EDITORIAL

ਅਸਟਰੇਲੀਆ ‘ਚ ਖਾਲਸੇ ਦੀ ਚੜ੍ਹਾਈ, ਨਾਭੇ ਦੀ ਆਸਟਰੇਲੀਆ ‘ਚ ਬੱਲੇ-ਬੱਲੇ

ਮੋਗੇ ਵਾਲ਼ੇ ਵੀ ਛਾ ਗਏ

ਅਮਰਜੀਤ ਸਿੰਘ ਵੜੈਚ (94178-01988) 

ਪੰਜਾਬ ‘ਚ ਸਾਡੇ ਲੋਕ ਇਕ ਦੂਜੇ ਦੀਆਂ ਪੱਗਾਂ ਲਾਹੁਣ ਨੂੰ ਫਿਰਦੇ ਹਨ ਪਰ ਆਸਟਰੇਲੀਆ ‘ਚ ਅਮਰ ਸਿੰਘ ਨੇ ਪੱਗ ਦੀ ਸ਼ਾਨ ਉੱਚੀ ਕਰਕੇ  ਖਾਲਸਾ ਪੰਥ ਦੇ ਆਪੂੰ ਬਣੇ ਲੀਡਰਾਂ ਨੂੰ ਸ਼ੀਸ਼ਾ ਦਿਖਾ ਦਿਤਾ ਹੈ । ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਨੇ  ਪੰਜਾਬ ਦੇ ਰਿਆਸਤੀ ਸ਼ਹਿਰ ਨਾਭਾ ਦੇ ਅਮਰ ਸਿੰਘ ਨੂੰ  ਸਮਾਜ ਦੀ ਸੇਵਾ ਕਰਨ ਬਦਲੇ Australian of the year 2023 ਸਨਮਾਨ ਦੇਣ ਦਾ ਫ਼ੈਸਲਾ ਕੀਤਾ ਹੈ । ਇਹ ਪੂਰੇ ਸਿਖ ਪੰਥ ਤੇ ਪੰਜਾਬ ਲਈ ਮਾਣ ਦੀ ਪ੍ਰਾਪਤੀ ਹੈ ।

ਅਮਰ ਸਿੰਘ ਜੋ ਹੁਣ 41 ਸਾਲਾਂ ਦੇ ਹਨ ਨੇ 2015 ‘ਚ ਇਹ ਮਹਿਸੂਸ ਕੀਤਾ ਕਿ ਉਥੇ ਦੇ ਲੋਕ ਪੱਗ ਵਾਲ਼ੇ ਲੋਕਾਂ ਨੂੰ ਅੱਤਵਾਦੀ ਸਮਝਦੇ ਹਨ । ਕਿਸੇ ਨੇ ਤਾਂ ਅਮਰ ਸਿੰਘ ਨੂੰ ਇਹ ਵੀ ਪੁੱਛ ਲਿਆ ਕਿ ਕੀ ਉਹ ਪੱਗ ਵਿੱਚ ਬੰਬ ਲਕੋਈ ਫਿਰਦਾ ਹੈ । ਅਮਰ ਸਿੰਘ ਦਾ ਕਹਿਣਾ ਹੈ ਕਿ 2001 ਵਿੱਚ 9/11 ਦੇ ਵਰਲਡ ਟਰੇਡ ਸੈਂਟਰ ਦੇ ਟਾਵਰ ‘ਤੇ  ਅਲ-ਕਾਇਦਾ ਦੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਮਗਰੋਂ ਮੁਸਲਮਾਨਾਂ ਪ੍ਰਤੀ ਨਫ਼ਰਤ ਦੀਆਂ ਘਟਨਾਵਾਂ ‘ਚ ਪਹਿਲਾ ਸ਼ਿਕਾਰ ਇਕ ਅਮਰੀਕੀ ਸਿਖ ਹੋਇਆ ਸੀ ਜਿਸ ਨੂੰ ਗਲਤੀ ਨਾਲ਼ ਮੁਸਲਮਾਨ ਸਮਝ ਲਿਆ ਗਿਆ ਸੀ ।

ਇੰਜ ਅਮਰ ਸਿੰਘ ਦੇ ਮਨ ਅੰਦਰ ਸਿਖ ਪਹਿਚਾਣ ਨੂੰ ਇਕ ਮੁਸਲਮਾਨ ਦੇ ਨਾਲ਼ ਮਿਲ਼ਦੀ ਪਹਿਚਾਣ ਤੋਂ ਵੱਖਰਾ ਕਰਨ ਦਾ ਫੁਰਨਾ ਫੁਰਿਆ । ਇਸ ਘਟਨਾ ਨੇ ਹੀ Turbans 4 Australia ਨਾਮ ਦੀ ਇਕ ਸਵੈ-ਸੇਵੀ ਸੰਸਥਾ ਨੇ ਜਨਮ ਲਿਆ ।

ਇਹ Turbans 4 Australia ਸੰਸਥਾ 2015 ਤੋਂ ਅਸਟਰੇਲੀਆ ‘ਚ ਕੰਮ ਕਰ ਰਹੀ ਹੈ । ਇਸ ਨੇ ਹੁਣ ਤੱਕ ਅਸਟਰੇਲੀਆ ‘ਚ ਜੰਗਲ ਦੀ ਅੱਗ , ਹੜ੍ਹਾਂ, ਸੋਕੇ ਸਮੇਤ ਹੋਰ ਕੁਦਰਤੀ ਆਫ਼ਤਾਂ ਤੇ ਕੋਵਿਡ-19 ਦੀ ਮਹਾਂਮਾਰੀ ਸਮੇਂ ਪੀੜਤ ਲੋਕਾਂ ਨੂੰ ਖਾਣਾ ਪਹੁੰਚਾਉਣ ਦਾ ਕੰਮ ਕੀਤਾ ।  ਇਹ ਲੋਕ ਘਰੇਲੂ ਹਿੰਸਾ, ਗਰੀਬੀ , ਬੇਘਰ , ਬੇਰੁਜ਼ਗਾਰ ਤੇ  ਇਕੱਲਤਾ ਭੁਗਤ ਰਹੇ ਪੀੜਤ ਲੋਕਾਂ ਦੀ ਵੀ ਮਦਦ ਕਰਦੇ ਹਨ । ਹੁਣ ਵੀ ਇਹ ਸੰਸਥਾ ਲਗਾਤਾਰ ਹਰ ਰੋਜ਼ 450 ਖਾਣੇ ਦੇ ਪੈਕਟ ਬਣਾਕੇ ਲੋੜਵੰਦ ਲੋਕਾਂ ਤੱਕ ਪਹੁੰਚਾ ਰਹੇ ਹਨ ।  ਆਸਟਰੇਲੀਆ ‘ਚ  ਪੰਜ ਫ਼ੀਸਦ ਤੋਂ ਵੱਧ ਲੋਕ ਗਰੀਬੀ ਵਰਗੀਆਂ ਸਥਿਤੀਆਂ ‘ਚ ਰਹਿਣ ਲਈ ਮਜਬੂਰ ਹਨ ।

Turbans 4 Australia  ਨੇ ਅਸਟਰੇਲੀਆ ‘ਚ ਸਿਖਾਂ ਦੀ ਮੁਸਲਮਾਨਾਂ ਨਾਲ਼ੋਂ ਵੱਖਰੀ ਪਹਿਚਾਣ ਸਥਾਪਿਤ ਕਰਨ ‘ਚ ਇਕ ਵੱਡਾ ਰੋਲ ਅਦਾ ਕੀਤਾ ਹੈ । ਇਸ ਦਾ ਵੱਡਾ ਕਾਰਨ ਇਹ ਹੈ ਕਿ ਇਹ ਲੋਕ ਬਿਨਾ ਕਿਸੇ ਜ਼ਾਤ, ਧਰਮ,ਭਾਸ਼ਾ,ਰੰਗ,ਇਲਾਕਾ,ਨਸਲ ਆਦਿ ਦੇ ਭੇਦਭਾਵ ਤੋਂ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ । ਇਸੇ ਕਰਕੇ ਇਨ੍ਹਾਂ ਨਾਲ਼ ਅਸਟਰੇਲੀਆ ਦੇ ਵਾਸੀ ਵੀ ਲਗਾਤਾਰ ਜੁੜ ਰਹੇ ਹਨ । ਇਸ ਸੰਸਥਾ ਨੇ ਆਪਣੀ ਵੱਖਰੀ ਪਹਿਚਾਣ ਲਈ ਵੈਨਾਂ, ਸਟੋਰ, ਵਰਦੀ , ਸਾਹਿਤ ਆਦਿ ਬਣਾਇਆ ਹੋਇਆ ਹੈ । ਇਸ ਦੇ ਵਲੰਟੀਅਰਜ਼ ਵਿਭਿੰਨ ਸਭਿਆਚਾਰਾਂ ਦੀ ਸਹਿ-ਹੋਂਦ ‘ਚ ਵਿਸ਼ਵਾਸ ਰੱਖਦੇ ਹੋਏ ਕੰਮ ਕਰਦੇ ਹਨ ਤੇ ਲੋਕਾਂ ‘ਚ ਸਿਖ ਧਰਮ ਦੇ ‘ਸਰਬੱਤ ਦਾ ਭਲਾ’ ਦੇ ਸੰਕਲਪ ਨੂੰ ਪ੍ਰਚਾਰ ਤੇ ਪਾਸਾਰ ਰਹੇ ਹਨ ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਮੋਗਾ ਦੇ ਡਾ: ਰਾਜ ਖਿਲਨ ਨੂੰ ਵੀ ਵਿਕਟੋਰੀਆ ਸਟੇਟ ਵੱਲੋਂ ਵੱਖ-ਵੱਖ ਭਾਈਚਾਰੇ ‘ਚ ਲੋਕਾਂ ਦੀ ਡਾਕਟਰੀ ਸੇਵਾ ਕਰਨ ਲਈ ਆਸਟਰੇਲੀਅਨ ਆਫ਼ ਦਾ ਈਅਰ ਸਨਮਾਨ ਦਿਤਾ ਗਿਆ ਹੈ ।

ਅਦਾਰਾ D5, Punjabi TV ਵੱਲੋਂ ਸਰਦਾਰ ਅਮਰ ਸਿੰਘ ਤੇ Turbans 4 Australia ਦੇ ਵਲੰਟੀਅਰਜ਼ ਨੂੰ ਇਹ ਸਨਮਾਨ ਮਿਲਣ ‘ਤੇ ਬਹੁਤ ਬਹੁਤ ਮਾਬਾਰਕਾਂ ।   ਡਾ: ਖਿਲਨ ਨੂੰ ਵੀ  ਇਸ ਅਦਾਰੇ ਵੱਲੋਂ ਬਹੁਤ ਬਹੁਤ ਵਧਾਈਆਂ । ਅਮਰ ਸਿੰਘ  ਤੇ ਡਾ: ਖਿਲਨ ਨੂੰ ਇਹ ਸਨਮਾਨ ਅਗਲੇ ਵਰ੍ਹੇ ਜਨਵਰੀ ਮਹੀਨੇ  ਆਸਟਰੇਲੀਆ ਦੀ ਰਾਜਧਾਨੀ ਕੈਂਬਰਾ ‘ਚ  ਦਿਤੇ ਜਾਣਗੇ  ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button