‘ਆਪ’ ਨੇ ਐਲਾਨਿਆ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ
ਚੰਡੀਗੜ੍ਹ/ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਹੀ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣਗੇ। ਇਹ ਵੱਡਾ ਐਲਾਨ ਮੰਗਲਵਾਰ ਨੂੰ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਐਲਾਨ ਲਈ ਇੱਥੇ ਪ੍ਰਭਾਵਸ਼ਾਲੀ ਮੀਡੀਆ ਈਵੈਂਟ ਆਯੋਜਿਤ ਕੀਤਾ ਗਿਆ। ਜਿਸ ‘ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਮੰਚ ‘ਤੇ ਮੌਜੂਦ ਸਨ, ਜਦਕਿ ਭਗਵੰਤ ਮਾਨ ਦੇ ਮਾਤਾ ਜੀ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਵੀ ਭਾਵੁਕ ਸੰਬੋਧਨ ਕੀਤਾ।
ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਮ ਦੀ ਰਸਮੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਹਿਰੇ ਲਈ ਪੰਜਾਬ ਦੇ ਲੋਕਾਂ ਦੀ ਰਾਇ/ਸੁਝਾਅ ਜਾਣਨ ਲਈ ਲੰਘੀ 13 ਜਨਵਰੀ ਨੂੰ ਇੱਕ ਨੰਬਰ ਜਾਰੀ ਕੀਤਾ ਸੀ, ਜਿਸ ‘ਤੇ 21 ਲੱਖ 59 ਹਜ਼ਾਰ 437 ਫ਼ੋਨ/ਮੈਸੇਜ ਦਰਜ ਹੋਏ, ਜਿੰਨਾ ‘ਚੋਂ 93.3 ਪ੍ਰਤੀਸ਼ਤ ਲੋਕਾਂ ਨੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਤਰਫ਼ੋਂ ਮੁੱਖ ਮੰਤਰੀ ਲਈ ਭਗਵੰਤ ਮਾਨ ਦੇ ਨਾਮ ‘ਤੇ ਮੋਹਰ ਲਗਾਈ। ਜਿਸ ਦੇ ਆਧਾਰ ‘ਤੇ ਪਾਰਟੀ ਵੱਜੋ ਮਾਣ ਨਾਲ ਭਗਵੰਤ ਮਾਨ ਦਾ ਨਾਮ ਮੁੱਖ ਮੰਤਰੀ ਵਜੋਂ ਪੇਸ਼ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ, ”ਹਰ ਪੰਜਾਬੀ ਨੂੰ ਮੇਰੇ ਛੋਟੇ ਭਾਈ ਭਗਵੰਤ ਮਾਨ ਉੱਤੇ ਮਾਣ ਹੈ।”
ਕੇਜਰੀਵਾਲ ਨੇ ਕਿਹਾ ਕਿ ਮੈਂ ਪਹਿਲਾਂ ਹੀ ਮੁੱਖ ਮੰਤਰੀ ਦੀ ਦੌੜ ਤੋਂ ਖ਼ੁਦ ਨੂੰ ਬਾਹਰ ਕਰ ਲਿਆ ਸੀ, ਲੇਕਿਨ ਕੁੱਝ ਲੋਕਾਂ ਨੇ ਫਿਰ ਵੀ ਮੇਰੇ ਨਾਮ ਦਾ ਸੁਝਾਅ ਦਿੱਤਾ। ਅਸੀਂ ਉਨਾਂ ਸਾਰੇ ਸੁਝਾਵਾਂ ਨੂੰ ਰੱਦ ਕਰ ਦਿੱਤਾ ਜਿਨਾਂ ਵਿੱਚ ਮੇਰਾ ਨਾਂ ਸੀ। ਉਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਅਕਸਰ ਆਪਣੇ ਬੇਟਾ-ਬੇਟੀ, ਭਾਈ-ਭਤੀਜੇ ਅਤੇ ਨੂੰਹ ਨੂੰ ਸੱਤਾ ਸੌਂਪਦੀਆਂ ਹਨ। ਭਗਵੰਤ ਮੇਰਾ ਛੋਟਾ ਭਰਾ ਹੈ, ਜੇਕਰ ਮੈਂ ਉਸ ਨੂੰ ਸਿੱਧੇ ਤੌਰ ‘ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦਿੱਤਾ ਹੁੰਦਾ ਤਾਂ ਲੋਕਾਂ ਨੇ ਕਹਿਣਾ ਸੀ ਕਿ ਅਸੀਂ ਆਪਣੇ ਭਰਾ ਨੂੰ ਬਣਾ ਦਿੱਤਾ ਹੈ। ਇਸ ਲਈ ਅਸੀਂ ਮੁੱਖ ਮੰਤਰੀ ਦਾ ਚਿਹਰਾ ਲੱਭਣ ਲਈ ਇੱਕ ਨਵੀਂ ਲੋਕਤਾਂਤਰਿਕ ਰਿਵਾਇਤ ਸ਼ੁਰੂ ਕੀਤੀ ਹੈ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਚਿਹਰੇ ਦੀ ਚੋਣ ਕੀਤੀ ਹੈ। ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਸਾਢੇ 3 ਪ੍ਰਤੀਸ਼ਤ ਲੋਕਾਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣਿਆ।
ਭਗਵੰਤ ਮਾਨ ਦੇ ਨਾਂ ਦਾ ਐਲਾਨ ਹੁੰਦੇ ਹੀ ਉੱਥੇ ਮੌਜੂਦ ‘ਆਪ’ ਵਰਕਰਾਂ ‘ਤੇ ਆਗੂਆਂ ‘ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਢੋਲ ਨਗਾਰੇ ਵੱਜਣ ਲੱਗੇ। ਆਪਣੇ ਨਾਂ ਦਾ ਐਲਾਨ ਸੁਣ ਕੇ ਮਾਨ ਵੀ ਭਾਵੁਕ ਹੋ ਗਏ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਜੱਫੀ ਪਾ ਕੇ ਪਿਆਰ ‘ਤੇ ਆਪਣੀਆਂ ਸੁਭ ਕਾਮਨਾਵਾਂ ਦਿੱਤੀਆਂ। ਕੇਜਰੀਵਾਲ ਭਗਵੰਤ ਮਾਨ ਲਈ ਖ਼ਾਸ ਤਿਆਰੀ ਕਰਕੇ ਆਏ ਸਨ। ਉਨਾਂ ਮਾਨ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਦੀ ਵੀਡੀਓ ਚਲਵਾਈ ਅਤੇ ਇਸ ਰਾਹੀਂ ਉਨਾਂ ਦੇ ਕੁੱਝ ਕਿੱਸੇ ਲੋਕਾਂ ਨੂੰ ਦੱਸੇ ਗਏ।ਭਗਵੰਤ ਮਾਨ ਨੇ ਭਾਵੁਕ ਹੋ ਕੇ ਮੀਡੀਆ ਨੂੰ ਸੰਬੋਧਨ ਕੀਤਾ। ਉਸ ਦੇ ਚਿਹਰੇ ‘ਤੇ ਦ੍ਰਿੜ-ਸੰਕਲਪ ਦੀ ਭਾਵਨਾ ਸਾਫ਼ ਦਿਖਾਈ ਦੇ ਰਹੀ ਸੀ। ਮਾਨ ਨੇ ਕਿਹਾ ਕਿ ਪੰਜਾਬ ਆਪਣੇ ਪੈਰਾਂ ‘ਤੇ ਖੜਾ ਹੋਣਾ ਜਾਣਦਾ ਹੈ। ਪਹਿਲਾਂ ਧਾੜਵੀਆਂ, ਫਿਰ ਅੰਗਰੇਜਾਂ, ਫਿਰ ਭ੍ਰਿਸਟ ਅਤੇ ਮੌਕਾਪ੍ਰਸਤ ਆਗੂਆਂ ਕਾਰਨ ਪੰਜਾਬ ਕਈ ਵਾਰ ਡਿੱਗਿਆ ਪਰੰਤੂ ਪੰਜਾਬੀਆਂ ਨੇ ਕਦੇ ਹੌਂਸਲਾ ਨਹੀਂ ਹਾਰਿਆ ਅਤੇ ਪੰਜਾਬ ਵਾਰ-ਵਾਰ ਖੜਾ ਹੋਇਆ ਅਤੇ ਬੁਲੰਦੀਆਂ ਨੂੰ ਛੂਹਿਆ। ਅੱਜ ਫਿਰ ਪੰਜਾਬ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਪਰੰਤੂ ਪੰਜਾਬ ਅਤੇ ਪੰਜਾਬੀਆਂ ਨੂੰ ਮੁਸ਼ਕਲਾਂ-ਸੰਕਟਾਂ ‘ਚ ਕੱਢ ਕੇ ਖੁਸ਼ਹਾਲ ਬਣਾਉਣਾ ਹੀ ਸਾਡਾ ਮੁੱਖ ਮਕਸਦ ਹੈ। ਉਨਾਂ ਕਿਹਾ ਕਿ ਪਾਰਟੀ ਨੂੰ ਅਸੀਂ ਹਮੇਸ਼ਾ ਇੱਕ ਹੀ ਗੱਲ ਕੀਤੀ ਹੈ। ਬੇਸ਼ੱਕ ਸਾਨੂੰ ਪੋਸਟਰ ਚਿਪਕਾਉਣ ਦਾ ਕੰਮ ਦੇ ਦਿਓ, ਅਸੀਂ ਕਰਾਂਗੇ, ਬਸ਼ਰਤੇ ਕਿ ਸਾਡਾ ਪੰਜਾਬ ਠੀਕ ਕਰ ਦੇਣ।
ਮਾਨ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਅਤੇ ਆਮ ਆਦਮੀ ਪਾਰਟੀ ਲਈ ਇਤਿਹਾਸਕ ਦਿਨ ਹੈ। ਅੱਜ ਤੋਂ ਸਾਡੀ ਜ਼ਿੰਮੇਵਾਰੀ ਦੁੱਗਣੀ ਹੋ ਗਈ ਹੈ। ਪਰ ਸਾਨੂੰ ਅੱਜ ਖ਼ੁਸ਼ੀ ਨਹੀਂ ਮਨਾਉਣੀ ਹੈ। ਅਸੀਂ ਉਦੋਂ ਤੱਕ ਖ਼ੁਸ਼ੀ ਨਹੀਂ ਮਨਾਵਾਂਗੇ ਜਦੋਂ ਤੱਕ ਪੰਜਾਬ ਖ਼ੁਸ਼ਹਾਲ ਨਹੀਂ ਬਣ ਜਾਂਦਾ। ਪੰਜਾਬੀਆਂ ਦੇ ਜੀਵਨ ਨੂੰ ਖ਼ੁਸ਼ਹਾਲ ਬਣਾਉਣਾ ਹੀ ਸਾਡਾ ਟੀਚਾ ਹੈ। ਅਸੀਂ ਪੰਜਾਬ ਦੀ ਖ਼ੁਸ਼ਹਾਲੀ ਵਾਪਸ ਲਿਆਵਾਂਗੇ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ‘ਚੋਂ ਕੱਢਾਂਗੇ ਅਤੇ ਮਜਬੂਰ ਹੋਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਚੰਗੇ ਰੁਜ਼ਗਾਰ ਅਤੇ ਉੱਚ ਸਿੱਖਿਆ ਦੇ ਮੌਕੇ ਉਪਲਬਧ ਕਰਾਵਾਂਗੇ। ਡਾ.ਏਪੀਜੇ ਅਬਦੁਲ ਕਲਾਮ ਦੇ ਮਸ਼ਹੂਰ ਕਥਨ (ਸੁਪਨੇ ਉਹ ਨਹੀਂ ਜੋ ਸੌਣ ਤੋਂ ਬਾਅਦ ਆਉਂਦੇ ਹਨ, ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ) ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਸੁਪਨੇ ਸਾਨੂੰ ਸੌਣ ਨਹੀਂ ਦਿੰਦੇ। ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਸੁਪਨੇ, ਪੰਜਾਬ ਦੀ ਕਿਸਾਨੀ ਅਤੇ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਉਣ ਦੇ ਸੁਪਨੇ, ਨੌਜਵਾਨਾਂ ਦੇ ਹੱਥਾਂ ਤੋਂ ਟੀਕੇ ਖੋਹ ਕੇ ਟਿਫ਼ਨ ਫੜਾਉਣ ਦੇ ਸੁਪਨੇ ਅਤੇ ਸਾਡੀਆਂ ਮਾਵਾਂ-ਭੈਣਾਂ ਨੂੰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਦੇ ਸੁਪਨੇ ਸਾਨੂੰ ਸੌਣ ਨਹੀਂ ਦਿੰਦੇ।
ਅਸੀਂ ਪੰਜਾਬ ਨੂੰ ਦੇਸ ਦਾ ਤਾਜ ਬਣਾਉਣਾ ਹੈ ਅਤੇ ਪੰਜਾਬ ਨੂੰ ਮੁੜ ਤੋਂ ਇੱਕ ਖ਼ੁਸ਼ਹਾਲ ਸੂਬਾ ਬਣਾਉਣਾ ਹੈ। ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੀ ਖ਼ੁਸ਼ਹਾਲੀ ਅਤੇ ਸ਼ਾਨ ਨੂੰ ਵਾਪਸ ਲਿਆਉਣ ਲਈ ਹੀ ਰਾਜਨੀਤੀ ਵਿੱਚ ਆਏ ਹਾਂ। ਜਦੋਂ ਵੀ ਸਾਨੂੰ ਪੰਜਾਬ ਲਈ ਕੁੱਝ ਕਰਨ ਅਤੇ ਬੋਲਣ ਦਾ ਮੌਕਾ ਮਿਲਿਆ, ਅਸੀਂ ਪੂਰੀ ਲਗਨ ਅਤੇ ਮਿਹਨਤ ਨਾਲ ਕੀਤਾ। ਸੜਕ ਤੋਂ ਲੈ ਕੇ ਸੰਸਦ ਤੱਕ ਆਵਾਜ਼ ਬੁਲੰਦ ਕੀਤੀ। ਪੰਜਾਬ ਦੇ ਲੋਕਾਂ ਨੇ ਮੇਰੀ ਕਾਮੇਡੀ ਅਤੇ ਰਾਜਨੀਤੀ ਦੋਵਾਂ ਨੂੰ ਬਹੁਤ ਪਿਆਰ ਦਿੱਤਾ ਹੈ। ਮਾਨ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਬਣਨ ‘ਤੇ ਅਸੀਂ ਹਸਤਾਖ਼ਰ ਕਰਨ ਵਾਲੀ ਹਰੇ ਰੰਗ ਦੀ ਕਲਮ ਦਾ ਇਸਤੇਮਾਲ ਪੰਜਾਬ ਦੇ ਗ਼ਰੀਬ, ਦੱਬੇ-ਕੁਚਲੇ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨਾਂ ਦੇ ਹੱਕ ਅਤੇ ਅਧਿਕਾਰ ਦਿਵਾਉਣ ਲਈ ਕਰਾਂਗੇ।
ਮਾਨ ਦੀ ਮਾਂ ਅਤੇ ਭੈਣ ਹੋ ਗਈਆਂ ਭਾਵੁਕ…
ਆਮ ਲੋਕਾਂ ਦਾ ਦੁਖ-ਦਰਦ ਚੰਗੀ ਤਰਾਂ ਸਮਝਦਾ ਹੈ ਮੇਰਾ ਭਾਈ-ਭੈਣ ਮਨਪ੍ਰੀਤ ਕੌਰ
ਮਾਂ ਨੇ ਕਿਹਾ, ਜਿਸ ਤਰਾਂ ਤੁਸੀਂ ਮੇਰੇ ਬੇਟੇ ਭਗਵੰਤ ਨੂੰ ਪਿਛਲੇ ਤੀਹ ਸਾਲਾਂ ਤੋਂ ਪਿਆਰ ਅਤੇ ਸਮਰਥਨ ਦਿੱਤਾ ਹੈ, ਹੁਣ ਉਸੀ ਤਰਾਂ ਫਿਰੋ ਤੋਂ ਸਮਰਥਨ ਕਰਨਾ ਪਏਗਾ। ਪ੍ਰਮਾਤਮਾ ਪੰਜਾਬ ‘ਤੇ ਕਿਰਪਾ ਬਣਾਈ ਰੱਖੇ ਅਤੇ ਹਮੇਸ਼ਾ ਖ਼ੁਸ਼ ਰੱਖੇ। ਭਗਵੰਤ ਮਾਨ ਦੀ ਛੋਟੀ ਭੈਣ ਮਨਪ੍ਰੀਤ ਕੌਰ ਪਟਿਆਲਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਿਕਾ ਹੈ। ਮੁੱਖ ਮੰਤਰੀ ਲਈ ਉਸ ਦੇ ਭਰਾ ਦੇ ਨਾਂ ਦਾ ਐਲਾਨ ਹੋਣ ‘ਤੇ ਉਹ ਭਾਵੁਕ ਹੋ ਗਈ। ਉਨਾਂ ਕਿਹਾ ਕਿ ਅਸੀਂ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਏ ਅਤੇ ਪਾਲਣ ਪੋਸ਼ਣ ਹੋਇਆ ਹੈ। ਇਸੇ ਲਈ ਮੇਰਾ ਭਾਈ ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਦੁੱਖ ਤਕਲੀਫ਼ਾਂ ਬਾਰੇ ਚੰਗੀ ਤਰਾਂ ਜਾਣੂ ਹੈ। ਭਾਈ ਸਾਹਿਬ ਨੇ ਆਪਣੀ ਕਾਮੇਡੀ ਵਿੱਚ ਵੀ ਸਮਾਜ ਦੀਆਂ ਸਮੱਸਿਆਵਾਂ ਨੂੰ ਉਭਾਰਿਆ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਘਰ ਵਿੱਚ ਹਮੇਸ਼ਾ ਬੋਲਦੇ ਸਨ ਕਿ ਹਾਸਾ ਉਦੋਂ ਹੀ ਆਉਂਦਾ ਹੈ ਜਦੋਂ ਢਿੱਡ ਭਰਿਆ ਹੁੰਦਾ ਹੈ। ਲੇਕਿਨ ਅੱਜ ਪੰਜਾਬ ਦਾ ਹਾਸਾ ਗ਼ਾਇਬ ਹੈ। ਇਸ ਲਈ ਲੋਕਾਂ ਨੂੰ ਹਸਾਉਣ ਲਈ ਸਾਨੂੰ ਰਾਜਨੀਤੀ ਵਿੱਚ ਆਉਣਾ ਪਵੇਗਾ। ਮੈਨੂੰ ਯਕੀਨ ਹੈ ਕਿ ਜਿਸ ਤਰਾਂ ਉਨਾਂ ਨੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਇਆ, ਉਸੇ ਤਰਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਚਿਹਰੇ ‘ਤੇ ਮੁਸਕਰਾਹਟ ਲਿਆਉਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.