D5 specialOpinion

ਕਹਿਣੀ ਤੇ ਕਰਨੀ ਦੇ ਜੋ ਇੱਕ ਨਾ ਹੁੰਦੇ, ਉਹ ਕਿਸੇ ਦੇ ਮਿੱਤ ਨਹੀਂ ਹੁੰਦੇ !

ਸੁਬੇਗ ਸਿੰਘ, ਸੰਗਰੂਰ

ਸੰਸਾਰ ਚ ਦੋ ਹੀ ਤਰ੍ਹਾਂ ਦੇ ਲੋਕ ਹੁੰਦੇ ਹਨ।ਇੱਕ ਉਹ,ਜਿਹੜੇ ਜੋ ਕੁੱਝ ਆਪਣੀ ਜੁਬਾਨ ਚੋਂ ਕਹਿੰਦੇ ਹਨ,ਉਸਨੂੰ ਪੁਗਾਉਂਦੇ ਵੀ ਹਨ ਜਾਂ ਫਿਰ ਇਮਾਨਦਾਰੀ ਨਾਲ ਪੁਗਾਉਣ ਦੀ ਕੋਸ਼ਿਸ਼ ਕਰਦੇ ਹਨ।ਇੱਕ ਉਹ ਲੋਕ ਹੁੰਦੇ ਹਨ,ਜਿਹੜੇ ਕਹਿੰਦੇ ਕੁੱਝ ਹੋਰ ਹੁੰਦੇ ਹਨ ਅਤੇ ਕਰਦੇ ਕੁੱਝ ਹੋਰ ਹਨ।ਕਹਿਣ ਤੋਂ ਭਾਵ ਇਹ ਹੈ,ਕਿ ਇਹ ਲੋਕ ਕਹਿਣੀ ਤੇ ਕਰਨੀ ਦੇ ਪੂਰੇ ਨਹੀਂ ਹੁੰਦੇ।ਇੰਨ੍ਹਾਂ ਲੋਕਾਂ ਨੂੰ ਜੁਬਾਨ ਦੇ ਕੱਚੇ ਲੋਕ ਕਿਹਾ ਜਾਂਦਾ ਹੈ।
ਸੰਸਾਰ ਚ ਨਾ ਹੀ ਕੋਈ ਕਿਸੇ ਦਾ ਦੋਸਤ ਹੁੰਦਾ ਹੈ ਅਤੇ ਨਾ ਹੀ ਕੋਈ ਕਿਸੇ ਦਾ ਦੁਸ਼ਮਣ ਹੀ ਹੁੰਦਾ ਹੈ।ਅਸਲ ਵਿੱਚ,ਜਦੋਂ ਕੋਈ ਮਨੁੱਖ ਸੰਸਾਰ ਚ ਵਿਚਰਦਾ ਹੈ,ਤਾਂ ਉਸਦਾ ਵੱਖ 2 ਤਰ੍ਹਾਂ ਦੇ ਮਨੁੱਖਾਂ ਨਾਲ ਵਾਅ ਪੈਂਦਾ ਹੈ।ਕੁੱਝ ਲੋਕ,ਤੁਹਾਨੂੰ ਅਜਿਹੇ ਵੀ ਮਿਲਦੇ ਹਨ,ਜਿੰਨ੍ਹਾਂ ਨੂੰ ਤੁਹਾਡਾ ਵਾਰ 2 ਮਿਲਣ ਨੂੰ ਦਿਲ ਕਰਦਾ ਹੈ ਅਤੇ ਉਹਦੀ ਮੱਲੋਮੱਲੀ ਤਾਰੀਫ ਕਰਨ ਨੂੰ ਦਿਲ ਵੀ ਕਰਦਾ ਹੈ।ਪਰ ਕੁੱਝ,ਅਜਿਹੇ ਲੋਕਾਂ ਨਾਲ ਵੀ ਵਾਅ ਪੈਂਦਾ ਹੈ,ਜਿੰਨ੍ਹਾਂ ਨਾਲ ਇੱਕ ਵਾਰ ਮਿਲਕੇ ਦੂਸਰੀ ਵਾਰ ਮਿਲਣ ਨੂੰ ਦਿਲ ਹੀ ਨਹੀਂ ਕਰਦਾ ਅਤੇ ਮੱਲੋਮੱਲੀ ਬਦ ਦੁਆਵਾਂ ਦੇਣ ਨੂੰ ਦਿਲ ਕਰਦਾ ਹੈ।ਅਸਲ ਵਿੱਚ,ਤੁਹਾਡਾ ਵਰਤਾਓ ਹੀ ਤੁਹਾਨੂੰ ਇੱਕ ਦੂਜੇ ਦੇ ਨੇੜੇ ਅਤੇ ਦੂਰ ਲੈ ਕੇ ਜਾਂਦਾ ਹੈ।

ਅਸਲ ਵਿੱਚ ਸਚਾਈ ਤਾਂ ਇਹ ਹੈ,ਕਿ ਜਿਹੜੇ ਲੋਕਾਂ ਨੂੰ ਮੁੜ 2 ਕੇ ਮਿਲਣ ਨੂੰ ਦਿਲ ਕਰਦਾ ਹੈ ਅਤੇ ਦੁਆਵਾਂ ਦੇਣ ਨੂੰ ਦਿਲ ਕਰਦਾ ਹੈ,ਉਹ ਲੋਕ ਦਿਲ ਦੇ ਸੱਚੇ ਸੁੱਚੇ ਤੇ ਕਹਿਣੀ ਤੇ ਕਰਨੀ ਦੇ ਪੂਰੇ ਹੁੰਦੇ ਹਨ।ਇਹ ਲੋਕ,ਦਿਲ ਦੇ ਸਾਫ ਹੁੰਦੇ ਹਨ।ਪਰ ਜਿਹੜੇ ਲੋਕਾਂ ਨੂੰ ਇੱਕ ਵਾਰ ਮਿਲਕੇ ਦੁਬਾਰਾ ਮਿਲਣ ਨੂੰ ਦਿਲ ਹੀ ਨਹੀਂ ਕਰਦਾ ਅਤੇ ਬਦ ਦੁਆਵਾਂ ਦੇਣ ਨੂੰ ਵੀ ਦਿਲ ਕਰਦਾ ਹੈ।ਉਹ ਲੋਕ ਦਿਲ ਦੇ ਬੇਈਮਾਨ ਹੁੰਦੇ ਹਨ।ਕਿਉਂਕਿ ਇਹ ਲੋਕ,ਕਹਿੰਦੇ ਕੁੱਝ ਤੇ ਕਰਦੇ ਕੁੱਝ ਹਨ।ਇਹ ਲੋਕ ਬੇਇਤਵਾਰੇ ਜੋ ਹੁੰਦੇ ਹਨ। ਪੁਰਾਣੇ ਸਮਿਆਂ ਚ,ਲੋਕ ਅਕਸਰ ਕਹਿੰਦੇ ਹੁੰਦੇ ਸਨ,ਕਿ ਇਹ ਤਾਂ ਜੁਬਾਨਾਂ ਦੇ ਸੌਦੇ ਹਨ।ਵੈਸੇ ਵੀ,ਪੁਰਾਣੇ ਸਮਿਆਂ ਚ ਲਿਖਤ ਪੜ੍ਹਤ ਬੜੀ ਹੀ ਘੱਟ ਹੁੰਦੀ ਸੀ।ਕਿਉਂਕਿ ਲੋਕ ਇੱਕ ਦੂਜੇ ਤੇ ਵਿਸ਼ਵਾਸ ਹੀ ਐਨਾ ਕਰਦੇ ਸਨ।ਇੱਥੋਂ ਤੱਕ,ਕਿ ਆਪਣੇ ਬੱਚਿਆਂ ਦੇ ਰਿਸ਼ਤੇ ਨਾਤੇ ਵੀ,ਬਿਨਾਂ ਕੋਈ ਜਾਂਚ ਪੜਤਾਲ ਕੀਤਿਆਂ ਕਰ ਦਿੱਤੇ ਜਾਂਦੇ ਸਨ।ਉਸ ਤੋਂ ਪਹਿਲਾਂ ਤਾਂ ਇਕੱਲੇ ਵਿਚੋਲੇ ਜਾਂ ਨਾਈ ਤੇ ਵਿਸ਼ਵਾਸ ਕਰਕੇ ਹੀ ਧੀਆਂ ਪੁੱਤਰਾਂ ਦੇ ਰਿਸ਼ਤੇ ਵਿਚੋਲਾ ਹੀ ਪੱਕੇ ਕਰ ਦਿੰਦਾ ਸੀ।ਪਰ ਮਜਾਲ ਹੈ,ਕਿ ਦੋਨਾਂ ਧਿਰਾਂ ਚੋਂ ਕੋਈ ਇੱਕ ਵੀ ਧਿਰ ਆਪਣੀ ਜੁਬਾਨ ਤੋਂ ਥਿੜਕ ਜਾਵੇ।ਇਸੇ ਨੂੰ ਤਾਂ,ਜੁਬਾਨ ਦੀ ਕਰਾਮਾਤ ਕਹਿੰਦੇ ਸਨ।

ਪੁਰਾਣੇ ਸਮਿਆਂ ਚ,ਇਹ ਜੁਬਾਨ ਦੀ ਹੀ ਕਰਾਮਾਤ ਹੁੰਦੀ ਸੀ,ਕਿ ਕਈ 2 ਪੀੜ੍ਹੀਆਂ ਦੇ ਰਿਸ਼ਤੇ ਨਾਤੇ ਬੜੇ ਆਰਾਮ ਨਾਲ ਨਿਭੀ ਜਾਂਦੇ ਸਨ।ਆਮ ਪਰਿਵਾਰਾਂ ਵਿੱਚ ਵੀ ਕੋਈ ਕਾਟੋ ਕਲੇਸ਼ ਨਹੀਂ ਸੀ ਹੁੰਦਾ।ਅੱਜ ਵਾਂਗ ਨਾ ਹੀ ਪਰਿਵਾਰਾਂ ਚ ਨਿੱਤ ਨਵਾਂ ਕਲੇਸ਼ ਹੀ ਹੁੰਦਾ ਸੀ ਅਤੇ ਨਾ ਹੀ ਵਿਆਹਾਂ ਸਾਦੀਆਂ ਦੇ ਐਨੀ ਵੱਡੀ ਤਾਦਾਦ ਚ ਤਲਾਕ ਵਗੈਰਾ ਹੀ ਹੁੰਦੇ ਸਨ।ਕਿਉਂਕਿ,ਲੋਕ ਪਰਿਵਾਰਕ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਸਮਝਦੇ ਸਨ ਅਤੇ ਰਿਸ਼ਤੇਦਾਰਾਂ ਦੀ ਗੱਲ ਵੀ ਮੰਨਦੇ ਸਨ ਅਤੇ ਉਨ੍ਹਾਂ ਨੂੰ ਮਾਣ ਸਨਮਾਨ ਵੀ ਦਿੰਦੇ ਸਨ,ਤਾਂ ਕਿ ਰਿਸ਼ਤੇ ਟੁੱਟ ਨਾ ਜਾਣ।
ਪਰ ਇਸਦੇ ਉਲਟ,ਅਜੋਕੇ ਦੌਰ ਚ ਹਰ ਕੋਈ ਆਪਣੇ ਆਪਨੂੰ ਸਿਆਣਾ ਅਤੇ ਚਤਰ ਸਮਝਦਾ ਹੈ।ਸਿਆਣੇ ਬੰਦੇ ਜਾਂ ਕਿਸੇ ਰਿਸ਼ਤੇਦਾਰ ਦੀ ਕੋਈ ਗੱਲ ਮੰਨ ਲੈਣਾ ਤਾਂ ਦੂਰ ਦੀ ਗੱਲ ਹੈ,ਸਗੋਂ ਉਸਦੀ ਗੱਲ ਨੂੰ ਮੰਨਣਾ ਆਪਣੀ ਹੇਠੀ ਵੀ ਸਮਝਦੇ ਹਨ।ਇਹੋ ਕਾਰਨ ਹੈ,ਕਿ ਹਰ ਘਰ ਪਰਿਵਾਰ ਚ ਨਵੀਂ ਹੀ ਕਿਸਮ ਦਾ ਕਲੇਸ਼ ਚੱਲ ਰਿਹਾ ਹੈ ਅਤੇ ਪਰਿਵਾਰਾਂ ਚ ਤਲਾਕਾਂ ਦੀ ਗਿਣਤੀ ਵੀ ਬੇਸੁਮਾਰ ਹੈ।ਇਹੋ ਕਾਰਨ ਹੈ,ਕਿ ਕੋਈ ਵੱਡੇ ਛੋਟੇ ਦੀ ਭੋਰਾ ਵੀ ਪ੍ਰਵਾਹ ਨਹੀਂ ਕਰਦਾ।

ਇਸੇ ਕਾਰਨ ਹੀ,ਪਰਿਵਾਰਕ ਰਿਸ਼ਤੇ ਲੀਰੋ ਲੀਰ ਹੋਏ ਪਏ ਹਨ।ਪਰ ਫੇਰ ਵੀ,ਕੋਈ ਕਿਸੇ ਦੀ ਭੋਰਾ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ।
ਇਹੋ ਕਾਰਨ ਹੈ,ਕਿ ਇਸ ਆਪੋ ਧਾਪੀ ਦੇ ਮਹੌਲ ਚ ਕਿਸੇ ਤੇ ਜਿਆਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।ਹੁਣ ਤਾਂ ਦੁਨੀਆਂ ਚ ਬੜੇ ਘੱਟ ਲੋਕ ਅਜਿਹੇ ਹਨ,ਜਿੰਨ੍ਹਾਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ।ਪਰ ਜਿਆਦਾਤਰ ਲੋਕ ਤਾਂ ਆਪਣੀ ਮਤਲਬ ਪ੍ਰਸਤੀ ਅਤੇ ਆਪਣਾ ਮਤਲਬ ਹੱਲ ਕਰਨ ਲਈ ਹੀ ਤੁਹਾਡੇ ਨਾਲ ਸਬੰਧ ਬਣਾਉਂਦੇ ਹਨ।ਇਸ ਲਈ,ਹਰ ਕਦਮ ਬੜਾ ਫੂਕ 2 ਕੇ ਰੱਖਣਾ ਪੈਂਦਾ ਹੈ। ਮੁੱਕਦੀ ਗੱਲ ਤਾਂ ਇਹ ਹੈ,ਕਿ ਜਿਹੜੇ ਲੋਕ ਆਪਣੀ ਕਹਿਣੀ ਤੇ ਕਰਨੀ ਦੇ ਇੱਕ ਹੀ ਨਹੀਂ ਹੁੰਦੇ।ਅਜਿਹੇ ਲੋਕ,ਕਿਸੇ ਦੇ ਮਿੱਤ ਵੀ ਨਹੀਂ ਹੁੰਦੇ।ਭਾਵ,ਦੋਗਲੇ ਕਿਸਮ ਦੇ ਲੋਕ,ਤੁਹਾਨੂੰ ਕਿਸੇ ਵਕਤ ਵੀ ਧੋਖਾ ਦੇ ਸਕਦੇ ਹਨ।ਇੰਨ੍ਹਾਂ ਲੋਕਾਂ ਲਈ,ਯਾਰੀ ਦੋਸਤੀ, ਰਿਸ਼ਤੇ ਨਾਤੇ ਅਤੇ ਪਰਿਵਾਰ ਕੋਈ ਜਿਆਦਾ ਮਾਇਨੇ ਨਹੀਂ ਰੱਖਦਾ।ਸਗੋਂ ਇੰਨ੍ਹਾਂ ਦਾ ਆਪਣਾ ਸੁਆਰਥ ਹੀ,ਇੰਨ੍ਹਾਂ ਲਈ ਸਭ ਕੁੱਝ ਹੁੰਦਾ ਹੈ।ਇਸ ਲਈ,ਅਜਿਹੇ ਲੋਕਾਂ ਤੋਂ ਬੱਚਕੇ ਰਹਿਣ ਵਿੱਚ ਹੀ ਭਲਾਈ ਹੁੰਦੀ ਹੈ,ਤਾਂ ਕਿ ਆਉਣ ਵਾਲੇ ਸਮੇਂ ਚ ਵਾਧੂ ਦਾ ਪਛਤਾਉਣਾ ਨਾ ਪਵੇ।

93169 10402

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button