Press ReleasePunjabTop News
ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਸ੍ਰੀ ਪੰਜਾ ਸਾਹਿਬ ਤੇ ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਸਬੰਧੀ ਯਾਦਗਾਰੀ ਸਿੱਕਾ ਜਾਰੀ
ਸ਼ਤਾਬਦੀ ਦਿਹਾੜਿਆਂ ਬਾਰੇ ਉਰਦੂ ਭਾਸ਼ਾ ਵਿਚ ਇਤਿਹਾਸਕ ਕਿਤਾਬਚੇ ਵੀ ਸੰਗਤ ਅਰਪਣ
ਭਾਰਤ ਅਤੇ ਪਾਕਿਸਤਾਨ ਦੋਹੀਂ ਪਾਸੀਂ ਹੋਣਗੇ ਸ਼ਤਾਬਦੀ ਸਮਾਗਮ-ਐਡਵੋਕੇਟ ਧਾਮੀ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਅਤੇ ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਸਬੰਧੀ ਯਾਦਗਾਰੀ ਸਿੱਕਾ ਅਤੇ ਉਰਦੂ ਭਾਸ਼ਾ ਵਿਚ ਕਿਤਾਬਚੇ ਜਾਰੀ ਕੀਤੇ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਮਗਰੋਂ ਸਿੱਕਾ ਅਤੇ ਕਿਤਾਬਚੇ ਜਾਰੀ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 30 ਅਕਤੂਬਰ 2022 ਨੂੰ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ ਖ਼ਾਲਸਈ ਰਵਾਇਤਾਂ ਅਨੁਸਾਰ ਮਨਾਈ ਜਾ ਰਹੀ ਹੈ, ਜਿਸ ਬਾਰੇ ਤਿਆਰੀਆਂ ਜਾਰੀ ਹਨ। ਇਸ ਤੋਂ ਪਹਿਲਾਂ ਲੰਘੇ ਮਹੀਨੇ ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਦੇ ਸਮਾਗਮ ਸੰਪੰਨ ਹੋਏ ਹਨ।
ਉਨ੍ਹਾਂ ਦੱਸਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮੌਕੇ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿਖੇ ਵੀ ਸਮਾਗਮ ਕੀਤੇ ਜਾਣਗੇ, ਜਿਸ ਨੂੰ ਲੈ ਕੇ ਉਰਦੂ ਭਾਸ਼ਾ ਵਿਚ ਇਤਿਹਾਸਕ ਕਿਤਾਬਚੇ ਉਚੇਚੇ ਤੌਰ ’ਤੇ ਤਿਆਰ ਕਰਵਾਏ ਗਏ ਹਨ। ਇਹ ਕਿਤਾਬਚੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਸਮਾਗਮਾਂ ਦੌਰਾਨ ਸੰਗਤ ਨੂੰ ਵੰਡੇ ਜਾਣਗੇ। ਯਾਦਗਾਰੀ ਸਿੱਕੇ ਬਾਰੇ ਉਨ੍ਹਾਂ ਦੱਸਿਆ ਕਿ ਤਾਂਬੇ ਦੇ ਬਣੇ ਇਸ ਸਿੱਕੇ ਦੇ ਇਕ ਪਾਸੇ ਗੁਰਦੁਆਰਾ ਗੁਰੂ ਕਾ ਬਾਗ ਦੀ ਤਸਵੀਰ ਅਤੇ ਦੂਸਰੇ ਪਾਸੇ ਸਾਕਾ ਸ੍ਰੀ ਪੰਜਾ ਸਾਹਿਬ ਦਾ ਚਿੱਤਰ ਉਕਰਿਆ ਹੈ। ਇਹ ਯਾਦਗਾਰੀ ਸਿੱਕਾ ਸੰਗਤ ਨੂੰ ਸ਼ਤਾਬਦੀ ਦਿਹਾੜਿਆਂ ਦੀ ਯਾਦ ਨਾਲ ਚਿਰ-ਸਦੀਵ ਜੋੜੀ ਰੱਖੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਦੀ ਤਿਆਰੀ ਲਈ ਅਗਾਊਂ ਵਫ਼ਦ ਭੇਜਣ ਦੀ ਪਰਕਿਰਿਆ ਵੀ ਜਾਰੀ ਹੈ ਅਤੇ ਇਸੇ ਮਹੀਨੇ ਹੀ ਵਫ਼ਦ ਦੇ ਪਾਕਿਸਤਾਨ ਜਾਣ ਦੀ ਸੰਭਾਵਨਾ ਹੈ। ਇਸੇ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ 13 ਮਾਰਚ 2023 ਨੂੰ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਵੀ ਪੰਥਕ ਰਵਾਇਤਾਂ ਅਨੁਸਾਰ ਮਨਾਈ ਜਾਵੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਅੰਤ੍ਰਿੰਗ ਮੈਂਬਰ ਸ. ਅਮਰਜੀਤ ਸਿੰਘ ਬੰਡਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਬੀਬੀ ਗੁਰਪ੍ਰੀਤ ਕੌਰ, ਸ. ਜਰਨੈਲ ਸਿੰਘ ਡੋਗਰਾਂਵਾਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਖਵਰਸ਼ ਸ਼ਿੰਘ ਪੰਨੂ, ਸ. ਪ੍ਰਿਤਪਾਲ ਸਿੰਘ, ਸ. ਅਵਤਾਰ ਸਿੰਘ ਬਨਵਾਲਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮਨਜੀਤ ਸਿੰਘ ਬੱਪੀਆਣਾ, ਮੈਂਬਰ ਭਾਈ ਮਨਜੀਤ ਸਿੰਘ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਗੁਰਨਾਮ ਸਿੰਘ ਜੱਸਲ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ, ਸ. ਕੁਲਦੀਪ ਸਿੰਘ ਰੋਡੇ, ਸ. ਪਰਮਜੀਤ ਸਿੰਘ, ਇੰਚਾਰਜ ਸ. ਸ਼ਾਹਬਾਜ ਸਿੰਘ, ਸ. ਮੇਜਰ ਸਿੰਘ, ਸ. ਵਰਿੰਦਰ ਸਿੰਘ ਠਰੂ ਆਦਿ ਹਾਜ਼ਰ ਸਨ।
ਸ਼੍ਰੋਮਣੀ ਕਮੇਟੀ ਨੇ ਸਰਹੱਦੀ ਖੇਤਰਾਂ ’ਚ ਸਿੱਖੀ ਪ੍ਰਚਾਰ ਲਈ 117 ਵਲੰਟੀਅਰ ਚੁਣੇ
ਸ਼੍ਰੋਮਣੀ ਕਮੇਟੀ ਨੇ ਸਰਹੱਦੀ ਖੇਤਰਾਂ ਵਿਚ ਸਿੱਖੀ ਪ੍ਰਚਾਰ ਦੇ ਮੰਤਵ ਨਾਲ 117 ਵਲੰਟੀਅਰ ਪ੍ਰਚਾਰਕਾਂ ਦੀ ਚੋਣ ਕੀਤੀ ਹੈ। ਇਹ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਵੱਲੋਂ ਚੱਲ ਰਹੇ ਸਿੱਖ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਵਿਦਿਆਲਿਆਂ ਤੋਂ ਸਿਖਿਅਤ ਹਨ। ਧਰਮ ਪ੍ਰਚਾਰ ਲਈ ਇਨ੍ਹਾਂ ਪ੍ਰਚਾਰਕਾਂ ਨੂੰ ਰਵਾਨਾ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਸਿੱਖੀ ਪ੍ਰਚਾਰ ਲਈ ਵੱਧ ਤੋਂ ਵੱਧ ਪ੍ਰਚਾਰਕਾਂ ਦੀ ਲੋੜ ਹੈ, ਤਾਂ ਜੋ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਨਾਲ ਜੋੜਨ ਦੇ ਨਾਲ-ਨਾਲ ਕੌਮੀ ਚੁਣੌਤੀਆਂ ਤੋਂ ਸੰਗਤ ਨੂੰ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਧਰਮ ਪਰਵਰਤਨ ਜਿਹੇ ਮਾਮਲਿਆਂ ਨੂੰ ਜਾਣਬੁਝ ਕੇ ਉਭਾਰਿਆ ਜਾ ਰਿਹਾ ਹੈ, ਜਿਸ ਦੀ ਜ਼ਮੀਨੀ ਪੱਧਰ ’ਤੇ ਨਿਸ਼ਾਨਦੇਹੀ ਕਰਨੀ ਅਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੰਗਤ ਨੂੰ ਸੁਚੇਤ ਕਰਨਾ ਜ਼ਰੂਰੀ ਹੈ।
ਇਹ ਵਲੰਟੀਅਰ ਪ੍ਰਚਾਰਕ ਇਸ ਦਿਸ਼ਾ ਵਿਚ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ਮੀਨੀ ਪੱਧਰ ’ਤੇ ਇਸ ਮਾਮਲੇ ’ਤੇ ਕੰਮ ਕਰ ਰਹੀ ਹੈ ਅਤੇ ਸਿੱਖ ਸੰਸਥਾ ਦਾ ਮੰਤਵ ਦਿਖਾਵਾ ਕਰਨਾ ਨਹੀਂ, ਸਗੋਂ ਗੁਮਰਾਹ ਹੋ ਚੁੱਕੇ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਹੈ। ਇਸ ਮੌਕੇ ਸ. ਬਲਵਿੰਦਰ ਸਿੰਘ ਵੇਈਂਪੂਈਂ. ਸ. ਸੁਰਜੀਤ ਸਿੰਘ ਤੁਗਲਵਾਲ, ਸ. ਗੁਰਨਾਮ ਸਿੰਘ ਜੱਸਲ, ਸ. ਸੁਖਵਰਸ਼ ਸਿੰਘ ਪੰਨੂ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਮਲਕੀਤ ਸਿੰਘ ਬਹਿੜਵਾਲ, ਸ. ਮੇਜਰ ਸਿੰਘ, ਪ੍ਰਿੰ: ਮਨਜੀਤ ਕੌਰ, ਡਾ. ਅਮਰਜੀਤ ਕੌਰ, ਸ. ਕਰਤਾਰ ਸਿੰਘ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.