕ ਮੂੰਹ ਟੇਢਾ ਕਰ ਕੇ ਗੋਂਗਲੂ ਪਰਾਂ ਸੁੱਟ ਦਿੰਦੇ ਸਨ, ਇਸ ਲੇਖ ਨੂੰ ਪੜ ਕੇ ਰੋਜ਼ ਸੁਆਦ ਨਾਲ ਖਾਣਾ ਸ਼ੁਰੂ ਕਰ ਦੇਣਗੇ!
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.