ਅਮਰਜੀਤ ਸਿੰਘ ਵੜੈਚ (94178-01988)
ਐੱਸਜੀਪੀਸੀ ਦੀ ਪ੍ਰਧਾਨਗੀ ‘ਤੇ ਐੱਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਦੁਬਾਰਾ ਜਿਤ ਨਾਲ਼ ਕਮੇਟੀ ‘ਤੇ ਬਾਦਲ ਲਾਣੇ ਦਾ ਦਬਦਬਾ ਬਰਕਰਾਰ ਰਹਿ ਗਿਆ ਹੈ ਜਿਸ ਦਾ ਵਿਰੋਧ ਕਰਨ ਲਈ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬੀਬੀ ਜਾਗੀਰ ਕੋਰ ਨੇ ਸ਼੍ਰੋਮਣੀ ਅਕਾਲੀ ਦਲ ‘ਚੋ ਬਗਾਵਤ ਦੀ ਸੁਰ ਬੁਲੰਦ ਕਰਕੇ ‘ਉਪਰਲੀ’ ਲੀਡਰਸ਼ਿਪ ਦੀ ਇਕ ਵਾਰ ਤਾਂ ਨੀਂਦ ਉਡਾ ਦਿਤੀ ਸੀ । ਹੁਣ ਹਾਰ ਮਗਰੋਂ ਬੀਬੀ ਲਈ ਵੀ ਕਈ ਚੁਣੌਤੀਆਂ ਪੇਸ਼ ਖੜੀਆਂ ਹੋਣਗੀਆਂ ਕਿ ਉਹ ਹੁਣ ਕਿਸ ਪਾਰਟੀ ਦਾ ਪੱਲਾ ਫੜਦੇ ਹਨ ਜਾਂ ਕੋਈ ਨਵਾਂ ਆਕਾਲੀ ਦਲ ਬਣਾਉਨਦੇ ਹਨ ।
ਕੱਲ੍ਹ ਹੋਈ ਚੋਣ ‘ਚ ਵੋਟਾਂ ਦਾ ਅੰਕੜਾ ਬਹੁਤ ਕੁਝ ਬਿਆਨ ਕਰਦਾ ਹੈ । ਧਾਮੀ ਨੂੰ ਕੁੱਲ 146 ਵੋਟਾਂ ‘ਚੋਂ 104 ਤੇ ਬੀਬੀ ਨੂੰ 42 ਵੋਟਾਂ ਪਈਆਂ ਪਰ ਕਮੇਟੀ ਦੀਆਂ ਚੋਣਾਂ ਦੇ ਇਤਿਹਾਸ ‘ਤੇ ਨਜ਼ਰ ਮਾਰਦਿਆਂ ਪਤਾ ਲਗਦਾ ਹੈ ਕਿ ਅਕਾਲੀ ਦਲ ਨੂੰ ਅੰਦਰੋਂ ਕੇਰੀ ਪੈਣ ਦਾ ਡਰ ਤਾਂ ਪੈ ਹੀ ਗਿਆ ਹੈ । ਸਾਲ 2021 ‘ਚ ਧਾਮੀ ਨੂੰ 142 ਵੋਟਾਂ ‘ਚੋਂ 122 ਮਿਲ਼ੀਆਂ ਸਨ ਪਰ ਇਸ ਵਾਰ 18 ਵੋਟਾਂ ਘੱਟ ਗਈਆਂ ਹਨ । ਇਸ ਦਾ ਮਤਲਬ ਇਹ ਸਪੱਸ਼ਟ ਹੈ ਕਿ ਪਾਰਟੀ ਤੇ ਕਮੇਟੀ ਦੇ ਅੰਦਰ ਕਈ ਲੋਕ ‘ਖੁਸ਼’ ਨਹੀਂ ਹਨ ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਲਈ ਇਹ ਤੀਜਾ ਇਮਤਿਹਾਨ ਸੀ ਜਿਸ ਵਿੱਚ ਉਹ ਪਾਸ ਤਾਂ ਹੋ ਗਏ ਹਨ ਪਰ ਨੰਬਰ ਘਟ ਗਏ । ਇਸ ਤੋਂ ਪਹਿਲਾਂ ਪਾਰਟੀ ਲਗਾਤਾਰ ਤਿੰਨ ਝਟਕੇ ਖਾ ਚੁੱਕੀ ਹੈ । ਪਾਰਟੀ 2007 ਤੋਂ 2017 ਤੱਕ 10 ਸਾਲ ਰਾਜ ਕਰਨ ਮਗਰੋਂ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ .’ਚ 77 ਤੋਂ 15 ਸੀਟਾਂ ਤੇ ਸਿਮਟ ਗਈ ਤੇ ਫਿਰ ਇਸੇ ਵਰ੍ਹੇ ਵਿਧਾਨ ਸਭਾ ਦੀਆਂ ਚੋਣਾਂ ‘ਚ ਸੌ ਸਾਲਂ ਤੋਂ ਵੱਧ ਪੁਰਾਣੀ ਤੇ ਪੰਜਾਬ ਨੂੰ ਪੰਜ ਵਾਰ ਮੁੱਖ-ਮੰਤਰੀ ਦੇਣ ਵਾਲ਼ੀ ਪਾਰਟੀ ਸਿਰਫ਼ ਤਿੰਨ ਸੀਟਾਂ ‘ਤੇ ਹੀ ਸੁੰਗੜ ਗਈ । ਇਥੇ ਹੀ ਬੱਸ ਨਹੀਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ‘ਚ ਅਕਾਲੀ ਦਲ ਭਾਜਪਾ ਤੋਂ ਵੀ ਹੇਠਾਂ ਪੰਜਵੇ ਨੰਬਰ ਤੇ ਪਹੁੰਚ ਗਿਆ ਤੇ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ ।
ਇਸੇ ਵਰ੍ਹੇ ਵਿਧਾਨ ਸਭਾ ਦੀਆਂ ਚੋਣਾਂ ‘ਚ ਹੋਈ ਸ਼ਰਮਨਾਕ ਹਾਰ ਨੇ ਪਾਰਟੀ ਦੇ ਅੰਦਰ ਬਗਾਵਤੀ ਸੁਰਾਂ ਨੂੰ ਉੱਚਾ ਕਰਨ ‘ਚ ਮਦਦ ਕੀਤੀ । ਪਹਿਲਾਂ ਮਨਪ੍ਰੀਤ ਅਯਾਲੀ ਫਿਰ ਜਗਮੀਤ ਬਰਾੜ ਤੇ ਹੁਣ ਬੀਬੀ ਜਗੀਰ ਕੋਰ ਵੱਲੋਂ ਬਗਾਵਤੀ ਤੇਵਰ ਵਖਾਏ ਗਏ । ਸੁਖਦੇਵ ਸਿੰਘ ਢੀਡਸਾ ਜੋ ਪਾਰਟੀ ਦੇ ਕਦਾਵਰ ਨੇਤਾ ਸਨ ਪਹਿਲਾਂ ਹੀ ਪਾਰਟੀ ਤੋਂ ਵੱਖ ਹੋ ਗਏ ਸਨ । ਹੋਰ ਵੀ ਕਈ ਲੀਡਰਾਂ ਸਮੇਤ ਤੇ ਸਾਬਕਾ ਵਿਧਾਇਕ ਮਹਿੰਦਰ ਕੌਰ ਜੋਸ਼ ਤੇ ਹਰਮੇਲ ਸਿੰਘ ਟੌਹੜਾ ਦਾ ਪਰਿਵਾਰ ਬੀਜੇਪੀ ‘ਚ ਜਾ ਚੁੱਕੇ ਹਨ ।
ਐੱਸਜੀਪੀਸੀ ਦੀ ਕੱਲ੍ਹ ਹੋਈ ਚੋਣ ਵਿੱਚ ਭਾਵੇਂ ਅਕਾਲੀ ਦਲ ਬਹੁਤ ਵੱਡੀ ਪ੍ਰਾਪਤੀ ਦਸ ਰਿਹਾ ਹੈ ਪਰ ਇਸ ਸੱਚਾਈ ਤੋਂ ਲੀਡਰਸ਼ਿਪ ਨੂੰ ਅੱਖਾਂ ਨਹੀਂ ਬੰਦ ਕਰਨੀਆਂ ਚਾਹੀਦੀਆਂ ਕਿ ਬੀਬੀ ਜਾਗੀਰ ਕੌਰ, ਅਯਾਲੀ,ਬਰਾੜ, ਢੀਡਸਾ,ਜੋਸ਼ ਤੇ ਟੌਹੜਾ ਵਰਗੇ ਹੋਰ ਵੀ ਲੀਡਰ ਹੋਣਗੇ ਜੋ ਹਾਲੇ ਚੁੱਪ ਹਨ ਪਰ ਉਨ੍ਹਾ ਦੀ ਚੁੱਪ ਕਦੇ ਵੀ ਚੀਕ ਬਣ ਸਕਦੀ ਹੈ । ਪਿਛਲੇ ਸਮੇਂ ‘ਚ ਪਾਰਟੀ ਦੀ ਕਰਾਗੁਜ਼ਾਰੀ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀ ‘ਚ ‘ਸਭ ਕੁਝ ਠੀਕ’ ਨਹੀਂ ਹੈ ।
ਸ੍ਰੀ ਆਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਪਾਰਟੀ ਨੂੰ ਚਿਤਾਵਨੀ ਦੇ ਚੁੱਕੇ ਹਨ ਕਿ ਪਾਰਟੀ ਨੂੰ ਸਿਖ ਪੰਥ ਦੇ ਮਸਲਿਆਂ ਵੱਲ ਧਿਆਨ ਦੇਣ ਦੀ ਲੋੜ ਹੈ ਨਾ ਕਿ ਕੁਰਸੀਆਂ ਪ੍ਰਾਪਤ ਕਰਨ ਵੱਲ । ਕੀ ਪਾਰਟੀ ਜੱਥੇਦਾਰ ਦੀ ਚਿਤਾਵਨੀ ਨੂੰ ਗੰਭੀਰ ਲੈ ਰਹੀ ਹੈ ਜਾਂ ਪਾਰਟੀ ਨੂੰ 2027 ਦਾ ਡਰ ਸਤਾ ਰਿਹਾ ਹੈ ? ਜੱਥੇਦਾਰ ਸਾਹਿਬ ਦੇ ਇਸ ਬਿਆਨ ਤੋਂ ਤਾਂ ਸਪੱਸ਼ਟ ਹੇ ਕਿ ਉਹ ਸਿਖ ਮਸਲਿਆਂ ‘ਚ ਆਕਾਲੀ ਦਲ ਦੀ ਦਖ਼ਲ ਅੰਦਾਜ਼ੀ ਚਾਹੁੰਦੇ ਹਨ ਜੋ ਕਿ ਸਿਖੀ ਦੇ ‘ਮੀਰੀ ਤੇ ਪੀਰੀ’ ਦੇ ਸਿਧਾਂਤ ਦੇ ਉਲਟ ਹੈ । ਗੁਰੂ ਹਰ ਗੋਬਿੰਦ ਸਾਹਿਬ ਨੇ ਸਿਆਸਤ ਨੂੰ ਧਰਮ ਤੋਂ ਅਗਵਾਈ ਲੈਣ ਦੀ ਗੱਲ ਕੀਤੀ ਸੀ ਪਰ ਹੁਣ ਇਸਦੇ ਉਲਟ ਹੋ ਰਿਹਾ ਹੈ ।
ਇਸ ਵਾਰ ਬੀਬੀ ਜਾਗੀਰ ਕੌਰ ਵੱਲੋਂ ਪ੍ਰਧਾਨਗੀ ਦੀ ਚੋਣ ਲੜਨ ਦੇ ਫ਼ੈਸਲੇ ਦੇ ਪਿਛੇ ਅਕਾਲੀ ਦਲ ਨੇ ਬੀਜੇਪੀ ਦੀ ਸ਼ਹਿ ਦੱਸੀ ਪਰ ਬੀਜੇਪੀ ਨੇ ਇਸ ਦੋਸ਼ ਨੂੰ ਮੁੱਢੋਂ-ਸੁਢੋਂ ਹੀ ਇਨਕਾਰ ਦਿਤਾ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੀਜੇਪੀ ਪੰਜਾਬ ‘ਚ ਆਪਣੀ ਹੋਂਦ ਬਣਾਉਣ ਲਈ ਸਰਗਰਮ ਹੋ ਚੁੱਕੀ ਹੈ । ਆਕਾਲੀ ਦਲ ਬੀਜੇਪੀ ਦੀ ਇਸ ਸਰਗਰਮੀ ਨੂੰ ਸਿਖ ਪੰਥ ਦੇ ਮਸਲਿਆਂ ‘ਚ ਰਾਜਨੀਤਿਕ ਦਖ਼ਲ ਕਹਿ ਰਿਹਾ ਹੈ । ਜੇ ਦਲ ਦੀ ਇਹ ਦਲੀਲ ਮੰਨ ਵੀ ਲਈ ਜਾਵੇ ਤਾਂ ਕੀ ਆਕਾਲੀ ਦਲ ਬਤੌਰ ਰਾਜਨੀਤਿਕ ਪਾਰਟੀ ਐੱਸਜੀਪੀਸੀ ਤੇ ਸਿਖਾਂ ਦੇ ਧਾਰਮਿਕ ਮਸਲਿਆਂ ‘ਚ ਵੀ ਦਖ਼ਲ ਨਹੀਂ ਦੇ ਸਕਦਾ ਪਰ ਅਸਲੀਅਤ ਇਹ ਹੈ ਕਿ ਅਕਾਲੀ ਦਲ ਤੇ ਐੱਸਜੀਪੀਸੀ ਇਕ ਤੱਕੜੀ ਦੇ ਦੋ ਪਲੜੇ ਹੀ ਬਣ ਗਏ ਹਨ ਤੇ ਇਸ ਵਿੱਚ ਆਕਾਲੀ ਦਲ ਦਾ ਪਲੜਾ ਭਾਰੀ ਹੈ ।
ਐੱਸਜੀਪੀਸੀ, ‘ਸਿਖ ਗੁਰਦੁਆਰਾ ਐੱਕਟ 1925’ ਦੇ ਤਹਿਤ ਇਤਿਹਾਸਿਕ ਸਿਖ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਰਨ ਲਈ ਬਣਾਈ ਗਈ ਸੀ । ਸੰਵਿਧਾਨਿਕ ਤੇ ਨੈਤਿਕ ਤੌਰ ‘ਤੇ ਕਿਸੇ ਵੀ ਰਾਜਸੀ ਦਲ ਦਾ ਇਸ ਵਿੱਚ ਦਖ਼ਲ ਨਹੀਂ ਹੋਣਾ ਚਾਹੀਦਾ ਤੇ ਨਿਰੋਲ ਸਿਖ ਜਗਤ ਦੇ ਨੁਮਾਇੰਦੇ ਇਸ ਦੇ ਮੈਂਬਰ ਹੋਣੇ ਚਾਹੀਦੇ ਹਨ ਪਰ ਇਸ ਕਮੇਟੀ ‘ਤੇ ਲੰਮੇ ਸਮੇਂ ਤੋਂ ਆਕਾਲੀ ਦਲ ਹਾਵੀ ਰਿਹਾ ਹੈ ਤੇ ਸਮੇਂ-ਸਮੇਂ ਇਸ ਪਾਰਟੀ ਤੋਂ ਵੱਖ ਹੋਏ ਗਰੁੱਪ ਵੀ ਆਪਣੇ ਕੁਝ ਮੈਂਬਰ ਕਮੇਟੀ ‘ਚ ਭੇਜਣ ਲਈ ਕਾਮਯਾਬ ਹੁੰਦੇ ਰਹੇ ਹਨ ।
ਕੀ ਭਵਿਖ ‘ਚ ਕਮੇਟੀ ਰਾਜਸੀ ਦਖ਼ਲ ਤੋਂ ਮੁਕਤ ਹੋ ਸਕੇਗੀ ? ਇਹ ਇਕ ਬੜਾ ਵੱਡਾ ਸਵਾਲ ਹੈ ਜਿਸ ਬਾਰੇ ਕਈ ਲੀਡਰ ਦਾਅਵੇ ਕਰ ਚੁੱਕੇ ਹਨ । ਦਰਅਸਲ ਇਨ੍ਹਾ ਲੀਡਰਾਂ ਨੂੰ ਕਮੇਟੀ ਦੀ ਆਮਦਨ ਦਿਸਦੀ ਹੈ ਤੇ ਇਸ ਕਮੇਟੀ ਦੇ ਸਿਰ ‘ਤੇ ਲੀਡਰ ਪੰਜਾਬ ਦੀ ਸਿਆਸਤ ‘ਤੇ ਕਬਜ਼ਾ ਕਰਨ ਦੇ ਸੁਪਨੇ ਲੈਦੇ ਆ ਰਹੇ ਹਨ ਜੋ ਇਕ ਸੱਚਾਈ ਹੈ । ਅਸਲੀਅਤ ਇਹ ਹੈ ਕਿ ਜਦੋਂ ਇਹ ਕਮੇਟੀ ਰਾਜਸੀ ਦਖ਼ਲ ਤੋਂ ਮੁਕਤ ਹੋਵੇਗੀ ਉਦੋਂ ਹੀ ਸਿਖਾਂ ਦੇ ਧਾਰਮਿਕ ਸਥਾਨਾਂ ਦੀ ਕਾਇਆ ਕਲਪ ਹੋਵੇਗੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.