D5 specialOpinion

ਆਓ ! ਰਲ ਮਿਲਕੇ,ਪਾਣੀ ਬਚਾਓ ਜੀਵਨ ਬਚਾਓ, ਦੀ ਮੁਹਿੰਮ ਛੇੜੀਏ!

ਸੁਬੇਗ ਸਿੰਘ (ਸੰਗਰੂਰ)

ਮਨੁੱਖ ਦੀ ਜਿੰਦਗੀ ‘ਚ ਪਾਣੀ ਦੀ ਬੜੀ ਮਹੱਤਤਾ ਹੈ। ਇੱਥੋਂ ਤੱਕ ਕਿ ਰੋਟੀ ਬਿਨ੍ਹਾਂ ਮਨੁੱਖ ਕਈ ਦਿਨਾਂ ਤੱਕ ਜਿਉਂਦਾ ਰਹਿ ਸਕਦਾ ਹੈ ਪਰ ਪਾਣੀ ਬਿਨ੍ਹਾਂ ਬੜਾ ਘੱਟ ਸਮੇਂ ਲਈ ਹੀ ਜੀਅ ਸਕਦਾ ਹੈ। ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਪਾਣੀ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ ਇਹ ਸ਼ਬਦ ਉਚਾਰਿਆ ਸੀ।
ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹੱਤ!
ਜਿਸਦੇ ਅਨੁਸਾਰ, ਪਾਣੀ ਨੂੰ ਆਪਣੇ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਅਸਲ ਵਿੱਚ ਪਾਣੀ ਦੀ ਲੋੜ ਇਕੱਲੇ ਮਨੁੱਖ ਨੂੰ ਹੀ ਨਹੀਂ, ਸਗੋਂ ਦੁਨੀਆਂ ਦੇ ਹਰ ਜੀਵ ਜੰਤੂ, ਪਸ਼ੂ ਪੰਛੀ, ਜਾਨਵਰ ਅਤੇ ਹਰ ਪ੍ਰਕਾਰ ਦੀ ਬਨਸਪਤੀ ਨੂੰ ਵੀ ਹੈ। ਇਸ ਲਈ, ਅਗਰ ਇਸ ਧਰਤੀ ਤੇ ਪਾਣੀ ਹੋਵੇਗਾ ਤਾਂ ਹੀ ਇਸ ਧਰਤੀ ਤੇ ਹਰਿਆਲੀ ਅਤੇ ਤਾਂ ਹੀ ਖੁਸ਼ਹਾਲੀ ਹੋਵੇਗੀ। ਅਗਰ ਇਹ ਕਹਿ ਲਈਏ ਕਿ ਪਾਣੀ ਇਸ ਸੰਸਾਰ ਦੇ ਹਰ ਪ੍ਰਾਣੀ ਦਾ ਜੀਵਨ ਦਾਤਾ ਹੈ ਅਤੇ ਪਾਣੀ ਤੋਂ ਬਿਨਾਂ ਅਧੂਰਾ ਹੈ ਤਾਂ ਇਹ ਕੋਈ ਅੱਤਕਥਨੀ ਨਹੀਂ ਹੋਵੇਗੀ। ਇਸੇ ਸਬੰਧ ‘ਚ ਗੁਰਬਾਣੀ ਚ ਫਰਮਾਇਆ ਗਿਆ ਹੈ ਕਿ
ਪਹਿਲਾਂ ਪਾਣੀ ਜੀਓ ਹੈ, ਜਿਤੁ ਹਰਿਆ ਸਭ ਕੋਇ!
ਜੋ ਕਿ ਪਾਣੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

ਦੁਨੀਆਂ ਦੇ ਹਰ ਪ੍ਰਾਣੀ ਨਾਲੋਂ ਮਨੁੱਖ ਸਭ ਤੋਂ ਜਿਆਦਾ ਲਾਲਚੀ ਅਤੇ ਮਤਲਬ ਪ੍ਰਸਤ ਹੈ। ਇੱਥੋਂ ਤੱਕ ਕਿ ਆਪਣੇ ਮਤਲਬ ਲਈ ਮਨੁੱਖ ਆਪਣੇ ਪੈਰਾਂ ਤੇ ਕੁਹਾੜਾ ਮਾਰਨੋਂ ਵੀ ਨਹੀਂ ਟਲਦਾ ਅਤੇ ਬਿਨਾਂ ਸੋਚੇ ਸਮਝੇ, ਕੁੱਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਜਿਸ ਤਰ੍ਹਾਂ, ਕੋਈ ਵਿਅਕਤੀ ਦਰੱਖਤ ਤੇ ਬੈਠਕੇ, ਉਸੇ ਟਾਹਣੇ ਨੂੰ ਵੱਢ ਦਿੰਦਾ ਹੈ, ਜਿਸਤੇ ਉਹ ਬੈਠਾ ਹੁੰਦਾ ਹੈ। ਜਿਸਦੇ ਟੁੱਟਣ ਨਾਲ, ਮਨੁੱਖ ਆਪਣੇ ਹੱਡ ਗੋਡੇ ਤੁੜਵਾ ਲੈਂਦਾ ਹੈ। ਅਜੋਕੇ ਦੌਰ ‘ਚ ਵੀ ਪਾਣੀ ਨੂੰ ਬਰਬਾਦ ਕਰਨ ਵਾਲੀ ਹਾਲਤ ਮਨੁੱਖ ਦੀ ਇਹੋ ਜਿਹੀ ਹੀ ਹੋ ਚੁੱਕੀ ਹੈ।

ਅਜੋਕੇ ਦੌਰ ‘ਚ ਹਰ ਮਨੁੱਖ ਸਾਇਕਲ ਨੂੰ ਛੱਡਕੇ, ਮੋਟਰ ਕਾਰਾਂ, ਫਰਿੱਜ, ਏ.ਸੀ, ਸੀਮਿੰਟ ਦੇ ਵੱਡੇ 2 ਅਤੇ ਪੱਕੇ ਮਕਾਨ,ਵਰਤਣ ਦੀ ਹੋੜ ‘ਚ ਸ਼ਾਮਲ ਹੋ ਗਿਆ ਹੈ। ਭਾਵੇਂ ਕੁੱਝ ਲੋਕਾਂ ਦੀ ਇੰਨ੍ਹਾਂ ਚੀਜਾਂ ਨੂੰ ਵਰਤਣ ਦੀ ਮਜ਼ਬੂਰੀ ਹੋ ਸਕਦੀ ਹੈ ਪਰ ਜਿਆਦਾਤਰ ਲੋਕ, ਦੂਸਰੇ ਦੀ ਰੀਸੋ ਰੀਸ ਇਹ ਸਭ ਕੁੱਝ ਕਰਦੇ ਹਨ,ਜੋ ਕਿ ਬਹੁਤ ਵੱਡੀ ਸਮਾਜਿਕ ਬੁਰਾਈ ਹੈ। ਇਸ ਤੋਂ ਇਲਾਵਾ, ਪਾਣੀ ਨੂੰ ਬਰਬਾਦ ਕਰਨ ‘ਚ ਸਰਕਾਰਾਂ ਦਾ ਰੋਲ ਵੀ ਕੋਈ ਘੱਟ ਨਹੀਂ। ਪਾਣੀ ਨੂੰ ਬਚਾਉਣ ਲਈ, ਨਾ ਹੀ ਸਰਕਾਰਾਂ ਦੀ ਕੋਈ ਠੋਸ ਨੀਤੀ ਹੈ ਅਤੇ ਨਾ ਹੀ ਕੋਈ ਸਖਤ ਕਾਨੂੰਨ ਹੀ ਹਨ।

ਇਸ ਲਈ ਜਿਸ ਬੰਦੇ ਦਾ ਜਿਵੇਂ ਦਿਲ ਕਰਦਾ ਹੈ, ਉਵੇਂ ਹੀ ਕਰੀ ਜਾਂਦਾ ਹੈ। ਕਿਉਂਕਿ, ਉਨ੍ਹਾਂ ਨੂੰ ਰੋਕਣ ਟੋਕਣ ਵਾਲਾ ਵੀ ਤਾਂ ਕੋਈ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਸਰਕਾਰ ਦੇ ਕਿਸੇ ਕਾਨੂੰਨ ਦਾ ਹੀ ਡਰ ਹੁੰਦਾ ਹੈ।ਇਸ ਲਈ, ਹਰ ਕੋਈ ਆਪਣੀ ਮਨਮਾਨੀ ਕਰਕੇ,ਖੁਸ਼ ਹੁੰਦਾ ਹੈ।ਭਾਵੇਂ ਰਾਸ਼ਟਰੀ ਸੰਪਤੀ ਦਾ ਜਿੰਨਾ ਮਰਜੀ ਨੁਕਸਾਨ ਹੋਈ ਜਾਵੇ।ਇਹਦੇ ਨਾਲ ਕਿਸੇ ਨੂੰ ਕੀ ਫਰਕ ਪੈਂਦਾ ਹੈ।

ਭਾਵੇਂ ਸਮੇਂ ਦੀ ਲੋੜ ਦੇ ਅਨੁਸਾਰ ਕੁੱਝ ਹੱਦ ਤੱਕ ਵਿਕਾਸ ਦੀ ਜਰੂਰਤ ਵੀ ਹੁੰਦੀ ਹੈ ਪਰ ਹਵਾ, ਪਾਣੀ ਅਤੇ ਜ਼ਮੀਨ ਨੂੰ ਪ੍ਰਦੂਸ਼ਿਤ, ਗੰਧਲਾ ਅਤੇ ਜ਼ਹਿਰੀਲਾ ਕਰਕੇ ਵੀ ਕੀਤਾ ਹੋਇਆ ਵਿਕਾਸ ਚੰਗਾ ਨਹੀਂ ਹੁੰਦਾ। ਵਿਕਾਸ ਦੇ ਨਾਮ ਤੇ ਸਮੇਂ ਦੀਆਂ ਸਰਕਾਰਾਂ, ਵੱਡੀਆਂ 2 ਇਮਾਰਤਾਂ, ਚੌੜੀਆਂ 2 ਸੜਕਾਂ ਅਤੇ ਦਰੱਖਤਾਂ ਦੀ ਅੰਨੇਵਾਹ ਕਟਾਈ ਕਰੀ ਜਾਂਦੀਆਂ ਹਨ। ਪਾਣੀ ਦੀ ਘੱਟ ਵਰਤੋਂ ਵਾਲੀਆਂ ਫਸਲਾਂ ਦੀਆਂ ਨੀਤੀਆਂ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ, ਜੋ ਕਿ ਦੇਸ਼ ਅਤੇ ਸਮਾਜ ਲਈ ਬੜਾ ਹੀ ਹਾਨੀਕਾਰਕ ਹੈ।

ਇਸ ਤੋਂ ਇਲਾਵਾ, ਨਦੀਆਂ ਨਾਲਿਆਂ ਅਤੇ ਦਰਿਆਵਾਂ ‘ਚ ਫੈਕਟਰੀਆਂ ਦਾ ਗੰਦਾ ਪਾਣੀ, ਕੂੜ ਕਬਾੜ ਅਤੇ ਹੋਰ ਗੰਦ ਮੰਦ,ਬੜੇ ਵੱਡੇ ਪੱਧਰ ਤੇ ਸੁੱਟ ਕੇ, ਪਾਣੀ ਨੂੰ ਵਰਤੋਂ ਯੋਗ ਹੀ ਨਹੀਂ ਰਹਿਣ ਦਿੱਤਾ ਜਾਂਦਾ। ਪਲਾਸਟਿਕ ਦੇ ਲਿਫਾਫੇ ਅਤੇ ਹੋਰ ਡਿਸਪੋਜਲ, ਸਭ ਸੀਵਰੇਜ ਅਤੇ ਨਦੀਆਂ ਨਾਲਿਆਂ ‘ਚ ਹੀ ਸੁੱਟਿਆ ਜਾ ਰਿਹਾ ਹੈ। ਦਰੱਖਤ ਲਗਾਉਣਾ ਤਾਂ ਇੱਕ ਪਾਸੇ ਰਿਹਾ, ਸਗੋਂ, ਦਰੱਖਤਾਂ ਦੀ ਕਟਾਈ ਤੇ ਨਾ ਹੀ ਸਰਕਾਰੀ ਤੌਰ ਤੇ ਕੋਈ ਰੋਕ ਥਾਮ ਹੈ ਅਤੇ ਨਾ ਹੀ ਕੋਈ ਵਿਅਕਤੀ ਹੀ ਦਰੱਖਤ ਨਾ ਕੱਟਣ ਦੀ ਆਪਣੀ ਜਿੰਮੇਵਾਰੀ ਨੂੰ ਹੀ ਸਮਝਦਾ ਹੈ।

ਪਾਣੀ ਦੀ ਦੁਰਵਰਤੋਂ ਦੀ ਮਿਸਾਲ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਹੈ ਕਿ ਜਨਤਕ ਟੁੱਟੀਆਂ ਅਤੇ ਮੁਫ਼ਤ ‘ਚ ਮਿਲਿਆ ਹੋਇਆ ਪਾਣੀ, ਬਹੁਤ ਵੱਡੀ ਮਾਤਰਾ ‘ਚ ਅਜਾਈਂ ਹੀ ਜਾਂਦਾ ਹੈ। ਦਰੱਖਤਾਂ ਦੀ ਦੁਰਦਸ਼ਾ ਦੀ ਗੱਲ ਤਾਂ ਇਹ ਹੈ ਕਿ ਨਹਿਰਾਂ ਅਤੇ ਸੜਕਾਂ ਦੇ ਨਾਲ 2 ਅਤੇ ਖੇਤਾਂ ਦੇ ਵਿੱਚ, ਫਸਲ ਨੂੰ ਕੱਟਕੇ ਕਿਸਾਨਾਂ ਵੱਲੋਂ ਰਹਿੰਦ ਖੂੰਹਦ ਨੂੰ ਲਗਾਈ ਹੋਈ ਅੱਗ ਦੇ ਨਾਲ,ਬਹੁਤ ਸਾਰੇ ਦਰੱਖਤ ਝੁਲਸ ਜਾਂਦੇ ਹਨ। ਜਿਸਦੇ ਨਾਲ ਵਾਤਾਵਰਨ ਅਸ਼ੁੱਧ ਹੁੰਦਾ ਤਾਂ ਹੁੰਦਾ ਹੀ ਹੈ, ਸਗੋਂ ਮਨੁੱਖ ਨੂੰ ਮਿਲਣ ਵਾਲੀ ਆਕਸੀਜਨ ਦੀ ਮਾਤਰਾ ਵੀ ਘੱਟ ਜਾਂਦੀ ਹੈ ਅਤੇ ਜੀਵ ਜੰਤੂਆਂ ਦੇ ਮਰਨ ਦੇ ਨਾਲ 2, ਦਰੱਖਤਾਂ ਦੀ ਅਣਹੋਂਦ ਦੇ ਕਾਰਨ, ਮੀਂਹ ਪੈਣ ਦੇ ਆਸਾਰ ਵੀ ਘੱਟ ਜਾਂਦੇ ਹਨ।

ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਪਾਣੀ ਦੀ ਸਾਂਭ ਸੰਭਾਲ ਲਈ ਜਿੱਥੇ ਸਰਕਾਰਾਂ ਨੂੰ ਯੋਗ ਉਪਰਾਲੇ ਅਤੇ ਦੁਰਵਰਤੋਂ ਦੇ ਸਬੰਧ ਚ ਸਖਤ ਕਾਨੂੰਨ ਬਨਾਉਣੇ ਚਾਹੀਦੇ ਹਨ। ਉੱਥੇ ਦੇਸ਼ ਦੇ ਲੋਕਾਂ ਦੀ ਵੀ ਇਹ ਜਿੰਮੇਵਾਰੀ ਬਣਦੀ ਹੈ,ਕਿ ਉਹ ਪਾਣੀ ਦੀ ਸਹੀ ਸਾਂਭ ਸੰਭਾਲ ਵੀ ਕਰਨ। ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰਨ ਅਤੇ ਪਾਣੀ ਦੀ ਦੁਰਵਰਤੋਂ ਕਰਨ ਤੋਂ ਗੁਰੇਜ ਹੀ ਕਰਨ। ਬਰਸਾਤੀ ਪਾਣੀ ਦੀ ਸਟੋਰੇਜ ਲਈ ਸਰਕਾਰਾਂ ਉੱਚਿਤ ਪ੍ਰਬੰਧ ਕਰਨ ਅਤੇ ਲੋਕਾਂ ਚ ਪਾਣੀ ਦੀ ਮਹੱਤਤਾ ਲਈ,ਜਾਗਰੂਕਤਾ ਪੈਦਾ ਕਰਨ ਤਾਂ ਹੀ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ।

ਪਾਣੀ ਦੇ ਸਬੰਧ ‘ਚ ਪੰਜਾਬ ਦੀ, ਸਥਿਤੀ ਬੜੀ ਨਾਜ਼ੁਕ ਦੌਰ ‘ਚੋਂ ਲੰਘ ਰਹੀ ਹੈ। ਪਾਣੀ ਆਪਣੀ ਤੀਜੀ ਲੇਅਰ ਤੱਕ ਜਾ ਚੁੱਕਾ ਹੈ ਅਤੇ ਛੇਤੀ ਹੀ ਬੰਜਰ ਬਣਨ ਵੱਲ ਵਧ ਰਿਹਾ ਹੈ।ਜਿਸ ਤੋਂ ਬਚਣ ਦੀ ਬੇਹੱਦ ਜਰੂਰਤ ਹੈ। ਧਰਤੀ ਦੇ ਪਾਣੀ ਦੀ ਬੱਚਤ ਕਰਨ ਅਤੇ ਇਹਦੀ ਦੁਰਵਰਤੋਂ ਕਰਨ ਲਈ, ਸਰਕਾਰਾਂ ਦੇ ਨਾਲ 2 ਸਾਨੂੰ ਸਾਰਿਆਂ ਨੂੰ ਹੀ ਰਲ ਮਿਲਕੇ ਹੰਭਲਾ ਮਾਰਨ ਦੀ ਜਰੂਰਤ ਹੈ।ਕਿਉਂਕਿ, ਇਕੱਲੀਆਂ ਸਰਕਾਰਾਂ ਇਸ ਸਬੰਧ ਚ ਕੁੱਝ ਵੀ ਨਹੀਂ ਕਰ ਸਕਦੀਆਂ।ਕਿਉਂਕਿ,ਪਾਣੀ ਮਨੁੱਖ ਦੇ ਜਿਉਂਦੇ ਰਹਿਣ ਦਾ ਅਧਾਰ ਹੈ।ਇਸ ਲਈ,ਇਹਦੀ ਸਾਂਭ ਸੰਭਾਲ ਕਰਨੀ ਵੀ ਸਾਡਾ ਮੁੱਖ ਫਰਜ ਹੈ।ਇਸ ਦੀ ਮੁੱਖ ਉਦਾਹਰਣ ਇਹ ਹੈ,ਕਿ ਪੰਜਾਬ ਦੇ ਪਾਣੀ ਦੀ ਮੰਗ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ ਅਤੇ ਦਿੱਲੀ ਤੱਕ ਹੈ।ਜਿਸਦੇ ਕੇਸ ਸਰਵ ਉੱਚ ਨਿਆਂ ਪਾਲਿਕਾ ਚ ਵਿਚਾਰ ਅਧੀਨ ਹਨ।

ਮੁੱਕਦੀ ਗੱਲ ਤਾਂ ਇਹ ਹੈ ਕਿ ਪਾਣੀ ਦੇ ਕਾਰਨ ਆਪਸੀ ਲੜਾਈ ਲਗੜੇ ਅਤੇ ਕਤਲੋਗਾਰਦ ਤਾਂ ਹੋਵੇਗੀ ਹੀ ਸਗੋਂ ਇਹ ਝਗੜੇ ਗੁਆਂਢੀ ਸੂਬਿਆਂ ਅਤੇ ਗੁਆਂਢੀ ਦੇਸ਼ਾਂ ਨਾਲ ਵੀ ਹੋਣਗੇ। ਅਗਰ ਹਾਲਾਤ ਇਹੋ ਹੀ ਰਹੇ ਤਾਂ ਇਹ ਗੱਲ ਪੱਕੀ ਹੈ ਕਿ ਸੰਸਾਰ ਦਾ ਚੌਥਾ ਮਹਾਂਯੁੱਧ, ਕਿਸੇ ਹੋਰ ਚੀਜ ਦੀ ਵਜਾਏ, ਪਾਣੀ ਨੂੰ ਲੈ ਕੇ ਹੀ ਹੋਵੇਗਾ। ਅਗਰ ਅਸੀਂ ਸਮੁੱਚੀ ਮਾਨਵਤਾ ਦੀ ਭਲਾਈ ਚਾਹੁੰਦੇ ਹਾਂ ਤਾਂ ਪਾਣੀ ਦੀ ਦੁਰਵਰਤੋਂ ਦੀ ਵਜਾਏ,ਇਸਦੀ ਯੋਗ ਵਰਤੋਂ ਕਰੀਏ ਤਾਂ ਹੀ ਅਸੀਂ  *ਪਾਣੀ ਬਚਾਉ, ਜੀਵਨ ਬਚਾਓ!
ਦੀ ਮੁਹਿੰਮ ਨੂੰ ਕਾਮਯਾਬ ਕਰ ਸਕਦੇ ਹਾਂ ਜੋ ਕਿ ਸਾਡੇ ਸਭਨਾ ਲਈ ਫਾਇਦੇਮੰਦ ਤਾਂ ਹੈ ਹੀ ਸਗੋਂ ਸਾਡੇ ਸਭਨਾਂ ਲਈ ਹਰ ਹਾਲਤ ਵਿੱਚ ਜਰੂਰੀ ਵੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button