Breaking NewsD5 specialNewsPress NotePunjabTop News

ਕੈਬਨਿਟ ਮੰਤਰੀਆਂ ਨੇ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੀ 130ਵੀਂ ਜਨਮ ਵਰ੍ਹੇਗੰਢ ‘ਤੇ ਯਾਦ ਕੀਤਾ

ਪੰਜਾਬ ਭਵਨ ਵਿਖੇ ਹੋਏ ਸਮਾਗਮ ਵਿੱਚ ਦਿੱਤੀ ਸ਼ਰਧਾਂਜਲੀ
ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਸਮਾਜ ਦੇ ਉਥਾਨ ਲਈ ਵਧੇਰੇ ਮਹੱਤਵਪੂਰਨ: ਧਰਮਸੋਤ
ਡਾ. ਅੰਬੇਡਕਰ ਨੇ ਸੰਵਿਧਾਨ ਰਾਹੀਂ ਮਹਿਲਾਵਾਂ ਲਈ ਬਰਾਬਰ ਹੱਕਾਂ ਨੂੰ ਯਕੀਨੀ ਬਣਾਇਆ
ਚੰਡੀਗੜ੍ਹ : ਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸ੍ਰੀਮਤੀ ਅਰੁਣਾ ਚੌਧਰੀ ਸਮੇਤ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਅੱਜ ਇੱਥੇ ਉੱਘੇ ਵਿਦਵਾਨ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੀ 130ਵੀਂ ਜਨਮ ਵਰ੍ਹੇਗੰਢ ਮੌਕੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਅੱਜ ਇਥੇ ਪੰਜਾਬ ਭਵਨ ਵਿਖੇ ਹੋਏ ਇੱਕ ਸਮਾਗਮ ਦੌਰਾਨ ਸ੍ਰੀ ਧਰਮਸੋਤ ਨੇ ਕਿਹਾ ਕਿ ਡਾ. ਅੰਬੇਡਕਰ ਇੱਕ ਉੱਘੇ ਨਿਆਂਇਕ, ਅਰਥਸ਼ਾਸਤਰੀ, ਲੇਖਕ, ਦਾਰਸ਼ਨਿਕ ਅਤੇ ਸਮਾਜ ਸੁਧਾਰਕ ਸਨ। ਉਹ ਭਾਰਤ ਦੇ ਸੰਵਿਧਾਨ ਦੇ ਮੁੱਖ ਰਚਨਹਾਰ ਸਨ। ਅੱਜ ਉਨ੍ਹਾਂ ਦਾ ਨਾਮ ਨਾ-ਬਰਾਬਰੀ ਅਤੇ ਜ਼ੁਲਮ ਦੇ ਵਿਰੁੱਧ ਲੜਨ ਦਾ ਪ੍ਰਤੀਕ ਬਣ ਗਿਆ ਹੈ ਜਿਸਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਡਾ. ਅੰਬੇਡਕਰ ਵੱਲੋਂ ਰਾਖਵੇਂਕਰਨ ਰਾਹੀਂ ਦੱਬੇ-ਕੁਚਲੇ ਲੋਕਾਂ ਨੂੰ ਸਮਾਜਿਕ ਤੌਰ `ਤੇ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦਾ ਨਾਮ ਰਾਜਨੀਤਿਕ ਪਾਰਟੀਆਂ ਵਿਚ ਗੂੰਜਦਾ ਹੈ ਅਤੇ ਉਨ੍ਹਾਂ ਦੀਆਂ ਲਿਖਤਾਂ ਅਤੇ ਭਾਸ਼ਣ ਹੁਣ ਵਿਦਵਤਾਪੂਰਨ ਖੋਜ ਦਾ ਵਿਸ਼ਾ ਬਣੇ ਹਨ ਕਿ ਕਿਵੇਂ ਉਨ੍ਹਾਂ ਨੇ ਹਾਸ਼ੀਏ `ਤੇ ਧੱਕੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ।ਜਦੋਂ ਤੱਕ ਜਾਤੀ ਵਿਵਸਥਾ ਅਤੇ ਇਸਦੇ ਆਲੇ ਦੁਆਲੇੇ ਸੰਘਰਸ਼ ਮੌਜੂਦ ਹੈ, ਡਾ. ਅੰਬੇਡਕਰ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਜਾਤ-ਪਾਤ ਨਾਲ ਭਰੇ ਸਮਾਜ ਦੁਆਲੇ ਦੇ ਹਰ ਖੇਤਰ ਵਿੱਚ ਸਾਰਥਿਕ ਰਹਿਣਗੀਆਂ।
ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਦੱਬੇ ਕੁਚਲੇ ਵਰਗ ਲਈ ਕੀਤੇ ਗਏ ਉਪਰਾਲਿਆਂ ਨੂੰ ਸਹੀ ਅਰਥਾਂ ਵਿੱਚ ਮਿਸਾਲੀ ਦੱਸਿਆ। ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਵਜ਼ੀਫ਼ਾ ਸਕੀਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਕਦਮ ਨਾਲ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਆਪਣੇ ਫੈਸਲੇ ਵਾਪਸ ਲੈ ਕੇ ਦੇਸ਼ ਭਰ ਵਿੱਚ ਇਹ ਸਕੀਮ ਨੂੰ ਕਾਇਮ ਰੱਖਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਸ਼ਗਨ ਸਕੀਮ ਦੀ ਰਾਸ਼ੀ ਵਿੱਚ ਹੋਏ ਵਾਧੇ ਅਤੇ ਦੱਬੇ ਕੁਚਲੇ ਲੋਕਾਂ ਦੇ ਉਥਾਨ ਲਈ ਚੁੱਕੇ ਹੋਰ ਕਦਮਾਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਡਾ. ਅੰਬੇਡਕਰ ਵੱਲੋਂ ਸਮਾਜ ਦੇ ਦੱਬੇ ਕੁਚਲੇ ਵਰਗਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਸੰਘਰਸ਼ ਹਰ ਪੀੜ੍ਹੀ ਲਈ ਇੱਕ ਮਿਸਾਲ ਬਣਿਆ ਰਹੇਗਾ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਡਾ. ਬੀ. ਆਰ. ਅੰਬੇਡਕਰ ਦੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਅਤੇ ਇਕ ਮਜ਼ਬੂਤ ਅਤੇ ਖੁਸ਼ਹਾਲ ਪੰਜਾਬ ਦੇ ਨਿਰਮਾਣ ਵਿਚ ਯੋਗਦਾਨ ਪਾਉਣ।
ਉਨ੍ਹਾਂ ਨੇ ਸੰਵਿਧਾਨ ਵਿਚ ਮਹਿਲਾਵਾਂ ਲਈ ਬਰਾਬਰ ਅਧਿਕਾਰ ਯਕੀਨੀ ਬਣਾਉਣ ਪ੍ਰਤੀ ਡਾ. ਅੰਬੇਡਕਰ ਦੇ ਵਿਚਾਰਾਂ `ਤੇ ਵੀ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮਹਿਲਾਵਾਂ ਦੀ ਆਰਥਿਕ ਸ਼ਮੂਲੀਅਤ ਲਈ ਕਈ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਜਿਵੇਂ ਕਿ ਸਰਕਾਰੀ ਨੌਕਰੀਆਂ ਵਿਚ 33 ਫੀਸਦੀ ਰਾਖਵਾਂਕਰਨ, ਪੰਚਾਇਤਾਂ ਅਤੇ ਯੂ.ਐਲ.ਬੀਜ਼ ਦੀਆਂ ਚੋਣਾਂ ਵਿਚ 50 ਫੀਸਦੀ ਰਾਖਵਾਂਕਰਨ, ਲੜਕੀਆਂ ਲਈ ਮੁਫਤ ਸਮਾਰਟਫੋਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਤਿਕਾਰ ਵਜੋਂ ਮੁਹਾਲੀ ਦੇ ਮੈਡੀਕਲ ਕਾਲਜ ਦਾ ਨਾਮ ਵੀ ਡਾ. ਅੰਬੇਡਕਰ ਦੇ ਨਾਮ `ਤੇ ਰੱਖਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਅਤੇ ਡਾਇਰੈਕਟਰ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਸ੍ਰੀ ਮਾਲਵਿੰਦਰ ਸਿੰਘ ਜੱਗੀ ਵੀ ਮੌਜੂਦ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button