ਅਮਰਜੀਤ ਸਿੰਘ ਵੜੈਚ (94178-01988)
ਅੱਜ ਅਸੀਂ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ 356ਵਾਂ ਪ੍ਰਕਾਸ਼-ਪੁਰਬ ਮਨਾ ਰਹੇ ਹਾਂ । ਪਿਛਲੀਆਂ ਸਦੀਆਂ ਤੋਂ ਇਹ ਪੁਰਬ ਤੇ ਬਾਕੀ ਗੁਰੂ ਸਾਹਿਬਾਨ,ਭਗਤਾਂ ਤੇ ਸਿਖ ਧਰਮ ਦੇ ਸ਼ਹੀਦਾਂ ਦੇ ਦਿਨ ਅਸੀਂ ਮਨਾ ਰਹੇ ਹਾਂ ਤੇ ਅੱਗੋਂ ਵੀ ਇਸੇ ਸ਼ਰਧਾ ਨਾਲ਼ ਮਨਾਉਂਦੇ ਰਹਾਂਗੇ । ਇਨ੍ਹਾਂ ਦਿਨਾਂ ‘ਤੇ ਸਾਡੇ ਧਾਰਮਿਕ ਆਗੂ ਅਤੇ ਰਾਜਸੀ ਲੀਡਰ ਧਾਰਮਿਕ ਅਤੇ ਰਾਜਸੀ ਸਟੇਜਾਂ ਤੋਂ ਅਕਸਰ ਇਹ ਪ੍ਰਚਾਰ ਕਰਦੇ ਸੁਣੇ ਜਾਂਦੇ ਹਨ ਕਿ ਸਾਨੂੰ ਆਪਣੇ ਗੁਰੂ ਸਾਹਿਬਾਨ ਦੇ ਪੂਰਨਿਆਂ ਉਤੇ ਚੱਲਣਾ ਚਾਹੀਦਾ ਹੈ : ਹੁਣ ਸਵਾਲ ਇਹ ਉਠਦਾ ਹੈ ਕਿ ਕੀ ਸਾਡੇ ਇਹ ਆਗੂ ਆਪ ਗੁਰੂ ਸਾਹਿਬਾਨ ਦੇ ਦਿਖਾਏ ਰਸਤਿਆਂ ਉਪਰ ਚੱਲ ਰਹੇ ਹਨ ? ਕੀ ਬਾਕੀ ਸਿਖ ਸੰਗਤਾਂ ਗੁਰੂ ਸਾਹਿਬਾਨ ਦੇ ਰਸਤਿਆਂ ‘ਤੇ ਚੱਲਣ ਲਈ ਅਗਰਸਰ ਹਨ ?
ਗੁਰੂ ਸਾਹਿਬਾਨ ਨੇ ਕੁਝ ਐਸੀਆਂ ਪਿਰਤਾਂ ਪਾਈਆਂ ਜਿਨ੍ਹਾਂ ਨੂੰ ਨਿਰੰਤਰ ਲੋਕ ਜਾਰੀ ਰੱਖ ਰਹੇ ਹਨ : ਸੰਗਤ ਤੇ ਪੰਗਤ ਦੀ ਪਿਰਤ ਇਕ ਵਿਸ਼ਵ ਪੱਧਰ ਦੇ ਅਨੁਸਾਸ਼ਨ ਦੀ ਮਿਸਾਲ ਹੈ । ਇਸਦੇ ਨਾਲ਼ ਹੀ ਗੁਰੂ ਘਰਾਂ ‘ਚ ਬਿਨਾ ਜ਼ਾਤਪਾਤ ਦੇ ਜਾਣ ਦੀ ਰਵਾਇਤ ਕਾਇਮ ਹੈ । ਇੰਜ ਹੀ ‘ਗੁਰੂ ਦਾ ਲੰਗਰ’ ਵੀ ਹਰ ਵਿਅਕਤੀ ਲਈ ਵਰਤਦਾ ਹੈ । ਇਕ ਹੋਰ ਬਹੁਤ ਹੀ ਮਾਣਮੱਤੀ ਪਿਰਤ ਹੈ ਕਿ ‘ਗੁਰੂ ਦੀ ਗੋਲਕ ਗਰੀਬ ਦਾ ਮੂੰਹ’ ਹੁੰਦੀ ਹੈ । ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ ਸਿਖ ਧਰਮ ਦੇ ਮਾਣਮੱਤੇ ਅਸੂਲ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਸਿਖਾਂ ਨੂੰ ਹਰ ਵਕਤ ਸੇਧ ਦਿੰਦੀ ਹੈ ।
ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਸਾਰੇ ਹੀ ਗੁਰੂ ਸਾਹਿਬਾਨ ਨੇ ਸਮਾਜ ਵਿੱਚ ਫੈਲੀਆਂ ਧਾਰਮਿਕ ਤੇ ਰਾਜਨੀਤਿਕ ਵੰਡੀਆਂ ਦੇ ਖ਼ਿਲਾਫ਼ ਆਵਾਜ਼ ਹੀ ਨਹੀਂ ਬੁਲੰਦ ਕੀਤੀ ਬਲਕਿ ਲੋਕਾਂ ਨੂੰ ਇਕ ਮਾਡਲ ਬਣ ਕੇ ਵੀ ਦਿਖਾਇਆ । ਸ੍ਰੀ ਅਕਾਲ ਤਖਤ ਸਾਹਿਬ ਸਿਖਾਂ ਅਧਿਆਤਮਿਕਤਾ ਦੇ ਨਾਲ਼-ਨਾਲ਼ ਰਾਜਨੀਤੀ ਦੇ ਖੇਤਰ ‘ਚ ਬੁਲੰਦੀਆਂ ਪ੍ਰਾਪਤ ਕਰਨ ਲਈ ਸੇਧ ਦੇਣ ਵਾਲ਼ੀ ਸਰਵ-ਉੱਚ ਸੰਸਥਾ ਹੈ । ਇਸ ਸੰਸਥਾ ਦੀ ਨੀਂਹ ਛੇਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਨੇ 1606 ਈ: ਰੱਖੀ ਸੀ ।
ਸਾਡੇ ਰਾਜਸੀ ਲੀਡਰਾਂ ਨੇ ਜਿਨਾ ਸਾਡੇ ਧਰਮ ਦਾ ਜਲੂਸ ਕੱਢਿਆ ਹੈ ਸ਼ਾਇਦ ਹੀ ਹੋਰ ਕਿਸੇ ਨੇ ਕੱਢਿਆ ਹੋਵੇ । ਇਨ੍ਹਾਂ ਲੀਡਰਾਂ ਉਪਰ ਸਿਖ ਪੰਥ ਦੀਆਂ ਸਾਰੀਆਂ ਹੀ ਸੰਸਥਾਵਾਂ ਨੂੰ ਆਪਣੇ ਰਾਜਸੀ ਮੁਫ਼ਾਦਾਂ ਲਈ ਵਰਤਣ ਦੇ ਦੋਸ਼ ਲੱਗਦੇ ਰਹੇ ਹਨ । ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਵਿਰੁਧ ਕਦੇ ਵੀ ਕਿੰਤੂ ਪ੍ਰੰਤੂ ਨਹੀਂ ਹੁੰਦਾ ਸੀ ਪਰ ਪਿਛਲੇ 30 ਸਾਲਾਂ ਦੌਰਾਨ ਇਸ ਤਰ੍ਹਾਂ ਦੇ ਕਈ ਮੌਕੇ ਪੈਦਾ ਹੋ ਚੁੱਕੇ ਹਨ । ਹਾਲ ਹੀ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਕੁਝ ਸੇਵਾਦਾਰਾਂ ਨੇ ਤਾਂ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਦਾ ਪੁਤਲਾ ਵੀ ਸਾੜ ਦਿਤਾ ਜੋ ਕਦੇ ਪਹਿਲਾਂ ਨਹੀਂ ਹੋਇਆ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ‘ਤੇ ਕਬਜ਼ੇ ਲਈ ਕਿਉਂ ਹੁੰਦੀਆਂ ਨੇ ਲੜਾਈਆਂ ?
ਨਵੀਂ ਪੀੜ੍ਹੀ ਸਿਖੀ ਤੋਂ ਦੂਰ ਹੋ ਰਹੀ ਹੈ, ਉਸ ਦੇ ਸਿਰ ਤੋਂ ਦਸਤਾਰ ਘਟ ਰਹੀ ਹੈ , ਉਹ ਦਸਤਰ ਤੋਂ ਪਟਕਿਆਂ ‘ਤੇ ਆ ਗਈ ਹੈ । ਲੋਕ ਘਰਾਂ ‘ਚ ਆਖੰਡ ਪਾਠ ਕਰਵਾਉਣ ਤੋਂ ਪਹਿਲਾਂ ਸਹਿਜ ਪਾਠ ‘ਤੇ ਆਏ ‘ਅਤੇ ਹੁਣ ਸਿਰਫ਼ ਸੁਖਮਨੀ ਸਾਹਿਬ ਨਾਲ਼ ਹੀ ਆਪਣੇ ਸ਼ਗਨਾ ਦੀ ਸ਼ੁਰੂਆਤ ਕਰਨ ਲੱਗ ਪਏ ਹਨ । ਬਹੁਤੇ ਲੋਕ ਗੁਰਦੁਆਰਾ ਸਾਹਿਬਾਨ ‘ਚ ਧਾਰਮਿਕ ਸਮਾਗਮਾਂ ਜਿਵੇਂ ਗੁਰਪੁਰਬਾਂ ‘ਤੇ ਸਿਰਫ਼ ਲੰਗਰ ਛਕਣ ਹੀ ਜਾਂਦੇ ਹਨ । ਤੁਸੀਂ ਕਦੇ ਕਿਸੇ ਅਜਿਹੇ ਮੌਕੇ ‘ਤੇ ਲੰਗਰ ਮਨਫ਼ੀ ਕਰਕੇ ਵੇਖ ਲਓ । ਇਹੋ ਜਿਹੇ ਮੁਕੱਦਸ ਮੌਕਿਆਂ ‘ਤੇ ਧਾਰਮਿਕ ਸਿਖਿਆ ਅਤੇ ਸਿਖ ਇਤਿਹਾਸ ਦੇ ਪ੍ਰਵਚਨ ਸੁਣਾਉਣ ਦਾ ਰਿਵਾਜ ਪੇਤਲਾ ਪੈ ਰਿਹਾ ਹੈ ।
ਕਈ ਗੁਰਦੁਅਰਿਆਂ ‘ਚੋਂ ਗੋਲਕ ਦਾ ਚੜ੍ਹਾਵਾ ਚੋਰੀ ਕਰਨ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ । ਬੇਅਦਬੀ ਦੀਆਂ ਅਨੇਕ ਘਟਨਾਵਾਂ ਵਾਪਰ ਰਹੀਆਂ ਹਨ । ਗੁਰਦੁਆਰਿਆਂ ‘ਚ ਵਿਭਚਾਰ ਦੀਆਂ ਘਟਨਾਵਾਂ ਵਾਪਰੀਆਂ ਹਨ । ਸਿਖ ਲੀਡਰਾਂ ‘ਤੇ ਬੱਜਰ ਪਾਪ ਕਰਨ ਦੇ ਇਲਜ਼ਾਮ ਲੱਗ ਚੁੱਕੇ ਹਨ । ਸ੍ਰੀ ਆਕਾਲ ਤਖਤ ਸਾਹਿਬ ‘ਤੇ ਹੀ ਕਿਰਪਾਨਾ ਚੱਲ ਚੁੱਕੀਆਂ ਹਨ , ਵਿਦੇਸ਼ਾਂ ‘ਚ ਗੁਰੂ ਘਰਾਂ ਦੇ ਕੰਟਰੋਲ ਨੂੰ ਲੈਕੇ ਗੋਲ਼ੀਆਂ ਚੱਲ ਚੁੱਕੀਆਂ ਹਨ, ਗੁਰੂ ਦੀਆਂ ਪਾਵਨ ਬੀੜਾਂ SGPC ਦੇ ਸਟੋਰ ‘ਚੋਂ ਗੁੰਮ ਹੋ ਗਈਆਂ ਸਨ ਜਿਨ੍ਹਾਂ ਦੀ ਹਾਲੇ ਤੱਕ ਕੋਈ ਉਘ-ਸੁੱਘ ਨਹੀਂ ਨਿਕਲ਼ੀ , ਲੀਡਰਾਂ ਦੇ ਪਰਿਵਾਰਕ ਮੈਂਬਰਾਂ ਦੇ ਭੋਗਾਂ ‘ਤੇ SGPC ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ‘ਚੋਂ ਲੰਗਰ ਵਰਤੇ ਜਾਣ ਦੇ ਦੋਸ਼ ਵੀ ਲੱਗ ਚੁੱਕੇ ਹਨ ਅਤੇ ਇਸ ਦੇ ਮੈਂਬਰਾਂ ਨੂੰ ਰਾਜਨੀਤਿਕ ਉਦੇਸ਼ਾਂ ਲਈ ‘ਵਰਤਣ’ ਦੇ ਦੋਸ਼ ਵੀ ਲੱਗ ਚੁੱਕੇ ਹਨ ਆਦਿ ।
ਪਿਛਲੇ ਵਰ੍ਹੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ‘ਚ ‘ਬਲਿਊ ਸਟਾਰ ਤੋਂ ਮਗਰੋਂ ‘ਪਹਿਲੀ ਵੇਰ ਕਿਸੇ ਨੇ ਬੇਹਰਿਮਤੀ ਕਰਨ ਦੀ ਕਮੀਨੀ ਹਰਕਤ ਕੀਤੀ ਪਰ ਜਿਸ ਢੰਗ ਨਾਲ਼ ਉਸ ਵਿਅਕਤੀ ਨੂੰ ਭੀੜ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤਾ ਤੇ ਫਿਰ ਕਪੂਰਥਲਾ ਵਿੱਚ ਵੀ ਇਸੇ ਤਰ੍ਹਾਂ ਦੀ ਦੁਰਘਟਨਾ ਵਾਪਰੀ ਜਿਸ ਵਿੱਚ ਹੁਰਮਤੀ ਕਰਨ ਵਾਲ਼ੇ ਨੂੰ ਮੌਤ ਦੀ ਨੀਂਦ ਸੁਆ ਦਿਤਾ ਉਹ ਕੋਈ ਸ਼ੁਭ ਸੰਕੇਤ ਨਹੀਂ ਸੀ । ਇਨ੍ਹਾਂ ਦੋਨਾਂ ਦੋਸ਼ੀਆਂ ਨੂੰ ਸੁਣਿਆਂ ਤੱਕ ਨਹੀਂ ਗਿਆ । ਸਿਖ ਧਰਮ ਤਾਂ ਕੀ ਕਿਸੇ ਵੀ ਧਰਮ ‘ਚ ਅਜਿਹੇ ਦੋਸ਼ੀਆਂ ਨੂੰ ਮਾਰਨ ਦੀ ਗੱਲ ਨਹੀਂ ਕੀਤੀ ਗਈ ।
ਗੁਰੂ ਨਾਨਾਕ ਦੀਆਂ ਉਦਾਸੀਆਂ ਤਾਂ ਸਮੱਸਿਆਵਾਂ ਦਾ ਹੱਲ ਸੰਵਾਦ ‘ਚ ਦੱਸਦੀਆਂ ਹਨ ਪਰ ਹੁਣ ਤਾਂ ਸੰਵਾਦ ਖਤਮ ਕੀਤਾ ਜਾ ਰਿਹਾ ਹੈ :
” ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ (ਅੰਗ 660)
ਇਹ ਵੀ ਮਹਿਸੁਸ ਕੀਤਾ ਜਾ ਰਿਹਾ ਹੈ ਕਿ ਸਿਖਾਂ ਵਿੱਚ ਕੱਟੜਤਾ ਜ਼ਿਆਦਾ ਭਾਰੂ ਹੋ ਰਹੀ ਹੈ । ਸਿਖ ਧਰਮ ਗੁਰੂ ਨਾਨਾਕ ਸਾਹਿਬ ਦੇ ਸਮੇਂ ਹਿੰਦੂ ਧਰਮ ਦੇ ਕਰਮ ਕਾਂਡਾਂ ਦੇ ਵਿਰੁਧ ਉਦੇ ਹੋਇਆ ਸੀ : ‘ Pakistan ਦੇ ਇਕ ਵਿਦਵਾਨ Haroon Khalid ਆਪਣੀ ਕਿਤਾਬ ‘ WALKING WITH NANAK ‘ ‘ਚ ਲਿਖਦੇ ਹਨ“Nanak vehemently spoke against organised religion and yet today, the religion that is attributed to him is one of the most prominent organised religions in the world “(p-xii) .
ਸਾਡੇ ਧਰਮ ਬਾਰੇ ਵਿਦੇਸ਼ੀ ਵਿਦਵਾਨ ਇੰਜ ਵਿਸ਼ਲੇਸ਼ਣ ਕਰ ਰਹੇ ਹਨ ਤਾਂ ਕੀ ਸਾਡੇ ‘ਸਰਬਰਾਹਾਂ’ ਨੂੰ ਸਿਰਜੋੜਨ ਦੀ ਲੋੜ ਨਹੀਂ ?
ਹੁਣ ਵੀ ਸਾਡੇ ਧਰਮ ਵਿੱਚ ਕੁਝ ਇਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ਼ ਸਿਖ ਧਰਮ ਨੂੰ ਕੱਟੜਤਾ ਦਾ ਜਾਮਾ ਪਹਿਨਾਕੇ ਬਦਨਾਮ ਕੀਤਾ ਜਾਵੇ । ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਦੌਰਾਨ ਇਕ ਵਿਅਕਤੀ ਨੂੰ ਕਤਲ ਕਰਕੇ ਉਸ ਨੂੰ ਸ਼ਰੇਆਮ ਲਟਕਾ ਦੇਣਾ ਕੋਈ ਇਕ ਘਟਨਾ ਨਹੀਂ ਸੀ । ਇਸੇ ਅੰਦੋਲਨ ‘ਚ ਹਿੱਸਾ ਲੈਣ ਵਾਲ਼ਿਆਂ ਨੂੰ ਵੱਖਵਾਦੀ ਤੇ ਖਾਲਿਸਤਾਨੀ ਗਰਦਾਨਣਾ ਵੀ ਇਕ ਸੋਚੀ ਸਮਝੀ ਸਾਜ਼ਿਸ ਸੀ ।
ਸਿਖ ਧਰਮ ‘ਚ ਰਾਜਨੀਤੀ ਧਰਮ ਨੂੰ ‘ਸੇਧ ਦੇਣ’ ਲੱਗ ਪਈ ਹੈ ਜਦੋਂ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਕਿਹਾ ਸੀ ਕਿ ਸਿਆਸਤ ਧਰਮ ਤੋਂ ਸੇਧ ਲਵੇਗੀ । ਇਸ ਦਾ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸੁਸ਼ੋਬਿਤ ਸ੍ਰੀ ਨਿਸ਼ਾਨ ਸਾਹਿਬ ਹਨ ਜਿਨ੍ਹਾਂ ‘ਚ ਪੀਰੀ ਦਾ ਨਿਸ਼ਾਨ ਸਾਹਿਬ ਮੀਰੀ ਤੋਂ ਉੱਚਾ ਹੈ ਅਤੇ ਸ੍ਰੀ ਆਕਾਲ ਤਖਤ ਸਾਹਿਬ ਦਾ ਸਾਹਮਣਾ ਹਿੱਸਾ ਸ੍ਰੀ ਦਰਬਾਰ ਸਾਹਿਬ ਨੂੰ ਬਿਲਕੁਲ ਸਿਧਾ ਨਾ ਹੋਕੇ ਥੋੜਾ ਜਿਹਾ ਉਤਰ ਦਿਸ਼ਾ ਵੱਲ ਟੇਡਾ ਹੈ । ਇਹ ਇਸ ਸੰਦੇਸ਼ ਦਾ ਪ੍ਰਤੀਕ ਹੈ ਕਿ ਰਾਜਨੀਤੀ ਕਦੇ ਵੀ ਧਰਮ ਦੇ ਬਰਾਬਰ ਨਹੀਂ ਹੋ ਸਕਦੀ ਸਗੋਂ ਧਰਮ ਦਾ ਸਥਾਨ ਸਰਬ-ਉੱਚ ਹੈ ।
ਸਿਖ ਧਰਮ ਦੇ ਆਗੂਆਂ ਅਤੇ ਵਿਦਵਾਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਤਾਂਕੇ ਸਾਡੀ ਕੌਮ ਦੇ ਵਿਰੁਧ ਦੁਸ਼ਮਣਾਂ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਨੂੰ ਕੋਈ ਹੋਰ ਵੱਡਾ ਨੁਕਸਾਨ ਕਰਨ ਤੋਂ ਪਹਿਲਾਂ ਹੀ ਚਿੱਤ ਕੀਤਾ ਜਾ ਸਕੇ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.