EDITORIALTop News

ਰਾਹੁਲ ਗਾਂਧੀ ਦਾ ਬਿਆਨ, ਰਾਸ਼ਟਰੀ ਮੀਡੀਏ ਦੀ ਭੂਮਿਕਾ ਅਤੇ ਸਿੱਖਾਂ ਦਾ ਪ੍ਰਤੀਕਰਮ

ਜਿੰਨਾਂ ਲੋਕਾਂ ਕੋਲ ਆਪਣੇ ਘਰ ਨਹੀ ਹੁੰਦੇ ਉਹਨਾਂ ਨੂੰ ਰੈਣ ਵਸੇਰੇ ਲਈ ਦੂਜਿਆਂ ਤੇ ਨਿਰਭਰ ਕਰਨਾ ਪੈਂਦਾ ਹੈ।ਇੱਕ ਕਹਾਵਤ ਹੈ ਕਿ “ਜੀਹਦਾ ਖਾਈਏ ਉਹਦੇ ਗੁਣ ਗਾਈਏ”, ਸੋ ਦਿਨ ਕਟੀ ਕਰਨ ਵਾਲੇ ਵਾਸਤੇ ਆਪਣੇ ਮਾਲਕ ਦੇ ਹਰ ਚੰਗੇ ਮੰਦੇ ਫੈਸਲੇ ਤੇ ਸਹੀ ਪਾਉਣ ਤੋ ਵਗੈਰ ਕੋਈ ਚਾਰਾ ਨਹੀ ਹੁੰਦਾ।ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਮਾਲਕ ਦੀ ਪ੍ਰਤੀ ਕਿਰਿਆ ਹੁੰਦੀ ਹੀ ਨਹੀਂ, ਪ੍ਰੰਤੂ ਅਜਿਹੇ ਦਿਨ ਕਟੀ ਕਰਨ ਵਾਲੇ ਵਿਅਕਤੀ ਬਿਨਾ ਵਜਾਹ ਹੀ ਮਾਲਕ ਦੇ ਵਿਰੋਧੀਆਂ ਨਾਲ ਸਿੰਗ ਫਸਾਈ ਰੱਖਦੇ ਹਨ।ਇਹਦਾ ਮਤਲਬ ਸਪੱਸਟ ਹੈ ਕਿ ਅਜਿਹੇ ਲੋਕਾਂ ਨੇ ਆਪਣੀ ਵਫਾਦਾਰੀ ਸਿੱਧ ਕਰਕੇ ਆਪਣੇ ਰੈਣ ਵਸੇਰੇ ਨੂੰ ਕੁੱਝ ਹੱਦ ਤੱਕ ਅਰਾਮਦਾਇਕ ਅਤੇ ਪੱਕਾ ਕਰਨ ਦੀ ਕੋਸ਼ਿਸ ਵਿੱਚ ਹੀ ਅਜਿਹਾ ਕੀਤਾ ਹੁੰਦਾ ਹੈ,ਜਦੋਕਿ ਉਹਨਾਂ ਦੀ ਆਪਣੀ ਮਾਲਕੀ ਵਾਲੇ ਘਰ ਦੀ ਚਾਹਤ,ਤਾਂਘ ਜਾਂ ਸੋਚ ਅਸਲੋਂ ਹੀ ਮਰ ਚੁੱਕੀ ਹੁੰਦੀ ਹੈ।ਉਹਨਾਂ ਨੂੰ ਅਜਿਹਾ ਅਹਿਸਾਸ ਹੀ ਨਹੀ ਹੁੰਦਾ ਕਿ ਉਹਨਾਂ ਦਾ ਆਪਣਾ ਘਰ ਵੀ ਹੋਣਾ ਚਾਹੀਦਾ ਹੈ,ਜਿੱਥੇ ਰਹਿੰਦਿਆਂ ਉਹਨਾਂ ਨੂੰ ਅਜਿਹਾ ਕੁੱਝ ਨਾ ਕਰਨਾ ਪਵੇ,ਜਿਹੜਾ ਉਹਨਾਂ ਦੀ ਆਤਮਾ ਤੇ ਬੋਝ ਵਾਂਗੂ ਹੋਵੇ,ਜਿਹੜਾ ਉਹਨਾਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਹੋਵੇ,ਆਪਣੇ ਸਵੈਮਾਨ ਨੂੰ ਜਖਮੀ ਕਰਦਾ ਹੋਵੇ,ਪ੍ਰੰਤੂ ਕਿਉਂਕਿ ਆਤਮਾ ਤਾਂ ਉਸ ਮੌਕੇ ਹੀ ਦਮ ਤੋੜ ਚੁੱਕੀ ਹੁੰਦੀ ਹੈ,ਜਦੋ ਉਹਨਾਂ ਆਪਣੇ ਘਰ ਦੀ ਤਾਂਘ ਨੂੰ ਭੁੱਲ ਕੇ ਬੇਗਾਨੇ ਘਰ ਨੂੰ ਆਪਣਾ ਆਸ਼ਿਆਨਾ ਸਮਝ ਲਿਆ ਹੁੰਦਾ ਹੈ।ਇਹ ਵਰਤਾਰਾ ਬੇਹੱਦ ਖਤਰਨਾਕ ਹੋ ਜਾਂਦਾ ਹੈ,ਜਦੋ ਅਜਿਹਾ ਵਰਤਾਰਾ ਕਿਸੇ ਕੌਂਮ ਦੀ ਹੋਣੀ ਨਾਲ ਜੁੜਿਆ ਹੋਵੇ ਅਤੇ ਇਸ ਨੂੰ ਕੌਂਮੀ ਪੱਧਰ ਤੇ ਵਾਪਰਦੇ ਦੇਖਿਆ ਜਾ ਰਿਹਾ ਹੋਵੇ, ਉਦੋਂ ਇਹ ਅਹਿਸਾਸ ਹੁੰਦਾ ਹੈ ਕਿ ਜੰਗਲ ਨੂੰ ਕੱਟਣ ਦਾ ਕਾਰਜ ਇਕੱਲਾ ਕੁਹਾੜਾ ਨਹੀ ਸੀ ਕਰ ਸਕਦਾ,ਜੇਕਰ ਕੁਹਾੜੇ ਵਿੱਚ ਲੱਕੜ ਦਾ ਦਸਤਾ ਨਾਂ ਹੁੰਦਾ। ਅਜਿਹਾ ਹੀ ਮਾਮਲਾ ਉਦੋ ਸਾਹਮਣੇ ਆਇਆ ਹੈ,ਜਦੋ ਪਿਛਲੇ ਦਿਨੀ ਆਪਣੀ ਅਮਰੀਕਾ ਫੇਰੀ ਦੌਰਾਨ ਕਾਂਗਰਸੀ ਪੰਜਾਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਸਿੱਖਾ ਸਮੇਤ ਘੱਟ ਗਿਣਤੀਆਂ ਦੇ ਸਬੰਧ ਵਿੱਚ ਭਾਰਤ ਦੇ ਮੌਜੂਦਾ ਰਾਜਨੀਤਕ ਪ੍ਰਬੰਧ ਤੇ ਟਿੱਪਣੀ ਕਰ ਦਿੱਤੀ। ਰਾਹੁਲ ਦੀ ਟਿੱਪਣੀ ‘ਤੇ ਭਾਰਤ ਅੰਦਰ ਵੱਡੇ ਪੱਧਰ ਤੇ ਰਾਜਨੀਤੀ ਹੋ ਰਹੀ ਹੈ,ਜਦੋਕਿ ਰਾਹੁਲ ਗਾਂਧੀ ਦੇ ਸਿਆਸੀ ਭਾਸ਼ਨ ਦਾ ਉਹ ਇੱਕ ਇੱਕ ਸਬਦ ਕੌੜਾ ਸੱਚ ਸੀ,ਪਰ ਰਾਹੁਲ ਵੱਲੋਂ ਬੋਲੇ ਗਏ ਇਸ ਕੌੜੇ ਸੱਚ ਨੂੰ ਝੁਠਲਾਉਣ ਦੇ ਯਤਨ ਵੱਡੇ ਪੱਧਰ ਤੇ ਹੋ ਰਹੇ ਹਨ।ਕਿੰਨੀ ਹੈਰਾਨੀ ਹੁੰਦੀ ਹੈ ਜਦੋ ਇਸ ਸੱਚ ਤੋ ਖੁਦ ਉਹ ਲੋਕ ਮੁਨਕਰ ਹੁੰਦੇ ਦੇਖੇ ਜਾ ਰਹੇ ਹਨ,ਜਿੰਨਾਂ ਪ੍ਰਤੀ ਇਹ ਸੱਚ ਬੋਲਿਆ ਗਿਆ ਸੀ,ਬਲਕਿ ਉਹਨਾਂ ਲੋਕਾਂ ਵੱਲੋਂ ਰਾਹੁਲ ‘ਤੇ ਸਬਦਾਂ ਦੇ ਬਾਣ ਦਾਗੇ ਜਾ ਰਹੇ ਹਨ।ਇੱਥੇ ਜਿਕਰਯੋਗ ਤੱਥ ਇਹ ਵੀ ਹਨ ਕਿ ਭਾਂਵੇਂ ਰਾਹੁਲ ਗਾਂਧੀ ਦੇ ਬਿਆਨ ਤੇ ਦੇਸ਼ ਭਰ ਅੰਦਰ ਹੀ ਹੜਕੰਪ ਮੱਚਿਆ ਹੋਇਆ ਹੈ,ਪਰੰਤੂ ਇਸ ਬਿਆਨ ਤੇ ਸਿੱਖਾਂ ਦੇ ਪ੍ਰਤੀਕਰਮ ਨੂੰ ਅਹਿਮ ਮੰਨਿਆ ਜਾਵੇਗਾ।ਸਿੱਖਾਂ ਵੱਲੋਂ ਵੀ ਵੱਖੋ ਵੱਖਰਾ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ।ਵਿਦੇਸਾਂ ਵਿੱਚ ਵਸਦੇ ਸਿੱਖ ਅਤੇ ਪੰਜਾਬ ਦੇ ਪੰਥਕ ਆਗੂਆਂ ਸਮੇਤ ਬਹੁ ਗਿਣਤੀ ਵਿੱਚ ਸਿੱਖ ਬੁੱਧੀਜੀਵੀ ਅਤੇ ਪੱਤਰਕਾਰ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਸਮੇ ਸਿਰ ਬੋਲਿਆ ਸੱਚ ਕਹਿ ਕੇ ਰਾਹੁਲ ਦੀ ਸ਼ਲਾਘਾ ਕਰਦੇ ਹਨ, ਜਦੋਕਿ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸਿੱਖ ਆਪਣੇ ਨਜਰੀਏ ਤੋ ਆਪਣੀ ਭੂਮਿਕਾ ਅਦਾ ਕਰ ਰਹੇ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਰਵਨੀਤ ਸਿੰਘ ਬਿੱਟੂ,ਕੌਂਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਮਨਜਿੰਦਰ ਸਿੰਘ ਸਿਰਸਾ ਸਮੇਤ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਨੇ ਨਾਲ ਜੁੜੇ ਨਾਮਵਰ ਸਿੱਖ ਆਗੂਆਂ ਨੇ ਭਾਜਪਾ ਪ੍ਰਤੀ ਆਪਣੀ ਵਫਾਦਾਰੀ ਦਿਖਾਉਣ ਵਿੱਚ ਇਸ ਸਮੇ ਨੂੰ ਸੁਨਹਿਰੀ ਸਮੇ ਵਜੋਂ ਵਰਤਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਵੀ ਕਿਹਾ ਹੈ ਕਿ ਰਾਹੁਲ ਦੀ ਟਿੱਪਣੀ ਸ਼ਰਮਨਾਕ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਵਿੱਚ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ।ਇਸ ਤੋ ਵੀ ਅੱਗੇ ਜਾਕੇ ਰਾਸ਼ਟਰੀ ਸਿੱਖਾਂ ਵੱਲੋਂ ਸੜਕਾਂ ਤੇ ਉੱਤਰ ਕੇ ਰਾਹੁਲ ਗਾਂਧੀ ਦੇ ਖਿਲਾਫ ਕੀਤੇ ਜਾ ਰਹੇ ਪਰਦਰਸ਼ਨ ਦੁਨੀਆਂ ਪੱਧਰ ਤੇ ਸਿੱਖਾਂ ਦੀ ਦੀ ਸਵੈ-ਮਾਨਤਾ ਦਾ ਮਜ਼ਾਕ ਬਣ ਰਹੇ ਹਨ।ਇਸ ਘਟਨਾ ਤੋ ਬਾਅਦ ਵੀ ਅਤੇ ਅਜਿਹੀਆਂ ਘਟਨਾਵਾਂ ਸਮੇ ਪਹਿਲਾਂ ਵੀ ਅਕਸਰ ਹੀ ਇਹ ਦੇਖਿਆ ਜਾਂਦਾ ਹੈ ਕਿ ਅਕਾਲੀ ਦਲ ਦੀ ਭੂਮਿਕਾ ਸਿੱਖ ਅਵਾਮ ਦੀ ਸੋਚ ਤੋ ਉਲਟ ਹੁੰਦੀ ਹੈ।ਅਕਾਲੀ ਦਲ ਦੇ ਆਗੂਆਂ ਵੱਲੋਂ ਭਾਵੇਂ ਉਹ ਭਾਜਪਾ ਨਾਲ ਗੱਠਜੋੜ ਵਿੱਚ ਨਹੀ ਹਨ,ਪਰ ਆਪਣੀ ਵਫਾਦਾਰੀ ਹਮੇਸਾਂ ਭਾਜਪਾ ਪ੍ਰਤੀ ਹੀ ਦਿਖਾਉਂਦੇ ਹਨ,ਇਸਦਾ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਹੈ ਕਿ ਲੰਮਾ ਸਮਾ ਬਿਨਾ ਸ਼ਰਤ ਭਾਜਪਾ ਨਾਲ ਗੈਰ ਸਿਧਾਂਤਕ ਸਮਝੌਤਾ ਰਿਹਾ ਹੋਣ ਕਾਰਨ ਉਹਨਾਂ ਦੀ ਮਾਨਸਿਕਤਾ ਵਿੱਚ ਭਾਜਪਾ ਦੀ ਗੁਲਾਮੀ ਘਰ ਕਰ ਚੁੱਕੀ ਹੈ ਅਤੇ ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਆਪਣਾ ਭਵਿੱਖ ਅੱਜ ਵੀ ਭਾਜਪਾ ਵਿੱਚੋਂ ਹੀ ਦਿਖਾਈ ਦਿੰਦਾ ਹੋਵੇ।ਜਿਸ ਕਰਕੇ ਉਹ ਅਜਿਹਾ ਕੋਈ ਮੌਕਾ ਵੀ ਗਵਾਉਣਾ ਨਹੀ ਚਾਹੁੰਦੇ ਜੀਹਦੇ ਨਾਲ ਭਾਜਪਾ ਪ੍ਰਤੀ ਉਹਨਾਂ ਦੇ ਹੇਜ ਦਾ ਅਹਿਸਾਸ ਕੇਂਦਰ ਤੱਕ ਪਹੁੰਚਣ ਦਾ ਸਬੱਬ ਬਣਦਾ ਹੋਵੇ ਅਤੇ ਅਜਿਹੇ ਕਿਸੇ ਵੀ ਮਸਲੇ ਵਿੱਚ ਉਹ ਉਲਝਣਾ ਨਹੀ ਚਾਹੁੰਦੇ,ਜੀਹਦੇ ਕਰਕੇ ਭਾਜਪਾ ਹਾਈ ਕਮਾਂਡ ਦੀ ਨਰਾਜਗੀ ਝੱਲਣੀ ਪਵੇ। ਸਿੱਖਾਂ ਦਾ ਮੰਨਣਾ ਹੈ ਕਿ ਸਿੱਖ ਸਿਰਫ ਰੋਜੀ ਰੋਟੀ ਲਈ ਹੀ ਨਹੀ,ਬਲਕਿ ਸਿੱਖ ਉਹਨਾਂ ਮੁਲਕਾਂ ਵਿੱਚ ਵੱਡੇ ਸਥਾਪਤ ਕਾਰੋਬਾਰੀ ਹਨ,ਜਿਹੜੇ ਉੱਥੋਂ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਦੇ ਹਨ।ਜਿਸ ਕਰਕੇ,ਹਰਦੀਪ ਸਿੰਘ ਪੁਰੀ ਵੱਲੋਂ ਇਹ ਕਿਹਾ ਜਾਣਾ ਕਿ ਸਿੱਖ ਮਹਿਜ਼ ਰੋਜੀ ਰੋਟੀ ਲਈ ਅਮਰੀਕਾ ਗਏ ਹਨ,ਆਪਣੇ ਹੀ ਭਾਈਚਾਰੇ ਨੂੰ ਨੀਂਵਾ ਦਿਖਾਉਣ ਵਾਲਾ ਜਾਪਦਾ ਹੈ।ਇਸ ਤੋ ਅੱਗੇ ਜਾਕੇ ਭਾਜਪਾ ਦਾ ਇੱਕ ਹੋਰ ਸਿੱਖ ਵਿਧਾਇਕ ਰਾਹੁਲ ਗਾਂਧੀ ਨੂੰ ਮਾਰਨ ਤੱਕ ਦੀ ਧਮਕੀ ਦੇ ਦਿੰਦਾ ਹੈ,ਪਰ ਉਹਦੇ ਬਿਆਨ ਦੇ ਕਿਸੇ ਪਾਸੇ ਤੋ ਵੀ ਉਸਤਰਾਂ ਨੰਦਿਆ ਨਹੀ ਹੁੰਦੀ ਜਿਸਤਰਾਂ ਰਾਹੁਲ ਗਾਂਧੀ ਦੇ ਸੱਚ ਬੋਲਣ ਦੀ ਹੋ ਰਹੀ ਹੈ। ਇਸ ਤੋ ਅੱਗੇ ਸਵਾਲ ਉਠਦਾ ਹੈ ਕਿ ਜੇਕਰ ਰਾਹੁਲ ਦਾ ਬਿਆਨ ਝੂਠਾ ਹੈ ਫਿਰ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਸਮੱਸਿਆਵਾਂ ਕਿਉਂ ਪੈਦਾ ਹੁੰਦੀਆਂ ਹਨ ? ਕਿਸੇ ਪ੍ਰਿਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਕਕਾਰ ਉਤਾਰਨ ਦੀ ਸ਼ਰਤ ਲਾ ਦਿੱਤੀ ਜਾਂਦੀ ਹੈ ਅਤੇ ਕਿਸੇ ਸਕੂਲ ਦੀ ਮੈਨੇਜਮੈਂਟ ਸਕੂਲ ਵਿੱਚ ਕੜਾ ਪਹਿਨ ਕੇ ਜਾਣ ‘ਤੇ ਰੋਕ ਲਾ ਦਿੰਦੀ ਹੈ।ਪਿਛਲੇ ਸਮੇ ਵਿੱਚ ਰਾਜਸਥਾਨ ਦੇ ਇੱਕ ਭਾਜਪਾ ਆਗੂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ “ਇਹ ਗੁਰਦੁਆਰੇ ਸਾਡੇ ਲਈ ਨਸੂਰ ਵਾਂਗ ਹਨ”। ਗੁਰਦੁਆਰਾ ਡਾਂਗ ਮਾਰ ਅਤੇ ਗੁਰਦੁਆਰਾ ਗਿਆਨ ਗੋਦੜੀ ਨੂੰ ਢਾਹ ਕਾ ਨਾਮੋ ਨਿਸ਼ਾਨ ਖਤਮ ਕਰ ਦੇਣਾ ਸਿੱਖਾਂ ਲਈ ਕਿਹੜੀ ਅਜਾਦੀ ਵੱਲ ਇਸ਼ਾਰਾ ਹੈ ? ਇਸ ਤੋ ਇਲਾਵਾ ਵੀ ਸਿੱਖੀ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਕਿਸੇ ਤੋ ਲੁਕੀ ਛੁਪੀ ਨਹੀ ਹੈ।ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ,ਹਜੂਰ ਸਾਹਿਬ ਗੁਰਦੁਆਰਾ ਬੋਰਡ ਨੰਦੇੜ ਅਤੇ ਪਟਨਾ ਸਾਹਿਬ ਗੁਰਦੁਆਰਾ ਬੋਰਡ ਵਿੱਚ ਸਿੱਧੀ ਦਖਲ ਅੰਦਾਜੀ ਕਿੱਧਰ ਨੂੰ ਇਸ਼ਾਰਾ ਕਰਦੀ ਹੈ ? ਇੱਥੋਂ ਤੱਕ ਕਿ ਕਈ ਵਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਹੀ ਸਿੱਖ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋ ਇਸ ਕਰਕੇ ਰੋਕ ਦਿੱਤਾ ਜਾਂਦਾ ਰਿਹਾ ਹੈ ਕਿਉਕਿ ਉਹ ਸਿੱਖ ਹਿਤਾਂ ਦੀ ਗੱਲ ਕਰਦੇ ਹਨ,ਜਿਹੜੇ ਕੇਂਦਰੀ ਤਾਕਤਾਂ ਨੂੰ ਪਰਵਾਂਨ ਨਹੀ।ਕੀ ਅਜਿਹੇ ਕਾਰਨ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਨੂੰ ਇਹ ਅਹਿਸਾਸ ਕਰਵਾਉਣ ਲਈ ਕਾਫੀ ਨਹੀ ਹਨ ਕਿ ਭਾਰਤ ਅੰਦਰ ਵਿਤਕਰੇਵਾਜੀ ਹੁੰਦੀ ਹੈ। ਸੋ ਸਿੱਖਾਂ ਨੂੰ ਰਾਹੁਲ ਦੇ ਬਿਆਨ ਤੇ ਘੱਟੋ ਘੱਟ ਐਨੀ ਕੁ ਤਸੱਲੀ ਤਾਂ ਜਰੂਰ ਹੋਣੀ ਚਾਹੀਦੀ ਹੈ ਕਿ ਕਿਸੇ ਨਾ ਕਿਸੇ ਭਾਰਤੀ ਆਗੂ ਨੇ ਇਹ ਕੌੜੇ ਸੱਚ ਨੂੰ ਪ੍ਰਵਾਂਨ ਤਾਂ ਕੀਤਾ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਲਈ ਸਭ ਅੱਛਾ ਨਹੀ ਹੈ।ਰਹੀ ਗੱਲ ਕਾਂਗਰਸ ਪਾਰਟੀ ਦੀ ਪੰਜਾਬ ਪ੍ਰਤੀ ਪਹੁੰਚ ਦੀ,ਇਹਦੇ ਵਿੱਚ ਕੋਈ ਝੂਠ ਨਹੀ ਕਿ ਤਤਕਾਲੀ ਕਾਂਗਰਸ ਸਰਕਾਰ (ਸੂਬਾ ਅਤੇ ਕੇਂਦਰ) ਨੇ ਜੋ ਜਖਮ ਸਿੱਖਾਂ ਨੂੰ ਦਿੱਤੇ ਹਨ,ਉਹ ਭੁਲਾਏ ਨਹੀ ਜਾ ਸਕਦੇ,ਪਰੰਤੂ ਉਹਦੇ ਨਾਲ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਜੂਨ 84 ਦੇ ਫੌਜੀ ਹਮਲੇ ਵਿੱਚ ਭਾਜਪਾ ਵੀ ਬਰਾਬਰ ਦੀ ਦੋਸ਼ੀ ਹੈ,ਜਿਸ ਦੇ ਉਸ ਮੌਕੇ ਦੇ ਵੱਡੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਪੁਸਤਕ ਵਿੱਚ ਖੁਦ ਇਹ ਸਵੀਕਾਰ ਕਰ ਚੁੱਕੇ ਹਨ। ਅਗਲੀ ਗੱਲ ਇਹ ਹੈ ਜੇਕਰ ਕੋਈ ਮੌਜੂਦਾ ਨਵੇਂ ਦੌਰ ਦਾ ਵੱਡਾ ਕਾਂਗਰਸੀ ਆਗੂ ਆਪਣੀ ਪਹੁੰਚ ਸਪੱਸਟ ਕਰਦਾ ਹੈ ਅਤੇ ਸੱਚਮੁੱਚ ਉਹ ਘੱਟ ਗਿਣਤੀਆਂ ਪ੍ਰਤੀ ਚਿੰਤਤ ਦਿਖਾਈ ਦਿੰਦਾ ਹੈ,ਤਾਂ ਕੀ ਉਹਦੀ ਪਹੁੰਚ ਨੂੰ ਉਹਦੇ ਪੁਰਖਿਆਂ ਦੀਆਂ ਗਲਤੀਆਂ ਕਾਰਨ ਰੱਦ ਕਰ ਦੇਣਾ ਵਾਜਬ ਹੈ ? ਨਹੀ,ਅਜਿਹਾ ਨਹੀ ਹੋਣਾ ਚਾਹੀਦਾ,ਬਲਕਿ ਅਜਿਹੀ ਸੋਚ ਦਾ ਸਵਾਗਤ ਦਿਲ ਖੋਲ ਕੇ ਕੀਤਾ ਜਾਣਾ ਬਣਦਾ ਹੈ,ਤਾਂ ਕਿ ਭਵਿੱਖ ਵਿੱਚ ਅਜਿਹੀ ਸੋਚ ਹੋਰ ਵੀ ਪਰਫੁੱਲਤ ਹੋ ਸਕੇ।ਰਾਹੁਲ ਗਾਂਧੀ ਦੇ ਵਿਵਾਦਤ ਬਣ ਚੁੱਕੇ ਸੱਚ ਨੂੰ ਹੋਰ ਵਿਵਾਦਿਤ ਕਰਦੀਆਂ ਕੁੱਝ ਲਿਖਤਾਂ ਵੀ ਪੜੀਆਂ ਹਨ,ਜਿੰਨਾਂ ਨੂੰ ਪੜਕੇ ਸਪੱਸਟ ਰੂਪ ਵਿੱਚ ਇਹ ਸਮਝ ਪੈਂਦੀ ਹੈ ਕਿ ਅਜਿਹੀਆਂ ਲਿਖਤਾਂ ਅਤੇ ਬਿਆਨ ਜਾਰੀ ਕਰਨ ਵਾਲੇ ਸਿੱਖਾਂ ਦੀ ਮਾਨਸਿਕਤਾ ਵਿੱਚ ਕਿਤੇ ਨਾ ਕਿਤੇ ਅਸੁਰਖਿਅਤਾ ਘਰ ਕਰ ਚੁੱਕੀ ਹੈ। ਅਸੁਰਖਿਅਤ ਭਾਵਨਾ ਕਾਰਨ ਨਿੱਜੀ ਲਾਭ ਪਰਾਪਤੀ ਦੇ ਖੁੱਸ ਜਾਣ ਦੇ ਡਰ ਵਿੱਚੋਂ ਅਜਿਹੇ ਆਪਾ ਵਿਰੋਧੀ ਲਿਖਤਾਂ ਅਤੇ ਬਿਆਨਾਂ ਦਾ ਸਾਹਮਣੇ ਆਉਣਾ ਸੁਭਾਵਿਕ ਹੈ।ਉਪਰੋਕਤ ਸਮੁੱਚੇ ਮਾਮਲੇ ਦੀ ਗੰਭੀਰਤਾ ਤੋ ਪਾਸਾ ਵੱਟਦਿਆਂ ਜਿਸਤਰਾਂ ਰਾਸ਼ਟਰੀ ਮੀਡੀਏ ਵੱਲੋਂ ਰਾਹੁਲ ਗਾਂਧੀ ਦੇ ਬਿਆਨ ਨੂੰ ਵਿਵਾਦਾਂ ਦੇ ਘੇਰੇ ਵਿੱਚ ਲੈ ਕੈ ਆਉਣ ਲਈ ਭੂਮਿਕਾ ਨਿਭਾਈ ਜਾ ਰਹੀ ਹੈ,ਉਹ ਵੀ ਦੇਸ਼ ਹਿਤ ਵਿੱਚ ਨਹੀ ਜਾਪਦੀ,ਬਲਕਿ ਸੱਚ ਬੋਲਣ ਦੀ ਸਜ਼ਾ ਦੇ ਰੂਪ ਵਿੱਚ ਰਾਹੁਲ ਗਾਂਧੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਮੀਡੀਏ ਦੀ ਭੂਮਿਕਾ ਐਨੀ ਅਸਰਦਾਇਕ ਹੁੰਦੀ ਹੈ ਕਿ ਸੱਚ ਬੋਲਣ ਵਾਲੇ ਨੂੰ ਖੁਦ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਕਿਤੇ ਇਸ ਮਾਮਲੇ ਵਿੱਚ ਉਹ ਸਚਮੁੱਚ ਹੀ ਗਲਤ ਤਾਂ ਨਹੀ।ਸੋ ਜੇਕਰ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਵੀ ਆਉਣ ਵਾਲੇ ਦਿਨਾਂ ਵਿੱਚ ਮੁਆਫੀ ਮੰਗ ਕੇ ਖਹਿੜਾ ਛੁਡਵਾ ਲੈਂਦਾ ਹੈ ਤਾਂ ਵੀ ਨਾ ਤਾਂ ਕੋਈ ਹੈਰਾਨੀ ਹੋਣੀ ਚਾਹੀਦੀ ਹੈ ਅਤੇ ਨਾਂ ਹੀ ਉਹਨਾਂ ਦੇ ਵੱਲੋਂ ਜੋ ਅਮਰੀਕਾ ਵਿੱਚ ਬੋਲਿਆ ਗਿਆ ਉਹ ਸਚਾਈ ਤੋ ਪਾਸਾ ਵੱਟਿਆ ਜਾ ਸਕਦਾ ਹੈ,ਬਲਕਿ ਜੋ ਘੱਟ ਗਿਣਤੀਆਂ ਪ੍ਰਤੀ ਕੇਂਦਰ ਦੀ ਪਹੁੰਚ ਹੈ ਉਹਦੇ ਤੇ ਮੋਹਰ ਲੱਗ ਚੁੱਕੀ ਹੈ। ਭਾਰਤੀ ਮੀਡੀਏ ਨੂੰ ਘੱਟੋ ਘੱਟ ਇਸ ਪਵਿੱਤਰ ਪੇਸ਼ੇ ਦੀ ਪਵਿੱਤਰਤਾ ਅਤੇ ਮਿਆਰ ਨੂੰ ਬਣਾਈ ਰੱਖਣ ਲਈ ਕਿਸੇ ਇੱਕ ਧਿਰ ਦਾ ਬੁਲਾਰਾ ਬਨਣ ਦੀ ਬਜਾਏ ਉਸਾਰੂ ਭੂਮਿਕਾ ਅਦਾ ਕਰਨੀ ਚਾਹੀਦੀ ਹੈ।ਮੀਡੀਏ ਦਾ ਸੱਚ ਤੋ ਪਾਸਾ ਵੱਟਣਾ ਆਪਣੇ ਫ਼ਰਜਾਂ ਨੂੰ ਤਿਲਾਂਜਲੀ ਦੇ ਕੇ ਆਪਣੇ ਲੋਕਾਂ ਨਾਲ ਧਰੋਹ ਕਮਾਉਣ ਵਰਗਾ ਵਰਤਾਰਾ ਹੈ,ਪ੍ਰੰਤੂ ਇਹ ਵੀ ਸੱਚ ਹੈ ਕਿ ਭਾਰਤੀ ਮੀਡੀਆ ਫਿਰਕੂ ਸਿਆਸਤ ਦਾ ਸ਼ਿਕਾਰ ਹੋਕੇ ਆਪਣੇ ਆਸ਼ੇ ਤੋ ਅਸਲੋਂ ਹੀ ਥਿੜਕ ਚੁੱਕਾ ਹੈ।ਜਿਸਦੇ ਫਲ਼ਸਰੂਪ ਘੱਟ ਗਿਣਤੀਆਂ ਦਾ ਭਵਿੱਖ ਦਾਅ ਤੇ ਲੱਗਾ ਹੋਇਆ ਹੈ।
ਬਘੇਲ ਸਿੰਘ ਧਾਲੀਵਾਲ
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button