NewsBreaking NewsD5 specialPunjab

ਹਜ਼ਾਰਾਂ ਔਰਤਾਂ ਨੇ ਭਾਕਿਯੂ (ਉਗਰਾਹਾਂ) ਦੇ ਝੰਡੇ ਹੇਠ ਭਾਜਪਾ ਆਗੂ ਗਰੇਵਾਲ ਤੇ ਜਿਆਣੀ ਦੇ ਪਿੰਡਾਂ ‘ਚ ਰੈਲੀਆਂ ਕੱਢ ਮਨਾਇਆ ਕਿਸਾਨ ਮਹਿਲਾ ਦਿਵਸ਼

ਚੰਡੀਗੜ੍ਹ :- ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜਾਨਹੂਲਵੇਂ ਘੋਲ਼ ‘ਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਹਜ਼ਾਰਾਂ ਔਰਤਾਂ ਵੱਲੋਂ  ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ‘ਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਦੇ ਪਿੰਡਾਂ  ਧਨੌਲਾ ਤੇ ਕਟਹਿੜਾ  ਵਿਖੇ ਰੋਹ ਭਰਪੂਰ ਰੈਲੀਆਂ ਕਰਕੇ ਜਿੱਥੇ ਮੋਦੀ ਹਕੂਮਤ ਨੂੰ ਵੰਗਾਰਿਆ ਉਥੇ ਪੰਜਾਬ ਨਾਲ ਸਬੰਧਤ ਉਕਤ ਭਾਜਪਾ ਆਗੂਆਂ ਨੂੰ ਕਿਸਾਨ ਵਿਰੋਧੀ ਬਿਆਨਬਾਜ਼ੀ ਕਰਨ ਬਦਲੇ ਫਿੱਟ ਲਾਹਨਤਾਂ ਪਾਈਆਂ ਗਈਆਂ । ਪ੍ਰੈੱਸ ਲਈ ਸਮੁੱਚੀ ਰਿਪੋਰਟ ਜਾਰੀ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ  ਅੱਜ ਮਹਿਲਾ ਕਿਸਾਨ ਦਿਵਸ ਮੌਕੇ ਕੀਤੀਆਂ ਵਿਸ਼ਾਲ ਔਰਤ ਰੈਲੀਆਂ ਦੌਰਾਨ ਭਾਜਪਾ ਮੋਦੀ ਹਕੂਮਤ ਨਾਲ ਦੇਸੀ ਵਿਦੇਸ਼ੀ ਕਾਰਪੋਰੇਟਾਂ ਤੇ ਸਾਮਰਾਜੀਆਂ ਦੇ ਗੱਠਜੋੜ ਖਿਲਾਫ਼ ਤੇ ਕਾਲੇ ਕਾਨੂੰਨ ਰੱਦ ਕਰਨ ਦੇ ਆਕਾਸ਼ ਗੁੰਜਾਊ ਨਾਹਰੇ ਇਸ ਗੱਠਜੋੜ ਖਿਲਾਫ ਔਰਤ ਸ਼ਕਤੀ ਦੇ ਖੌਲਦੇ ਰੋਹ ਦਾ ਪ੍ਰਗਟਾਵਾ ਹੋ ਨਿੱਬੜੇ।  ਉਹਨਾਂ ਦੱਸਿਆ ਕਿ ਰੈਲੀਆਂ ਦੀ ਸ਼ੁਰੂਆਤ ਮੌਜੂਦਾ ਘੋਲ਼ ਅੰਦਰ ਜਾਨਾਂ ਵਾਰਨ ਵਾਲੇ 75 ਤੋਂ ਵੱਧ ਕਿਸਾਨ ਮਜ਼ਦੂਰ ਤੇ ਔਰਤ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਪੇਸ਼ ਕਰਨ ਨਾਲ ਕੀਤੀ ਗਈ।  ਇਹਨਾਂ ਰੈਲੀਆਂ ਨੂੰ ਮਹਿਲਾ ਕਿਸਾਨ ਆਗੂ ਬਲਜੀਤ ਕੌਰ ਭੱਠਲ, ਗੁਰਪ੍ਰੀਤ ਕੌਰ ਬਰਾਸ,ਹਰਪ੍ਰੀਤ ਕੌਰ ਜੇਠੂਕੇ,ਕੁਲਦੀਪ ਕੌਰ ਕੁੱਸਾ, ਮਹਿਲਾ ਖੇਤ ਮਜ਼ਦੂਰ ਆਗੂ  ਕਿਰਸ਼ਨਾ ਦੇਵੀ ਤੇ ਗੁਰਮੇਲ ਕੌਰ ਤੋਂ ਇਲਾਵਾ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜਗਤਾਰ ਸਿੰਘ ਕਾਲਾਝਾੜ   ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਿਸਾਨ ਘੋਲ਼ ਤੇ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਦਿੱਤੇ ਬਿਆਨਾਂ ਦੀ ਸਖ਼ਤ ਅਲੋਚਨਾ ਕਰਦਿਆਂ ਇਹਨਾਂ ਆਗੂਆਂ ਨੂੰ ਲਗਾਤਾਰ ਜਨਤਕ ਰੋਹ ਦਾ ਨਿਸ਼ਾਨਾ ਬਣਾਈ ਰੱਖਣ ਦਾ ਵੀ ਐਲਾਨ ਕੀਤਾ।  ਉਨ੍ਹਾਂ ਨੇ ਹੱਡਚੀਰਵੀਂ ਠੰਢ/ਧੁੰਦ ਵਿੱਚ ਵੀ ਮੌਜੂਦਾ ਕਿਸਾਨ ਘੋਲ਼ ਦੇ ਮੋਰਚਿਆਂ ਵਿੱਚ ਔਰਤਾਂ ਵੱਲੋਂ ਪਾਏ ਜਾ ਰਹੇ ਨਿੱਗਰ ਯੋਗਦਾਨ ਦੀ ਜੈ-ਜੈਕਾਰ ਕੀਤੀ ਅਤੇ ਇਸਨੂੰ ਹੋਰ ਵਧਾਉਣ ਦਾ ਅਹਿਦ ਕੀਤਾ। ਪਿੰਡ ਪਿੰਡ ਔਰਤਾਂ ਦੀਆਂ ਜਥੇਬੰਦਕ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ।
ਬੁਲਾਰਿਆਂ ਨੇ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਪ੍ਰਦੂਸ਼ਣ ਸੰਬੰਧੀ ਆਰਡੀਨੈਂਸ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀ ਖੇਤੀ ਅਤੇ  ਖੇਤ ਮਜ਼ਦੂਰਾਂ ਸਮੇਤ ਸਭਨਾਂ ਛੋਟੇ ਕਾਰੋਬਾਰੀਆਂ ਨੂੰ ਉਜਾੜਨ ਵਾਲੇ ਇਨ੍ਹਾਂ ਕਾਨੂੰਨਾਂ ਖਿਲਾਫ਼ ਜਾਨਾਂ ਤਲੀ ਤੇ ਧਰ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਲੱਖਾਂ ਲੋਕਾਂ ਦੀ ਆਵਾਜ਼ ਨੂੰ ਮਹੀਨਿਆਂ ਬੱਧੀ ਨਜ਼ਰਅੰਦਾਜ਼ ਕਰਕੇ ਮੋਦੀ ਹਕੂਮਤ ਮੁੱਠੀਭਰ ਸਾਮਰਾਜੀਆਂ ਦੀ ਚਾਕਰੀ ਅਤੇ ਕ੍ਰੋੜਾਂ ਕਿਰਤੀ ਲੋਕਾਂ ਨਾਲ ਗੱਦਾਰੀ ਦੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਬੁਲਾਰਿਆਂ ਨੇ ਕੌਮੀ ਜਾਂਚ ਏਜੰਸੀ ਵੱਲੋਂ ਕਿਸਾਨ ਆਗੂਆਂ ਅਤੇ ਘੋਲ਼ ਦੇ ਸਮਰਥਕਾਂ ਨੂੰ ਨੋਟਿਸ ਜਾਰੀ ਕਰਕੇ ਉਲਟਾ ਉਨ੍ਹਾਂ ਖਿਲਾਫ਼ ਹੀ ਦੇਸ਼-ਧ੍ਰੋਹੀ ਵਰਗੇ ਕੇਸ ਤਿਆਰ ਕਰਨ ਵਾਲੇ ਜਾਬਰ ਮਨਸੂਬਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਇਨ੍ਹਾਂ ਚੰਦਰੇ ਮਨਸੂਬਿਆਂ ਨੂੰ ਪੈਰਾਂ ਹੇਠਾਂ ਰੋਲਣ ਦਾ ਐਲਾਨ ਕੀਤਾ। ਐਨ ਇਸੇ ਮੌਕੇ ਸਾਮਰਾਜੀ ਸੰਸਥਾ ‘ਕੌਮਾਂਤਰੀ ਮੁਦਰਾ ਫੰਡ‘ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਪੱਖ ‘ਚ ਦਾਗੇ ਗਏ ਬਿਆਨ ਨੂੰ ਇਸ ਲੁਟੇਰੇ ਗੱਠਜੋੜ ਦੀ ਗੂੜ੍ਹੀ ਸਾਂਝ ਦਾ ਸਬੂਤ ਦੱਸਦਿਆਂ ਇਹਦੀ ਵੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਨੇ 19 ਜਨਵਰੀ ਨੂੰ ਦਿੱਲੀ ਸਮੇਤ ਪੰਜਾਬ ਭਰ ਵਿੱਚ ਇਨ੍ਹਾਂ ਸਾਮਰਾਜੀ ਸੰਸਥਾਵਾਂ ‘ਕੌਮਾਂਤਰੀ ਮੁਦਰਾ ਫੰਡ ‘ ਅਤੇ ‘ ਸੰਸਾਰ ਵਪਾਰ ਸੰਸਥਾ ‘ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਪੂਰੇ ਦੇਸ਼ ਵਿੱਚ ਸਾਰੀਆਂ ਫਸਲਾਂ ਦੀ ਐਮ ਐਸ ਪੀ ਉੱਪਰ ਖਰੀਦ ਦਾ ਕਾਨੂੰਨੀ ਹੱਕ ਲੈਣ ਦੇ ਨਾਲ ਹੀ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਇਹ ਘੋਲ਼ ਦਿਨੋਂ ਦਿਨ ਸਿਖਰਾਂ ਵੱਲ ਵਧਾਇਆ ਜਾਵੇਗਾ।
ਇਸੇ ਦਿਸ਼ਾ ‘ਚ ਵਧਦੇ ਹੋਏ 26 ਜਨਵਰੀ ਮੌਕੇ ਦਿੱਲੀ ‘ਚ ਕੀਤੀ ਜਾ ਰਹੀ ਕਿਸਾਨ ਪਰੇਡ ਦੀ ਤਿਆਰੀ ਲਈ 20-21 ਜਨਵਰੀ ਨੂੰ ਪਿੰਡ ਪਿੰਡ ਟ੍ਰੈਕਟਰ ਮਾਰਚ ਕੀਤੇ ਜਾਣਗੇ। ਪੌਣੇ ਦੋ ਮਹੀਨਿਆਂ ਤੋਂ ਪੂਰੇ ਸਿਦਕ ਸਿਰੜ ਨਾਲ ਹੱਡਚੀਰਵੀਂ ਠੰਢ ਵਿੱਚ ਵੀ ਦਿੱਲੀ ਮੋਰਚਿਆਂ ਵਿੱਚ ਲਗਾਤਾਰ ਡਟੇ ਹੋਏ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਦਾ ਬੁਲਾਰਿਆਂ ਨੇ ਤਹਿਦਿਲੋਂ ਧੰਨਵਾਦ ਕੀਤਾ। ਅੱਜ ਦੇ ਪ੍ਰੋਗ੍ਰਾਮਾਂ ਵਿੱਚ ਕਿਸਾਨ ਘੋਲ਼ ਦੇ ਸਹਿਯੋਗੀ ਤਬਕਿਆਂ ਖੇਤ ਮਜ਼ਦੂਰਾਂ, ਟੀਚਰਾਂ ਤੇ ਹੋਰ ਮੁਲਾਜ਼ਮਾਂ, ਜਲ ਸਪਲਾਈ ਕਾਮਿਆਂ, ਬਿਜਲੀ ਮੁਲਾਜ਼ਮਾਂ, ਮਗਨਰੇਗਾ ਕਰਮਚਾਰੀਆਂ, ਪੇਂਡੂ ਡਾਕਟਰਾਂ, ਵਕੀਲਾਂ, ਆਂਗਣਵਾੜੀ ਵਰਕਰਾਂ, ਪੇਂਡੂ/ਸ਼ਹਿਰੀ ਕਾਰੋਬਾਰੀਆਂ ਆਦਿ ਵੱਲੋਂ ਵੀ ਵਿਤ ਮੂਜਬ ਹਮਾਇਤੀ ਸ਼ਮੂਲੀਅਤ ਕੀਤੀ ਗਈ। ਬੁਲਾਰਿਆਂ ਨੇ ਦੁਸ਼ਮਣ ਜਮਾਤਾਂ ਨਾਲ ਦੋ- ਦੋ ਹੱਥ ਕਰਨ ਵਾਲੀ ਚੰਡੀ ਬਣ ਕੇ ਉੱਭਰ ਰਹੀਆਂ ਔਰਤਾਂ ਸਮੇਤ ਸਭਨਾਂ ਸਹਿਯੋਗੀ ਲੋਕਾਂ ਦਾ ਖਾਸ ਕਰਕੇ ਸ਼ਾਨਦਾਰ ਪ੍ਰਬੰਧਾਂ ਵਿੱਚ ਸ਼ਾਮਲ ਨੌਜਵਾਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button