ਅਮਰੀਕਾ ਤੋਂ ਭਾਰਤੀਆਂ ਦੀ ਵਤਨ ਵਾਪਸੀ: ਵਿਸ਼ੇਸ਼ ਜਾਂਚ ਟੀਮ ਵੱਲੋਂ ਕਾਰਵਾਈ ਜਾਰੀ; ਪੰਜ ਨਵੀਆਂ FIRs ਦਰਜ, ਦੋ ਹੋਰ ਟਰੈਵਲ ਏਜੰਟ ਗ੍ਰਿਫ਼ਤਾਰ
ਕੁੱਲ ਐਫ.ਆਈ.ਆਰਜ਼ ਦੀ ਗਿਣਤੀ 15 ਤੱਕ ਪਹੁੰਚੀ, ਗ੍ਰਿਫ਼ਤਾਰੀਆਂ ਦੀ ਗਿਣਤੀ ਤਿੰਨ ਹੋਈ

ਚੰਡੀਗੜ੍ਹ, 19 ਫਰਵਰੀ 2025 – ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ’ਤੇ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ, ਏ.ਡੀ.ਜੀ.ਪੀ. ਐਨ.ਆਰ.ਆਈ. ਮਾਮਲੇ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ, ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਟਰੈਵਲ ਏਜੰਟਾਂ ਵਿਰੁੱਧ ਪੰਜ ਨਵੀਆਂ ਐਫ.ਆਈ.ਆਰਜ਼ ਦਰਜ ਕੀਤੀਆਂ ਹਨ ਅਤੇ ਦੋ ਹੋਰ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਕਾਰਵਾਈ ਸਕਦਾ ਹੁਣ ਤੱਕ ਕੁੱਲ ਐਫ.ਆਈ.ਆਰਜ਼. ਦੀ ਗਿਣਤੀ 15 ਹੋ ਗਈ ਹੈ, ਜਦੋਂ ਕਿ ਗ੍ਰਿਫ਼ਤਾਰੀਆਂ ਦੀ ਗਿਣਤੀ ਤਿੰਨ ਹੋ ਗਈ ਹੈ। ਇਹ ਐਫ.ਆਈ.ਆਰਜ਼. ਉਨ੍ਹਾਂ ਏਜੰਟਾਂ ਵਿਰੁੱਧ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਪੀੜਤਾਂ ਨੂੰ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਝੂਠੇ ਵਾਅਦੇ ਕਰਕੇ ਧੋਖਾ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ (ਪੀੜਤਾਂ) ਦੀ ਵਤਨ ਵਾਪਸੀ ਹੋਈ ਹੈ।
ਤਾਜ਼ਾ ਐਫ.ਆਈ.ਆਰ. 17 ਅਤੇ 18 ਫਰਵਰੀ, 2025 ਨੂੰ ਤਰਨਤਾਰਨ, ਐਸ.ਏ.ਐਸ. ਨਗਰ, ਮੋਗਾ ਅਤੇ ਸੰਗਰੂਰ ਜ਼ਿਲਿ੍ਹਆਂ ਵਿੱਚ ਦਰਜ ਕੀਤੀਆਂ ਗਈਆਂ । ਅਣ-ਅਧਿਕਾਰਤ ਨੈੱਟਵਰਕਾਂ ਰਾਹੀਂ ਕੰਮ ਕਰਨ ਵਾਲੇ ਦੋਸ਼ੀ ਏਜੰਟ, ਪੀੜਤਾਂ ਤੋਂ ਸੁਰੱਖਿਅਤ ਅਤੇ ਕਾਨੂੰਨੀ ਇਮੀਗ੍ਰੇਸ਼ਨ ਰੂਟਾਂ ਦਾ ਵਾਅਦਾ ਕਰਕੇ ਮੋਟੀਆਂ ਰਕਮਾਂ ਵਸੂਲਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਗ਼ੈਰ-ਮਨੁੱਖੀ ਸਥਿਤੀਆਂ, ਨਜ਼ਰਬੰਦੀ ਅਤੇ ਅੰਤ ਵਿੱਚ ਵਤਨ ਵਾਪਸੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਦਰਜ ਹੋਈਆਂ ਐਫ.ਆਈ.ਆਰ. ਵਿੱਚ ਮਿਤੀ 17.02.2025 ਨੂੰ ਐਫਆਈਆਰ ਨੰਬਰ 25 ਸ਼ਾਮਲ ਹੈ ,ਜੋ ਤਰਨਤਾਰਨ ਦੇ ਪੁਲਿਸ ਸਟੇਸ਼ਨ ਪੱਟੀ ਵਿੱਚ ਚੰਡੀਗੜ੍ਹ ਅਤੇ ਯਮੁਨਾ ਨਗਰ ਤੋਂ ਕੰਮ ਕਰਨ ਵਾਲੇ ਇੱਕ ਏਜੰਟ, ਜਿਸ ਨੇ ਕਾਨੂੰਨੀ ਇਮੀਗ੍ਰੇਸ਼ਨ ਦੇ ਬਹਾਨੇ ਇੱਕ ਪੀੜਤ ਤੋਂ ਧੋਖਾਧੜੀ ਨਾਲ 44 ਲੱਖ ਰੁਪਏ ਵਸੂਲੇ ਸਨ, ਪਰ ਇਸ ਦੀ ਬਜਾਏ ਪੀੜਤ ਨੂੰ ਨਿਕਾਰਾਗੁਆ ਅਤੇ ਮੈਕਸੀਕੋ ਰਾਹੀਂ ਭੇਜਿਆ ਗਿਆ , ਵਿਰੁਧ ਦਰਜ ਕੀਤੀ ਗਈ ਹੈ ਅਤੇ ਐਫਆਈਆਰ ਨੰ. 19 ਮਿਤੀ 17.2.2025 , ਜੋ ਐਸ.ਏ.ਐਸ. ਨਗਰ ਦੇ ਪੁਲਿਸ ਸਟੇਸ਼ਨ ਮਾਜਰੀ ਵਿਖੇ ਏਜੰਟ ਮੁਕੁਲ ਅਤੇ ਗੁਰਜਿੰਦਰ ਅੰਟਾਲ ਵਿਰੁੱਧ ਦਰਜ ਕੀਤੀ ਗਈ, ਜਿਨ੍ਹਾਂ ਨੇ ਇੱਕ ਪੀੜਤ ਨੂੰ ਗੁੰਮਰਾਹ ਕਰਕੇ 45 ਲੱਖ ਰੁਪਏ ਵਸੂਲੇ ਅਤੇ ਉਸਨੂੰ ਕੋਲੰਬੀਆ ਅਤੇ ਮੈਕਸੀਕੋ ਰਾਹੀਂ ਭੇਜਿਆ ।
ਇਸੇ ਤਰ੍ਹਾਂ, ਐਫਆਈਆਰ ਨੰਬਰ 30 ਮਿਤੀ 18/2/2025 ਨੂੰ ਮੋਗਾ ਦੇ ਪੁਲਿਸ ਸਟੇਸ਼ਨ ਧਰਮਕੋਟ ਵਿਖੇ ਦਰਜ ਕੀਤੀ ਗਈ, ਜਿਸ ਵਿੱਚ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਪ੍ਰੀਤਮ ਕੌਰ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ, ਜਿਨ੍ਹਾਂ ਵਿੱਚ ਏਕਮ ਟਰੈਵਲਜ਼ ਚੰਡੀਗੜ੍ਹ ਦੇ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਨੇ ਇੱਕ ਪੀੜਤ ਨੂੰ ਝੂਠੇ ਵਰਕ ਪਰਮਿਟ ਅਤੇ ਸਿੱਧੀ ਯੂ.ਐਸ.ਏ. ਫਲਾਈਟ ਦਾ ਲਾਲਚ ਦੇ ਕੇ 45 ਲੱਖ ਰੁਪਏ ਦੀ ਰਕਮ ਵਸੂਲੀ ਸੀ। ਪਰ, ਧੋਖੇਬਾਜ਼ ਏਜੰਟਾਂ ਨੇ ਉਸਨੂੰ ਪ੍ਰੇਗ, ਸਪੇਨ ਅਤੇ ਐਲ ਸੈਲਵਾਡੋਰ ਰਾਹੀਂ ਭੇਜਿਆ।
ਬਾਕੀ ਦੋ ਐਫਆਈਆਰਜ਼ ਵਿੱਚ ਐਫਆਈਆਰ ਨੰ. 15 ਮਿਤੀ 18/2/2025 ਨੂੰ ਸੰਗਰੂਰ ਦੇ ਪੁਲਿਸ ਥਾਣਾ ਖਨੌਰੀ ਵਿਖੇ ਹਰਿਆਣਾ ਦੇ ਅੰਗਰੇਜ ਸਿੰਘ ਅਤੇ ਜਗਜੀਤ ਸਿੰਘ ਦੁਆਰਾ ਚਲਾਈ ਜਾ ਰਹੀ ਵੀਜ਼ਾ ਅਤੇ ਟਰੈਵਲ ਕੰਪਨੀ ਵਿਰੁੱਧ ਦਰਜ ਕੀਤਾ ਗਈ ਹੈ, ਜਿਸਨੇ ਪੀੜਤ ਨੂੰ ਕੈਨੇਡਾ ਵੀਜ਼ਾ ਦੇਣ ਦਾ ਵਾਅਦਾ ਕਰਕੇ 50 ਲੱਖ ਰੁਪਏ ਦੀ ਠੱਗੀ ਮਾਰੀ ਸੀ, ਪਰ ਇਸ ਦੀ ਬਜਾਏ ਉਸਨੂੰ ਮਿਸਰ, ਦੁਬਈ, ਸਪੇਨ, ਗੁਆਟੇਮਾਲਾ ਅਤੇ ਨਿਕਾਰਾਗੁਆ ਰਾਹੀਂ ਭੇਜਿਆ ਸੀ। ਐਫਆਈਆਰ ਨੰਬਰ 95 ਮਿਤੀ 18/2/2025 ਨੂੰ ਪੁਲਿਸ ਸਟੇਸ਼ਨ ਗੋਇੰਦਵਾਲ ਸਾਹਿਬ ਵਿਖੇ ਏਜੰਟ ਗੋਲਡੀ ਵਿਰੁੱਧ ਦਰਜ ਕੀਤੀ ਗਈ ਹੈ, ਜੋ ਕਿ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਨੇੜੇ ਕੰਮ ਕਰ ਰਿਹਾ ਸੀ, ਨੇ ਪੀੜਤ ਨੂੰ ਅਮਰੀਕਾ ਵਿੱਚ ਕਾਨੂੰਨੀ ਦਾਖ਼ਲਾ ਦਿਵਾਉਣ ਲਈ 45 ਲੱਖ ਵਸੂਲੇ ਸਨ।
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਅੰਗਰੇਜ ਸਿੰਘ ਅਤੇ ਜਗਜੀਤ ਸਿੰਘ ਵਜੋਂ ਪਛਾਣੇ ਗਏ ਦੋ ਟਰੈਵਲ ਏਜੰਟਾਂ ਨੂੰ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਕੁਝ ਦਿਨ ਪਹਿਲਾਂ ਪੁਲਿਸ ਥਾਣਾ ਐਨਆਰਆਈ ਪਟਿਆਲਾ ਦੁਆਰਾ ਕੀਤੀ ਗਈ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਹੋਈ ਹੈ।
ਜ਼ਿਕਰਯੋਗ ਹੈ ਕਿ ਮਨੁੱਖੀ ਤਸਕਰਾਂ ਦੇ ਪੂਰੇ ਨੈਟਵਰਕ ਦੀ ਪਛਾਣ ਕਰਨ ਲਈ ਐਸ.ਆਈ.ਟੀ. ਵੱਲੋਂ ਸਾਈਬਰ ਕ੍ਰਾਈਮ ਯੂਨਿਟਾਂ, ਵਿੱਤੀ ਅਧਿਕਾਰੀਆਂ ਅਤੇ ਕੇਂਦਰੀ ਏਜੰਸੀਆਂ ਨਾਲ ਸਰਗਰਮੀ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸੀਨੀਅਰ ਪੁਲਿਸ ਸੁਪਰਡੈਂਟਾਂ (ਐਸਐਸਪੀਜ਼) ਅਤੇ ਪੁਲਿਸ ਕਮਿਸ਼ਨਰਾਂ (ਸੀਪੀਜ਼) ਨੇ ਜਾਂਚ ਤੇਜ਼ ਕਰ ਦਿੱਤੀ ਹੈ, ਜਿਸ ਕਾਰਨ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਮਨੁੱਖੀ ਤਸਕਰੀ ਨੈੱਟਵਰਕਾਂ ਨਾਲ ਜੁੜੇ ਬੈਂਕ ਖਾਤਿਆਂ ਨੂੰ ਫਰੀਜ਼ ਕੀਤਾ ਗਿਆ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਇਨ੍ਹਾਂ ਧੋਖੇਬਾਜ਼ ਇਮੀਗ੍ਰੇਸ਼ਨ ਸਿੰਡੀਕੇਟਾਂ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਪੀੜਤਾਂ ਨੂੰ ਬਿਨਾਂ ਕਿਸੇ ਡਰ ਦੇ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਵਿਦੇਸ਼ੀ ਯਾਤਰਾ ਪ੍ਰਬੰਧ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਿਰਫ਼ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਪੈਸਿਆਂ ਦਾ ਕੋਈ ਵੀ ਲੈਣ-ਦੇਣ ਕਰਨ ਤੋਂ ਪਹਿਲਾਂ ਏਜੰਟਾਂ ਦੇ ਪ੍ਰਮਾਣ ਪੱਤਰਾਂ ਜਾਂ ਪੇਸ਼ਵਾਰ ਵੇਰਵਿਆਂ ਦੀ ਤਸੱਲੀ ਨਾਲ ਪੁਸ਼ਟੀ ਕਰ ਲਈ ਜਾਵੇ।
ਪੰਜਾਬ ਪੁਲਿਸ ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਗੈਰ-ਲਾਇਸੈਂਸਸ਼ੁਦਾ ਟਰੈਵਲ ਏਜੰਟਾਂ ਦੀ ਪਛਾਣ ਕਰਨ ਅਤੇ ਰਿਪੋਰਟ ਕਰਨ ਵਿੱਚ ਨਾਗਰਿਕਾਂ ਦੇ ਸਹਿਯੋਗ ਮੰਗ ਕਰਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.