Opinion

ਖ਼ੁਦਾ ਨਾਲ ਮੁਹੱਬਤ ਅਤੇ ਅਵੱਲੜੇ ਇਸ਼ਕ ਦੀਆਂ ਬਾਤਾਂ ਪਾਉਂਦਾ ਕਾਵਿ ਸੰਗ੍ਰਹਿ “ਇਸ਼ਕ ਅਵੱਲੜਾ”

ਕਾਵਿ ਸੰਗ੍ਰਹਿ:ਇਸ਼ਕ ਅਵੱਲੜਾ
ਲੇਖਕ: ਅੰਗਰੇਜ਼ ਵਿਰਕ
ਸੰਪਰਕ:9815022869
ਪਬਲਿਸ਼ਰ:ਜੇਪੀ ਪਬਲੀਕੇਸ਼ਨ ਪਟਿਆਲਾ

ਅੰਗਰੇਜ਼ ਵਿਰਕ ਪੰਜਾਬੀ ਸਾਹਿਤ ਦੀਆਂ ਲੋਕ ਕਲਾਵਾਂ ਦੀ ਕਵਿਤਾ ਵੰਨਗੀ ਦਾ ਗੰਭੀਰ, ਸੋਹਜਮਈ, ਮਾਨਵਵਾਦੀ, ਚਿੰਤਨ ਸੋਚ ਦਾ ਕਲਾਤਮਿਕ ਕਵੀ ਹੈ। ਉਸਦੇ ਕਵਿਤਾ ਸਿਰਜਣ ਦੀ ਸੂਖਮਤਾ ਤੋਂ ਹੀ ਉਹਦੀ ਗੰਭੀਰਤਾ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਉਹ ਅਧਿਆਤਮਵਾਦ ਚ ਗੜੁੱਚ ਖ਼ੁਦਾ ਨਾਲ ਮੁਹੱਬਤੀ ਇਸ਼ਕ ਦੇ ਅਵੱਲੜੇ ਲਗਾਆ ਦਾ ਪੱਖ ਪੂਰਦਾ ਹੈ।ਉਹ ਹਕੀਕੀ ਇਸ਼ਕ ਦੇ ਯਥਾਰਥ ਨੂੰ ਸਮਝਣ ਅਤੇ ਸਮਝਾਉਣ ਦੀਆਂ ਕੋਸ਼ਿਸ਼ਾਂ ਦਾ ਹਾਮੀ ਅਤੇ ਮੁੱਦਈ ਸ਼ਾਇਰ ਹੈ। ਉਹਦੀਆਂ ਰਚਨਾਵਾਂ ਚੋਂ ਅਕਾਲਪੁਰਖ ਦੀ ਦਰਗਾਹ ਤੋਂ ਅਨਹਦ ਧੁਨੀ ਦੀ ਇੱਕਮਿੱਕਤਾ ਦੇ ਅਹਿਸਾਸ ਨਾਲ ਮਨ ਨੱਚ ਉਠਦਾ ਹੈ।ਉਹਦਾ ਕਾਵਿ ਸੰਗ੍ਰਹਿ “ਇਸ਼ਕ ਅਵੱਲੜਾ” ਵਾਕਿਆ ਹੀ ਕਿਸੇ ਅਵੱਲੜੇ ਹਕੀਕੀ ਇਸ਼ਕ ਦੀਆਂ ਧੁਨੀਆਂ ਚੋਂ ਉਪਜਿਆ ਜਾਪਦਾ ਹੈ।ਉਹ ਲਿਖਦਾ ਹੈ –

ਨੀ ਅੜੀਓ ਮੈਂ ਇਸ਼ਕ ਅਵੱਲੜਾ ਲਾ ਬੈਠੀ,
ਉਸੇ ਵਿੱਚ ਮੈਂਨੂੰ ਰੱਬ ਦਿਸਦਾ, ਉਸਦੇ ਦਰਸ਼ਨ ਪਾ ਬੈਠੀ।
ਉਹਦੀ ਭਾਵਨਾਤਮਕ ਵਿਚਾਰਧਾਰਾ ਉਹਨੂੰ ਖ਼ੁਦਾ ਦੀ ਬੰਦਗੀ ਦੇ ਔਕੜਾਂ ਭਰੇ ਰਸਤਿਆਂ ਦੀਆਂ ਸੰਭਾਵਨਾਵਾਂ ਚੋਂ ਉਭਰਨ ਲਈ ਦ੍ਰਿੜ ਸੰਕਲਪ ਹੋਣ ਦਾ ਸੁਨੇਹਾ ਦਿੰਦੀ ਹੈ।ਉਹਦਾ ਕਹਿਣਾ ਹੈ –
‘ਬਾਣੀ ਕਲਮਾਂ ਪੜ੍ਹ ਕੇ ਮਿਲਦਾ ਜਾਂ ਅਗਨੀ ਵਿਚ ਖੜ੍ਹ ਕੇ ਮਿਲਦਾ,
ਚਰਖੜੀਆਂ ਤੇ ਚੜ੍ਹ ਕੇ ਮਿਲਦਾ ਜਾਂ ਰੇਤਾਂ ਵਿਚ ਸੜ ਕੇ ਮਿਲਦਾ,
ਛੋਟੇ ਹੱਥ ਨਿੱਕੀਆਂ ਤਲਵਾਰਾਂ ਹੱਕ ਸੱਚ ਲਈ ਲੜ ਕੇ ਮਿਲਦਾ, ਛੋਟੀਆਂ ਜਿੰਦਾਂ ਵੱਡੇ ਸਾਕੇ ਜਾਂ ਨੀਂਹਾਂ ਵਿੱਚ ਖੜ੍ਹ ਕੇ ਮਿਲਦਾ।’

ਅੰਗਰੇਜ਼ ਵਿਰਕ ਦੀਆਂ ਕਵਿਤਾਵਾਂ ਵਿਚ ਗੰਭੀਰਤਾ ਦੇ ਨਾਲ ਨਾਲ ਸੰਜੀਦਗੀ, ਵਿਲੱਖਣਤਾ ਅਤੇ ਰਵਾਨਗੀ ਹੈ। ਉਹਨਾਂ ਬੁੱਲੇ ਸ਼ਾਹ ਦੀਆਂ ਕਾਫੀਆਂ ਵਾਂਗਰਾਂ ਆਪਣੀਆਂ ਰਚਨਾਵਾਂ ਨੂੰ ਸੂਫ਼ੀਆਨਾ ਰੰਗਤ ਵਿੱਚ ਬਾਕਮਾਲ ਰੰਗਿਆ ਹੈ।ਉਹਦਾ ਮੰਨਣਾ ਹੈ ਖ਼ੁਦਾਈ ਹਕੀਕੀ ਇਸ਼ਕ ਦੀਆਂ ਮੰਜ਼ਿਲਾਂ ਦੇ ਰਾਹ ਸੁਖਾਲੇ ਤਹਿ ਨਹੀਂ ਹੁੰਦੇ , ਇਹਦੇ ਲਈ ਰੇਤਿਆਂ ਚ ਸੜਨਾ ਪੈਂਦੈ,ਸੂਲੀ ਚੜਨਾ ਪੈਂਦੈ,ਸਮਾਜ ਨਾਲ ਲੜਨਾਂ ਪੈਂਦੈ, ਕੰਡਿਆਂ ਦੀ ਸੇਜਾਂ ਤੇ ਸੌਣਾ ਪੈਂਦੈ। ਹੱਥਾਂ ਚ ਅੱਟਣ ਅਤੇ ਪੈਰਾਂ ਚ ਛਾਲਿਆਂ ਤੋਂ ਬੇਪਰਵਾਹ ਹੋਣਾ ਪੈਂਦੈ।ਉਸ ਦੀਆਂ ਕਵਿਤਾਵਾਂ ਚੋਂ ਸੂਫ਼ੀਆਨਾ ਰੰਗ ਸਾਫ਼ ਝਲਕਦਾ ਹੈ, ਜਿਵੇਂ;

‘ਸੂਲੀ ਤੇ ਚੜ੍ਹ ਇਸ਼ਕ ਨੂੰ ਪਾਉਣਾ,
ਸੂਲਾਂ ਵਰਗੇ ਨੇ ਸੇਜ਼ ਇਸ਼ਕ ਦੇ,
ਅੰਗਰੇਜ਼ ਵਿਰਕ ਦੇ ਸਿਰ ਨਾਲ ਨਿਭੀਆਂ,
ਉਹੀ ਜਾਣੇ ਭੇਦ ਇਸ਼ਕ ਦੇ।’

ਉਹਦੇ ਕੋਲ ਸ਼ਬਦਾਂ ਦਾ ਅਥਾਹ ਸਮੁੰਦਰ ਹੈ ਅਤੇ ਸਮੁੰਦਰ ਤੋਂ ਵੀ ਗਹਿਰੀ ਸੋਚ ਹੈ। ਵਡਮੁੱਲੇ ਵਿਚਾਰਾਂ ਨੂੰ ਸ਼ਬਦਾਂ ਚ ਦੀ ਮਾਲਾ ਚ ਪਰੋਣ ਦਾ ਸਹੂਰ ਹੈ। ਤਾਹੀਓਂ ਉਹਦੀ ਕਾਵਿ ਸਿਰਜਣਾ ਚੋਂ ਖ਼ੁਦਾ ਦੀ ਬੰਦਗੀ ਵਰਗੇ ਇਸ਼ਕ ਦੀ ਖ਼ੁਸ਼ਬੂ ਆਉਂਦੀ ਹੈ।ਕੁਦਰਤ ਅਤੇ ਮਾਨਵਤਾਵਾਦੀ ਸੋਚ ਦੇ ਧਾਰਨੀ ਹੋਣ ਕਾਰਣ ਪਰਿਵਾਰਕ ਸਾਂਝਾਂ ਚ ਗੜੁੱਚ ਵਿਰਕ ਹਰ ਇਕ ਨੂੰ ਆਪਣਾ ਲੈਣ ਦੀ ਸਮਰੱਥਾ ਰੱਖਦਾ ਹੈ।

‘ਇਹ ਦੁਨਿਆਵੀ ਪਾੜੇ,
ਮੈਂ ਪੜ ਕੇ ਆਈ ਉਸ ਜਹਾਨ ਦੀਆਂ,
ਮੈਂ ਨੀਵਾਂ ਬਸ ਮੈਂ ਨੀਵਾਂ,
ਗੱਲਾਂ ਉਸ ਸੁਲਤਾਨ ਦੀਆਂ।
ਮਨ ਸੱਚੀ ਨੀਅਤ ਹੈ ਆਪਣੀ
ਸ਼ੁਰੂ ਸੱਚੀ ਰੀਤ ਹੈ ਆਪਣੀ,
ਜਨਮ ਸਫਲ ਹੈ ਇੱਕ ਸ਼ਬਦ ਨਾਲ,
ਇੱਕੋ ਨਾਲ ਨਿਭਾਈ ਪ੍ਰੀਤ ਹੈ ਆਪਣੀ।’

ਇਹ ਕਾਵਿ ਸੰਗ੍ਰਹਿ ਕਿਸੇ ਮਜ਼ਹਬ,ਕੌਮ ਵਿਤਕਰੇ ਤੋਂ ਕੋਹਾਂ ਪਰੇ ਹੈ, ਪਰ ਹਰ ਕਵਿਤਾ ਚ ਕਵੀ ਮਾਨਵਤਾਵਾਦੀ ਸੋਚ ਦਾ ਧਾਰਣੀ ਬਣਕੇ ਉਸ ਖ਼ੁਦਾ ਦੀਆਂ ਰਹਿਮਤਾਂ ਦੀ ਬਾਤ ਪਾਉਂਦਾ ਹੈ।ਪੁਸਤਕ ਨੂੰ ਪੜਦਿਆਂ ਰੁਚੀ ਚ ਖੜੋਤ ਨਹੀਂ ਆਉਂਦੀ,ਬਲਕਿ ਪ੍ਰਬਲਤਾ ਉਤਪੰਨ ਹੁੰਦੀ ਹੈ।ਅਨਹਦ ਨਾਦ ਚ ਮਲੀਨ ਹੋ ਜਾਣ ਦਾ ਅਹਿਸਾਸ ਹੁੰਦਾ ਹੈ। ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਦਸਤਾਵੇਜ਼ ਹੈ। ਅੰਗਰੇਜ਼ ਵਿਰਕ ਦੀ ਕਲਮ ਦੇ ਇਸੇ ਤਰ੍ਹਾਂ ਭਵਿੱਖ ਚ ਵੀ ਸਕਰਾਤਮਿਕ ਸੰਭਾਵਨਾਵਾਂ ਦੀ ਪ੍ਰਤੀਕ ਬਣੇ ਰਹਿਣ ਲਈ ਦੁਆਵਾਂ ।

ਰਿਵਿਊਕਾਰ: ਇੰਜੀ.ਸਤਨਾਮ ਸਿੰਘ ਬੀਂਬੜ,
ਬੀਂਬੜ੍ਹ, ਸੰਗਰੂਰ

ਪੰਨੇ:128
ਮੁੱਲ:230
9779708257

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button