Press ReleaseTop News

ਅਕਾਲੀ ਦਲ ਲਾਸ਼ਾਂ ‘ਤੇ ਪੈਰ ਰੱਖ ਮੁੜ ਆਪਣੀ ਗੁਆਚੀ ਸਿਆਸੀ ਜ਼ਮੀਨ ਹਾਸਿਲ ਕਰਨ ਦੀ ਤਾਕ ‘ਚ: ਮਲਵਿੰਦਰ ਕੰਗ 

ਬਿਕਰਮ ਮਜੀਠੀਆ ਬੋਲ ਰਹੇ ਹਨ ਭਾਜਪਾ ਦੀ ਬੋਲੀ, ਅੰਦਰ ਖਾਤੇ ਹਲੇ ਵੀ ਅਕਾਲੀ-ਭਾਜਪਾ ਇੱਕ: ਕੰਗ 

ਕਿਹਾ, ਪੰਜਾਬ ਦੀ ਭਾਈਚਾਰਕ ਸਾਂਝ ਮਜ਼ਬੂਤ, ਹਿੰਦੂ-ਸਿੱਖ ਦਾ ਮਸਲਾ ਬਣਾ ਸਿਆਸੀ ਲਾਹਾ ਲੈਣ ਵਾਲਿਆਂ ਨੂੰ ਪੰਜਾਬੀਆਂ ਨੇ ਕੀਤਾ ਫੇਲ 

ਅਕਾਲੀ ਦਲ ਨੇ ਪੁਸ਼ਤਪਨਾਹੀ ਦੇ ਕੇ ਨੌਜਵਾਨਾਂ ਨੂੰ ਬਣਾਇਆ ਗੈਂਗਸਟਰ, ਮਾਨ ਸਰਕਾਰ ਕਰ ਰਹੀ ਕਾਨੂੰਨ ਅਨੁਸਾਰ ਕੰਮ: ਕੰਗ 

ਚੰਡੀਗੜ੍ਹ, ਨਵੰਬਰ 11

ਆਮ ਆਦਮੀ ਪਾਰਟੀ (ਆਪ) ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਦੇ ਅੱਜ ਦੇ ਬਿਆਨਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ‘ਚ ਆਪਣੀ ਗੁਆਚੀ ਸਿਆਸੀ ਜ਼ਮੀਨ ਨੂੰ ਮੁੜ ਹਾਸਿਲ ਕਰਨ ਲਈ ਐਨਾ ਹੇਠਾਂ ਡਿੱਗ ਗਿਆ ਹੈ ਕਿ ਉਹ ਲਾਸ਼ਾਂ ‘ਤੇ ਪੈਰ ਰੱਖ ਅੱਗੇ ਵਧਣ ਦੀ ਫ਼ਿਰਾਕ ‘ਚ ਹੈ। 

ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਆਪ ਆਗੂ ਕੰਗ ਨੇ ਕਿਹਾ ਕਿ ਪਹਿਲਾਂ ਭਾਜਪਾ ਸੁਕੇਸ਼ ਚੰਦਰਾਸ਼ੇਖਰ ਵਰਗੇ ਠੱਗ ਦੇ ਬਿਆਨਾਂ ਦੇ ਅਧਾਰ ‘ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੀ ਸੀ ਅਤੇ ਬਿਕਰਮ ਮਜੀਠੀਆ ਵੀ ਭਾਜਪਾ ਦੀ ਬੋਲੀ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਥੋਂ ਸਾਫ ਹੈ ਕਿ ਅਕਾਲੀ-ਭਾਜਪਾ ਅੰਦਰ ਖਾਤੇ ਅੱਜ ਵੀ ਇੱਕੋ ਹਨ ਅਤੇ ਇਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਉਲਟ ਕੰਮ ਕੀਤਾ ਹੈ। 

ਮਲਵਿੰਦਰ ਕੰਗ ਨੇ ਅਕਾਲੀ ਦਲ ਦੇ ਰਾਜ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਅਤੇ ਉਨ੍ਹਾਂ ਨੂੰ ਪੁਸ਼ਤਪਨਾਹੀ ਦੇ ਕੇ ਗੈਂਗਸਟਰ ਬਣਾਇਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਕਾਨੂੰਨ ਅਨੁਸਾਰ ਪੰਜਾਬ ਪੱਖੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕਿਸੇ ਵੀ ਅਸਮਾਜਿਕ ਤੱਤ ਨੂੰ ਨਹੀਂ ਬਖਸ਼ੇਗੀ ਅਤੇ ਹਮੇਸ਼ਾ ਕਾਨੂੰਨ ਅਨੁਸਾਰ ਫ਼ੈਸਲੇ ਲਵੇਗੀ। 

ਕੰਗ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਮਜ਼ਬੂਤ ਹੈ ਅਤੇ ਧਰਮ ਦੇ ਨਾਮ ਰਾਜਨੀਤੀ ਕਰਨ ਵਾਲਿਆਂ ਨੂੰ ਲੋਕਾਂ ਨੇ ਹਮੇਸ਼ਾ ‘ਤੋਂ ਨਾਪਸੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਮਸਲੇ ਪੈਦਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਅੱਜ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button