EDITORIAL

ਇਕ ਦੱਬਿਆ ਇਕ ਭੱਜਿਆ, ‘ਖਾਲਸਾ ਵਹੀਰ’ ਫਿਰ ਤਿਆਰ

ਅਮਰਜੀਤ ਸਿੰਘ ਵੜੈਚ (94178-01988)

ਸਿਖਾਂ ਲਈ ਵੱਖਰੀ ਸਟੇਟ ਦੀ ਮੰਗ ਕਰਨ ਵਾਲ਼ੇ ਤੇ ‘ਵਾਰਿਸ ਪੰਜਾਬ ਦੇ’ ਮੁੱਖੀ ਅੰਮ੍ਰਿਤਪਾਲ ਸਿੰਘ , 36 ਦਿਨਾਂ ਦੀ ‘ਲੁਕਣ ਮੀਟੀ’ ਮਗਰੋਂ 23 ਅਪ੍ਰੈਲ ਨੂੰ ਪੰਜਾਬ ਪੁਲਿਸ ਦੀ ‘ਮਹਿਮਾਨ ਨਿਵਾਜ਼ੀ’ ‘ਚ ਪਹੁੰਚ ਗਿਆ ਤੇ  ਓਸੇ ਹੀ ਦਿਨ  ਆਪਣੇ ਬਾਕੀ ਸਾਥੀਆਂ  ਕੋਲ਼  ਆਸਾਮ ਦੀ ਉੱਚ ਸੁਰੱਖਿਆ ਵਾਲ਼ੀ ਜੇਲ੍ਹ ‘ਚ ਪਹੁੰਚਾ ਦਿਤਾ ਗਿਆ ।

WhatsApp Image 2023 04 23 at 9.15.36 AM

ਖ਼ਬਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਸ ਨੂੰ ਹਦਾਇਤ ਕੀਤੀ ਸੀ ਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਸਮੇਂ ਕੋਈ ਗੋਲ਼ੀ ਨਹੀਂ ਚੱਲਣੀ ਚਾਹੀਦੀ ਜਿਸ ਕਾਰਨ ਕੋਈ ਖੂਨ ਖਰਾਬਾ ਹੋਵੇ । ਪੁਲਿਸ ਅਨੁਸਾਰ ਪੁਲਿਸ ਨੇ ਲੰਮੀ ਕਾਰਵਾਈ ਮਗਰੋਂ ਅੰਮ੍ਰਿਤਪਾਲ ਨੂੰ ਘੇਰਾ ਪਾ ਲਿਆ ਜਿਸ ਮਗਰੋਂ ਉਸ ਕੋਲ਼ ਸਵਾਏ ਗ੍ਰਿਫ਼ਤਾਰ ਹੋਣ ਦੇ ਹੋਰ ਕੋਈ ਰਾਹ ਨਹੀਂ ਬਚਿਆ ਸੀ ਤੇ ਪੁਲਿਸ ਨੂੰ ਉਸ ਦੇ ਪਿੰਡ ਰੋਡੇ ‘ਚ ਪਹੁੰਚਣ ਦੀ ਖ਼ਬਰ ਇਕ ਦਿਨ ਪਹਿਲਾਂ ਹੀ ਲੱਗ ਗਈ ਸੀ । ਫਿਰ ਪੁਲਿਸ ਨੇ ਪਿੰਡ ਨੂੰ ਸਾਦੇ ਕੱਪੜਿਆਂ ‘ਚ ਕਰਮਚਾਰੀਆਂ ਨਾਲ਼ ਘੇਰਾ ਪਾਕੇ ਗ੍ਰਿਫ਼ਤਾਰ ਹੋਣ ਲਈ ਮਜਬੂਰ ਕਰ ਦਿਤਾ ।

ਖ਼ੈਰ ! ਪਿੰਡ ‘ਚੋਂ ਜੋ ਜਾਣਕਾਰੀ ਮੀਡੀਆ ‘ਚ ਸਾਹਮਣੇ ਆਈ ਹੈ ਉਸ ਅਨੁਸਾਰ ਪਿੰਡ ‘ਚ ਕੋਈ ਪੁਲਿਸ ਨਹੀਂ ਦਿਸੀ  ਤੇ ਸਵੇਰੇ ਪੰਜ ਕਾਰਾਂ ਆਈਆਂ ਜਿਨ੍ਹਾਂ ‘ਚੋਂ ਅੰਮ੍ਰਿਤਪਾਲ ਵੀ ਉਤਰਿਆਂ ਤੇ ਉਹ ਗੁਰਦੁਆਰੇ ‘ਚ ਮੱਥਾ ਟੇਕਣ ਤੇ ਇਕ ਸੰਖੇਪ ਵੀਡੀਓ ਸੁਨੇਹਾ ਦੇਣ ਮਗਰੋਂ ਬਾਹਰ ਆ ਗਿਆ ਤੇ ਪੁਲਿਸ ਉਸ ਨੂੰ ਸਿਧਾ ਬਠਿੰਡੇ ਲੈ ਗਈ ਤੇ ਫਿਰ ਜਹਾਜ਼ ਰਾਹੀਂ ਆਸਾਮ । ਦੂਜੇ ਬੰਨੇ ਸ੍ਰੀ ਆਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਜਸਬੀਰ ਸਿੰਘ ਰੋਡੇ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਨੇ ਸਰੰਡਰ ਕੀਤਾ ਹੈ । ਵੈਸੇ ਵੀ ਜਦੋਂ ਪੁਲਿਸ ਉਸ ਨੂੰ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹਿਰਾਸਤ ‘ਚ ਲੈ ਰਹੀ ਸੀ ਤਾਂ ਉਸ ਦੇ ਹਾਵ-ਭਾਵ ਬਿਲਕੁਲ ਇੰਜ ਨਹੀਂ ਸੀ ਲੱਗ ਰਹੇ ਕਿ ਉਸ ਨੂੰ ਪੁਲਿਸ ਨੇ ਘੇਰਾ ਪਾਕੇ ਫੜਿਆ ਹੋਵੇ । ਨਾ ਪੁਲਿਸ ‘ਚ ਹਫ਼ੜਾ ਦਫ਼ੜੀ ਸੀ ।

09 4

ਅੰਮ੍ਰਿਤਪਾਲ ਤੇ ਉਸ ਦੇ ਬਾਕੀ ਸਾਥੀਆਂ ਨੂੰ  ਐੱਨਐੱਸਏ ਤਹਿਤ ਪੰਜਾਬ ਤੋਂ 2500 ਕਿਲੋਮੀਟਰ ਦੂਰ ਡਿਬਰੂਗੜ੍ਹ ‘ਚ ਰੱਖਿਆ ਗਿਆ ਹੈ ਜਿਥੇ ਜਾਣਾ ਉਸ ਦੇ ਪਰਿਵਾਰਕ ਮੈਂਬਰਾਂ ਲਈ ਇਕ ਵੱਡਾ ਜੋਖਮ ਹੋਵੇਗਾ । ਇਸ ਹਿਸਾਬ  ਨਾਲ਼ ਉਨ੍ਹਾਂ ਨੂੰ ਕਾਨੂੰਨੀ ਲੜਾਈ ਲੜਨੀ ਵੀ ਔਖੀ ਹੋਵੇਗੀ । ਇਹ ਫ਼ੈਸਲਾ ਪੰਜਾਬ ਸਰਕਾਰ ਦਾ ਹੈ ਜਾਂ ਕੇਂਦਰੀ ਏਜੰਸੀਆਂ ਦਾ ਇਸ ਬਾਰੇ ਸਪੱਸ਼ਟ ਨਹੀਂ ।

18 ਮਾਰਚ ਤੋਂ 23 ਅਪ੍ਰੈਲ ਤੱਕ ਪੰਜਾਬ ਦੇ ਰਾਜਸੀ ਪਰਦੇ ‘ਤੇ ਬੜਾ ਕੁਝ ਵਾਪਰ ਗਿਆ   । ਇਕ  ਲਵਪ੍ਰੀਤ ਦੀ ਨਿੱਜੀ  ਗ੍ਰਿਫ਼ਤਾਰੀ  ਨੂੰ ‘ਸਿਖ ਕੌਮ’ ਦਾ ਮਸਲਾ ਬਣਾ ਦਿਤਾ ਗਿਆ , ਸ੍ਰੀ ਆਕਾਲ ਤਖਤ ਸਾਹਿਬ ਤੋਂ ਵੀ ਅਪੀਲ ਜਾਰੀ ਹੋ ਗਈ ਤੇ ਅੰਮ੍ਰਿਤਪਾਲ ਸਿੰਘ  ਸਿਖਾਂ ਵਿੱਚ ‘ਨਾਇਕ’ ਬਣਨ ਲੱਗਾ ਪਰ ਉਸ ਦੀ ਇਹ ‘ਚੜ੍ਹਤ’ ਕਈਆਂ ਨੂੰ ਆਪਣੇ ਭਵਿਖ ‘ਤੇ ਇਕ ਗ੍ਰਹਿਣ ਵਾਂਗ ਲੱਗਣ ਲੱਗੀ..ਤੇ ਅੰਤ 207 ( 29.9.2022 ਤੋਂ 23.4.2023) ਦਿਨਾਂ ਦਾ ਇਹ ‘ਨਾਇਕ’  ਡਿਬਰੂਗੜ੍ਹ ‘ਚ ਅਸਤ ਹੋ ਗਿਆ । ਡਾ: ਧਰਮਵੀਰ ਗਾਂਧੀ ,ਸਾਬਕਾ ਸੰਸਦ ਮੈਂਬਰ ਅਨੁਸਾਰ ਕੇਂਦਰੀ ਏਜੰਸੀ ਦੇ ‘ਨਾਟਕ’ ਦਾ ਪਹਿਲਾ ਹਿਸਾ ਸਮਾਪਤ ਹੋ ਗਿਆ ਹੈ ਤੇ ਸਾਬਕਾ ਸੰਸਦ ਮੈਂਬਰ ਅਤਿੰਦਰਪਾਲ ਸਿੰਘ ‘ਖਾਲਿਸਤਾਨੀ’ ਕਹਿੰਦੇ ਹਨ ਇਸ ‘ਨਾਟਕ’ ਦਾ ਅਗਲਾ ਹਿੱਸਾ ਵੀ ਤਿਆਰ ਹੈ ।

10 1

ਅੰਮ੍ਰਿਤਪਾਲ ਦੀ ਫਰਾਰੀ ਨੂੰ ਜਿਸ ਢੰਗ ਨਾਲ਼ ਰਾਸ਼ਟਰੀ ਤੇ ਸੋਸ਼ਲ ਮੀਡੀਏ ‘ਤੇ  ਪ੍ਰਚਾਰਿਆ ਗਿਆ ਹੈ ਉਸ ਨਾਲ਼ ਸਿਖਾਂ ਦੀਆਂ ਸਮੱਸਿਆਂਵਾਂ ਵੱਲ ਤਾਂ ਧਿਆਨ ਨਹੀਂ ਗਿਆ ਬਲਕਿ ਸਿਖਾਂ ਨੂੰ ਬਤੌਰ ਅੱਤਵਾਦੀ ਉਭਾਰਿਆ ਗਿਆ ਹੈ ਜਿਸ ਬਾਰੇ ਵਿਦੇਸ਼ਾਂ ‘ਚ ਬੈਠੈ ਸਿਖ ਪਰਿਵਾਰ ਜ਼ਰੂਰ ਭੈਭੀਤ ਹੋਏ ਹਨ ।

ਉਧਰ ਦਮਦਮੀ ਟਕਸਾਲ (ਸੰਗਰਾਵਾਂ) ਵੱਲੋਂ ਅੰਮ੍ਰਿਤਪਾਲ ਵੱਲੋਂ ਸ਼ੁਰੂ ਕੀਤੀ ‘ਖਾਲਸਾ ਵਹੀਰ’ ਦੁਬਾਰਾ 4 ਮਈ ਨੂੰ ਮੁਕਤਸਰ ਸਾਹਿਬ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ (ਅਜੀਤ 25.4.23)। ਅੰਮ੍ਰਿਤਪਾਲ  ਵਾਲਾ ‘ਨਾਟਕ’ ਬੰਦ ਹੋਣ ਤੋਂ ਅਗਲੇ ਹੀ ਦਿਨ 24 ਨੂੰ ਮੋਰਿੰਡਾ ਅਤੇ ਫ਼ਰੀਦਕੋਟ ‘ਚ ਬੇਅਦਬੀ ਦੀਆਂ ਘਟਨਾਵਾ ਵਾਪਰ ਗਈਆਂ ਹਨ । ਕੀ ਇਹ ਮੌਕਾ-ਮੇਲ਼ ਹੈ ?

ਬਰਖਾਸਤ AIG ਰਾਜਜੀਤ ਨੇ ਬੇਟੀ, ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਂਅ 'ਤੇ ਬਣਾਈ ਕਰੋੜਾਂ ਦੀ  ਜਾਇਦਾਦ

ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਪਾਲ ਦੀ ਫਰਾਰੀ ਮਗਰੋਂ ਪੰਜਾਬ ਪੁਲਿਸ ਦੀ ਕਿਰਕਰੀ ਹੋਈ ਸੀ ਕਿ ਇਸ ਦਾ ਸਾਰਾ ਖੁਫ਼ੀਆ ਤੰਤਰ ਫ਼ੇਲ ਹੋ ਗਿਆ ਤੇ ਅੰਮ੍ਰਿਤਪਾਲ ਇਕ ਨਵੀਂ ਰਲੀਜ਼ ਹੋਣ ਵਾਲ਼ੀ ਫਿਲਮ ਵਾਂਗ ਆਪਣੀਆਂ ਤਸਵੀਰਾਂ ਜਾਰੀ ਕਰਦਾ ਰਿਹਾ । ਹੁਣ ਪੁਲਿਸ ਦਾ ਆਪਣਾ ਹੀ ਉੱਚ ਅਫ਼ਸਰ ਏਆਈਜੀ ਰਾਜਜੀਤ ਸਿੰਘ ਜੋ ਨਸ਼ਿਆਂ ਦੇ ਵਪਾਰ ਲਈ ਕੀਤੀ ਜਾਂਚ ਵਿੱਚ ਨਾਮਜ਼ਦ ਕੀਤਾ ਗਿਆ ਹੈ ਉਹ ਵੀ 17 ਅਪ੍ਰੈਲ ਤੋਂ ਫਰਾਰ ਹੋ ਚੁੱਕਿਆ ਹੈ । ਪੁਲਿਸ ਉਸ ਲਈ ਐੱਲਓਸੀ ਜਾਰੀ ਕਰ ਚੁੱਕੀ ਹੈ ਤਾਂਕੇ ਉਹ ਦੇਸ਼ ਤੋਂ ਬਾਹਰ ਨਾ ਭੱਜ ਸਕੇ । ਇਹ ਪਤਾ ਲੱਗਾ ਹੈ ਕਿ ਰਾਜਜੀਤ ਨੂੰ ਆਪਣੀ ਬਰਖਾਸਤਗੀ ਦੀ ‘ਅੰਦਰੋਂ’ ਭਿਣਕ ਪੈ ਚੁੱਕੀ ਸੀ ਇਸ ਕਰਕੇ ਉਹ ਇਧਰ-ਉਧਰ ਹੋ ਗਿਆ । ਪੁਲਿਸ ਨੂੰ ਇਸ  ‘ਤੇ ਵੀ ਛਿੱਤਾ ਹੋਣਾ ਪੈ ਸਕਦਾ ਹੈ ਜੇ ਕਰ ਹੋਰ ਸਮਾਂ ਲੰਘਦਾ ਗਿਆ ।

ਵਿਰੋਧੀ ਧਿਰਾਂ ਤਾਂ ਮਾਨ ਸਰਕਾਰ ‘ਤੇ ਨਿਸ਼ਾਨੇ ਕੱਸ ਹੀ ਰਹੀਆਂ ਹਨ ਕਿ ਸੀਐੱਮ ਨੂੰ  ਸਰਕਾਰ ਨਹੀਂ ਚਲਾਉਣੀ ਆਉਂਦੀ ਪਰ ਭਗਵੰਤ ਮਾਨ ਨੇ ਬੜੀ ਸਖਤੀ ਨਾਲ਼ ਕਹਿ ਦਿਤਾ ਹੈ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ । ਇਹ ਸ਼ੰਕੇ ਗੇੜੇ ਲਾਉਂਦੇ ਫਿਰ ਰਹੇ ਹਨ ਕਿ ਜਲੰਧਰ ਦੀ ਜ਼ਿਮਨੀ ਚੋਣ ਮਾਨ ਸਾਹਿਬ ਵਾਸਤੇ ਵਕਾਰ ਦਾ ਸਵਾਲ ਬਣੀ ਹੋਈ ਹੈ ਇਸ ਲਈ ਘਟਨਾਵਾਂ ਬੜੀ ਤੇਜ਼ੀ ਨਾਲ਼ ਮੋੜ ਕੱਟ ਰਹੀਆਂ ਹਨ  ਪਰ 10 ਮਈ ਮਗਰੋਂ ਸੱਭ ਕੁਝ ਫਿਰ ਆਪਣੀ ਰਫ਼ਤਾਰ ‘ਚ ਚੱਲਣ ਲੱਗ ਪਵੇਗਾ ।

ਲੋਕ,  ਰਾਜ ਵਿੱਚ ਅਮਨ ਸ਼ਾਂਤੀ ਚਾਹੁੰਦੇ ਹਨ ਪਰ ਮੌਜੂਦਾ ਸਥਿਤੀਆਂ ਲੋਕਾਂ ਨੂੰ ਧਰਵਾਸ ਨਹੀਂ ਦਵਾ ਰਹੀਆਂ । ਲੋਕ ਤਾਂ ਪਹਿਲਾਂ ਹੀ ਆਪਣੇ ਜਵਾਕਾਂ ਨੂੰ ਜਹਾਜ਼ਾ ‘ਤੇ ਚੜ੍ਹਾਉਣ ਲਈ ਅੱਡੀਆਂ ਚੁੱਕ-ਚੱਕ ਫਾਹੇ ਲੈ ਰਹੇ ਨੇ ਜੇ ਕਰ ਸਥਿਤੀਆਂ ਹੋਰ ਵਿਗੜ ਗਈਆਂ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਹੋਰ ਵੀ ਡੋਲ ਜਾਵੇਗਾ  ਤੇ ਫਿਰ ਇਨ੍ਹਾਂ ਲੋਕਾਂ ਦੀ ਬਾਂਹ ਕੌਣ ਫੜੇਗਾ ? ਸੰਬਿੰਧਿਤ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਰਾਜਸੀ ਕਿੜਾਂ ਕੱਢਣ ਨੂੰ ਛੱਡ ਕੇ ਪੰਜਾਬ ਨੂੰ ਪੈਰਾਂ ਸਿਰ ਲਿਆਉਣ ਲਈ ਕਮਰਕੱਸੇ ਕੱਸ ਲੈਣ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button