ਲੋਹੜੀ : ਲੋੜਵੰਦਾਂ ਦੀ ਮੱਦਦ ਅਤੇ ਜੁਲਮ ਦੇ ਖਿਲਾਫ ਟੱਕਰ ਦਾ ਪ੍ਰਤੀਕ !
ਸੁਬੇਗ ਸਿੰਘ(ਸੰਗਰੂਰ : ਵੈਸੇ ਤਾਂ,ਦੁਨੀਆਂ ਦੇ ਹਰ ਹਿੱਸੇ ਚ ਕਦੇ ਨਾ ਕਦੇ ਅਤੇ ਕੋਈ ਨਾ ਕੋਈ ਤਿਉਹਾਰ ਤਾਂ ਮਨਾਇਆ ਹੀ ਜਾਂਦਾ ਹੈ।ਪਰ ਭਾਰਤ ਚ ਤਾਂ,ਅਨੇਕਾਂ ਹੀ ਤਿਉਹਾਰ ਮਨਾਏ ਜਾਂਦੇ ਹਨ,ਜਿਹੜੇ ਮਨੁੱਖ ਦੀ ਜਿੰਦਗੀ ਨੂੰ ਖੁਸ਼ੀਆਂ ਤੇ ਖੇੜਿਆਂ ਨਾਲ ਭਰ ਦਿੰਦੇ ਹਨ।ਕਿਉਂਕਿ ਇੰਨ੍ਹਾਂ ਤਿਉਹਾਰਾਂ ਦਾ ਮਨੁੱਖ ਦੀ ਜਿੰਦਗੀ ਨਾਲ,ਕੋਈ ਨਾ ਕੋਈ ਸਵੰਧ ਜਰੂਰ ਜੁੜਿਆ ਹੁੰਦਾ ਹੈ।ਇਹੋ ਕਾਰਨ ਹੈ,ਕਿ ਭਾਰਤ ਦੇ ਲੋਕ,ਹਰ ਤਿਉਹਾਰ ਨੂੰ ਬੜੇ ਉਤਸ਼ਾਹ ਅਤੇ ਚਾਅ ਨਾਲ ਮਨਾਉਂਦੇ ਹਨ। ਸਾਡੇ ਦੇਸ਼ ਚ,ਤਿਉਹਾਰਾਂ ਨੂੰ ਮਨਾਉਣ ਦੀ ਝੰਡੀ ਪੰਜਾਬ ਦੇ ਲੋਕਾਂ ਦੇ ਸਿਰ ਬੱਝਦੀ ਹੈ।ਕਿਉਂਕਿ,ਇੱਥੋਂ ਦੇ ਲੋਕ, ਬੜੇ ਉੱਦਮੀ,ਮਿਹਨਤੀ ਅਤੇ ਖੁੱਲ੍ਹੇ ਦਿਲ ਵਾਲੇ ਹੁੰਦੇ ਹਨ।ਜਿਹੜੇ ਆਪਣੀ ਹਰ ਖੁਸ਼ੀ ਤੇ ਗਮੀ ਨੂੰ ਸਾਂਝੇ ਤੌਰਤੇ ਮਨ੍ਹਾ ਕੇ ਇੱਕ ਵੱਖਰਾ ਜਿਹਾ ਮਹੌਲ ਸਿਰਜ ਦਿੰਦੇ ਹਨ।ਜਿਸਦੇ ਕਾਰਨ,ਇਹ ਲੋਕ ਔਖੇ ਵਕਤ ਨੂੰ ਵੀ ਹੱਸ ਕੇ ਗੁਜਾਰ ਲੈਂਦੇ ਹਨ।
ਪੰਜਾਬ ਦੇ ਲੋਕ,ਆਪਣੇ ਤਿਉਹਾਰਾਂ ਨੂੰ ਰੁੱਤਾਂ,ਫਸਲਾਂ,ਠੰਢ,ਗਰਮੀ ਅਤੇ ਆਪਣੇ ਪੁਰਖਿਆਂ ਦੀ ਯਾਦਾਂ ਨਾਲ ਜੋੜ ਕੇ ਵੀ ਮਨਾਉਂਦੇ ਹਨ।ਕੁੱਝ ਤਿਉਹਾਰ ਸਮਾਜਿਕ, ਕੁੱਝ ਧਾਰਮਿਕ ,ਕੁੱਝ ਤਿਉਹਾਰ ਰੁੱਤਾਂ ਤੇ ਕੁੱਝ ਇਤਿਹਾਸਕ ਤੇ ਕੁੱਝ ਮਿਥਿਹਾਸਕ ਤਿੱਥਾਂ ਨਾਲ ਜੁੜੇ ਹੁੰਦੇ ਹਨ।ਜਿੰਨ੍ਹਾਂ ਨੂੰ ਇਹ ਪੰਜਾਬੀ ਲੋਕ,ਬੜੀ ਗਰਮ ਜੋਸ਼ੀ ਨਾਲ ਮਨਾਉਂਦੇ ਹਨ। ਇਹੋ ਜਿਹੇ ਤਿਉਹਾਰਾਂ ਚੋਂ,ਲੋਹੜੀ ਦਾ ਤਿਉਹਾਰ ਵੀ ਅੰਗਰੇਜ਼ੀ ਮਹੀਨੇ ਦੀ ਜਨਵਰੀ ਦੀ ਤੇਰਾਂ ਤਰੀਕ ਨੂੰ ਆਉਂਦਾ ਹੈ ਅਤੇ ਦੇਸੀ ਮਹੀਨੇ ਪੋਹ ਦੇ ਅਖੀਰ ਚ ਹੀ ਆਉਂਦਾ ਹੈ।ਭਾਵੇਂ ਇਸ ਤਿਉਹਾਰ ਦੇ ਆਉਣ ਨਾਲ, ਠੰਢ ਦਾ ਪ੍ਰਕੋਪ ਘੱਟਣਾ ਸ਼ੁਰੂ ਹੋ ਜਾਂਦਾ ਹੈ।ਇਸ ਲਈ ਇਸਨੂੰ ਸਰਦੀ ਦੇ ਅੰਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ,ਲੋਹੜੀ ਦੇ ਤਿਉਹਾਰ ਦਾ ਸਵੰਧ,ਇੱਕ ਇਤਿਹਾਸਕ ਜਾਂ ਮਿਥਿਹਾਸਕ ਘਟਨਾ ਨਾਲ ਸਵੰਧ ਵੀ ਰੱਖਦਾ ਹੈ।ਇਸ ਘਟਨਾ ਦੇ ਅਨੁਸਾਰ, ਦੁੱਲਾ ਭੱਟੀ ਨਾਂ ਦਾ ਇੱਕ ਬਹਾਦਰ ਨੌਜਵਾਨ,ਅਮੀਰ ਲੋਕਾਂ ਨੂੰ ਲੁੱਟਦਾ ਸੀ ਅਤੇ ਲੁੱਟ ਦਾ ਮਾਲ,ਗਰੀਬ ਲੋਕਾਂ ਚ ਵੰਡ ਦਿੰਦਾ ਸੀ।
ਇਸ ਤੋਂ ਇਲਾਵਾ, ਇਹ ਬਹਾਦਰ ਨੌਜਵਾਨ,ਅੱਤ ਦੀਆਂ ਗਰੀਬ ਲੜਕੀਆਂ ਦੇ ਵਿਆਹ ਤੇ ਲੜਕੀ ਨੂੰ ਦਾਜ ਦੇ ਤੌਰਤੇ ਸਮਾਨ ਵੀ ਦਿੰਦਾ ਸੀ।ਇਹੋ ਕਾਰਨ ਸੀ,ਕਿ ਗਰੀਬ ਲੋਕ ਇਸ ਬਹਾਦਰ ਨੌਜਵਾਨ ਨੂੰ,ਅੰਤਾਂ ਦਾ ਪਿਆਰ ਕਰਦੇ ਸਨ ਅਤੇ ਆਪਣੀਆਂ ਇੱਜਤਾਂ ਦਾ ਰਖਵਾਲਾ ਵੀ ਸਮਝਦੇ ਸਨ।ਕਿਉਂਕਿ ਨੌਜਵਾਨ,ਗਰੀਬਾਂ ਦੀ ਮੱਦਦ ਕਰਦਾ ਸੀ ਅਤੇ ਅਮੀਰਾਂ ਨਾਲ ਟੱਕਰ ਲੈਂਦਾ ਸੀ। ਇਸ ਪਵਿੱਤਰ ਦਿਨ ਤੇ ਲੋਕ,ਗੱਚਕ,ਗੁੜ ਅਤੇ ਮੂੰਗਫਲੀਆਂ ਵਗੈਰਾ ਖਾਂਦੇ ਹਨ।ਲੋਕ,ਰਾਤ ਦੇ ਵਕਤ,ਸਾਂਝੇ ਤੌਰਤੇ ਧੂਣੀਆਂ ਬਾਲਕੇ,ਇਕੱਠੇ ਬੈਠ ਕੇ,ਧੂਣੀ ਚ ਤਿਲ ਸੁੱਟ ਕੇ ਪੂਜਾ ਵੀ ਕਰਦੇ ਹਨ ਅਤੇ ਤਰ੍ਹਾਂ 2 ਦੇ ਗੀਤ ਵੀ ਗਾਉਂਦੇ ਹਨ।ਜਿਸ ਤਰ੍ਹਾਂ,
*ਸੁੰਦਰ ਮੁੰਦਰੀਏ ਹੋ।
ਤੇਰਾ ਕੌਣ ਵਿਚਾਰਾ ਹੋ!*
ਜਿਹੇ ਅਨੇਕਾਂ ਹੀ ਗੀਤ ਗਾ ਕੇ ਖੁਸ਼ੀ ਮਨਾਉਂਦੇ ਹਨ ਅਤੇ ਆਪਸੀ ਸਾਂਝ ਦਾ ਸੁਨੇਹਾ ਵੀ ਦਿੰਦੇ ਹਨ। ਭਾਵੇਂ ਹਰ ਤਿਉਹਾਰ ਨੂੰ ਹੀ ਲੋਕ,ਆਪੋ ਆਪਣੇ ਤਰੀਕੇ ਨਾਲ ਮਨਾਉਂਦੇ ਹਨ।ਪਰ ਫੇਰ ਵੀ,ਹਰ ਤਿਉਹਾਰ ਦੇ ਪਿੱਛੇ,ਕੋਈ ਨਾ ਕੋਈ ਮਕਸਦ ਵੀ ਛੁਪਿਆ ਹੁੰਦਾ ਹੈ।ਪਰ ਸਮੇਂ ਦੇ ਬੀਤਣ ਦੇ ਨਾਲ,ਅਸੀਂ ਇੰਨ੍ਹਾਂ ਤਿਉਹਾਰਾਂ ਦੇ,ਅਸਲੀ ਮਕਸਦ ਨੂੰ ਭੁੱਲਕੇ ਅਜਿਹੇ ਤਿਉਹਾਰਾਂ ਨੂੰ ਇੱਕ ਰਸਮ ਜਿਹੀ ਹੀ ਬਣਾ ਲਈ ਹੈ,ਜੋ ਕਿ ਸਹੀ ਨਹੀਂ ਹੈ। ਮੁੱਕਦੀ ਗੱਲ ਤਾਂ ਇਹ ਹੈ,ਕਿ ਲੋਹੜੀ ਦਾ ਤਿਉਹਾਰ, ਬੜਾ ਪਾਕ ਤੇ ਪਵਿੱਤਰ ਤਿਉਹਾਰ ਹੈ।ਜਿਸਨੂੰ ਹਰ ਧਰਮ ਅਤੇ ਹਰ ਵਰਗ ਦੇ ਲੋਕ ਬੜੀ ਖੁਸ਼ੀ ਤੇ ਸ਼ਰਧਾ ਨਾਲ ਮਨਾਉਂਦੇ ਹਨ।ਅਸਲ ਵਿੱਚ,ਇਹ ਤਿਉਹਾਰ ਆਪਣੇ ਅੰਦਰ ਬੜੇ ਡੂੰਘੇ ਅਰਥ ਸਮੋਈ ਬੈਠਾ ਹੈ।ਸੱਚਮੁੱਚ ਹੀਇਹ ਤਿਉਹਾਰ, ਖੁਸ਼ੀਆਂ ,ਖੇੜਿਆਂ ਤੇ ਉਤਸ਼ਾਹ ਦਾ ਤਿਉਹਾਰ ਹੈ।ਅਗਰ ਇਹ ਕਹਿ ਲਿਆ ਜਾਵੇ, ਕਿ ਇਹ ਤਿਉਹਾਰ,ਸੱਚਮੁੱਚ ਹੀ,
ਲੋੜਵੰਦਾਂ ਦੀ ਮੱਦਦ ਅਤੇ ਜੁਲਮ ਦੇ ਖਿਲਾਫ ਟੱਕਰ ਦਾ ਪ੍ਰਤੀਕ ਹੈ!
ਤਾਂ, ਇਹ ਗੱਲ ਕੋਈ ਅੱਤਕਥਨੀ ਨਹੀਂ ਹੋਵੇਗੀ।
ਪਰ,ਫੇਰ ਵੀ ਇੱਕ ਗੱਲ ਤਾਂ ਜਰੂਰ ਹੈ,ਕਿ ਸਾਨੂੰ ਇਸ ਪਵਿੱਤਰ ਤਿਉਹਾਰ ਦੇ ਅਸਲੀ ਅਰਥਾਂ ਨੂੰ,ਕਦੇ ਵੀ ਆਪਣੇ ਮਨੋਂ ਨਹੀਂ ਵਿਸਾਰਨਾ ਚਾਹੀਦਾ,ਤਾਂ ਹੀ ਇਸ ਤਿਉਹਾਰ ਦੀ ਪਵਿੱਤਰਤਾ ਕਾਇਮ ਰਹਿ ਸਕਦੀ ਹੈ ਅਤੇ ਤਾਂ ਹੀ,ਅਜਿਹੇ ਤਿਉਹਾਰਾਂ ਨੂੰ ਮਨਾਉਣ ਦਾ ਫਾਇਦਾ ਹੈ।ਐਵੇਂ, ਫੋਕੇ ਰੀਤੀ ਰਿਵਾਜਾਂ ਦੇ ਤੌਰਤੇ ਹੀ, ਕਿਸੇ ਤਿਉਹਾਰਾਂ ਨੂੰ ਮਨਾਈ ਜਾਣਾ ਵੀ ਕੋਈ ਜਿਆਦਾ ਸਿਆਣਪ ਵਾਲੀ ਗੱਲ ਨਹੀਂ ਹੁੰਦੀ।ਕਿਉਂਕਿ,ਹਰ ਤਿਉਹਾਰ ਸਾਨੂੰ ਕੁੱਝ ਨਾ ਕੁੱਝ ਸਿੱਖਣ ਅਤੇ ਜਿੰਦਗੀ ਚ ਕੁੱਝ ਨਵਾਂ ਕਰਨ ਦੀ ਪ੍ਰੇਰਨਾ ਦਿੰਦਾ ਹੈ।
93169 10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.