Press ReleasePunjabTop News

ਆਮ ਆਦਮੀ ਵੱਲੋਂ ‘ਆਮ ਆਦਮੀ ਕਲੀਨਿਕਾਂ’ ਨੂੰ ਭਰਵਾਂ ਹੁੰਗਾਰਾ

ਵੱਧ ਤੋਂ ਵੱਧ ਮਰੀਜਾਂ ਨੂੰ ਸਿਹਤ ਸੰਭਾਲ ਸਹੂਲਤਾਂ ਮੁਹੱਈਆ ਕਰਾਉਣ ਵਿੱਚ ਐਸ.ਏ.ਐਸ. ਨਗਰ ਜ਼ਿਲ੍ਹਾ ਮੋਹਰੀ

ਪੰਜਾਬ ਭਰ ‘ਚ ਹੁਣ ਤੱਕ ਆਮ ਆਦਮੀ ਕਲੀਨਿਕਾਂ ‘ਤੇ ਆਉਣ ਵਾਲੇ ਮਰੀਜਾਂ ਦੀ ਗਿਣਤੀ 1.82 ਲੱਖ ਤੋਂ ਪਾਰ , ਜਦੋਂ ਕਿ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦਾ ਅੰਕੜਾ ਸੱਤ ਹਜਾਰ ਤੋਂ  ਟੱਪਿਆ
ਚੰਡੀਗੜ੍ਹ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਤਰਜੀਹੀ ਪ੍ਰੋਗਰਾਮ, ਆਮ ਆਦਮੀ ਕਲੀਨਿਕਾਂ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਨਾਲ ਹੁਣ ਤੱਕ ਇਨ੍ਹਾਂ ਕਲੀਨਿਕਾਂ ‘ਤੇ ਆਉਣ ਵਾਲੇ ਮਰੀਜਾਂ ਦੀ ਗਿਣਤੀ 1.82 ਲੱਖ ਨੂੰ ਪਾਰ ਕਰ ਗਈ ਹੈ, ਜਦ ਕਿ ਵੱਧ ਤੋਂ ਵੱਧ ਮਰੀਜਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਐਸ.ਏ.ਐਸ.ਨਗਰ ਨੇ ਹੋਰ ਜ਼ਿਲ੍ਹਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਤਾਜ਼ੇ ਪ੍ਰਾਪਤ ਅੰਕੜਿਆਂ ਅਨੁਸਾਰ, ਐਸ.ਏ.ਐਸ.ਨਗਰ ਵਿੱਚ ਹੁਣ ਤੱਕ ਕੁੱਲ 25990 ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ ਅਤੇ 2811 ਲੈਬ ਟੈਸਟ ਕੀਤੇ ਜਾ ਚੁੱਕੇ ਹਨ, ਜਦੋਂਕਿ ਜ਼ਿਲ੍ਹਾ ਲੁਧਿਆਣਾ ਨੇ 21384 ਮਰੀਜਾਂ ਅਤੇ 2343 ਕਲੀਨਿਕਲ ਟੈਸਟਾਂ ਨਾਲ 23 ਜ਼ਿਲ੍ਹਿਆਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰਾਂ ਜ਼ਿਲ੍ਹਾ ਬਠਿੰਡਾ ਨੇ 16889 ਮਰੀਜਾਂ ਅਤੇ 2243 ਕਲੀਨਿਕਲ ਟੈਸਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।  ਇਸ ਤੋਂ ਇਲਾਵਾ, ਰਾਜ ਭਰ ਵਿੱਚ ਕੁੱਲ 23402 ਕਲੀਨਿਕਲ ਟੈਸਟਾਂ ਦੇ ਨਾਲ 15 ਅਗਸਤ ਤੋਂ 17 ਸਤੰਬਰ, 2022 ਤੱਕ ਮਰੀਜਾਂ ਦੀ ਗਿਣਤੀ 1,82,325 ਤੱਕ ਜਾ ਅੱਪੜੀ ਹੈ।
ਇਸ ਭਰਵੇਂ ਹੁੰਗਾਰੇ ਲਈ ਡਾਕਟਰਾਂ ਤੇ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਅਜਿਹੇ 75 ਕਲੀਨਿਕ ਸੁਤੰਤਰਤਾ ਦਿਵਸ ਵਾਲੇ ਦਿਨ ਤੋਂ ਸੁਰੂ  ਹੋ ਚੁੱਕੇ ਹਨ, ਜਦਕਿ 25 ਅਜਿਹੇ ਹੋਰ ਕਲੀਨਿਕਾਂ ਨੂੰ  ਬਾਅਦ ਵਿੱਚ ਸੁਰੂ ਕਰ ਦਿੱਤਾ ਗਿਆ ਹੈ ,ਜਿੱਥੇ  ਪ੍ਰਤੀ ਦਿਨ ਸੱਤ ਹਜ਼ਾਰ ਤੋਂ ਵੱਧ ਮਰੀਜਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਿਹਤ ਮੰਤਰੀ ਨੇ ਕਿਹਾ, “ਮੁਫਤ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਅਜਿਹੇ ਕਲੀਨਿਕਾਂ ਦਾ ਨੈੱਟਵਰਕ ਸਥਾਪਤ ਕਰਨ ਲਈ ਲੋਕਾਂ ਨਾਲ ਸਾਡੀ ਵਚਨਬੱਧਤਾ ਅਨੁਸਾਰ, ਅਸੀਂ ਹੁਣ ਤੱਕ 100 ਕਲੀਨਿਕ (65 ਸ਼ਹਿਰੀ ਖੇਤਰਾਂ ਵਿੱਚ  ਅਤੇ 35 ਪੇਂਡੂ ਖੇਤਰਾਂ ਵਿੱਚ) ਲੋਕਾਂ ਨੂੰ ਸਮਰਪਿਤ ਕਰ ਚੁੱਕੇ ਹਾਂ”।
ਕੈਬਨਿਟ ਮੰਤਰੀ ਨੇ ਕਿਹਾ ਕਿ ਜਲਦੀ ਹੀ ਅਜਿਹੇ ਕਲੀਨਿਕ ਸੂਬੇ ਦੇ ਕੋਨੇ-ਕੋਨੇ ਵਿੱਚ ਸਥਾਪਿਤ ਕੀਤੇ ਜਾਣਗੇ। ਉਨਾਂ ਅੱਗੇ ਕਿਹਾ ਕਿ ਇਹ ਅਹਿਮ ਪਹਿਲਕਦਮੀ ਸੂਬੇ ਦੀ ਸਮੁੱਚੀ ਸਿਹਤ ਸੰਭਾਲ ਪ੍ਰਣਾਲੀ ਨੂੰ ਮੁੜ ਸੁਰਜੀਤ ਕਰ ਰਹੀ ਹੈ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਮਰੀਜ ਕਲੀਨਿਕਾਂ ਵਿੱਚ ਜਾ ਕੇ ਡਾਕਟਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ ਜਾਂ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਲੈ ਸਕਦੇ ਹਨ। ਉਨਾਂ ਅੱਗੇ ਕਿਹਾ ਕਿ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨੇੜਲੀਆਂ ਥਾਵਾਂ ‘ਤੇ ਮਿਆਰੀ ਸਿਹਤ ਸੇਵਾਵਾਂ ਮੁਫਤ ਮਿਲ ਰਹੀਆਂ ਹਨ । ਉਨਾਂ ਕਿਹਾ ਕਿ ਹੁਣ ਤੱਕ ਸੱਤਾ ਸੰਭਾਲ ਚੁੱਕੀਆਂ ਸਾਰੀਆਂ ਸਰਕਾਰਾਂ ਨੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਖ਼ਾਮਿਆਜ਼ਾ ਝੱਲਣਾ ਪਿਆ  ਹੈ।
ਇਸ ਦੌਰਾਨ ਸ. ਜੌੜਾਮਾਜਰਾ ਨੇ ਕਿਹਾ ਕਿ ਆਮ ਆਦਮੀ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਸਿਹਤ ਸੰਭਾਲ ਖੇਤਰ ਵਿੱਚ ਕ੍ਰਾਂਤੀ ਲਿਆ ਰਿਹਾ ਹੈ। ਉਨਾਂ ਦੱਸਿਆ ਕਿ ਇਨਾਂ ਕਲੀਨਿਕਾਂ ਰਾਹੀਂ ਲੋਕਾਂ ਨੂੰ 75 ਦਵਾਈਆਂ ਅਤੇ 41 ਡਾਇਗਨੌਸਟਿਕ ਟੈਸਟ ਮੁਫਤ ਕੀਤੇ ਜਾ ਚੁੱਕੇ ਹਨ। ਉਨਾਂ ਆਸ ਪ੍ਰਗਟਾਈ ਕਿ ਇਨਾਂ ਕਲੀਨਿਕਾਂ ਤੋਂ 90 ਫੀਸਦੀ ਮਰੀਜਾਂ ਨੂੰ ਇਲਾਜ ਦੀਆਂ ਸਹੂਲਤਾਂ ਮਿਲ ਰਹੀਆਂ ਹਨ, ਜਿਸ ਨਾਲ ਹਸਪਤਾਲਾਂ ’ਤੇ ਬੋਝ ਘਟੇਗਾ। ਸ. ਜੌੜਾਮਾਜਰਾ ਨੇ ਅੱਗੇ ਕਿਹਾ ਕਿ ਵੱਡੀਆਂ ਬਿਮਾਰੀਆਂ ਵਾਲੇ ਗੰਭੀਰ ਮਰੀਜਾਂ ਨੂੰ ਹੀ ਅੱਗੇ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਵੇਗਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button