SportsTop News

ਈਸਟ ਬੰਗਾਲ ਨੇ 22 ਸਾਲਾਂ ਬਾਅਦ ਰਚਿਆ ਇਤਿਹਾਸ, ਮੋਹਨ ਬਗਾਨ ਨੂੰ 4-1 ਨਾਲ ਹਰਾ ਕੇ ਜਿੱਤਿਆ ਖ਼ਿਤਾਬ

ਈਸਟ ਬੰਗਾਲ ਨੇ ਕੱਟੜ ਮੁਕਾਬਲੇਬਾਜ਼ ਮੋਹਨ ਬਗਾਨ ਸੁਪਰਜਾਇੰਟ ਨੂੰ 4-1 ਗੋਲ ਨਾਲ ਹਰਾ ਕੇ ਡੂਰੰਡ ਕੱਪ ’ਤੇ 22 ਸਾਲਾਂ ਬਾਅਦ ਕਬਜ਼ਾ ਕੀਤਾ। ਐਤਵਾਰ ਨੂੰ ਨੱਕੋ-ਨੱਕ ਭਰੇ ਸਾਲਟਲੇਕ ਸਟੇਡੀਅਮ ’ਚ ਹੋਏ ਖ਼ਿਤਾਬੀ ਮੁਕਾਬਲੇ ’ਚ ਈਸਟ ਬੰਗਾਲ ਦੀ ਜਿੱਤ ਦਾ ਨਾਇਕ ਐਡਮੰਡ ਲਾਲਰਿੰਡਿਕਾ ਰਿਹਾ, ਜਿਸਨੇ ਪਹਿਲੇ ਹਾਫ ’ਚ ਹੀ ਤਿੰਨ ਗੋਲ ਕਰ ਕੇ ਮੋਹਨਬਗਾਨ ਨੂੰ ਪੂਰੀ ਤਰ੍ਹਾਂ ਬੈਕਫੁੱਟ ’ਤੇ ਲਿਆ ਦਿੱਤਾ। ਬਿਪਿਨ ਸਿੰਘ ਨੇ 10ਵੇਂ ਮਿੰਟ ’ਚ ਈਸਟ ਬੰਗਾਲ ਦਾ ਖਾਤਾ ਖੋਲ੍ਹਿਆ। ਇਸਦੇ ਦੋ ਮਿੰਟਾਂ ਬਾਅਦ ਹੀ ਐਡਮੰਡ ਨੇ ਗੋਲ ਕਰ ਕੇ ਬੜ੍ਹਤ 2-0 ਕਰ ਦਿੱਤੀ। 22ਵੇਂ ਮਿੰਟ ’ਚ ਉਸਨੇ ਆਪਣਾ ਦੂਜਾ ਗੋਲ ਕਰ ਦਿੱਤਾ। 33ਵੇਂ ਮਿੰਟ ’ਚ ਮਨਵੀਰ ਸਿੰਘ ਨੇ ਮੋਹਨ ਬਗਾਨ ਵੱਲੋਂ ਗੋਲ ਕਰ ਕੇ ਅੰਤਰ 3-1 ਕਰ ਦਿੱਤਾ ਪਰ ਪਹਿਲੇ ਹਾਫ ਦੀ ਸਮਾਪਤੀ ਤੋਂ ਠੀਕ ਪਹਿਲਾਂ 44ਵੇਂ ਮਿੰਟ ’ਚ ਐਡਮੰਡ ਨੇ ਗੋਲ ਦੀ ਹੈਟ੍ਰਿਕ ਕਰ ਕੇ ਈਸਟ ਬੰਗਾਲ ਨੂੰ 4-1 ਦੀ ਬੜ੍ਹਤ ਦਿਵਾ ਦਿੱਤੀ।ਮੋਹਨ ਬਗਾਨ ਨੇ ਪਹਿਲੇ ਹਾਫ ’ਚ ਬਾਲ ’ਤੇ ਜ਼ਿਆਦਾ ਕਬਜ਼ਾ ਰੱਖਿਆ ਤੇ ਗੋਲ ਦੀ ਜ਼ਿਆਦਾ ਕੋਸ਼ਿਸ਼ ਕੀਤੀ ਪਰ ਈਸਟ ਬੰਗਾਲ ਦੇ ਜਵਾਬੀ ਹਮਲਿਆਂ ਅੱਗੇ ਉਸਦੀ ਰਣਨੀਤੀ ਬੇਅਸਰ ਰਹੀ। ਦੂਜੇ ਹਾਫ ’ਚ ਵੀ ਮੋਹਨ ਬਗਾਨ ਨੇ ਬਾਲ ’ਤੇ ਜ਼ਿਆਦਾ ਕੰਟਰੋਲ ਬਣਾਈ ਰੱਖਿਆ ਤੇ ਲਗਾਤਾਰ ਹਮਲੇ ਕੀਤੇ ਪਰ ਈਸਟ ਬੰਗਾਲ ਦੀ ਰੱਖਿਆ ਕਤਾਰ ਨੂੰ ਨਹੀਂ ਵਿੰਨ੍ਹ ਸਕਿਆ। ਈਸਟ ਬੰਗਾਲ ਨੇ ਵੀ ਕੁਝ ਚੰਗੇ ਮੌਕੇ ਬਣਾਏ ਪਰ ਦੂਜੇ ਹਾਫ ’ਚ ਕੋਈ ਗੋਲ ਨਹੀਂ ਕਰ ਸਕੀ। ਅਖੀਰ 4-1 ਨਾਲ ਜਿੱਤ ਨਾਲ ਈਸਟ ਬੰਗਾਲ ਨੇ 22 ਸਾਲਾਂ ਬਾਅਦ ਡੂਰੰਡ ਕੱਪ ਦੀ ਟਰਾਫੀ ਚੁੱਕੀ। ਮੈਚ ਦੇ ਆਖਰੀ ਪਲਾਂ ’ਚ ਇਕ ਦਿਲਚਸਪ ਘਟਨਾ ਹੋਈ। ਮੈਚ ਖ਼ਤਮ ਹੋਣ ਤੋਂ ਕੁਝ ਘੜੀਆਂ ਪਹਿਲਾਂ ਰੈਫਰੀ ਵੱਲੋਂ ਵਜਾਈ ਗਈ ਸੀਟੀ ਨੂੰ ਈਸਟ ਬੰਗਾਲ ਦੇ ਸਮਰਥਕਾਂ ਨੇ ਫਾਈਨਲ ਸੀਟੀ ਸਮਝ ਲਿਆ, ਜਿਸ ਤੋਂ ਬਾਅਦ ਪਟਾਕੇ ਚੱਲਣ ਲੱਗੇ। ਈਸਟ ਬੰਗਾਲ ਨੇ 17ਵੀਂ ਵਾਰ ਇਹ ਖ਼ਿਤਾਬ ਜਿੱਤਿਆ ਹੈ। ਇਸ ਜਿੱਤ ਨਾਲ ਉਹ ਟੂਰਨਾਮੈਂਟ ਦੇ 139 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਧ ਖ਼ਿਤਾਬ ਜਿੱਤਣ ਵਾਲੀ ਟੀਮ ਵਜੋਂ ਮੋਹਨ ਬਾਗਾਨ ਦੇ ਬਰਾਬਰ ਪਹੁੰਚ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button