D5 specialOpinion

ਕਿਸਾਨਾਂ ਦੀ ਇਕ ਸਾਲ ਦੀ ਮਿਹਨਤ ਰੰਗ ਲਿਆਈ, ਖੇਤੀ ਕਾਨੂੰਨ ਹੋਏ ਰੱਦ

ਕਿਸਾਨਾਂ ਨੂੰ ਚੁਕਾਉਣੀ ਪਈ ਵੱਡੀ ਕੀਮਤ 700 ਦੇ ਕਰੀਬ ਕਿਸਾਨ ਨੇ ਗੁਆਈ ਜਾਨ

ਜਸਪਾਲ ਸਿੰਘ ਢਿੱਲੋਂ
ਪਟਿਆਲਾ : 29 ਨਵੰਬਰ : ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਜੂਨ ’ਚ ਤਿੰਨ ਖੇਤੀ ਕਾਨੂੰਨਾਂ ਸਬੰਧੀ ਆਰਡੀਨੈਂਸ ਬਣਾਕੇ ਫਿਰ ਸਤੰਬਰ ਦੇ ਮਹੀਨੇ ਇਨਾਂ ਖੇਤੀ ਕਾਨੂੰਨਾਂ ਨੂੰ ਹੋਂਦ ’ਚ ਲਿਆਂਦਾ , ਜਦੋਂ ਕਿ ਕਿਸਾਨ ਇਨਾਂ ਕਾਨੂੰਨਾਂ ਨੂੰ ਮੁੱਢ ਤੋਂ ਰੱਦ ਕਰਕੇ ਸੜਕਾਂ ਤੇ ਉਤਰ ਆਏ। ਖੇਤੀ ਰਾਜਾਂ ਦਾ ਵਿਸ਼ਾ ਹੈ ਕੇਂਦਰ ਨੇ ਇਸ ਵਿਚ ਜਾਣਬੁੱਝ ਆਪਣੀ ਲੱਤ ਫਸਾ ਲਈ । ਕਿਸਾਨਾਂ ਦੀਆਂ ਜਥੇਬੰਦੀਆਂ ਨੇ ਸੰਘਰਸ਼ ਪੰਜਾਬ ਤੋਂ ਆਰੰਭ ਕੀਤਾ ਤੇ ਇਹ ਸੰਘਰਸ਼ ਲਗਾਤਾਰ ਚਲਦਾ ਰਿਹਾ । ਕਿਸਾਨਾਂ ਨੇ ਪਹਿਲਾਂ ਪੰਜਾਬ ਦੀਆਂ ਸੜਕਾਂ ਅਤੇ ਰੇਲ ਦੀਆਂ ਪਟੜੀਆਂ ਤੇ ਬੈਠਕੇ ਰੋਸ ਦਾ ਪ੍ਰਗਟਾਵਾ ਕੀਤਾ। ਆਖਿਰ 25 ਨਵੰਬਰ 2020 ਨੂੰ ਕਿਸਾਨ ਪੰਜਾਬ ਤੋਂ ਦਿੱਲੀ ਲਈ ਚਾਲੇ ਪਾਏ ਪ੍ਰੋਗਰਾਮ ਇਹ ਸੀ ਕਿ 26 ਤੇ 27 ਨਵੰਬਰ ਉਨਾਂ ਨੇ ਜੰਤਰ ਮੰਤਰ ਤੇ ਧਰਨਾ ਦੇਣ ਦਾ ਮਨ ਬਣਾਇਆ ਸੀ ਪਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਰੋਕਣ ਦਾ ਪੂਰਾ ਯਤਨ ਕੀਤਾ ਤੇ ਹਰ ਹੱਥਕੰਡੇ ਅਪਣਾਏ। ਵੱਡੀਆਂ ਰੋਕਾਂ ਲਾਈਆਂ ,ਜਲਤੋਪਾਂ ਦੀਆਂ ਬੁਛਾੜਾਂ ਮਾਰੀਆਂ, ਵੱਡੇ ਵੱਡੇ ਪੱਥਰ ਸੜਕਾਂ ਤੇ ਰੱਖੇ, ਵੱਡੇ ਟੋਏ ਪੁੱਟੇ, ਕੰਡਿਆਲੀਆਂ ਤਾਰਾਂ ਵੀ ਲਾਈਆਂ। ਭਾਵ ਸਿੱਟਾ ਇਹ ਨਿਕਲਿਆ ਕਿ ਆਖਿਰ ਕਿਸਾਨ ਜਿਨਾਂ ਸਿਰਫ ਦੋ ਦਿਨ ਹੀ ਜਾਣਾ ਸੀ , ਉਹ ਪੱਕੇ ਤੌਰ ਤੇ ਦਿੱਲੀ ਦੀਆਂ ਹੱਦਾਂ ਤੇ ਡਟ ਗਏ, ਜਿਥੇ ਅੱਜ ਤੱਕ ਬੈਠੇ ਹੋਏ ਹਨ। ਇਹ ਸੰਘਰਸ਼ ਲਗਾਤਾਰ ਜਾਰੀ ਹੈ।

ਇਨਾ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਤੇ ਡੇਰੇ ਲਾਏ ਹੋਏ ਹਨ। ਇਸ ਸੰਘਰਸ਼ ਦੌਰਾਨ 700 ਦੇ ਕਰੀਬ ਕਿਸਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਕਿਸਾਨਾ ਨੇ ਦਿੱਲੀ ਦੀਆਂ ਹੱਦਾਂ ਤੇ ਬੈਠਿਆਂ ਹੀ ਸਾਰੇ ਪਵਿਤਰ ਤੇ ਹੋਰ ਜਨਮ ਦਿਹਾੜੇ ਮਨਾਏ ਗਏ। ਕਿਸਾਨਾਂ ਨੇ ਠੰਡੀਆਂ ਰਾਤਾਂ, ਤਪਦੀਆਂ ਧੁੱਪਾਂ ਅਤੇ ਬਰਸਾਤਾਂ ਵੀ ਝੱਲੀਆਂ। ਕਿਸਾਨਾਂ ਨੂੰ ਬਦਨਾਮ ਕਰਨ ਲਈ ਕਦੇ ਇਨਾਂ ਨੂੰ ਖਾਲਸਤਾਨੀ , ਮਾਉਵਾਦੀ, ਟੁਕੜੇ ਟੁਕੜੇ ਗੈਂਗ, ਗੈਂਗਸਟਰ, ਖਾੜਕੂ ਅਤੇ ਕਦੇ ਇਨਾਂ ਨੂੰ ਵੱਖਵਾਦੀ ਕਹਿਕੇ ਦੁਰਕਾਰਿਆ ਗਿਆ ਤੇ ਇਨਾਂ ਨੇ ਸਾਜਿਸ਼ ਦੌਰਾਨ ਇਕ ਫਿਰਕੇ ਨੂੰ ਬਦਨਾਮ ਕਰਨ ਦਾ ਯਤਨ ਵੀ ਕੀਤਾ ਗਿਆ । ਲੋਕਾਂ ਨੂੰ ਵੀ ਭੜਕਾਉਣ ਦਾ ਯਤਨ ਕੀਤਾ, ਕਈ ਤਰਾਂ ਦੇ ਕੋਝੇ ਹੱਥਕੰਡੇ ਅਪਣਾਏ ਗਏ, ਆਪਸ ਵਿਚ ਦੀ ਲੜਾਉਣ ਦਾ ਯਤਨ ਕੀਤਾ, 26 ਜਨਵਰੀ ਵਰਗੀ ਘਟਨਾ ਨੂੰ ਵੀ ਅੰਜਾਮ ਦਿੱਤਾ ਗਿਆ ਤਾਂ ਜੋ ਇਕ ਵਿਸ਼ੇਸ਼ ਫਿਰਕੇ ਨੂੰ ਬਦਨਾਮ ਕੀਤਾ ਜਾ ਸਕੇ। ਵੱਖ ਵੱਖ ਕੈਂਪਾਂ ’ਚ ਘੁਸਪੈਠੀਆਂ ਰਾਹੀਂ ਵੀ ਮੋਰਚੇ ਨੂੰ ਢਾਹ ਲਾਉਣ ਦੇ ਯਤਨ ਕੀਤੇ ਗਏ।

ਇਹ ਕਿਸਾਨੀ ਅੰਦੋਲਣ ਆਪਣੇ ਆਪ ’ਚ ਵਿਲੱਖਣ ਹੋ ਨਿਬੜਿਆ , ਕਿਉਕਿ ਇਸ ਨੇ ਲੋਕਾਂ ’ਚ ਜਾਗਰੂਕਤਾ ਲਿਆਂਦੀ ਹੈ, ਲੋਕ ਹੁਣ ਨੇਤਾਵਾਂ ਨੂੰ ਸਵਾਲ ਪੁੱਛਣ ਲੱਗ ਪਏ ਹਨ, ਸਭ ਤੋਂ ਅਹਿਮ ਗੱਲ ਕਿ ਕਈ ਰਾਜਾਂ ਦੇ ਲੋਕਾਂ ’ਚ ਭਾਈਚਾਰਕ ਸਾਂਝ ਵੀ ਵਧੀ ਹੈ, ਜੋ ਆਪਣੇ ਆਪ ’ਚ ਬੇਮਿਾਲ ਹੈ। ਇਸ ਦੇ ਨਾਲ ਹੀ ਇਸ ਅੰਦੋਲਣ ਨੇ ਵਿਸ਼ਵ ਪੱਧਰ ਤੇ ਆਪਣੇ ਪੈਰ ਪਸਾਰੇ , ਵਿਸ਼ਵ ਦੇ ਮੁਲਕਾਂ ਦੀਆਂ ਸਰਕਾਰਾਂ ਕਿਸਾਨਾਂ ਦੇ ਹੱਕ ’ਚ ਡਟੀਆਂ, ਵਿਸ਼ਵ ਦੇ ਭਾਈਚਾਰੇ ਨੇ ਖੁੁੱਲੇ ਦਿਲ ਨਾਲ ਕਿਸਾਨਾਂ ਦਾ ਹੱਥ ਫੜਿਆ, ਕਿਸਾਨੀ ਦੇ ਹੱਕ ’ਚ ਡਟ ਕੇ ਰੋਸ ਮੁਜਾਹਰੇ ਕੀਤੇ । ਇਹੋ ਕਾਰਨ ਹੈ ਕਿ ਇਹ ਅੰਦੋਲਣ ਵਿਸ਼ਵ ਵਿਆਪੀ ਹੋ ਨਿਬੜਿਆ। ਇਸ ਅੰਦੋਲਣ ਨੇ ਕਈ ਨਵੀਆਂ ਪਿਰਤਾਂ ਵੀ ਪਾਈਆਂ, ਸਰਕਾਰਾਂ ਨੇ ਆਪਣੇ ਵੱਲੋਂ ਪੂਰੇ ਯਤਨ ਕੀਤੇ ਕਿਸਾਨਾਂ ’ਚ ਵੰਡੀਆਂ ਪਾਉਣ ਦਾ ਵੀ ਯਤਨ ਕੀਤਾ ਸਭ ਫੇਲ ਹੋ ਗਿਆ। ਜਿਸ ਵੇਲੇ ਪਿਛਲੇ ਸਮੇਂ ਅੰਦਰ ਦੇਸ ਦੇ ਵੱਖ ਵੱਖ ਰਾਜਾਂ ਅੰਦਰ ਹੋਈਆਂ 29 ਵਿਧਾਨ ਸਭਾ ਚੋਣਾ ਅਤੇ 3 ਲੋਕਾਂ ਸਭਾ ਚੋਣਾ ’ਚ ਭਾਜਪਾ ਦੇ ਅਨੁਕੂਲ ਨਤੀਜੇ ਨਹੀਂ ਆਏ ਜਿਸ ਨੇ ਭਾਜਪਾ ਦੀ ਅੰਦਰ ਦੀ ਭੜਕਾਹਟ ਤੇ ਬੇਚੈਨੀ ਵਧਾ ਦਿੱਤੀ ।

ਭਾਜਪਾ ਨੂੰ ਅਗਲੇ ਸਾਲ ਆਉਣ ਵਾਲੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾ ਦਾ ਡਰ ਸਤਾਉਣ ਲੱਗਾ । ਜਦੋਂ ਸਾਰੇ ਯਤਨ ਫੇਲ ਹੋ ਗਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਤੇ ਪਹਿਲਾਂ ਕਰਤਾਰ ਪੁਰ ਸਾਹਿਬ ਦਾ ਲਾਂਘਾ ਮੁੜ ਖੋਲਿਆ ਅਤੇ 19 ਨਵੰਬਰ ਨੂੰ ਵੱਖ ਵੱਖ ਚੈਨਲਾਂ ਤੇ ਆਕੇ ਇਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਚਰਚਾ ਇਹ ਸੀ ਕਿ ਪੰਜਾਬ ਦੇ ਕਿਸੇ ਵੱਡੇ ਆਗੂ ਰਾਹੀਂ ਪ੍ਰਧਾਨ ਮੰਤਰੀ ਇਹ ਬਿਲ ਰੱਦ ਕਰਕੇ ਸੇਹਰਾ ਉਸ ਨੂੰ ਦੇਣ ਦਾ ਯਤਨ ਕਰਨਗੇ ਪਰ ਉਨਾਂ ਕਿਸੇ ਨੂੰ ਵੀ ਇਸ ਦਾ ਸੇਹਰਾ ਨਹੀਂ ਦਿੱਤਾ ਸਗੋਂ ਸਾਰਾ ਨਾਮਣਾ ਆਪਣੇ ਹੀ ਨਾਮ ਕਰ ਲਿਆ। ਅੱਜ ਲੋਕ ਸਭਾ ਅਤੇ ਰਾਜ ਸਭਾ ਅੰਦਰ ਇਹ ਖੇਤੀ ਕਾਨੂੰਨਾਂ ਸਬੰਧੀ ਤਿੰਨੋ ਬਿਲ ਬਿਨਾਂ ਕਿਸੇ ਬਹਿਸ ਦੇ ਪਾਸ ਹੋ ਗਏ ਤੇ ਹੁਣ ਇਨਾਂ ਕਿਸਾਨ ਵਿਰੋੱਧੀ ਕਾਨੂੰਨਾਂ ਦਾ ਭੋਗ ਪੈ ਗਿਆ। ਇਹ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੈ।

ਇਸ ਲਈ ਸਮੁੱਚੀਆਂ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਵਧਾਈ ਦੇ ਪਾਤਰ ਹਨ , ਉਨਾਂ ਦੀ ਸਾਲ ਭਰ ਦੀ ਮਿਹਨਤ ਰੰਗ ਲਿਆਈ ਹੈ। ਇਸ ਜਿੱਤ ਨੂੰ ਅੰਦੋਲਣ ਦਾ ਸ਼ਾਂਤਮਈ ਰਹਿਣਾ , ਉਨਾਂ ਦਾ ਸਿਰੜ, ਆਪਸੀ ਭਾਈਚਾਰਾ ਆਦਿ ਦੀ ਵੱਡੀ ਜਿੱਤ ਹੈ। ਕਿਸਾਨਾ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਦੋਲਣ ਹੈ ਜਿਸ ਦੀ ਮਿਸਾਲ ਵੀ ਇਹ ਅੰਦੋਲਣ ਖੁਦ ਹੀ ਹੈ। ਇਸ ਮੋਰਚੇ ਨੇ ਲੋਕਾਂ ਨਵੀਂ ਜੀਵਨ ਜਾਂਚ ਸਿਖਾ ਦਿੱਤੀ ਹੈ। ਇਸ ਅੰਦੋਲਣ ਦੀ ਸਫਲਤਾ ਲਈ ਪਿਛਲੇ ਸਾਲ 28 ਜਨਵਰੀ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਦੀਆਂ ਅੱਖਾਂ ’ਚ ਟਪਕੇ ਹੋਏ ਹੰਝੂ ਵੀ ਨਵਾਂ ਮੀਲ ਪੱਥਰ ਸਪਾਪਤ ਕਰ ਗਏ। ਹੁਣ ਕਿਸਾਨ ਅਗਲੀ ਲੜਾਈ ਲਈ ਹੋਰ ਵੀ ਵੱਧ ਹੋਸਲੇ ਨਾਲ ਮੈਦਾਨ ’ਚ ਉਤਰ ਆਏ ਹਨ, ਉਹ ਹੁਣ ਫਸਲਾਂ ਦਾ ਘੱਟੋ ਘੱਟ ਸਕਰਥਨ ਮੁੱਲ ਵਾਲਾ ਮਾਮਲਾ ਵੀ ਕਿਸੇ ਸਿਰੇ ਲਗਾ ਲੈਣ ਦਾ ਯਤਨ ਕਰਨਗੇ ਅਤੇ ਕਈ ਹੋਰ ਮੰਗਾਂ ਵੀ ਮਨਵਾ ਹੀ ਲੈਣਗੇ । ਕਿਸਾਨਾਂ ਨੇ ਮੋਦੀ ਹੈ ਤੋਂ ਮੁਮਕਨ ਹੈ ਦੀ ਕਹਾਵਤ ਵੀ ਝੁਠਲਾ ਦਿੱਤੀ ਹੈ।

ਇਸ ਅੰਦੋਲਣ ਦੀ ਜਿੱਤ ਵੀ ਭਾਰਤੀ ਰਾਜਨੀਤੀ ’ਚ ਨਵਾਂ ਇਤਹਾਸ ਬਣਾਉਣ ਵੱਲ ਕਦਮ ਪੁੱਟੇਗੀ। ਕਿਸਾਾਨਾਂ ਦਾ ਇਸ ਜਿੱਤ ਨਾਲ ਹੁਣ ਦੇਸ ਅੰਦਰ ਨਵੇਂ ਅਧਿਆਏ ਵੀ ਪੈਦਾ ਹੋਣਗੇ। ਇਸ ਜਿੱਤ ਨੇ ਕਾਰਪੋਰੇਟ ਘਰਾਣਿਆਂ ਨੂੰ ਕੇਂਦਰ ਵੱਲੋਂ ਦਿੱਤੀ ਜਾ ਰਹੀ ਖੁੱਲ ਤੇ ਬੇਲਗਾਮੇ ਤੇ ਵੀ ਠੱਲ ਪਵੇਗੀ ਅਤੇ ਉਹ ਭਵਿੱਖ ‘ਚ ਕਿਸਾਨਾਂ ਦੇ ਹੱਕਾਂ ਤੇ ਡਾਕੇ ਮਾਰਨ ਦਾ ਯਤਨ ਨਹੀਂ ਕਰਨਗੇ। ਇਸ ਜਿੱਤ ਨੇ ਭਾਈ ਲਾਲੋਆਂ ਨੂੰ ਮਲਕ ਭਾਗੋਆਂ ਤੇ ਭਾਰੂ ਪਾਇਆ ਹੈ ਤੇ ਕਿਰਤ ਦੀ ਜਿੱਤ ਹੋਈ ਹੈ। ਇਹ ਦਿਨ ਹੂਣ ਕਿਸਾਨਾਂ ਦੀ ਜਿੱਤ ਵਜੋਂ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ। ਇਸ ਨਾਲ ਬਾਬੇ ਨਾਨਕ ਦੀ ਸੋਚ ਭਾਰੂ ਹੋਈ ਹੈ ਜੋ ਮਨੁੱਖਤਾ ਦੇ ਭਲੇ ਲਈ ਸਦਾ ਕਾਇਮ ਰਹੇਗੀ। ਇਸ ਜਿੱਤ ਨੇ ਪੂਰੇ ਵਿਸ਼ਵ ’ਚ ਕਿਸਾਨੀ ਦਾ ਪਰਚਨ ਹੋਰ ਊਚਾ ਕੀਤਾ ਹੈ ਸਰਮਾਏਦਾਰੀ ਸੋਚ ਨੂੰ ਮਾਤ ਦਿੱਤੀ ਹੈ। ਅਸੀਂ ਹੁਣ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਾਕੇ ਹੀ ਕਿਸਾਨੀ ਅੰਦੋਲਣ ਦੀ ਜਿੱਤ ਤੇ ਉਨਾਂ ਨੂੰ ਵਧਾਈ ਦਿੰਦੇ ਹਾਂ ਅਤੇ ਭਾਰਤ ਦੀ ਰਾਜਨੀਤੀ ’ਚ ਆਉਣ ਵਾਲੇ ਸਮੇਂ ਅੰਦਰ ਵੱਡੀ ਤਬਦੀਲੀ ਦੀ ਉਮੀਦ ਕਰਦੇ ਹਾਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button