Press ReleasePunjabTop News

ਆਬਕਾਰੀ ਵਿਭਾਗ ਨੇ ਸ਼ਰਾਬ ਦੇ ਬਾਰਾਂ ‘ਤੇ ਹੋਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ‘ਨਾਈਟ ਸਵੀਪ’ ਆਪ੍ਰੇਸ਼ਨ ਚਲਾਇਆ

ਮੁਹਿੰਮ ਦੌਰਾਨ ਸ਼ਨੀਵਾਰ ਰਾਤ ਨੂੰ 13 ਤੋਂ ਵੱਧ ਟੀਮਾਂ ਨੇ ਕੀਤੀ ਚੈਕਿੰਗ

ਚੰਡੀਗੜ੍ਹ, 28 ਮਈ 2023 – ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਬੀਤੀ ਰਾਤ (ਸ਼ਨੀਵਾਰ) ਨੂੰ ਸੂਬੇ ਭਰ ਵਿੱਚ ਸ਼ਰਾਬ ਦੇ ਬਾਰਾਂ ਦੀ ਚੈਕਿੰਗ ਅਤੇ ਨਿਗਰਾਨੀ ਲਈ “ਨਾਈਟ ਸਵੀਪ” ਨਾਮੀ ਵਿਆਪਕ ਆਪ੍ਰੇਸ਼ਨ ਚਲਾਇਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਟੀਮਾਂ ਵੱਲੋਂ ਰਾਤ ਸਮੇਂ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਖੇਤਰ ਦੇ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਵੱਲੋਂ ਵੱਖ-ਵੱਖ ਕਾਨੂੰਨਾਂ ਦੀ ਪਾਲਣਾ ਸਬੰਧੀ ਜਾਂਚ ਵੀ ਕੀਤੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਮੌਕੇ ‘ਤੇ ਹੀ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕਾਰਵਾਈ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਵਿੱਚ ‘ਹੁੱਕਾ’ ਪੀਣ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇਹ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਵਿੱਤ ਕਮਿਸ਼ਨਰ ਕਰ ਸ੍ਰੀ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਦੀ ਨਿਗਰਾਨੀ ਹੇਠ ਬੀਤੀ ਰਾਤ ਨੂੰ 13 ਤੋਂ ਵੱਧ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ।

ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਅਤੇ ਕਰ ਮੰਤਰੀ ਨੇ ਦੱਸਿਆ ਕਿ ਐਸ.ਏ.ਐਸ.ਨਗਰ (ਮੁਹਾਲੀ) ਜ਼ਿਲ੍ਹੇ ਦੇ ਨਯਾਗਾਓਂ ਖੇਤਰ ਵਿੱਚ, ‘ਆਈ ਲਵ ਹੌਟ ਸ਼ਾਟ’ ਨਾਮੀ ਇੱਕ ਰੈਸਟੋਰੈਂਟ ਵੱਲੋਂ ਆਪਣੇ ਗਾਹਕਾਂ ਨੂੰ ਸਿਰਫ਼ ਚੰਡੀਗੜ੍ਹ ਖੇਤਰ ਵਿੱਚ ਵੇਚੀ ਜਾ ਸਕਣ ਵਾਲੀ ਬੀਅਰ ਦੇ ਨਾਲ ‘ਹੁੱਕਾ’ ਪੀਣ ਨੂੰ ਦਿੱਤਾ ਜਾ ਰਿਹਾ ਸੀ, ਜਿਸ ਨਾਲ ਉਹ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕਰ ਰਹੇ ਸਨ। ਰੈਸਟੋਰੈਂਟ ਦੀ ਤਲਾਸ਼ੀ ਦੌਰਾਨ 20 ਹੁੱਕੇ, ਬੀਅਰ ਦੀਆਂ 07 ਬੋਤਲਾਂ, ਤੰਬਾਕੂ ਦੇ ਵੱਖ-ਵੱਖ ਫਲੇਵਰ ਅਤੇ ਚਾਰਕੋਲ ਜ਼ਬਤ ਕੀਤਾ ਗਿਆ। ਇਸ ਮਾਮਲੇ ਵਿੱਚ ਰੈਸਟੋਰੈਂਟ ਦੇ ਮਾਲਕਾਂ ਵਿਰੁੱਧ ਪੰਜਾਬ ਐਕਸਾਈਜ਼ ਐਕਟ 1914, ਸਿਗਰੇਟ ਐਂਡ ਅਦਰ ਤੰਬਾਕੂ ਪ੍ਰੋਡੱਕਟ ਐਕਟ 2003, ਪੋਆਈਜ਼ਨ ਐਕਟ 1919 ਅਤੇ ਭਾਰਤੀ ਦੰਡਾਵਲੀ 1860 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਨਯਾਗਾਓਂ, ਮੋਹਾਲੀ ਵਿਖੇ ਐਫ.ਆਈ.ਆਰ. ਨੰਬਰ 40 ਮਿਤੀ 28.05.2023 ਦਰਜ ਕੀਤੀ ਗਈ। ਇਸ ਤੋਂ ਇਲਾਵਾ, ਬੈਸਟੇਕ ਮਾਲ, ਸੈਕਟਰ 66 ਮੋਹਾਲੀ ਵਿੱਚ ‘ਬੁਰਜ’ (ਡਬਲਯੂ ਵ੍ਹਾਈਟ ਹਾਸਪਿਟੈਲਿਟੀ), ‘ਸਕੱਲ’ (ਫ੍ਰੈਂਡਜ਼ ਹਾਸਪਿਟੈਲਿਟੀ) ਅਤੇ ‘ਮਾਸਕ ਲੌਂਜ ਐਂਡ ਬਾਰ’ ਨਾਮੀ ਤਿੰਨ ਬਾਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹੇ ਪਾਏ ਗਏ। ਨਤੀਜੇ ਵਜੋਂ ਇਨ੍ਹਾਂ ਬਾਰਾਂ ਵਿਰੁੱਧ ਪੰਜਾਬ ਆਬਕਾਰੀ ਐਕਟ 1914 ਅਤੇ ਪੰਜਾਬ ਲਿਕਰ ਲਾਇਸੈਂਸ ਰੂਲਜ਼ 1956 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ।

ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ‘ਪੈਡਲਰਜ਼ ਬਾਰ’ ਨਾਮੀ ਬਾਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹਾ ਸੀ ਅਤੇ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਵੀ ਸ਼ਰਾਬ ਪਰੋਸ ਰਿਹਾ ਸੀ। ਬਾਰ ਦੀ ਤਲਾਸ਼ੀ ਦੌਰਾਨ 17 ਬੋਤਲਾਂ ਬਿਨਾਂ ਡਿਊਟੀ ਵਾਲੀ ਸ਼ਰਾਬ ਅਤੇ ਮਿਆਦ ਪੁੱਗ ਚੁੱਕੀ ਬੀਅਰ ਦੀਆਂ 05 ਬੋਤਲਾਂ ਵੀ ਬਰਾਮਦ ਹੋਈਆਂ ਜਿਨ੍ਹਾਂ ਨੂੰ ਮੌਕੇ ‘ਤੇ ਜ਼ਬਤ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ, ਜਲੰਧਰ ਵਿੱਚ ‘ਪੈਡਲਰਜ਼’ ਨਾਮੀ ਬਾਰ ਨਿਰਧਾਰਤ ਸਮਾਂ-ਸੀਮਾਂ ਤੋਂ ਬਾਅਦ ਵੀ ਖੁੱਲ੍ਹਾ ਸੀ। ਬਾਰ ਦੀ ਤਲਾਸ਼ੀ ਦੌਰਾਨ ਮਿਆਦ ਪੁੱਗ ਚੁੱਕੀ ਬੀਅਰ ਦੀਆਂ 03 ਬੋਤਲਾਂ ਵੀ ਬਰਾਮਦ ਹੋਈਆਂ ਜਿਨ੍ਹਾਂ ਨੂੰ ਮੌਕੇ ‘ਤੇ ਜ਼ਬਤ ਕਰ ਲਿਆ ਗਿਆ। ਇਹਨਾਂ ਉਲੰਘਣਾਵਾਂ ਨੂੰ ਵੇਖਦਿਆਂ ਬਾਰ ਦੇ ਖਿਲਾਫ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਆਰੰਭੀ ਗਈ।

ਆਬਕਾਰੀ ਤੇ ਕਰ ਮੰਤਰੀ ਨੇ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਅਤੇ ਏ.ਆਈ.ਜੀ (ਆਬਕਾਰੀ) ਗੁਰਜੋਤ ਸਿੰਘ ਕਲੇਰ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਨਿਜੀ ਤੌਰ ‘ਤੇ ਆਬਕਾਰੀ ਟੀਮਾਂ ਦੀ ਅਗਵਾਈ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਆਪ੍ਰੇਸ਼ਨ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਹਰੇਕ ਟੀਮ ਵਿੱਚ ਘੱਟੋ-ਘੱਟ ਇੱਕ ਮਹਿਲਾ ਅਧਿਕਾਰੀ ਅਤੇ ਇੱਕ ਸਿਹਤ ਵਿਭਾਗ ਦਾ ਅਧਿਕਾਰੀ ਸ਼ਾਮਲ ਸੀ।

ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਆਪ੍ਰੇਸ਼ਨ ‘ਨਾਈਟ ਸਵੀਪ’ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਆਬਕਾਰੀ ਵਿਭਾਗ ਦੇ ਇਸ ਆਪ੍ਰੇਸ਼ਨ ਦਾ ਉਦੇਸ਼ ਹੁੱਕਾ ਪੀਣ ਕਰਕੇ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਧਿਆਨ ਵਿਚ ਰੱਖਦਿਆਂ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਹੁੱਕਾ ਪੀਣ ‘ਤੇ ਰੋਕ ਲਗਾਉਣਾ ਹੈ ਕਿਉਂਕਿ ਇਨਾਂ ਹੁੱਕਿਆਂ ਵਿੱਚ ਨਿਕੋਟੀਨ (ਕੈਂਸਰ ਪੈਦਾ ਕਰਨ ਵਾਲੇ) ਵਰਗੇ ਹਾਨੀਕਾਰਕ ਪਦਾਰਥ ਪਾਏ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਹੁੱਕੇ ਵਿਚ ਤੰਬਾਕੂ ਨੂੰ ਸਾੜਨ ਲਈ ਵਰਤੇ ਜਾਣ ਵਾਲੇ ਚਾਰਕੋਲ ਤੋਂ ਅਜਿਹਾ ਧੂੰਆਂ ਪੈਦਾ ਹੁੰਦਾ ਹੈ ਜਿਸ ਵਿਚ ਨਾ ਸਿਰਫ ਕਾਰਬਨ ਮੋਨੋਆਕਸਾਈਡ ਹੁੰਦੀ ਹੈ, ਬਲਕਿ ਹੋਰ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਅਤੇ ਧਾਤਾਂ ਵੀ ਸ਼ਾਮਲ ਹੁੰਦੀਆਂ ਹਨ, ਕਿਉਂਕਿ ਧੂੰਏਂ ਨੂੰ ਫਿਲਟਰ ਕਰਨ ਲਈ ਵਰਤਿਆ ਜਾਣ ਵਾਲਾ ਪਾਣੀ ਅਸਲ ਵਿਚ ਇਨ੍ਹਾਂ ਖ਼ਤਰਨਾਕ ਰਸਾਇਣਾਂ ਨੂੰ ਰੋਕਣ ਦੇ ਯੋਗ ਨਹੀਂ ਹੁੰਦਾ। ਇਸ ਤੋਂ ਇਲਾਵਾ ਇੱਕੋ ਹੁੱਕੇ ਨੂੰ ਇੱਕੋ ਸਮੇਂ ਵੱਧ ਵਿੱਕਤੀਆਂ ਵੱਲੋਂ ਮਿਲ ਕੇ ਪੀਣ ਨਾਲ ਛੂਤ ਦੀਆਂ ਵੱਖ-ਵੱਖ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੀ ਨੌਜਵਾਨ ਪੀੜ੍ਹੀ ਦੇ ਸੁਨਿਹਰੀ ਭਵਿੱਖ ਸਬੰਧੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਰ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਆਬਕਾਰੀ ਵਿਭਾਗ ਦੀ ਹੁੱਕਾ ਬਾਰਾਂ ਅਤੇ ਇਸ ਤਰ੍ਹਾਂ ਦੀਆਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਮੁਹਿੰਮ ਨੂੰ ਭਵਿੱਖ ਵਿੱਚ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button