OpinionD5 special

ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਉਜਾਗਰ ਸਿੰਘ

ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ  ਹੈ। ਇਸ ਕਾਵਿ ਸੰਗ੍ਰਹਿ ਵਿੱਚ 91 ਕਵਿਤਾਵਾਂ ਹਨ, ਜਿਨ੍ਹਾਂ ਵਿੱਚੋਂ 62 ਪਿਆਰ-ਮੁਹੱਬਤ, ਇਸ਼ਕ ਅਤੇ ਬਿਰਹਾ ਨਾਲ ਸਬੰਧਤ ਹਨ। ਬਾਕੀ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀਆਂ ਹਨ। ਮੁੱਢਲੇ ਤੌਰ ਤੇ ਅਰਜ਼ਪ੍ਰੀਤ ਨੂੰ ਮੁਹੱਬਤ ਦਾ ਕਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਵਿੱਚ ਵੀ ਇਸ਼ਕ ਦੇ ਤੁਣਕੇ ਲਾਏ ਹੋਏ ਹਨ। ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਵਿੱਚ ਦਾਜ਼-ਦਹੇਜ, ਭਰੂਣ ਹੱਤਿਆ, ਬਲਾਤਕਾਰ, ਸਭਿਅਚਾਰ ਤੋਂ ਬੇਮੁੱਖ ਹੋਣਾ, ਆਰਥਿਕ ਨਾ ਬਰਾਬਰੀ, ਧੋਖ਼ੇ, ਫ਼ਰੇਬ, ਖੁਦਕਸ਼ੀਆਂ, ਨਸ਼ੇ, ਰਾਜਨੀਤੀ, ਕਿਸਾਨੀ, ਧਰਮ ਅਤੇ ਦੇਸ਼ ਭਗਤੀ ਨੂੰ ਵਿਸ਼ਾ ਬਣਾਇਆ ਹੈ। ਪਿਆਰ ਮੁਹੱਬਤ ਦੀਆਂ ਕਵਿਤਾਵਾਂ ਵਿੱਚ ਬਿ੍ਰਹਾ ਦੇ ਦਰਦ ਦੀ ਅਤਿਅੰਤ ਚੀਸ ਵਿਖਾਈ ਦਿੰਦੀ ਹੈ। ਇੰਜ ਵੀ ਲਗਦਾ ਹੈ ਕਿ ਕਵੀ ਲੋਕਾਈ ਦੇ ਪਿਆਰ ਮੁਹੱਬਤ ਵਿੱਚ ਅਸਫਲ ਰਹਿਣ ਨੂੰ ਮਹਿਸੂਸ ਕਰਨ ਦੀ ਸਮਰੱਥਾ ਰਖਦਾ ਹੈ ਜਾਂ ਫਿਰ ਉਹ ਖੁਦ ਮੁਹੱਬਤ ਦਾ ਤਜ਼ਰਬਾ ਹਾਸਲ ਕਰ ਚੁੱਕਿਆ ਹੈ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਨ ਤੋਂ ਮਹਿਸੂਸ ਹੋ ਰਿਹਾ ਹੈ ਕਿ ਬਹੁਤੀਆਂ ਕਵਿਤਾਵਾਂ ਵਿੱਚ ਪਿਆਰ ਮੁਹੱਬਤ ਦੇ ਦਰਦ ਦੀ ਕਸਕ ਕਾਫੀ ਡੂੰਘੀ ਹੈ। ਜਿੰਦ ਦਾ ਸਰਮਾਇਆ ਕਵਿਤਾ ਵਿੱਚ ਲਿਖਿਆ ਹੈ-

ਆਜਾ ਮੇਰਿਆ ਸੱਜਣਾ ਵੇ, ਸ਼ਾਮਾ ਪੈ ਗਈਆਂ।

ਯਾਦਾਂ ਤੇਰੀ ਕੁਲਹਿਣੀਆਂ, ਦਰ ਤੇ ਬਹਿ ਗਈਆਂ।

ਸੂਰਜ ਢੱਲਦਾ ਢੱਲਦਾ ਮੈਨੂੰ ਟਿੱਚਰਾਂ ਕਰ ਜਾਂਦਾ।

ਉਸ ਨੇ ਘਰ ਮੁੜਨਾ, ਮੈਨੂੰ ਧੁੱਪਾਂ ਕਹਿ ਗਈਆਂ।

ਪ੍ਰੇਮੀਆਂ ਨੂੰ ਬਿਰਹਾ ਦੀ ਅੱਗ ਦਾ ਸੇਕ ਅਜੀਬ ਸਥਿਤੀ ਵਿੱਚ ਪਾ ਦਿੰਦਾ ਹੈ। ਉਹ ਖਾਣਾ, ਪੀਣਾ, ਪਹਿਨਣਾ ਅਤੇ ਸਮਾਜ ਵਿੱਚ ਸਲੀਕੇ ਨਾਲ ਵਿਚਰਣਾ ਹੀ ਭੁੱਲ ਜਾਂਦੇ ਹਨ। ਹਰ ਵਕਤ ਬੇਗਾਨਿਆਂ ਦੀ ਤਰ੍ਹਾਂ ਓਪਰੀਆਂ ਗੱਲਾਂ ਕਰਦੇ ਸਮਾਜਿਕ ਤਾਣੇ ਬਾਣੇ ਵਿੱਚੋਂ ਪ੍ਰੇਮੀ ਨੂੰ ਲੱਭਦੇ ਹੋਏ ਪਾਗਲਾਂ ਦੀ ਤਰ੍ਹਾਂ ਵਿਵਹਾਰ ਕਰਦੇ ਹਨ। ਅਜਿਹੇ ਹਾਲਾਤ ਵਿੱਚ ਪ੍ਰੇਮੀਆਂ ਦੇ ਰੰਗ ਰੂਪ ਬਦਲ ਜਾਂਦੇ ਹਨ। ਇਸ਼ਕ ਵਿੱਚੋਂ ਉਪਜੇ ਗ਼ਮ ਦੇ ਦਰਦ ਦੀ ਦਾਸਤਾਂ ‘ਮੁੱਖ ਤੇ ਵਾਛੜ’ ਕਵਿਤਾ ਵਿੱਚ ਕਵੀ ਪ੍ਰਗਟਾਉਂਦੇ ਹਨ-

ਗ਼ਮ ਤੇਰੇ ਨੇ ਨੂਰ ਉਡਾਇਆ, ਆਖੇਂ ਧੁੱਪੇ ਕਾਲਾ ਹੋ ਗਿਆ।

ਡਰਿਆ ਰਾਤੀ ਕੰਬਣ ਲੱਗਾ, ਆਖੇਂ ਪਾਲਾ ਹੋ ਗਿਆ ਹੈ।

ਪ੍ਰੇਮੀਆਂ ਲਈ ਪਿਆਰੇ ਜਿੰਦ ਜਾਨ ਹੁੰਦੇ ਹਨ। ਆਪਣੇ ਪਿਆਰੇ ਬਾਰੇ ਕੋਈ ਮੰਦਾ ਸ਼ਬਦ ਨਾ ਬੋਲਦੇ ਹਨ ਅਤੇ ਨਾ ਹੀ ਬੋਲਣ ਵਾਲੇ ਨੂੰ ਬਰਦਾਸ਼ਤ ਕਰਦੇ ਹਨ ਕਿਉਂਕਿ ਮੋਹ ਦਾ ਜਾਦੂ ਸਿਰ ਚੜ੍ਹਕੇ ਬੋਲਦਾ ਹੁੰਦਾ ਹੈ। ਸੁਪਨਿਆਂ ਦੀ ਦੁਨੀਆਂ ਵਿੱਚ ਰਹਿੰਦੇ ਹੋਏ ਦਿਨ ਨੂੰ ਵੀ ਯਾਰ ਨੂੰ ਮਿਲਣ ਦੇ ਸੁਪਨੇ ਵੇਖਦੇ ਰਹਿੰਦੇ ਹਨ। ਇਸ ਲਈ ‘ਸੁਰਮੇ ਵਾਲੇ ਦਾਗ਼’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਿਆ ਹੈ-

ਯਾਰ ਦੀ ਗੱਲ ਕਰੇ ਜੇ ਕੋਈ, ਨਫ਼ਾ ਕਰੋ।

ਯਾਰ ਨੂੰ ਜੇ ਮੰਦਾ ਬੋਲੇ, ਉਸਨੂੰ ਖ਼ਫ਼ਾ ਕਰੋ।

ਜਿਹੜੀ ਨੀਂਦ ‘ਚ ਯਾਰ ਦਾ ਸੁਫ਼ਨਾ ਨਾ ਆਵੇ।

ਅਰਜਾ ਐਸੀ ਨੀਂਦ ਨੂੰ ਵੀ ਦਫ਼ਾ ਕਰੋ।

ਅਰਜ਼ਪ੍ਰੀਤ ਦੀਆਂ ਭਾਵੇਂ ਬਹੁਤੀਆਂ ਕਵਿਤਾਵਾਂ ਰੁਮਾਂਸਵਾਦ ਨਾਲ ਸੰਬੰਧਤ ਹਨ ਪ੍ਰੰਤੂ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਕਵਿਤਾਵਾਂ ਵਿੱਚ ਵੀ ਸਮਾਜਿਕ ਸਰੋਕਾਰਾਂ ਦੀ ਵਕਾਲਤ ਕਰਦਾ ਰਹੇ। ਕਵੀ ਲਗਪਗ ਹਰ ਕਵਿਤਾ ਵਿੱਚ ਲੋਕਾਈ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਦਾ ਜ਼ਿਕਰ ਕਰਨਾ ਨਹੀਂ ਭੁਲਦਾ। ਗ਼ਰੀਬ ਨਾਲ ਹੋ ਰਹੀਆਂ ਜ਼ਿਆਦਤੀਆਂ, ਧੱਕੇਸ਼ਾਹੀ ਨਾ ਬਰਾਬਰਤਾ ਬਾਰੇ ਆਪਣੀਆਂ ਕਵਿਤਾਵਾਂ ਲਿਖਦਾ ਰਹਿੰਦਾ ਹੈ। ਬੱਚਿਆਂ ਦਾ ਬਚਪਨ ਰੁਲ ਜਾਣ ਦਾ ਹੰਦੇਸ਼ਾ ਆਪਣੀ ਕਵਿਤਾ ‘ਬੱਚੇ’ ਵਿੱਚ ਕਰਦਾ ਹੋਇਆ, ਉਹ ਸਮਾਜ ਨੂੰ ਚੇਤੰਨ ਕਰਦਾ ਹੈ ਕਿ ਜੇਕਰ ਅਸੀਂ ਬੱਚਿਆਂ ਦੇ ਭਵਿਖ ਨੂੰ ਧਿਆਨ ਵਿੱਚ ਨਾ ਰੱਖਿਆ ਤਾਂ ਆਉਣ ਵਾਲਾ ਸਮਾਂ ਖ਼ਤਰਨਾਕ ਸਾਬਤ ਹੋਵੇਗਾ। ਸਮਾਜ ਦਾ ਭਵਿਖ ਧੁੰਧਲਾ ਹੋ ਜਾਵੇਗਾ। ਬੱਚੇ ਕੌਮ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਨੂੰ ਦੁਰਕਾਰਨ ਦੀ ਥਾਂ ਪਿਆਰ ਕਰੋ। ਬੱਚੇ ਰੱਬ ਦਾ ਰੂਪ ਹੁੰਦੇ ਹਨ। ਇਨ੍ਹਾਂ ਵਿੱਚ ਰੱਬ ਵਸਦਾ ਹੈ। ਕਵੀ ਲਿਖਦਾ ਹੈ-

ਇਹ ਜੋ ਕੂੜਾ ਚੁੱਕਦੇ ਫ਼ਿਰਦੇ ਨੇ, ਜੋ ਨਿਤ ਕੁੱਤਿਆਂ ਨਾਲ ਘਿਰਦੇ ਨੇ।

ਇਹ ਕਿੰਨੇ ਸੋਹਣੇ ਬੱਚੇ ਨੇ, ਪਰ ਉਮਰ ਤੋਂ ਹਾਲੇ ਕੱਚੇ ਨੇ।

ਇਹ ਤੇਰੀ ਆਦਤ ਗੰਦਿਆ ਵੇ, ਤੂੰ ਸੁਣ ਲੈ ਸ਼ਹਿਰੀ ਬੰਦਿਆ ਵੇ।

ਤੂੰ ਖਾ ਕੇ ਕੂੜਾ ਸੁੱਟਦਾ ਐਂ, ਇਹ ਚੁੱਕਦੇ ਨੇ ਤੂੰ ਕੁੱਟਦਾ ਐਂ।

ਤੁਹਾਨੂੰ ਰੱਬ ਦਿਖ ਜਾਂਦੈ, ਜੋ ਬਣੀ ਪੱਥਰ ਦੀ ਮੂਰਤ,

ਪਰ ਇਹ ਰੱਬ ਜਿਹੇ ਵਿਲਕਦੇ, ਬਾਲ ਨਹੀਂ ਦਿਖਦੇ।

ਧਰਤੀ ਦੀ ਮਹੱਤਤਾ ਦਾ ਜ਼ਿਕਰ ਕਰਦਾ ‘ਮਿੱਟੀ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਮਿੱਟੀ ਦਾ ਦਰਜਾ ਸਰਵੋਤਮ ਹੈ। ਮਿੱਟੀ ਰੱਬ ਤੋਂ ਵੀ ਉਤਮ ਹੈ। ਇਹ ਇਨਸਾਨੀਅਤ ਦੀ ਜਿਸਮਾਨੀ ਭੁੱਖ ਦੀ ਤਿ੍ਰਪਤੀ ਕਰਦੀ ਹੈ। ਸਮੁੱਚਾ ਸਮਾਜ ਮਿੱਟੀ ‘ਤੇ ਨਿਰਭਰ ਹੈ। ਮਿੱਟੀ ‘ਚੋਂ ਅਨਾਜ ਦਾ ਉਤਪਾਦਨ ਕਰਨ ਵਾਲਾ ਮਿਹਨਤੀ ਕਿਸਾਨ ਵੀ ਜ਼ਿੰਦਗੀ ਦਾ ਧੁਰਾ ਹੈ। ਉਹ ਹਮੇਸ਼ਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ। ਮਿੱਟੀ ਖ਼ਜਾਨਾ ਹੈ। ਰਾਸ਼ਨ ਦੇ ਨਾਂ ‘ਤੇ ਠੱਗੀ ਮਾਰਨ ਵਾਲਿਆਂ ਅਤੇ ਦਾਨ ਵਿੱਚ ਅਨਾਜ ਮੰਗਣ ਬਾਰੇ ਵੀ ਕਿੰਤੂ ਪ੍ਰੰਤੂ ਕੀਤਾ ਗਿਆ ਹੈ। ਮਿੱਟੀ ਵਿਚੋਂ ਹੀ ਮਜ਼ਦੂਰਾਂ ਨੂੰ ਪੇਟ ਪਾਲਣ ਲਈ ਮਜ਼ਦੂਰੀ ਮਿਲਦੀ ਹੈ। ਮਿੱਟੀ ਕਵਿਤਾ ਵਿੱਚ ਲਿਖਿਆ ਹੈ-

ਜਦ ਕਿਸਾਨ ਦੀ ਫਸਲ ਸੜੇ, ਜਦ ਜੱਟ ਮੰਡੀਆਂ ‘ਚ ਲੜੇ।

ਉਦੋਂ ਕਿਥੇ ਤੁਸੀਂ ਲੁਕ ਜਾਂਦੇ ਓ, ਐਡੀ ਗਿਣਤੀ ਮੁਕ ਜਾਂਦੇ ਓ।

ਸਮਾਜ ਵਿੱਚ ਆਪੋ ਧਾਪੀ ਪਈ ਹੋਈ ਹੈ। ਹਰ ਪਾਸੇ ਲਾਲਚ ਅਧੀਨ ਪੈਸਾ ਕਮਾਉਣ ਦੀ ਲਾਲਸਾ ਵਧੀ ਹੋਈ ਹੈ। ਭਰਿਸ਼ਟ ਲੋਕ ਗਿਰਝਾਂ ਦੀ ਤਰ੍ਹਾਂ ਚਾਰ ਚੁਫ਼ੇਰੇ ਘੁੰਮ ਰਹੇ ਹਨ। ਧੋਖ਼ੇਬਾਜਾਂ ਦਾ ਬੋਲਬਾਲਾ ਹੈ। ਇਸ ਹਾਲਾਤ ਬਾਰੇ ‘ਜੂਠੀ ਚਾਹ’ ਕਵਿਤਾ ਵਿੱਚ ਕਵੀ ਵਿਅੰਗ ਨਾਲ ਲਿਖਦੈ-

ਧੋਖੇ ਸਾਜਿਸ਼ ਮਹਿਕਾਂ ਆਵਣ, ਸ਼ਹਿਰ ਤੇਰੇ ਦੀ ਹਵਾ ‘ਤੇ ਨਈਂ ਐ?

ਗਿਰਝਾਂ ਘੁੰਮਣ ਚਾਰ ਚੁਫ਼ੇਰੇ, ਤੇਰਾ ਲੱਗਿਆ ਦਾਅ ‘ਤੇ ਨਹਂੀਂ ਐ?

ਧਾਰਮਿਕ ਸਥਾਨਾ ਵਿੱਚ ਵਾਪਰ ਰਹੀਆਂ ਅਪਮਾਨਜਨਕ ਘਟਨਾਵਾਂ ਨੇ ਸਮਾਜ ਨੂੰ ਸ਼ਰਮਸ਼ਾਰ ਕੀਤਾ ਹੋਇਆ ਹੈ। ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ। ਭਾਈਚਾਰਕ ਸਾਂਝ ਤਾਰ ਤਾਰ ਹੋਈ ਪਈ ਹੈ। ਇਨਸਾਨ ਇਕ ਦੂਜੇ ਤੋਂ ਡਰ ਰਿਹਾ ਹੈ। ਇਹ ਸਾਰਾ ਕੁਝ ਵੇਖਦਿਆਂ ਵੀ ਜੇ ਸ਼ਾਇਰ ਸਚਾਈ ਨਹੀਂ ਲਿਖਦੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਵਿਅੰਗਮਈ ਕਵਿਤਾ ‘ਤੂੰ ਖ਼ੁਸ਼ਨਸੀਬ ਐਂ ਦੋਸਤ’ ਵਿੱਚ ਅਰਜ਼ਪ੍ਰੀਤ ਲਿਖਦੈ-

ਜੇ ਤੇਰੇ ਸ਼ਹਿਰ ਦੇ ਮੰਦਿਰਾਂ ‘ਚ ਬਲਾਤਕਾਰ ਨਈਂ ਹੁੰਦੇ,

ਜੇ ਸਾਧਾਂ ਦੇ ਮਗਰ ਲੋਕ ਮਰਨ ਨੂੰ ਤਿਆਰ ਨਈਂ ਹੁੰਦੇ,

ਤੂੰ ਖ਼ੁਸ਼ਨਸੀਬ ਐਂ ਦੋਸਤ……………   …..।

ਜੇ ਤੇਰੇ ਸ਼ਹਿਰੇ ਗੰਗਾ ਨ੍ਹਹਾ ਕੇ ਪਾਪ ਨੀਂ ਧੁਲਦੇ,

ਜੇ ਤੇਰੇ ਸ਼ਹਿਰ ਦੇ ਬੱਚੇ ਸੜਕਾਂ ‘ਤੇ ਨਹੀਂ ਰੁਲਦੇ

ਤੂੰ ਖ਼ੁਸ਼ਨਸੀਬ ਹੈਂ।

ਸਾਰਾ ਸੰਸਾਰ ਇਸਤਰੀ ਨੂੰ ਪਵਿਤਰ ਕਹਿੰਦਾ ਹੈ। ਇਥੋਂ ਤੱਕ ਕਿ ਜਨਮਦਾਤੀ ਹੋਣ ਕਰਕੇ ਰੱਬ ਦਾ ਰੂਪ ਕਹਿੰਦਾ ਹੈ। ਪ੍ਰੰਤੂ ਅਮਲੀ ਰੂਪ ਵਿੱਚ ਇਨਸਾਨ ਖੁਦਦਾਰ ਹੈ। ਔਰਤ ਦੀ ਪ੍ਰਸੰਸਾ ਕਰਨ ਦਾ ਢੌਂਗ ਰਚਦਾ ਹੈ। ਕਵੀ ਨੇ ਮਰਦ ਦੀ ਮਾਨਸਿਕਤਾ ਨੂੰ ਬੜੇ ਸੋਹਣੇ ਢੰਗ ਨਾਲ ਆਪਣੀ ‘ਦੇਸ਼ ਦੀ ਲੜਕੀ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਕੇ ਪਰਦਾ ਫ਼ਾਸ਼ ਕੀਤਾ ਹੈ-

ਮੇਰੇ ਜਨਮ ਤੋਂ ਬਾਪੂ ਡਰ ਗਿਆ, ਮੇਰਾ ਦਾਜ ਉਸ ਬਣਵਾਣਾ।

ਮੇਰੀ ਮਾਂ ਵੀ ਦਰੀਆਂ ਬੁਣਨੀਆਂ, ਮੈਨੂੰ ਇੱਜ਼ਤਾਂ ਨਾਲ ਵਿਆਹੁਣਾ।

ਕੰਜਕ ਵਾਂਗ ਬਿਠਾ ਕੇ, ਸਾਰਾ ਜੱਗ ਪੂਜੀ ਜਾਂਵਦਾ।

ਪਰ ‘ਕੱਲੀ ਕਹਿਰੀ ਦੇਖ ਕੇ, ਮੇਰਾ ਫਾਇਦਾ ਫਿਰ ਉਠਾਂਵਦਾ।

ਤੇਜ਼ਾਬ ਨਾਲ ਮੈਨੂੰ ਸਾੜ ਗਿਆ, ਜੋ ਸੀ ਗੀਤ ਪਿਆਰ ਦੇ ਗਾਂਵਦਾ।

ਆਹ ਕੈਸੀ ਦੋਗਲੀ ਦੁਨੀਆ, ਮੈਨੂੰ ਰੱਤੀ ਸਮਝ ਨਾ ਆਂਵਦਾ।

ਅੱਬਾ ਇਹ ਨਾ ਕਹਿਰ ਕਮਾਵੀਂ, ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ।

ਤੇਰਾ ਤੇ ਮਾਂ ਦਾ ਮੈਂ ਹਿੱਸਾ, ਦੋਹਾਂ ਦਾ ਇੱਕ ਸਾਂਝਾ ਕਿੱਸਾ।

ਪੁਰਾਤਨ ਪਰੰਪਰਾਵਾਂ ਤੋਂ ਮੂੰਹ ਮੋੜਨ ਦਾ ਹੰਦੇਸ਼ਾ ਪ੍ਰਗਟਾਉਂਦਾ ਕਵੀ ਲਿਖਦਾ ਹੈ-

ਦਾਤੀ ਤੇ ਰੰਬੀ ਤੇ ਹਲ ਪੰਜਾਲ਼ੀ, ਮਰ ਗਏ ਹਾਂ ਲੋਕੋ ਗਈ ਨਾ ਸੰਭਾਲੀ।

ਹਵੇਲੀ ਤੇ ਫਿਰਨੀ ਝਲਾਨੀ ਬਰਾਂਡੇ, ਗੁੜ ਦੀ ਕੁਲਹਾੜੀ ਤੇ ਪਿਤਲ ਦੇ ਭਾਂਡੇ।

ਇਸ ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ਭਾਵਨਾਤਮਿਕ ਹੈ, ਜਿਸ ਵਿੱਚ ਉਹ ਸਿੱਟਾ ਕੱਢਦਾ ਹੈ ਕਿ ਦੁੱਖ ਸੁੱਖ ਇਸੇ ਤਰ੍ਹਾਂ ਸੰਸਾਰ ਵਿੱਚ ਬਰਕਰਾਰ ਰਹਿਣਗੇ ਇਹ ਬਰਦਾਸ਼ਤ ਵੀ ਕਰਨੇ ਪੈਣਗੇ ਤੇ ਇਨ੍ਹਾਂ ਦਾ ਹੱਲ ਵੀ ਕੱਢਣਾ ਪਵੇਗਾ। ਕਵਿਤਾ ਦਾ ਸ਼ੇਅਰ ਹੈ:

ਆ ਬਹਿ ਜਾ ਕੋਲੇ, ਕਿਉਂ ਰੋਂਦਾ ਐਂ ਰੋਣੇਂ।

ਚਲਦੇ ਈ ਰਹਿਣੇਂ ਕੀ  ਪਾਉਣੇ ਤੇ ਖੋਣੇਂ।

ਇਹ ਸੁਰਮੇ ਦੇ ਦਾਗ਼, ਸਿਰਹਾਣੇ ਦੇ ਉਤੇ,।

ਨਾ ਚਾਹੁੰਦੇ ਹੋਏ ਵੀ, ਇਹ ਪੈਣੇ ਨੇ ਧੋਣੇ।

ਅਰਜ਼ਪ੍ਰੀਤ ਦੀ ਇਹ ਤੀਜਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ’ਅਰਜ਼ੋਈਆਂ’ ਮੌਲਿਕ ਕਾਵਿ ਸੰਗ੍ਰਹਿ ਅਤੇ ‘ਅਜੋਕਾ ਕਾਵਿ’ ਸੰਗ੍ਰਹਿ ਸੰਪਾਦਿਤ ਪ੍ਰਕਾਸ਼ਤ ਹੋ ਚੁੱਕੀਆਂ ਹਨ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਅਰਜ਼ਪ੍ਰੀਤ ਭਵਿਖ ਵਿੱਚ ਹੋਰ ਵਧੀਆ ਕਵਿਤਾਵਾਂ ਲਿਖਕੇ ਸਮਾਜ ਨੂੰ ਸੇਧ ਦੇਣ ਵਿੱਚ ਸਫਲ ਹੋ ਸਕਦਾ ਹੈ। 127 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ‘ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਪਿੰਡ ਭੁੰਦੜ ਜਿਲ੍ਹਾ ਬਠਿੰਡਾ’ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button