EDITORIAL

ਮਾਨ ਤੇ ਸਿੰਗਲਾ ਆਪਸ ਵਿੱਚ ‘ਭਿੜੇ’

ਸਿੰਗਲਾ-ਕਾਂਡ : ਪਰਦੇ ਪਿਛਲਾ ਸੱਚ ਤੇ ਕੱਚ !

ਅਮਰਜੀਤ ਸਿੰਘ ਵੜੈਚ (94178-01988)

ਮੁੱਖ-ਮੰਤਰੀ ਪੰਜਾਬ ਵੱਲੋਂ ਮੰਗਲਵਾਰ ਨੂੰ ਆਪਣੇ ਹੀ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਰਿਸ਼ਵਤ ਮੰਗਣ ਦੇ ਲਈ ਕੀਤੇ ਸਟਿੰਗ ਔਪਰੇਸ਼ਨ ਦੇ ਆਧਾਰ ‘ਤੇ ਕੈਬਨਿਟ ‘ਚੋਂ ਛੁੱਟੀ ਕਰਨ ਮਗਰੋਂ ਸਿਧਾ ਐੱਫ਼ਆਈਆਰ ਕਰਵਾ ਕੇ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜਣ ਵਾਲੀ ਘਟਨਾ ਬਾਲੀਵੁੱਡ ਦੀ 21 ਸਾਲ ਪਹਿਲਾਂ 2001 ‘ਚ ਰਿਲੀਜ਼ ਹੋਈ ਅਨਿਲ ਕਪੂਰ ਦੀ ਫਿਲਮ ‘ਨਾਇਕ’ ਦਾ ਦੂਜਾ ਰੂਪ ਲਗਦਾ ਹੈ ਪਰ ਇਹ ਫ਼ਿਲਮ ਨਹੀਂ ਹਕੀਕਤ ਹੈ। ਉਦੋਂ ਉਸ ਫ਼ਿਲਮ ਬਾਰੇ ਲੋਕ ਕਹਿੰਦੇ ਸਨ ਕਿ ਇੰਜ ਭਾਰਤ ਵਿੱਚ ਨਹੀਂ ਹੋ ਸਕਦਾ ਪਰ ਭਗਵੰਤ ਮਾਨ ਨੇ ਉਹ ਫ਼ਿਲਮ ਹਕੀਕਤ ‘ਚ ਵੀ ਸੱਚ ਕਰ ਵਖਾਈ ਹੈ।

ਪੁਲਿਸ ਵਾਲੇ, ਖ਼ਾਸਕਰ ਹੇਠਲੇ ਦਰਜੇ ਦੇ ਮੁਲਾਜ਼ਿਮ, ਅਕਸਰ ਸਰਕਾਰਾਂ ਤੋਂ ਤੰਗ ਰਹਿੰਦੇ ਹਨ ਪਰ ਕੱਲ੍ਹ ਇਹ ਮੁਲਾਜ਼ਿਮ ਬੜੇ ਖੁਸ਼ ਦਿਖ ਰਹੇ ਸਨ ਅਤੇ ਆਮ ਲੋਕਾਂ ਵਿੱਚ ਵੀ ‘ਆਪ’ ਸਰਕਾਰ ਦੀ ਚਰਚਾ ਚੱਲ ਰਹੀ ਹੈ। ਸੈਂਟਰ ਫਾਰ ਮੀਡੀਆ ਸਟੱਡੀਜ਼ ਦੇ 2022 ਦੇ ਸਰਵੇਖਣ ਅਨੁਸਾਰ ਪੰਜਾਬ ਰਿਸ਼ਵਤ ਦੇ ਇੰਡੈਕਸ ਵਿੱਚ ਪਹਿਲੇ ਪੰਜਾਂ ਵਿੱਚ ਖੜਦਾ ਹੈ। ਲੋਕ ਰਿਸ਼ਵਤਖੋਰਾਂ ਤੋਂ ਬਹੁਤ ਤੰਗ ਹਨ। 117 ਵਿਧਾਇਕਾਂ ਵਿੱਚੋਂ 58 ‘ਤੇ ਕੇਸ ਦਰਜ ਹਨ ਅਤੇ ਇਨ੍ਹਾਂ ਵਿੱਚੋਂ ਵੀ 52 ‘ਆਪ’ ਦੇ ਹਨ।

‘ਸਿੰਗਲਾ ਕਾਂਡ’ ਵਿਰੋਧੀ ਧਿਰਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਿਹਾ। ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਇਹ ਇਕ ਡਰਾਮਾ ਹੈ ਜਿਸ ਨੂੰ ਕੇਜਰੀਵਾਲ ਹਿਮਾਚਲ ਅਤੇ ਗੁਜਰਾਤ ਵਿੱਚ ਇਸੇ ਵਰ੍ਹੇ ਹੋਣ ਵਾਲੀਆਂ ਵਿਧਾਨ-ਸਭਾ ਚੋਣਾਂ ‘ਚ ਕੈਸ਼ ਕਰਵਾਉਣ ਦੀ ਪੂਰੀ ਵਾਹ ਲਾਉਣਗੇ। ਅਸਲੀਅਤ ਕੀ ਹੈ ਇਹ ਤਾਂ ਜਾਂਚ ਅਤੇ ਫਿਰ ਅਦਾਲਤ ਦੇ ਫ਼ੈਸਲੇ (ਜ਼ਿਲ੍ਹਾ ਅਦਾਲਤਾਂ, ਹਾਈਕੋਰਟ ਅਤੇ ਫਿਰ ਸੁਪਰੀਮ ਕੋਰਟ) ਤੋਂ ਬਾਅਦ ਹੀ ਪਤਾ ਲੱਗੇਗੀ ਪਰ ਇਸ ਘਟਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ ; ਪਹਿਲੀਆਂ  ਸਰਕਾਰਾਂ ਸਮੇਂ ਵੀ ਰਿਸ਼ਵਤ ਸਿਖਰ ‘ਤੇ ਸੀ ਪਰ ਉਹ ਸਰਕਾਰਾਂ ਆਪਣੇ ਮੰਤਰੀਆਂ ਨੂੰ ‘ਦੁੱਧ ਧੋਤੇ’ ਹੀ ਕਰਾਰ ਦਿੰਦੀਆਂ ਰਹੀਆਂ।

ਕੁਜ ਹੋਰ ਵੀ ਸਵਾਲ ਹਨ ; ਮੁੱਖ-ਮੰਤਰੀ ਵੱਲੋਂ ਕੀਤੀ ਗਈ ਕਾਹਲੀ ਕਿਤੇ ਸਰਕਾਰ ਦਾ ਕਾਨੂੰਨੀ ਪੱਖ ਕਮਜ਼ੋਰ ਤਾਂ ਨਹੀਂ ਕਰ ਦੇਵੇਗੀ ? ਭਗਵੰਤ ਮਾਨ ਨੇ ਪਹਿਲਾਂ ਜਾਂਚ ਕਿਉਂ ਨਹੀਂ ਕਰਵਾਈ ? ਮੰਤਰੀ ਦਾ ਪੱਖ ਕਿਉਂ ਨਹੀਂ ਸੁਣਿਆ ਗਿਆ? ਕੀ ਸਟਿੰਗ ਅਪਰੇਸ਼ਨ ਅਦਾਲਤ ਵਿੱਚ ਬਤੌਰ ਸਬੂਤ ਟਿਕ ਪਾਏਗਾ ? ਕੀ ਸਰਕਾਰ ਸਮਾਂਬੱਧ ਜਾਂਚ ਕਰਵਾਏਗੀ ਜਾਂ ਇਹ ਜਾਂਚ ‘2024’ ਤੱਕ ਜਾਏਗੀ ?

ਭਗਵੰਤ ਮਾਨ ਨੇ ਇਕ ਵੀਡੀਓ ਰਾਹੀਂ ਇਸ ਕਾਂਡ ਦੀ ਜਾਣਕਾਰੀ ਦਿਤੀ ਜਿਸ ਵਿੱਚ ਉਨ੍ਹਾਂ ਸਾਫ਼-ਸਾਫ਼ ਕਿਹਾ ਹੈ ਕਿ ਸਿੰਗਲਾ ਨੇ ਉਨ੍ਹਾਂ( ਮੁੱਖ-ਮੰਤਰੀ) ਕੋਲ ਆਪਣਾ ਜੁਰਮ ਕਬੂਲ ਕੀਤਾ ਹੈ ਤਾਂ ਸਵਾਲ ਉੱਠਦਾ ਹੈ ਕਿ ਫਿਰ ਸਿੰਗਲਾ ਹੁਣ ਤੱਕ ਪਾਰਟੀ ਵਿੱਚ ਕਿਉਂ ਹਨ ? ਦੂਜੇ ਪਾਸੇ ਸਿੰਗਲਾ ਦਾ ਬਿਆਨ ਆਇਆ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਇਹ ਸਭ ਕੁਝ, ਪਾਰਟੀ ਅਤੇ ਮੁੱਖ-ਮੰਤਰੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਜਦੋਂ ਇਹ ਦੋਵੇਂ ਬਿਆਨ ਜੁੜਦੇ ਹਨ ਤਾਂ ਸ਼ੱਕ ਦੇ ਚੰਗਿਆੜੇ ਨਿਕਲਦੇ ਹਨ। ਇਸ ਬਾਰੇ ਅਗਲੇ ਦਿਨਾਂ ‘ਚ ਧੁੰਦ ਸਾਫ਼ ਹੋਏਗੀ।

ਉਂਝ ਭਗਵੰਤ ਮਾਨ ਦੇ ਇਸ ਕਦਮ ਨੂੰ ਇਕ ਬਹੁਤ ਹੀ ਨਿਗਰ ਪਹਿਲ ਵਜੋਂ ਵੇਖਣ ਦ‌ੀ ਲੋੜ ਹੈ। ਇਸ ਧਮਾਕੇ ਨੇ ਹਰ ਰਿਸ਼ਵਤਖੋਰ ਨੂੰ ਕੰਬਣੀ ਜ਼ਰੂਰ ਛੇੜੀ ਹੋਵੇਗੀ ਜੋ ਪੰਜਾਬ ਦੇ ਲਈ ਇਕ ਸ਼ਗਨ ਵਜੋਂ ਜਾਣੀ ਜਾਵੇਗੀ। ਹੁਣ ਲੋੜ ਹੈ ਇਸ ਲੜੀ ਵਿੱਚ ਹੋਰ ‘ਸਿੰਗਲੇ’ ਜੋੜਨ ਦੀ। ਪੰਜਾਬ ਦੇ ਲੋਕਾਂ ਨੇ ਜੋ ਉਮੀਦਾਂ ਲਾਕੇ ‘ਆਪ’ ਨੂੰ ਸੱਤ੍ਹਾ ਵਿੱਚ ਲਿਆਂਦਾ ਹੈ ਉਸ ਨੂੰ ਹਕੀਕਤ ਵਿੱਚ ਲਿਆਉਣ ਲਈ ਮਾਨ ਸਰਕਾਰ ਨੂੰ ਇਸ ਤਰ੍ਹਾਂ ਦੇ ਰਿਸਕ ਤਾਂ ਲੈਣੇ ਹੀ ਪੈਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button