Press ReleasePunjabTop News

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਖੁਦ ਨੋਟਿਸ ਲੈ ਕੇ ਕਰੇਗਾ ਕਾਰਵਾਈ- ਜਥੇਦਾਰ ਗੜਗੱਜ

ਲੁਧਿਆਣਾ ਦੀ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਕੀਤਾ ਗਿਆ ਭਰਵਾਂ ਸਨਮਾਨ

ਅੰਮ੍ਰਿਤਸਰ, 24 ਮਾਰਚ 2025- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਅੱਜ ਲੁਧਿਆਣਾ ਦੇ ਪੁਰਾਣੀ ਸਬਜੀ ਮੰਡੀ ਇਲਾਕੇ ’ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਮੂਹ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ, ਜਿਥੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਅਹਿਮ ਐਲਾਨ ਕੀਤਾ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਸਥਾਵਾਂ ਅੱਜ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਲੈ ਕੇ ਬੇਹੱਦ ਚਿੰਤਤ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕਿਤੇ ਵੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਵਿੱਚ ਕਮੀ ਆਉਂਦੀ ਹੈ ਅਤੇ ਬੇਅਦਬੀ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਉਸ ਉੱਤੇ ਖੁਦ ਨੋਟਿਸ ਲੈ ਕੇ ਸਖ਼ਤ ਕਾਰਵਾਈ ਕਰੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲੇ ਵਿੱਚ ਭਾਵੇਂ ਸ਼ਿਕਾਇਤ ਆਵੇ ਜਾਂ ਨਾ, ਪਰ ਘਟਨਾ ਵਾਪਰਨ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਪ ਕਾਰਵਾਈ ਅੱਗੇ ਵਧਾਏਗਾ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਗੁਰੂ ਸਾਹਿਬ ਦੇ ਸਤਿਕਾਰ ਅਤੇ ਮਾਣ ਮਰਯਾਦਾ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਤੈਅ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ।
ਜਥੇਦਾਰ ਗੜਗੱਜ ਨੇ ਬੀਤੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲਦੇ ਸੋਦਰ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਬੇਅਦਬੀ ਦੇ ਮਾਮਲੇ ਵਿੱਚ ਸਰਕਾਰ ਉੱਤੇ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਸ ਦੋਸ਼ੀ ਦੀ ਪਛਾਣ ਡੀਐੱਨਏ ਟੈਸਟ ਰਾਹੀਂ ਕਰਵਾਉਣ ਲਈ ਕੀਤੀ ਮੰਗ ਦੇ ਬਾਵਜੂਦ ਹੁਣ ਤੱਕ ਸਰਕਾਰ ਉਸ ਦੀ ਪਛਾਣ ਨਸ਼ਰ ਕਿਉਂ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਉਸ ਵਿਅਕਤੀ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਨੂੰ ਨਸ਼ਰ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਉਨ੍ਹਾਂ ਸਮੁੱਚੇ ਪੰਥ ਨੂੰ ਇਸ ਸਬੰਧੀ ਅਵਾਜ਼ ਬੁਲੰਦ ਕਰਨ ਲਈ ਕਿਹਾ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਏਕਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਅੱਜ ਜੋ ਚੁਣੌਤੀਆਂ ਹਨ ਉਨ੍ਹਾਂ ਦਾ ਟਾਕਰਾ ਗੁਰੂ ਦੇ ਇੱਕਜੁੱਟਤਾ ਵਾਲੇ ਸਿਧਾਂਤ ਨਾਲ ਹੀ ਸੰਭਵ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਵਿਚਕਾਰ ਵਖਰੇਵੇਂ ਪਹਿਲਾਂ ਵੀ ਹੁੰਦੇ ਸਨ ਅਤੇ ਅੱਜ ਵੀ ਹਨ, ਪਰ ਅੱਜ ਸਿੱਖ ਸੰਸਥਾਵਾਂ ਨੂੰ ਚੁਣੌਤੀਆਂ ਦੇ ਮੱਦੇਨਜ਼ਰ ਅਤੇ ਸਿੱਖ ਸੰਸਥਾਵਾਂ ਦੀ ਸ਼ਾਨ ਨੂੰ ਕਾਇਮ ਰੱਖਣ ਲਈ, ਲੋੜ ਹੈ ਕਿ ਅਸੀਂ ਗੁਰੂ ਸਾਹਿਬ ਦੇ ਸਿਧਾਂਤ ਅਨੁਸਾਰ ਇੱਕਜੁੱਟ ਹੋ ਕੇ ਰਹੀਏ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮੇਂ-ਸਮੇਂ ਹਕੂਮਤਾਂ ਨੇ ਢਾਹੁਣ ਦਾ ਯਤਨ ਕੀਤਾ ਪਰ ਸਿੱਖ ਹਮੇਸ਼ਾ ਇਨ੍ਹਾਂ ਅਸਥਾਨਾਂ ਲਈ ਜੂਝਦੇ ਰਹੇ ਅਤੇ ਅਗਾਂਹ ਵੀ ਜੂਝਦੇ ਰਹਿਣਗੇ। ਗੁਰੂ ਸਾਹਿਬਾਨ ਨੇ ਸਰਬੱਤ ਦਾ ਭਲਾ ਲੋਚਣ ਵਾਲੀ ਇੱਕ ਅਣਖੀਲੀ ਕੌਮ ਦੀ ਸਿਰਜਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਅਤੇ ਸਿੱਖ ਸੰਸਥਾਵਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਹ ਦਿੱਲੀ ਤੋਂ ਆਇਆ ਇੱਕ ਬਿਆਨ ਸੁਣ ਰਹੇ ਸਨ ਕਿ ਸਿੱਖ ਜੇਲ੍ਹ ਅੰਦਰ ਗੁਰਬਾਣੀ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੇਵਲ ਜੇਲ੍ਹਾਂ ਵਿੱਚ ਹੀ ਗੁਰਬਾਣੀ ਨਹੀਂ ਪੜ੍ਹਦੇ, ਸਿੱਖ ਤਾਂ ਉਦੋਂ ਵੀ ਗੁਰਬਾਣੀ ਪੜ੍ਹਦੇ ਹਨ ਜਦੋਂ ਉਹ ਚਰਖੜੀਆਂ ਉੱਤੇ ਚਾੜ੍ਹੇ ਜਾਂਦੇ ਹਨ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਦੋਂ ਗੁਰੂ ਤੇਗ਼ ਬਹਾਦਰ ਪਾਤਸ਼ਾਹ ਅਤੇ ਉਨ੍ਹਾਂ ਦੇ ਅਨਿੰਨ ਸਿੱਖਾਂ ਨੇ ਸ਼ਹਾਦਤ ਦਿੱਤੀ ਉਦੋਂ ਵੀ ਉਹ ਗੁਰਬਾਣੀ ਹੀ ਪੜ੍ਹ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰਬਾਣੀ ਸਿੱਖਾਂ ਦਾ ਅਧਾਰ ਅਤੇ ਜੀਵਨ ਹੈ, ਜਿਸ ਤੋਂ ਸਿੱਖ ਨੂੰ ਕਦੇ ਤੋੜਿਆ ਨਹੀਂ ਜਾ ਸਕਦਾ।
ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਿਹੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਦੇਹਧਾਰੀ ਗੁਰੂ ਡੰਮ ਅੱਗੇ ਨਤਮਸਤਕ ਹੁੰਦੇ ਹਨ ਅਤੇ ਅੰਮ੍ਰਿਤ ਵੀ ਨਹੀਂ ਛਕਦੇ ਅੱਜ ਉਹ ਵੀ ਸਿੱਖ ਸੰਸਥਾ ਦੇ ਵਿਰੋਧ ਦੀ ਗੱਲ ਕਰ ਰਹੇ ਹਨ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਚੁਣੌਤੀਆਂ ਦੇ ਮੱਦੇਨਜ਼ਰ ਇੱਕ ਵਾਰ ਫਿਰ ਪੰਥਕ ਏਕਤਾ ਦੀ ਪੁਰਜ਼ੋਰ ਅਪੀਲ ਕੀਤੀ।
ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਉੱਤੇ ਗੱਲ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੇਵਲ ਪੰਥ ਹੀ ਨਸ਼ਿਆਂ ਨੂੰ ਰੋਕ ਸਕਦਾ ਹੈ ਅਤੇ ਪੰਥ ਤੋਂ ਬਿਨਾਂ ਬਾਕੀ ਸਭ ਸਿੱਖਾਂ ਦੀ ਬਰਬਾਦੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’ ਸਿਧਾਂਤ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਅਗਾਂਹ ਵਧਾਈਏ, ਕਿਉਂਕਿ ਹਰ ਸਿੱਖ ਇੱਕ ਪ੍ਰਚਾਰਕ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾ ਸਕਦਾ ਅਤੇ ਨਸ਼ਿਆਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।
ਅੰਤ ਵਿੱਚ ਉਨ੍ਹਾਂ ਖ਼ਾਲਸਾ ਪੰਥ ਨੂੰ ਬਚਨ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿੱਖਾਂ ਨੂੰ ਜਾਨੋਂ ਵੱਧ ਪਿਆਰੇ ਹਨ ਅਤੇ ਜਿਹੜੀਆਂ ਵੀ ਪੰਥ-ਵਿਰੋਧੀ ਤਾਕਤਾਂ ਇਨ੍ਹਾਂ ਗੁਰੂ ਘਰਾਂ ਉੱਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਰ ਸਿੱਖ ਨੂੰ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਥ ਨੂੰ ਵੰਡਣ ਵਾਲੀਆਂ ਸ਼ਕਤੀਆਂ ਜਿੰਨਾਂ ਮਰਜ਼ੀ ਵੰਡਣ ਦੀਆਂ ਕੋਸ਼ਿਸ਼ਾਂ ਕਰ ਲੈਣ ਪਰ ਗੁਰੂ ਦਾ ਪੰਥ ਇਨ੍ਹਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਇੱਕਜੁੱਟਤਾ ਨਾਲ ਟਾਕਰਾ ਕਰੇਗਾ।
ਜਥੇਦਾਰ ਗੜਗੱਜ ਨੇ ਸਿੰਘ ਸਭਾਵਾਂ ਦੇ ਮੋਢੀਆਂ ਨੂੰ ਯਾਦ ਕਰਦਿਆਂ ਸਨਮਾਨ ਲਈ ਸਮੂਹ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਪੰਥ ਜਿੱਥੇ ਵੀ ਅਵਾਜ਼ ਮਾਰੇਗਾ ਉਹ ਉੱਥੇ ਹਾਜ਼ਰ ਹੋਣਗੇ।
ਇਸ ਮੌਕੇ ਵੱਖ-ਵੱਖ ਸਿੰਘ ਸਭਾ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਹਾਜ਼ਰ ਸਨ ਜਿਨ੍ਹਾਂ ਵਿੱਚ ਸ. ਹੀਰਾ ਸਿੰਘ ਗਾਬੜੀਆ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਬਾਬਾ ਅਜੀਤ ਸਿੰਘ, ਸ. ਬਲਵਿੰਦਰ ਸਿੰਘ ਲਾਇਲਪੁਰੀ, ਸ. ਪ੍ਰਿਤਪਾਲ ਸਿੰਘ, ਸ. ਗੁਰਮੀਤ ਸਿੰਘ, ਸ. ਰਣਜੋਧ ਸਿੰਘ, ਸ. ਇੰਦਰਜੀਤ ਸਿੰਘ ਮੱਕੜ, ਸ. ਗੁਰਦੇਵ ਸਿੰਘ, ਸ. ਹਰਪ੍ਰੀਤ ਸਿੰਘ ਬੇਦੀ, ਸ. ਕੁਲਵਿੰਦਰ ਸਿੰਘ ਬੈਨੀਪਾਲ, ਸ. ਜਗਜੀਤ ਸਿੰਘ, ਸ. ਰਖਵਿੰਦਰ ਸਿੰਘ, ਸ. ਚਤਰਵੀਰ ਸਿੰਘ, ਸ. ਰਛਪਾਲ ਸਿੰਘ, ਸ. ਅੰਗਰੇਜ਼ ਸਿੰਘ, ਸ. ਜਸਦੀਪ ਸਿੰਘ, ਸ. ਸੁਰਜੀਤ ਸਿੰਘ, ਬੀਬੀ ਗੁਰਦੀਪ ਕੌਰ, ਸ. ਗੁਰਪ੍ਰੀਤ ਸਿੰਘ ਆਦਿ ਸ਼ਾਮਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button