ਕੈਪਟਨ ਨੇ ਬਾਦਲਾਂ ਦੀ ਨੂੰਹ ਨੂੰ ਮੋੜੀ ਭਾਜੀ !
ਬਠਿੰਡਾ : ਕੋਰੋਨਾ ਵਾਇਰਸ ਲਾਕਡਾਊਨ ਦੇ ਵਿੱਚ ਪੰਜਾਬ ਨੂੰ ਵਿਸ਼ੇਸ਼ ਪੈਕੇਜ ਨੂੰ ਲੈ ਕੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵਿੱਚ ਤਕਰਾਰ ਸਾਹਮਣੇ ਆਈ ਹੈ। ਹਰਸਿਮਰਤ ਕੌਰ ਬਾਦਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਕੋਵਿਡ – 19 ਦਾ ਮੁਕਾਬਲਾ ਕਰਨ ਲਈ ਪੰਜਾਬ ਨੂੰ ਧਨਰਾਸ਼ੀ ਅਤੇ ਖਾਧ ਪਦਾਰਥ ਦੇ ਕੇ ਮਦਦ ਕੀਤੀ ਹੈ। ਹਰਸਿਮਰਤ ਨੇ ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਦੁਆਰਾ ਕੇਂਦਰ ਵੱਲੋਂ ਵਿਸ਼ੇਸ਼ ਪੈਕੇਜ ਅਤੇ ਜੀਐਸਟੀ ਬਾਕੀ ਜਾਰੀ ਕਰਨ ਦੀ ਮੰਗ ਕਰਨ ਦੇ ਕੁੱਝ ਦਿਨਾਂ ਬਾਅਦ ਇਹ ਦਾਅਵਾ ਕੀਤਾ ਹੈ।
ਕੈਪਟਨ-ਹਰਸਿਮਰਤ `ਚ ਖੜਕੀ, ਬਾਦਲਾਂ ਦੀ ਨੂੰਹ ਨੂੰ ਮੋੜੀ ਭਾਜੀ,ਖਹਿਰਾ ਵੀ ਲਾ ਗਿਆ ਸੀਪ!
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਪੰਜਾਬ ਵੱਲੋਂ ਕੇਂਦਰ ਤੋਂ ਹਾਸਿਲ ਕੀਤੇ ਫੰਡਾਂ ਦਾ ਸੰਬੰਧ ਹੈ, ਸੂਬੇ ਨੂੰ ਹੁਣ ਤਕ ਕੇਂਦਰ ਸਰਕਾਰ ਵੱਲੋਂ 3485 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ, ਜਿਹਨਾਂ ਵਿੱਚ 2366 ਕਰੋੜ ਰੁਪਏ ਜੀਐਸਟੀ ਮੁਆਵਜ਼ਾ ਅਤੇ ਬਕਾਇਆ, 638 ਕਰੋੜ ਰੁਪਏ ਵਿੱਤੀ ਗਰਾਂਟ, 247 ਕਰੋੜ ਰੁਪਏ ਕੁਦਰਤੀ ਆਫ਼ਤ ਰੋਕੂ ਪ੍ਰਬੰਧਾਂ ਤਹਿਤ, 72 ਕਰੋੜ ਰੁਪਏ ਮਨਰੇਗਾ ਲਈ, 41 ਕਰੋੜ ਰੁਪਏ ਕੌਮੀ ਸਿਹਤ ਮਿਸ਼ਨ ਅਧੀਨ ਅਤੇ 72 ਕਰੋੜ ਰੁਪਏ ਪ੍ਰਧਾਨ ਮੰਤਰੀ ਵੱਲੋਂ ਸਿਹਤ ਸੰਭਾਲ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਐਲਾਨੇ ਪੈਕਜ ਤਹਿਤ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਨੂੰ ਕੇਂਦਰ ਵੱਲੋਂ 10.70 ਲੱਖ ਹਾਈਡਰੋਕਲੋਰੋਕੁਇਨ ਗੋਲੀਆਂ, 33,615 ਐਨ-95 ਮਾਸਕ ਅਤੇ 4500 ਪੀਪੀਈ ਕਿਟਾਂ ਦਿੱਤੀਆਂ ਜਾ ਚੁੱਕੀਆਂ ਹਨ।
ਬੀਬਾ ਬਾਦਲ ਨੇ ਕਿਹਾ ਕਿ ਪੰਜਾਬੀ ਇਹ ਜਾਣਨਾ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਕੋਲੋਂ ਕੁਦਰਤੀ ਆਫ਼ਤ ਰੋਕੂ ਪ੍ਰਬੰਧਾਂ ਸਣੇ ਵੱਖ ਵੱਖ ਵਿਭਾਗਾਂ ਕੋਲੋਂਂ ਇੰਨੇ ਫੰਡ ਹਾਸਿਲ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਕਰਫਿਊ ਦੌਰਾਨ ਸਭ ਤੋਂਂ ਵੱਧ ਤਕਲੀਫਾਂ ਭੋਗ ਰਹੇ ਲੋਕਾਂ ਦੀ ਮੱਦਦ ਕਿਉਂ ਨਹੀਂ ਕਰ ਰਹੀ ਹੈ? ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਹੇ ਸਿਹਤ ਕਾਮਿਆਂ ਨੂੰ ਅਜੇ ਤੀਕ ਐਨ-95 ਮਾਸਕ ਅਤੇ ਪੀਪੀਈ ਕਿਟਾਂ ਵੀ ਨਹੀਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸਿਹਤ ਸੰਭਾਲ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਫੰਡ ਹਾਸਿਲ ਕਰਨ ਦੇ ਬਾਵਜੂਦ ਅਜੇ ਤੀਕ ਸਰਕਾਰੀ ਹਸਪਤਾਲਾਂ ਵਿਚ ਲੋੜੀਂਦੇ ਵੈਂਟੀਲੇਟਰ ਮੁਹੱਈਆ ਨਹੀਂ ਕਰਵਾਏ ਹਨ।
ਬੀਬਾ ਬਾਦਲ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ। ਕੇਂਦਰ ਸਰਕਾਰ ਵੱਲੋਂ 26 ਮਾਰਚ ਤੋਂ ਬਾਅਦ ਪੰਜਾਬ ਦੀ ਅੱਧੀ ਆਬਾਦੀ ਯਾਨਿ 1.4 ਕਰੋੜ ਲੋਕਾਂ ਲਈ 15 ਕਿਲੋ ਆਟਾ ਅਤੇ ਤਿੰਨ ਕਿਲੋ ਦਾਲ ਪ੍ਰਤੀ ਪਰਿਵਾਰ ਭੇਜੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਇਹ ਸਾਰਾ ਰਾਸ਼ਨ ਅਜੇ ਤੀਕ ਪੰਜਾਬ ਦੇ ਗੋਦਾਮਾਂ ਵਿਚ ਪਿਆ ਹੈ ਅਤੇ ਇੱਕ ਵੀ ਘਰ ਤਕ ਨਹੀਂ ਪੁੱਜਿਆ ਹੈ। ਉਹਨਾਂ ਕਿਹਾ ਕਿ ਰਾਸ਼ਨ ਵੰਡਣ ਪ੍ਰਤੀ ਸਰਕਾਰ ਦਾ ਸੁਸਤ ਰਵੱਈਆ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਇਹ ਰਾਹਤ ਸਮੱਗਰੀ ਲੋੜਵੰਦਾਂ ਤਕ ਜਲਦੀ ਤੋਂ ਜਲਦੀ ਪਹੁੰਚਣੀ ਚਾਹੀਦੀ ਹੈ।
ਮੁੱਖ ਮੰਤਰੀ ਨੂੰ ਇਹਨਾਂ ਸਾਰੇ ਮੁੱਦਿਆਂ ਉੱਤੇ ਤੁਰੰਤ ਕਾਰਵਾਈ ਕਰਨ ਲਈ ਆਖਦਿਆਂ ਕੇਂਦਰੀ ਮੰਤਰੀ ਨੇ ਇਸ ਗੱਲ ਉੇਤੇ ਜ਼ੋਰ ਦਿੱਤਾ ਕਿ ਇਸ ਸਮੇਂ ਸਹਿਯੋਗ ਦੀ ਸਭ ਤੋਂਂ ਵੱਧ ਲੋੜ ਹੈ। ਉਹਨਾਂ ਕਿਹਾ ਕਿ ਕੋਵਿਡ-19 ਕਾਰਣ ਪੈਦਾ ਹੋਈਆਂ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਕੇਂਦਰ ਨੇ ਬਹੁਤ ਫੁਰਤੀ ਨਾਲ ਫੰਡ ਜਾਰੀ ਕਰ ਦਿੱਤੇ ਹਨ। ਹੁਣ ਜਲਦੀ ਇਸ ਰਾਸ਼ਨ ਨੂੰ ਲੋੜਵੰਦਾਂ ਤਕ ਪਹੁੰਚਾਉਣਾ ਸਰਕਾਰ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਸਾਨੂੰ ਕੇਂਦਰ ਤੋਂ ਹੋਰ ਫੰਡ ਮੰਂਗਣ ਵਾਸਤੇ ਜ਼ੋਰ ਲਗਾਉਣ ਦੀ ਬਜਾਇ ਪਹਿਲਾਂ ਆ ਚੁੱਕੀ ਰਾਹਤ ਸਮੱਗਰੀ ਨੂੰ ਲੋੜਵੰਦਾਂ ਤਕ ਪਹੁੰਚਾਉਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.