ਇੱਕ ਨਵੀਂ ਬਿਮਾਰੀ Internet Addiction Disorder
ਅਮਰਜੀਤ ਸਿੰਘ ਵੜੈਚ
(94178-01988)
ਸੋਸ਼ਲ ਮੀਡੀਆ (ਸੋਮੀ) ਸਾਡੀ ਜ਼ਿੰਦਗੀ ਵਿੱਚ ਰੋਜ਼ਾਨਾ ਦੇ ਸਾਰਥੀ ਵਾਂਗ ਸ਼ਾਮਿਲ ਹੋਇਆ ਸੀ ਪਰ ਹੁਣ ਇਹ ਬਹੁਤਿਆਂ ਦੀ ਜ਼ਿੰਦਗੀ ਵਿੱਚ ਸੌਂਕਣ ਅਤੇ ਸਮੈਕ ਬਣ ਗਿਆ ਹੈ। ਦੁਨੀਆਂ ਦੇ ਹਰ ਕੋਨੇ ਵਿੱਚ ਇਸ ਪਲੇਟਫਾਰਮ ਭਾਵ ਸੋਮੀ ਨੇ ਆਪਣੀ ਹਾਜ਼ਰੀ ਲਗਾ ਦਿਤੀ ਹੈ। ਵਿਗਿਆਨ ਦੀ ਹਰ ਨਵੀਂ ਖੋਜ ਮਨੁੱਖ ਲਈ ਅਚੰਭਾ ਅਤੇ ਖਿਚ ਦਾ ਕਾਰਨ ਬਣਦੀ ਹੈ ,ਸੋਮੀ ਵੀ ਉਸੇ ਕਤਾਰ ਵਿੱਚ ਹੈ ਬਲਕਿ ਸਭ ਤੋਂ ਅੱਗੇ ਹੈ ।
ਅੱਜ ਦੁਨੀਆਂ ਦੀ ਸਾਢੇ ਚਾਰ ਅਰਬ ਤੋਂ ਵੱਧ ਭਾਵ 58.4 ਫ਼ੀਸਦ ਆਬਾਦੀ ਸੋਮੀ ਦੀ ਵਰਤੋਂ ਕਰ ਰਹੀ ਹੈ। ਮਰਦ 53.9 ਅਤੇ 46.1 ਫ਼ੀਸਦ ਔਰਤਾਂ ਸੋਮੀ ‘ਤੇ ਜੁੜੇ ਹਨ; ਇਨ੍ਹਾਂ ਵਿੱਚ ਯੂ ਟਿਊਬ, ਫੇਸਬੁੱਕ ਇੰਸਟਾਗਰਾਮ, ਫੇਸਬੁੱਕ ਮਸੈਂਜਰ, ਟਿਕਟਾੱਕ ਅਤੇ LinkedIn ਸਭ ਤੋਂ ਵੱਧ ਵਰਤੋਂ ‘ਚ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪਿਨਟਰਸਟ, ਸਕਾਇਪ, ਟੈਲੀਗਰਾਮ, ਹੈਲੋ, ਵੀਚੈਟ, ਰੈਡਇਟ ਅਤੇ ਹਾਇਕ ਸੋਮੀ ਵੀ ਵਰਤੇ ਜਾ ਰਹੇ ਹਨ ।
ਇੱਕ ਤਾਜ਼ਾ ਸਰਵੇਖਣ ਅਨੁਸਾਰ ਹਰ ਇੱਕ ਵਿਅਕਤੀ ਔਸਤਨ ਢਾਈ ਘੰਟੇ (2.27 ਘੰਟੇ) ਹਰ ਰੋਜ਼ ਸੋਮੀ ‘ਤੇ ਬਿਤਾਉਂਦਾ ਹੈ । ਇਹ ਗੱਲ ਤਾਂ ਠੀਕ ਹੈ ਕਿ ਮਨੁੱਖ ਨਵੀਂ ਤਕਨੀਕ ਵੱਲ ਵੱਧ ਖਿਿਚਆ ਜਾਂਦਾ ਹੈ ਅਤੇ ਇਸ ਵੱਲ ਵੀ ਲੋਕ ਖਾਸ ਕਰ ਨੌਜਵਾਨ ਵਰਗ ਖਿਚੇ ਗਏ ਹਨ। ਇਥੇ ਚਿੰਤਾ ਇਸ ਗੱਲ ਦੀ ਹੈ ਕਿ ਲੋਕ ਸੋਮੀ ਦੀ ਵਰਤੋਂ ਘੱਟ ਅਤੇ ਦੁਰਵਰਤੋਂ ਵੱਧ ਕਰ ਰਹੇ ਹਨ।
ਇਹ ਵੀ ਨਤੀਜਾ ਕੱਢਿਆ ਗਿਆ ਹੈ ਕਿ ਸੋਮੀ ‘ਤੇ ਲੋਕਾਂ ਦਾ ਸਮਾਂ ਜਿਆਦਾ ਨਸ਼ਟ ਹੋ ਰਿਹਾ ਹੈ; ਜਦੋਂ ਕੋਈ ਫੇਸਬੁੱਕ ਖੋਲਦਾ ਹੈ ਤਾਂ ਉਹ ਫਿਰ ਸਾਰੀਆਂ ਪੋਸਟਾਂ ਹੀ ਵੇਖਦਾ ਹੈ ਜਿਸ ਨਾਲ ਉਸ ਦਾ ਸਮਾਂ ਬਰਬਾਦ ਹੁੰਦਾ ਹੈ ਅਤੇ ਇੰਝ ਲੋਕਾਂ ਵਿੱਚ ਜ਼ਬਰਦਸਤ ਬਦਲਾਅ ਆ ਰਹੇ ਹਨ । ਸੋਮੀ ਦੇ ਬਹੁਤ ਫ਼ਾਇਦੇ ਹਨ; ਨਵੇਂ ਦੋਸਤ ਅਤੇ ਰਿਸ਼ਤੇ ਬਣਦੇ ਹਨ, ਸੰਚਾਰ ਦੀ ਗਤੀ ਤੇਜ਼ ਹੋ ਗਈ ਹੈ, ਖ਼ਬਰਾਂ ਤੇਜ਼ੀ ਨਾਲ ਲੋਕਾਂ ਤੱਕ ਪਹੁੰਚ ਰਹੀਆਂ ਨੇ, ਨਵੀਂ ਪ੍ਰਤਿਭਾ ਨੂੰ ਮੌਕਾ ਮਿਲਦਾ ਹੈ, ਲੋਕਾਂ ਨੇ ਰੋਜ਼ਗਾਰ ਦੇ ਸਾਧਨ ਬਣਾ ਲਏ ਹਨ, ਟਿਕਟਾਂ ਦੀ ਬੁਕਿੰਗ, ਬਿਲ ਭੁਗਤਾਨ ਹੋਣ ਲੱਗ ਪਏ ਹਨ, ਮਾਰਕੀਟਿੰਗ ਅਤੇ ਖਰੀਦਾਰੀ ਹੋਣ ਲੱਗੀ ਹੈ, ਲੋੜਵੰਦ ਲੋਕਾਂ ਦੀ ਮਦਦ ਹੋਣ ਲੱਗੀ ਹੈ, ਯੁਵਾ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣ ਰਿਹਾ ਹੈ, ਪੜ੍ਹਾਈ ਹੋਣ ਲੱਗੀ ਹੈ ਆਦਿ ।
ਸੋਮੀ ਨੂੰ ਸ਼ਰਾਰਤੀ ਲੋਕ ਦੂਸਰਿਆਂ ਨੂੰ ਬਲੈਕਮੇਲ ਕਰਨ ਲਈ ਵਰਤ ਰਹੇ ਹਨ, ਛੋਟੀ ਉਮਰ ਦੇ ਬੱਚਿਆਂ ਨੂੰ ਗ਼ਲਤ ਪ੍ਰੋਗਰਾਮ, ਤਸਵੀਰਾਂ, ਫਿਲਮਾਂ ਧੱਕੇ ਨਾਲ ਪਰੋਸੇ ਜਾ ਰਹੇ ਹਨ। ਤੁਹਾਡੇ ਸੈੱਟ ‘ਤੇ ਬੇਲੋੜੇ ਸੁਨੇਹੇ ਆ ਰਹੇ ਨੇ, ਇੱਕ-ਦੂਜੇ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਰਾਜਨੀਤਿਕ ਲੋਕ ਇਸ ਦੀ ਬੜੀ ਬੂਰੀ ਤਰ੍ਹਾਂ ਨਾਲ ਦੁਰਵਰਤੋਂ ਕਰ ਰਹੇ ਹਨ। ਕਿਸੇ ਵਿਅਕਤੀ ਨੂੰ ਬਦਨਾਮ ਕਰਨ ਲਈ ਇਸਦੀ ਦੁਰਵਰਤੋਂ ਹੋ ਰਹੀ ਹੈ।
ਇਸ ‘ਤੇ ਮਿਲਦੀ ਬਹੁਤੀ ਜਾਣਕਾਰੀ ਖ਼ਾਸਕਰ ਸਿਹਤ ਸਬੰਧੀ ਭਰੋਸੇਯੋਗ ਨਹੀਂ ਹੁੰਦੀ। ਸੋਮੀ ਕਾਰਨ ਬਹੁਤ ਸਾਰੇ ਲੋਕ ਨਿਰਾਸ਼ਾ ਵਿੱਚ ਡੁੱਬ ਜਾਂਦੇ ਹਨ, ਸਿਹਤ ਖਰਾਬ ਰਹਿਣ ਲਗਦੀ ਹੈ, ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਵਤੀਰਾ ਬਦਲ ਜਾਂਦਾ ਹੈ, ਰਿਸ਼ਤੇ ਚਰਮਰਾ ਰਹੇ ਹਨ ਅਤੇ ਪਰਿਵਾਰ ਟੁੱਟ ਰਹੇ ਹਨ। ਸੋਮੀ ਕਾਰਨ ਜੋ ਲੋਕਾਂ ਦਾ ਬੇਸ਼ਕੀਮਤੀ ਸਮਾਂ ਬਰਬਾਦ ਹੋ ਰਿਹਾ ਉਸ ਦਾ ਕੋਈ ਮੁੱਲ ਨਹੀਂ ।
ਇੰਟਰਨੈਟ ਅਡਿਕਸ਼ਨ ਡਿਸਔਰਡਰ (IAD) ਇੱਕ ਨਵੀਂ ਬਿਮਾਰੀ ਸਾਡੀ ਜ਼ਿੰਦਗੀ ‘ਚ ਆ ਚੁੱਕੀ ਹੈ। ਇਸਦੇ ਲੱਛਣਾਂ ਵਿੱਚ ਸਰੀਰ ‘ਚ ਪੀੜਾ, ਨੀਂਦ ਨਾ ਆਉਣਾ, ਨਿਗ੍ਹਾ ‘ਤੇ ਅਸਰ, ਭਾਰ ਘਟਣਾ/ਵੱਧਣਾ, ਇਕੱਲੇ ਰਹਿਣਾ ,ਗੁੱਸਾ, ਹੱਥ ਦੇ ਵਿੱਚ ਪੀੜ, ਹੱਥ ਦਾ ਸੌਣਾ, ਕਮਜ਼ੋਰ ਹੋਣਾ ਅਤੇ ਹੱਥ ਦੀ ਪਕੜ ਢਿੱਲੀ ਕਮਜ਼ੋਰ ਪੈਣਾ ਸ਼ਾਮਿਲ ਹੈ ।
ਜੇ ਤੁਸੀਂ ਇਹ ਪਤਾ ਕਰਨਾ ਚਾਹੁੰਦੇ ਹੋ ਕਿ ਕਿਸ ਵਿਅਕਤੀ ਨੂੰ ਇਹ ਬਿਮਾਰੀ ਜਾਂ ਅਡਿਕਸ਼ਨ ਲੱਗ ਚੁੱਕੀ ਹੈ ਤਾਂ ਇਹ ਪਤਾ ਕਰੋ ਕਿ ਉਹ ਵਿਅਕਤੀ ਕਿੰਨੀ ਛੇਤੀ-ਛੇਤੀ ਮੋਬਾਇਲ ਖੋਲਦਾ ਹੈ ਅਤੇ ਕਿੰਨਾ-ਕਿੰਨਾ ਸਮਾਂ ਲਗਾਉਂਦਾ ਹੈ ਇਹ ਸਥਿਤੀ ਬੜੀ ਭਿਆਨਕ ਬਣਨ ਜਾ ਰਹੀ ਹੈ । ਭਾਰਤ ਵਿੱਚ 50 ਕਰੋੜ ਤੋਂ ਵੱਧ ਲੋਕ ਸੋਮੀ ਦੀ ਵਰਤੋਂ ਕਰ ਰਹੇ ਹਨ ਅਤੇ 2040 ਤੱਕ ਇਹ ਸੰਖਿਆ ਇੱਕ ਅਰਬ ਨੁੰ ਪਾਰ ਕਰ ਜਾਵੇਗੀ । ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕਰ ਦਿੱਤਾ ਹੈ ਕਿ 2030 ਤੱਕ ਭਾਰਤ ਮਹਾਂਗਤੀ ਵਾਲਾ ਇੰਟਰਨੈੱਟ 6ਜੀ ਵੀ ਲਾਗੂ ਕਰ ਦੇਵੇਗਾ।
ਕਈ ਕੰਪਨੀਆਂ ਬੜੀ ਜਲਦੀ 5ਜੀ ਵੀ ਦੇਣ ਦੀ ਤਿਆਰੀ ਕਰ ਚੁੱਕੀਆਂ ਹਨ। ਸਾਨੂੰ ਬਹੁਤ ਛੇਤੀ ਸਮਾਜਿਕ, ਪਰਿਵਾਰਿਕ, ਸਰਕਾਰੀ ਅਤੇ ਵਿਿਦਅਕ ਪੱਧਰ ‘ਤੇ ਕਾਰਜਸ਼ੀਲ ਅਤੇ ਸੁਚੇਤ ਹੋਣ ਦੀ ਲੋੜ ਹੈ ਤਾਂਕਿ ਅਸੀਂ ਆਪਣੀਆਂ ਆਉਂਦੀਆਂ ਪੀੜ੍ਹੀਆਂ ਨੂੰ ਅਤੇ ਮੌਜੂਦਾ ਨਸਲਾਂ ਨੂੰ ਕਿਸੇ ਵੱਡੇ ਸੰਕਟ ਤੋਂ ਬਚਾ ਸਕੀਏ। ਜੇਕਰ ਅਸੀਂ ਨਾ ਸੰਭਲੇ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.