Breaking NewsD5 specialNewsPress ReleasePunjab
ਗੁਰੂ ਸਾਹਿਬਾਨ ਦੀ ਸੋਚ ’ਤੇ ਪਹਿਰਾ ਦਿੰਦਿਆਂ ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਹੋਣ ਸਿੱਖ ਬੀਬੀਆਂ-ਬੀਗੀ ਜਗੀਰ ਕੌਰ
ਸ਼੍ਰੋਮਣੀ ਕਮੇਟੀ ਦੀਆਂ ਮੈਂਬਰ ਬੀਬੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਅਹੁਦੇਦਾਰਾਂ ਨਾਲ ਕੀਤੀ ਬੈਠਕ
ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਇਥੇ ਭਾਈ ਗੁਰਦਾਸ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੀਆਂ ਮੈਂਬਰ ਬੀਬੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਤਰ ਸਮਾਜ ਦੀ ਸਿਰਜਣਾ ਲਈ ਔਰਤਾਂ ਗੁਰੂ ਸਾਹਿਬਾਨ ਦੀ ਸੋਚ ’ਤੇ ਪਹਿਰਾ ਦਿੰਦਿਆਂ ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਹੋਣ। ਉਨ੍ਹਾਂ ਕਿਹਾ ਕਿ ਬੀਬੀਆਂ ਦਾ ਸਮਾਜ ਵਿਚ ਅਹਿਮ ਯੋਗਦਾਨ ਹੈ ਅਤੇ ਬੱਚਿਆਂ ਅੰਦਰ ਧਾਰਮਿਕ ਸਰੋਕਾਰ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਅੰਦਰ ਕੌਮ ਪ੍ਰਸਤੀ ਪੈਦਾ ਕਰਨ ਲਈ ਉਹ ਅਹਿਮ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਬੀਬੀਆਂ ਆਪੋ-ਆਪਣੇ ਇਲਾਕਿਆਂ ਵਿਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਵਿਚ ਸਹਿਯੋਗੀ ਬਣਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ‘ਘਰਿ ਘਰਿ ਅੰਦਰਿ ਧਰਮਸਾਲ’ ਪ੍ਰਚੰਡ ਰੂਪ ਵਿਚ ਕਾਰਜ ਕਰ ਰਹੀ ਹੈ, ਜਿਸ ਵਿਚ ਬੀਬੀਆਂ ਦੇ ਸਮਾਗਮ ਵੀ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਲਈ ਬੀਬੀਆਂ ਨੂੰ ਭਰਵਾਂ ਸਹਿਯੋਗ ਕਰਨਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਨੌਜੁਆਨ ਬੱਚੀਆਂ ਨੂੰ ਬਿਹਤਰ ਮੌਕੇ ਮੁਹੱਈਆ ਕਰਵਾਉਣ ਲਈ ਜਿਥੇ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਸਹੂਲਤਾਂ ਦਿੱਤੀਆਂ ਹਨ, ਉਥੇ ਹੀ ਖੇਡਾਂ ਲਈ ਖ਼ਾਸ ਮੰਚ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਬੱਚੀਆਂ ਨੂੰ ਮੁਫ਼ਤ ਵਿੱਦਿਆ ਦੇਣ ਲਈ ਸ਼੍ਰੋਮਣੀ ਕਮੇਟੀ ਨੇ ਅਹਿਮ ਪਹਿਲਕਦਮੀਂ ਕੀਤੀ ਹੈ। ਪਹਿਲਾਂ ਮਾਲਵਾ ਖੇਤਰ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ 200 ਅੰਮ੍ਰਿਤਧਾਰੀ ਸਿੱਖ ਬੱਚੀਆਂ ਫਰੀ ਪੜ੍ਹਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ 72 ਲੜਕੀਆਂ ਜੰਮੂ ਕਸ਼ਮੀਰ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ ਮਾਝਾ ਇਲਾਕੇ ਵਿਚ ਤਰਨ ਤਾਰਨ ਅਤੇ ਦੁਆਬਾ ਖੇਤਰ ਵਿਚ ਕਰਤਾਰਪੁਰ ਵਿਖੇ ਮਾਤਾ ਗੁਜਰੀ ਕਾਲਜ ਵਿਖੇ ਦੋ-ਦੋ ਸੌਂ ਅੰਮ੍ਰਿਤਧਾਰੀ ਸਿੱਖ ਬੱਚੀਆਂ ਨੂੰ ਮੁਫ਼ਤ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਲਈ ਰਿਹਾਇਸ਼ ਅਤੇ ਖਾਣੇ ਦੀ ਮੁਫ਼ਤ ਸਹੂਲਤ ਦਾ ਵੀ ਪ੍ਰਬੰਧ ਹੈ। ਇਸੇ ਤਰ੍ਹਾਂ ਤਰਨ ਤਾਰਨ ਵਿਖੇ ਹੀ ਲੜਕੀਆਂ ਲਈ ਸਿੱਖ ਮਿਸ਼ਨਰੀ ਕਾਲਜ ਖੋਲ੍ਹਿਆ ਜਾ ਰਿਹਾ ਹੈ, ਜਿਸ ਨਾਲ ਸਿੱਖ ਨੌਜੁਆਨ ਲੜਕੀਆਂ ਨੂੰ ਧਰਮ ਪ੍ਰਚਾਰ ਦੇ ਖੇਤਰ ਮੌਕੇ ਮਿਲਣਗੇ। ਬੀਬੀ ਜਗੀਰ ਕੌਰ ਨੇ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਸਾਰੇ ਕਾਰਜਾਂ ਨਾਲ ਜੁੜ ਕੇ ਸਿੱਖ ਨੌਜੁਆਨ ਬੱਚੀਆਂ ਤੱਕ ਜਾਣਕਾਰੀ ਪਹੁੰਚਾਉਣ, ਤਾਂ ਜੋ ਵੱਧ ਤੋਂ ਵੱਧ ਸਿੱਖ ਬੱਚੀਆਂ ਇਸ ਦਾ ਲਾਭ ਲੈ ਸਕਣ।
ਇਸ ਦੌਰਾਨ ਵੱਖ-ਵੱਖ ਬੀਬੀਆਂ ਨੇ ਜਿਥੇ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸਿੱਖੀ ਪ੍ਰਚਾਰ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ, ਉਥੇ ਹੀ ਹਾਜ਼ਰ ਬੀਬੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਦਾ ਸਹਿਯੋਗੀ ਬਣਨ ਲਈ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਗੁਰਿੰਦਰ ਕੌਰ ਭੋਲੂਵਾਲ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਬੀਬੀ ਗੁਰਪ੍ਰੀਤ ਕੌਰ ਰੂਹੀ, ਬੀਬੀ ਜੋਗਿੰਦਰ ਕੌਰ, ਬੀਬੀ ਮਨਜੀਤ ਕੌਰ, ਦਿੱਲੀ ਕਮੇਟੀ ਦੀ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.