
ਈਰਾਨ-ਅਮਰੀਕਾ ਤਣਾਅ ਕਾਰਨ ਪੱਛਮੀ ਏਸ਼ੀਆ ਦੇ ਸਮੁੰਦਰੀ ਰੂਟ ਪ੍ਰਭਾਵਿਤ ਹੋਣ ਨਾਲ ਕੰਟੇਨਰ ਭਾੜੇ ’ਚ ਭਾਰੀ ਵਾਧਾ ਹੋ ਗਿਆ ਹੈ। ਇਸ ਨਾਲ ਬਰਾਮਦਕਾਰਾਂ (ਨਿਰਯਾਤਕਾਂ) ‘ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ ਅਤੇ ਸਮੇਂ ਸਿਰ ਵਿਦੇਸ਼ਾਂ ਤੱਕ ਮਾਲ ਪਹੁੰਚਾਉਣਾ ਵੀ ਮੁਸ਼ਕਲ ਹੋ ਗਿਆ ਹੈ। ਹੋਰਮੁਜ਼ ਜਲਡਮਰੂਮੱਧ ’ਚ ਬਣੀ ਬੇਭਰੋਸਗੀ ਦਾ ਸਿੱਧਾ ਅਸਰ ਭਾਰਤ ਦੀ ਊਰਜਾ ਸੁਰੱਖਿਆ, ਨਿਰਯਾਤ ਤੇ ਉਦਯੋਗਿਕ ਉਤਪਾਦਨ ‘ਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਭਾਰਤ ਆਪਣੀਆਂ ਤੇਲ ਲੋੜਾਂ ਦਾ ਕਰੀਬ 85 % ਹਿੱਸਾ ਆਯਾਤ ਰਾਹੀਂ ਪੂਰਾ ਕਰਦਾ ਹੈ, ਜਿਸ ਵਿਚੋਂ ਲਗਪਗ 40 % ਤੇਲ ਖਾੜੀ ਦੇਸ਼ਾਂ ਤੋਂ ਆਉਂਦਾ ਹੈ ਅਤੇ ਇਸ ਦਾ ਵੱਡਾ ਹਿੱਸਾ ਹੋਰਮੁਜ਼ ਜਲਡਮਰੂਮੱਧ ਰਾਹੀਂ ਲੰਘਦਾ ਹੈ। ਜੇਕਰ ਇਸ ਰਸਤੇ ’ਚ ਲੰਬੇ ਸਮੇਂ ਤੱਕ ਰੁਕਾਵਟ ਰਹਿੰਦੀ ਹੈ ਤਾਂ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ’ਚ 20 ਤੋਂ 30 ਫੀਸਦੀ ਜਾਂ ਇਸ ਤੋਂ ਵੱਧ ਦਾ ਉਛਾਲ ਆ ਸਕਦਾ ਹੈ। ਇਸ ਨਾਲ ਆਯਾਤ ਬਿੱਲ, ਉਤਪਾਦਨ ਲਾਗਤ ਤੇ ਮਹਿੰਗਾਈ ‘ਤੇ ਵੀ ਦਬਾਅ ਵਧੇਗਾ। ਇਸ ਦਾ ਸਿੱਧਾ ਅਸਰ ਕੱਪੜਾ, ਸਾਈਕਲ, ਮਸ਼ੀਨਰੀ, ਰਸਾਇਣ ਤੇ ਖੇਤੀ ਉਤਪਾਦਾਂ ਦੇ ਨਿਰਯਾਤ ‘ਤੇ ਪਵੇਗਾ। ਜਹਾਜ਼ਰਾਨੀ ਭਾੜੇ ਤੇ ਬੀਮਾ ਪ੍ਰੀਮੀਅਮ ’ਚ ਵਾਧੇ ਕਾਰਨ ਭਾਰਤੀ ਉਤਪਾਦਾਂ ਦੀ ਮੁਕਾਬਲੇ ਦੀ ਸਮਰੱਥਾ ਘਟ ਸਕਦੀ ਹੈ। ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਰਗੇ ਉਦਯੋਗਿਕ ਕੇਂਦਰ ਵੀ ਇਸ ਤੋਂ ਪ੍ਰਭਾਵਿਤ ਹੋਣਗੇ, ਕਿਉਂਕਿ ਇੱਥੋਂ ਦਾ ਉਦਯੋਗ ਆਵਾਜਾਈ ਤੇ ਊਰਜਾ ‘ਤੇ ਕਾਫ਼ੀ ਨਿਰਭਰ ਹੈ।
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇਕਰ ਇਹ ਸਥਿਤੀ ਲੰਬੇ ਸਮੇਂ ਤੱਕ ਬਣੀ ਰਹੀ ਤਾਂ ਮਹਿੰਗਾਈ ਵਧਣ ਦੇ ਨਾਲ ਆਰਥਿਕ ਵਿਕਾਸ ਦੀ ਰਫ਼ਤਾਰ ਵੀ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇ ਹਾਲਾਤ ’ਚ ਊਰਜਾ ਸਰੋਤਾਂ ਦੀ ਵਿਭਿੰਨਤਾ, ਰਣਨੀਤਕ ਭੰਡਾਰਾਂ ਦੀ ਵਰਤੋਂ ਤੇ ਨਵੇਂ ਵਪਾਰਕ ਮਾਰਗਾਂ ਦਾ ਵਿਕਾਸ ਜ਼ਰੂਰੀ ਹੋ ਜਾਵੇਗਾ।
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਦੇ ਐਕਸਪੋਰਟ ਵਿੰਗ ਦੇ ਕਨਵੀਨਰ ਸਰਵਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ 24 ਫੁੱਟ ਦਾ ਕੰਟੇਨਰ 900 ਤੋਂ 1,100 ਡਾਲਰ ’ਚ ਮਿਲ ਜਾਂਦਾ ਸੀ, ਜਦਕਿ ਹੁਣ ਇਸ ਦਾ ਭਾੜਾ ਵਧ ਕੇ 7,000 ਤੋਂ 8,000 ਡਾਲਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਕੰਟੇਨਰਾਂ ਦੀ ਘਾਟ ਕਾਰਨ ਨਵੀਂ ਬੁਕਿੰਗ ਤੋਂ ਬਾਅਦ ਵੀ ਕਰੀਬ ਇਕ ਮਹੀਨੇ ਬਾਅਦ ਕੰਟੇਨਰ ਮਿਲ ਰਿਹਾ ਹੈ, ਜਿਸ ਨਾਲ ਨਿਰਯਾਤਕਾਂ ਨੂੰ ਆਰਡਰ ਸਮੇਂ ਸਿਰ ਪੂਰੇ ਕਰਨ ’ਚ ਦਿੱਕਤ ਆ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




