EDITORIAL

ਭਗਵੰਤ ਮਾਨ ਨੇ ‘ਹਰੇ ਰੰਗ’ ਦਾ ਰਾਜ਼  ਖੋਲ੍ਹਿਆ ? ਕੀ ਪੰਜਾਬ ‘ਚੋਂ ਉਦਯੋਗ ਜਾ ਰਹੇ ਹਨ ?

ਕੀ ਹੈ 'ਇਨਵੈਸਟ ਪੰਜਾਬ' ?

ਅਮਰਜੀਤ ਸਿੰਘ ਵੜੈਚ (94178-01988)

ਪਿਛਲੇ ਦਿਨੀਂ ਪੰਜਾਬ ਦੇ  ਭਗਵੰਤ ਮਾਨ ਚਿਨੱਈ ‘ਚ ਵੱਡੇ ਉਦਯੋਗਪਤੀਆਂ ਨੂੰ ਮਿਲ਼ੇ ਸਨ ,ਜਿਥੇ ਮੁੱਖ-ਮੰਤਰੀ ਨੇ ਉਦਯੋਗਪਤੀਆਂ ਨੂੰ ਪੰਜਾਬ ‘ਚ ਆਕੇ ਨਵੇਂ ਉਦਯੋਗ ਲਾਉਣ ਲਈ ਸੱਦਾ ਦਿਤਾ ਸੀ । ਇਹ ਇਕ ਸਲਾਹੁਣਯੋਗ ਉਪਰਾਲਾ ਹੈ ਕਿਉਂਕਿ ਪੰਜਾਬ ‘ਚ ਹੁਣ ਬੇਰੁਜ਼ਗਾਰੀ ਵਧਣ ਕਰਕੇ ਵੱਡੀ ਗਿਣਤੀ ‘ਚ ਨੌਜਵਾਨ ਵਿਹਲੇ ਹਨ ..ਮਾਨ ਅਨੁਸਾਰ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ । ਪੰਜਾਬ ਅਗਲੇ ਵਰ੍ਹੇ 23-24 ਫ਼ਰਵਰੀ ਨੂੰ ਉਦਯੋਗਪਤੀਆਂ ਲਈ ‘5ਵਾਂ ਇਨਵੈਸਟ ਪੰਜਾਬ’ ਸੰਮੇਲਨ ਕਰਾ ਰਿਹਾ ਹੈ ਜਿਸ ਦੀ ਤਿਆਰੀਆਂ ਦੀ ਲੜੀ ‘ਚ ਮੁੱਖ-ਮੰਤਰੀ ਦਾ ਇਹ ਦੱਖਣੀ ਭਾਰਤ ਦਾ ਦੌਰਾ ਸੀ ।

ਸੀਐੱਮ ਮਾਨ ਨੇ ਉਦਯੋਗਪਤੀਆਂ ਨਾਲ਼ ਗੱਲ ਕਰਦਿਆਂ ਕਿਹਾ ਕਿ ਪੰਜਾਬ ਇਕ ਬਹੁਤ ਵਧੀਆ ਸਥਾਨ ਹੈ ਜਿਥੇ ਉਦਯੋਗਿਕ ਮਾਹੌਲ ਹੈ । ਇਸ ਗੱਲ ਨੂੰ ਪੱਕਾ ਕਰਨ ਲਈ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਨਰਮੰਦ, ਮਿਹਨਤੀ,ਪੜ੍ਹੇ ਲਿਖੇ ਹਨ ਤੇ ਪੰਜਾਬ ਮਹਿਮਾਨ ਨਿਵਾਜ਼ੀ ਲਈ  ਵੀ ਜਾਣਿਆ ਜਾਂਦਾ ਹੈ । ਉਨ੍ਹਾ ਕਿਹਾ ਕਿ ਪੰਜਾਬ ‘ਚ ਵਾਹਨ ਉਤਪਾਦਨ, ਸਿਹਤ ਸਹੂਲਤਾਂ,ਖੇਤੀਬਾੜੀ ਸੰਦ ਉਤਪਾਦਨ, ਫੂਡ ਪ੍ਰੋਸੈਸਿੰਗ, ਭੰਡਾਰਨ, ਹੌਜਰੀ, ਸਟਾਰਟ-ਅੱਪ, ਆਈਟੀ, ਖੋਜ ਤੇ ਵਿਕਾਸ,  ਆਦਿ ਦੇ ਉਦਯੋਗਾਂ ਲਈ ਵੱਡੀਆਂ ਸੰਭਾਵਨਾਵਾਂ ਹਨ ।

ਸੀਐੱਮ ਨੇ ਉਦਯੋਗਪਤੀਆਂ ਨੂੰ ਯਕੀਨ ਦੁਆਉਣ ਲਈ  ਬਿਨਾ ਕਿਸੇ ਦਾ ਨਾਮ ਲਿਆਂ ਕਿਹਾ ਕਿ ਪਹਿਲਾਂ ਜਿਹੜੇ  ਉਦਯੋਗਪਤੀਆਂ ਨਾਲ਼ ਸਮਝੌਤਿਆਂ ‘ਤੇ ਦਸਤਖ਼ਤ ਕਰਦੇ ਸਨ ਉਹ ਆਪਣਾ ਹਿੱਸਾ ਮੰਗਦੇ ਸਨ ਪਰ ਪੰਜਾਬ ਸਿਰਫ਼ ਆਪਣੇ ਨੌਜਵਾਨਾਂ ਲਈ ਕੰਮ ਮੰਗਦਾ ਹੈ । ਸੀਐੱਮ ਮਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ  ਨੌਜਵਾਨ ਦੇ ਹੱਥ ‘ਚੋਂ ਟੀਕਾ (ਨਸ਼ੇ ਦਾ) ਛੁਡਵਾਕੇ ਟਿਫ਼ਨ ਫੜਾ ਦਿਤਾ ਜਾਵੇ । ਉਨ੍ਹਾ ਕਿਹਾ ਕਿ  ਹੁਣ ਪੰਜਾਬ ਦੇ ਤਿੰਨ ਕਰੋੜ ਲੋਕ ਉਦਯੋਗਪਤੀਆਂ ਨਾਲ਼ ਸਮਝੌਤੇ ਕਰਨਗੇ । ਉਨ੍ਹਾ ਕਿਹਾ ਕਿ ਭ੍ਰਿਸ਼ਟਾਚਾਰ ਲਈ ਜ਼ੀਰੋ ਪਾਲਿਸੀ ਹੈ, ,ਵਧੀਆ ਮਾਹੌਲ ਦਿਤਾ ਜਾਵੇਗਾ, ਪੰਜਾਬ  ‘ਚ ਲੋੜ ਨਾਲ਼ੋਂ ਵਾਧੂ ਬਿਜਲੀ ਪੈਦਾ ਹੋ ਰਹੀ ਹੈ, ਪ੍ਰਵਾਨਗੀਆਂ ਲਈ ਸਿੰਗਲ-ਵਿੰਡੋ ਸਕੀਮ ਹੈ ਜਿਸ ਲਈ ਨੋਡਲ ਅਫ਼ਸਰ ਲਾਏ ਗਏ  ਹਨ ਤੇ ਪ੍ਰਵਾਨਗੀਆਂ ਲੈਣ ਲਈ ਕਿਤੇ ਵੀ ਨਹੀਂ ਜਾਣਾ ਪਵੇਗਾ ।

ਸੀਐੱਮ ਨੇ ਇਕ ਦਿਲਚਸਪ ਨਿਯਮ ਦੀ ਗੱਲ ਕੀਤੀ ਕਿ ਉਦਯੋਗਪਤੀਆਂ ਨੂੰ CLU ( Change of Land Use) ਲਈ  ਬਹੁਤ ਮੁਸ਼ਕਿਲਾਂ ਆਉਂਦੀਆਂ ਸਨ । ਇਸ ਲਈ ਸਰਕਾਰ ਨੇ ਉਦਯੋਗਾਂ ਲਈ ਰਜਿਸਟਰੀਆਂ ਕਰਵਾਉਣ ਲਈ ਹਰੇ ਰੰਗ ਦਾ  ਅਸ਼ਟਾਮ ਪੇਪਰ ਨਿਰਧਾਰਿਤ ਕਰ ਦਿਤਾ ਹੈ ਜਿਸ ਦਾ ਮਤਲਬ ਇਹ ਹੋਵੇਗਾ ਕਿ ਜੇਕਰ ਕਿਸੇ ਉਦਯੋਗ ਦੇ ਪਲਾਟ ਦੀ ਰਜਿਸਟਰੀ ਹਰੇ ਰੰਗ ਦੇ ਅਸ਼ਟਾਮ ‘ਤੇ ਹੋਵੇਗੀ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਉਸ ਉਦਯੋਗ ਨੂੰ CLU ਦੀ ਪ੍ਰਵਾਨਗੀ ਮਿਲ਼ ਚੁੱਕੀ ਹੈ  ਤੇ ਕੋਈ ਵੱਖਰਾ ਸਰਟੀਫੀਕੇਟ ਜਾ ਐੱਨਓਸੀ ਲੈਣ ਦੀ ਲੋੜ ਨਹੀਂ ਪਵੇਗੀਮ ।

ਇਨ੍ਹਾਂ ਦਿਨਾਂ  ‘ਚ ਇਕ ਹੋਰ ਧਮਾਕੇਦਾਰ ਖ਼ਬਰ ਆਈ ਕਿ ਪੰਜਾਬ ਦੇ ਕਈ ਉਦਯੋਗਪਤੀਆਂ ਨੇ ਉਤਰ ਪ੍ਰਦੇਸ਼ ਦੀ ਸਰਕਾਰ ਨਾਲ਼ ਦੋ ਲੱਖ 30 ਹਜ਼ਾਰ ਕਰੋੜ ਦੇ ਪ੍ਰੋਜੈਕਟ ਯੂਪੀ ‘ਚ ਲਾਉਣ ਦਾ ਵਆਦਾ ਕਰ ਲਿਆ ਹੈ । ਇਸ ਦਾ ਮਤਲਬ ਤਾਂ ਇਹ ਹੀ ਕੱਢਿਆ ਜਾ ਰਿਹਾ ਹੈ ਕਿ ਪੰਜਾਬ ‘ਚੋਂ ਉਦਯੋਗ ਬਾਹਰ ਜਾ ਰਿਹਾ ਹੈ ਪਰ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਕਈ ਉਦਯੋਗ ਪੰਜਾਬ ਦੇ ਨਾਲ਼ ਨਾਲ਼ ਆਪਣਾ ਵਿਸਤਾਰ ਕਰਨ ਦੇ ਉਦੇਸ਼ ਨਾਲ਼ ਯੂਪੀ ‘ਚ ਵੀ ਉਦਯੋਗ ਲਾ ਰਹੇ ਹਨ । ਇਸ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੇ ਮਾਨ ਸਰਕਾਰ ਨੂੰ ਬੜੇ ਕਰੜੇ ਹੱਥੀਂ ਫੜਨ ਦਾ ਮਨ ਬਣਾ ਲਿਆ ਹੈ । ਇਹ ਵੀ ਕਿਹਾ ਜਾ ਰਿਹਾ ਹੈ ਕਿ  ‘ਆਪ’ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਭਾਜਪਾ ਚਾਲ ਚੱਲ ਰਹੀ ਹੈ ਤਾਂ ਕਿ  2027 ‘ਚ ਭਾਜਪਾ ਪੰਜਾਬ ‘ਚ ਸਰਕਾਰ ਬਣਾਉਣ ਦੀ ਦਾਅਵੇਦਾਰ ਬਣ ਸਕੇ ।  ਉਂਜ ਵੀ ਪੰਜਾਬ ‘ਚ  ਜੁਰਮ ਦੀਆਂ ਵਾਰਦਾਤਾਂ ਵਧ ਗਈ ਹਨ ।

ਜੇਕਰ ਪੰਜਾਬ ਦੇ ਉਦਯੋਗ ਯੂਪੀ ‘ਚ ਜਾਕੇ ਲੱਗਣ ਲੱਗ ਪਏ ਤਾਂ ਯੂਪੀ ਦੇ ਲੋਕ ਵਾਪਸ  ਜਾ ਸਕਦੇ ਹਨ ਕਿਉਂਕਿ ਹਰ ਇਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਘਰ ਦੇ ਨਜ਼ਦੀਕ ਹੀ ਰਹੇ । ਇਸ ਤੋਂ ਪਹਿਲਾਂ ਮਨਰੇਗਾ ਸਕੀਮ ਨੇ ਵੀ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਆਪਣੇ ਪ੍ਰਦੇਸਾਂ ਵੱਲ  ਵਾਪਸ ਖਿਚਿਆ ਸੀ ।

ਕੀ ਪੰਜਾਬ ਸਰਕਾਰ ਉਪੋਕਤ ਤੌਖਲਿਆਂ ਨੂੰ ਦੂਰ ਕਰ ਸਕੇਗੀ  ? ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਾਰਨ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਪੰਜਾਬ ‘ਚ ਕੀ ਹੋ ਰਿਹਾ ਹੈ । ਇਸ ਸੰਦਰਭ ‘ਚ ਮਾਨ ਸਰਕਾਰ ਲਈ ਪੰਜਾਬ ‘ਚ  ਨਵੇਂ ਉਦਯੋਗ ਲਿਆਉਣ ਲਈ ਕਈ ਰੁਕਾਵਟਾਂ ਆ ਸਕਦੀਆਂ ਹਨ ; ਸਿਰਫ਼ ਮੀਡੀਏ ‘ਚ ਦਿਤੇ ਇਸ਼ਤਿਹਾਰਾਂ ਨਾਲ਼ ਇਹ ਉਦੇਸ਼ ਪੂਰਾ ਹੋਣਾ ਔਖਾ ਹੈ ਪਰ ਜੇਕਰ ਸੀਐੱਮ ਮਾਨ ਪੰਜਾਬ ‘ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰ ਲੈਣ ਤਾਂ ਸੀਐੱਮ ਦੇ ਸੁਪਨੇ ਪੂਰੇ ਹੋ ਸਕਦੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button