ਇਨਸਾਨੀ ਲਾਸ਼ ਦੀ ਬੇਕਦਰੀ, ਕੂੜੇ ਨਾਲ ਭਰੀ ਟਰਾਲੀ ‘ਚ ਲੱਦ ਕੇ ਲੈ ਗਏ ਮੜ੍ਹੀਆਂ ‘ਚ
ਬਟਾਲਾ : ਕਈ ਸਾਲ ਪਹਿਲਾਂ ਇੱਕ ਗਾਣਾ ਆਇਆ ਸੀ ‘ਦੇਖ ਤੇਰੇ ਸੰਸਾਰ ਕੀ ਹਾਲਤ ਕਿਆ ਹੋ ਗਈ ਭਗਵਾਨ ਕਿਤਨਾ ਬਦਲ ਗਯਾ ਇਨਸਾਨ’ ਜਿਸ ਵੇਲੇ ਇਹ ਗਾਣਾ ਲਿਖਿਆ ਗਿਆ ਸੀ ਉਸ ਵੇਲੇ ਇਸਦੇ ਲੇਖਕ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਉਸਦੇ ਲਿਖੇ ਹੋਏ ਬੋਲ ਉਸਦੀ ਸੋਚ ਨਾਲੋਂ ਵੀ ਕਿਤੇ ਅੱਗੇ ਜਾ ਕੇ ਸੱਚ ਹੋਣ ਵਾਲੇ ਹਨ। ਜੀ ਹਾਂ ਅਸੀਂ ਤੁਹਾਨੂੰ ਇਨ੍ਹਾਂ ਬੋਲਾਂ ਨੂੰ ਸੱਚ ਕਰਦੀ ਬਟਾਲੇ ਵਿੱਚ ਵਾਪਰੀ ਇੱਕ ਅਜਿਹੀ ਹੀ ਘਟਨਾ ਤੋਂ ਵਾਕਫ਼ ਕਰਾਉਣ ਜਾ ਰਹੇ ਹਾਂ ਜਿਸ ਵਿਚ ਜਦੋਂ ਉਥੋਂ ਦੀ ਨਗਰ ਕੌਂਸਲ ਨੂੰ ਇੱਕ ਅਣਪਛਾਤੀ ਲਾਸ਼ ਨੂੰ ਦਾਹ ਸਸਕਾਰ ਲਈ ਮੜੀਆਂ ਵਿੱਚ ਭੇਜਣ ਦਾ ਜਿੰਮਾ ਮਿਲਿਆ ਤਾਂ ਉਨ੍ਹਾਂ ਬੇਕਿਰਕ ਲੋਕਾਂ ਨੇ ਇਸ ਇਨਸਾਨੀ ਲਾਸ਼ ਨੂੰ ਕਿਸੇ ਮਰੇ ਹੋਏ ਜਾਨਵਰ ਵਾਂਗ ਕੂੜੇ ਨਾਲ ਭਰੀ ਟਰਾਲੀ ਵਿੱਚ ਲੱਦ ਕੇ ਉੱਥੇ ਪਹੁੰਚਾਇਆ। ਪਰ ਜਦੋਂ ਇਸ ਘਟਨਾ ਦੀ ਵੀਡੀਓ ਬਣ ਕੇ ਸੋਸ਼ਲ ਮੀਡੀਆ ’ਤੇ ਬਣ ਕੇ ਵਾਇਰਲ ਹੋਈ ਤਾਂ ਇਸ ਕੌਂਸਲ ਵਾਲੇ ਲੋਕ ਆਪਣੇ ਉੱਤੇ ਡਿੱਗ ਰਹੇ ਇਲਜ਼ਾਮਾਂ ਨੂੰ ਕਿਸੇ ਵਾਲੀਵਾਲ ਵਾਂਗ ਇੱਕ ਦੂਜੇ ਅਧਿਕਾਰੀ ਉੱਤੇ ਸੁੱਟਦੇ ਨਜ਼ਰ ਆਏ।
Read Also ਫਿਰੋਜ਼ਪੁਰ ‘ਚ ਦਰਖਤ ਨਾਲ ਲਟਕਦੀ ਲਾਸ਼ ਨੇ ਫੈਲਾਈ ਸਨਸਨੀ
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇੱਕ ਅਣਪਛਾਤਾ ਬਜ਼ੁਰਗ ਲੋਕਾਂ ਨੂੰ ਬੇਹੱਦ ਕਮਜ਼ੋਰ ਅਤੇ ਬਿਮਾਰੀ ਦੀ ਹਾਲਤ ਵਿੱਚ ਮਿਲਆ ਜਿਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਇਸ ਨੂੰ ਬਚਾ ਨਹੀਂ ਪਾਏ ਤੇ ਇੱਕ ਅਕਤੂਬਰ ਨੂੰ ਇਸ ਬਜ਼ੁਰਗ ਦੀ ਮੌਤ ਹੋ ਗਈ। ਫਿਰ ਜਿਵੇਂ ਕਿ ਕਾਨੂੰਨ ਕਹਿੰਦਾ ਹੈ ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ ਵਿੱਚ ਲਿਜਾਇਆ ਗਿਆ, ਖੇਤਰੀ ਥਾਣੇ ਵਾਲਿਆਂ ਨੇ ਅਧੀਨ 174 ਸੀਆਰਪੀਸੀ ਤਹਿਤ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਜਦੋਂ ਇਸਦਾ ਦਾਹ ਸੰਸਕਾਰ ਕਰਵਾਉਣਾ ਚਾਹਿਆ ਤਾਂ ਨਿਯਮਾਂ ਅਨੁਸਾਰ ਨਗਰ ਕੌਂਸਲ ਨੂੰ ਸੂਚਿਤ ਕੀਤਾ ਗਿਆ ਜਿੱਥੋਂ ਇਸ ਲਾਸ਼ ਨੂੰ ਮੜੀਆਂ ਵਿੱਚ ਪਹੁੰਚਾਉਣ ਲਈ ਸਫਾਈ ਸੇਵਕ ਜਿਹੜੀ ਟਰਾਲੀ ਲੈ ਕੇ ਆਏ ਉਹ ਕੂੜੇ ਨਾਲ ਭਰੀ ਹੋਈ ਸੀ ਤੇ ਉਨ੍ਹਾਂ ਨੇ ਥਾਣਾ ਸਿਵਲ ਲਾਈਨ ਦੇ ਇੱਕ ਮੁਲਾਜ਼ਮ ਦੀ ਹਾਜ਼ਰੀ ਵਿੱਚ ਇਸ ਮੁਰਦਾ ਇਨਸਾਨ ਨੂੰ ਟਰਾਲੀ ਵਿੱਚ ਪਏ ਕੂੜੇ ਉੱਪਰ ਸੁੱਟ ਲਿਆ ਤੇ ਕਿਸੇ ਨੂੰ ਪਤਾ ਨਾ ਲੱਗੇ ਇਸ ਲਈ ਉਨ੍ਹਾਂ ਨੇ ਇਸ ਲਾਸ਼ ਨੂੰ ਕਾਲੇ ਰੰਗ ਦੀ ਤਰਪਾਲ ਨਾਲ ਢੱਕ ਦਿੱਤਾ।
ਇਸ ਸਬੰਧ ਵਿੱਚ ਜਦੋਂ ਡਿਊਟੀ ਤੇ ਹਾਜ਼ਰ ਥਾਣੇਦਾਰ ਸਤਨਾਮ ਸਿੰਘ ਅਤੇ ਮੌਕੇ ਤੇ ਮੌਜੂਦ ਸਫਾਈ ਸੇਵਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਸਫਾਈ ਸੇਵਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਂ ਅਜਿਹਾ ਕਰਨ ਲਈ ਨਗਰ ਕੌਂਸਲ ਦੇ ਈਓ ਭੁਪਿੰਦਰ ਸਿੰਘ ਨੇ ਹੁਕਮ ਦਿੱਤੇ ਹਨ। ਦੂਜੇ ਪਾਸੇ ਉਕਤ ਈਓ ਭੁਪਿੰਦਰ ਸਿੰਘ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕੋਈ ਹੁਕਮ ਨਹੀਂ ਦਿੱਤਾ ਕਿ ਲਾਸ਼ ਨੂੰ ਕੂੜੇ ਵਾਲੀ ਟਰਾਲੀ ਵਿੱਚ ਲੈ ਕੇ ਜਾਓ। ਭੁਪਿੰਦਰ ਸਿੰਘ ਅਨੁਸਾਰ ਜਿਨ੍ਹਾਂ ਲੋਕਾਂ ਨੇ ਅਜਿਹਾ ਕੰਮ ਕੀਤਾ ਹੈ ਉਨ੍ਹਾਂ ਖਿਲਾਫ਼ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਹੁਣ ਕਰੀ ਜਾਣ ਜਿੰਨੀਆ ਮਰਜ਼ੀ ਇਨਕੁਆਰੀਆਂ ਤੇ ਦਈ ਜਾਵੋ ਜਿਹਨੂੰ ਮਰਜ਼ੀ ਸਜ਼ਾ, ਪਰ ਉਸ ਮੁਰਦਾ ਇਨਸਾਨ ਨੂੰ ਨਾ ਤਾਂ ਉਦੋਂ ਕੋਈ ਫਰਕ ਪਿਆ ਸੀ, ਜਿਸ ਵੇਲੇ ਉਸਦੀ ਦੇਹ ਨੂੰ ਮੁਸ਼ਕ ਵਾਲੇ ਕੂੜੇ ਵਿੱਚ ਰੱਖ ਕੇ ਆਖਰੀ ਯਾਤਰਾ ਲਈ ਲਿਜਾਇਆ ਗਿਆ ਸੀ, ਤੇ ਨਾ ਹੀ ਹੁਣ ਕਿਸੇ ਨੂੰ ਕੋਈ ਫਰਕ ਪੈਣਾ ਹੈ ਜੇਕਰ ਇਸ ਮਾਮਲੇ ਵਿਚ ਕੋਈ ਕਸੂਰਵਾਰ ਪਾਇਆ ਜਾਂਦਾ ਹੈ, ਪਰ ਇੰਨਾ ਜਰੂਰ ਹੈ, ਕਿ ਇਨ੍ਹਾਂ ਸਾਰਿਆਂ ਨੂੰ ਇੱਕ ਵਾਰ ਕਾਵਾਂ ਦੇ ਉਸ ਝੁੰਡ ਵਾਂਗ ਜਰੂਰ ਵੇਖ ਲੈਣਾ ਚਾਹੀਦਾ ਹੈ ਜੋ ਉਨ੍ਹਾਂ ਦੇ ਕਿਸੇ ਸਾਥੀ ਦੇ ਮਰਨ ਤੇ ਕਾਂ-ਕਾਂ ਕਰਕੇ ਸਾਰਾ ਅਸਮਾਨ ਸਿਰ ’ਤੇ ਚੁੱਕ ਲੈਂਦੇ ਹਨ। ਸ਼ਾਇਦ ਕਿਸੇ ਦੇ ਖਾਨੇ ਵਿਚ ਕੋਈ ਗੱਲ ਪੈ ਜਾਏ, ਤੇ ਅੱਗੋਂ ਕਿਸੇ ਦੀ ਅੰਤਿਮ ਯਾਤਰਾ ਦਾ ਇਹ ਹਾਲ ਨਾ ਹੋਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.