ਪੰਜਾਬ ਵਿਜੀਲੈਂਸ ਬਿਊਰੋ ਨੇ ਚਰਚਿਤ ਅਨਾਜ ਘੁਟਾਲੇ ਦੇ ਦੋਸ਼ੀ ਰਾਕੇਸ਼ ਸਿੰਗਲਾ, ਸਾਬਕਾ ਡਿਪਟੀ ਡਾਇਰੈਕਟਰ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਸਾਥੀ ਅਤੇ ਬੱਤਰਾ ਫਾਰਮਾਸਿਊਟੀਕਲਜ਼ ਦੇ ਡਿਸਟ੍ਰੀਬਿਊਟਰ ਅਨੁਰਾਗ ਬੱਤਰਾ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਉੱਪਰ ਸਿੰਗਲਾ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਤਬਦੀਲ ਕਰਨ ਦਾ ਦੋਸ਼ ਹੈ।
ਉਕਤ ਮੁਲਜ਼ਮ ਨੂੰ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਇੱਕ ਦਿਨ ਦੇ ਪੁਲਸ ਰਿਮਾਂਡ ‘ਤੇ ਵਿਜੀਲੈਂਸ ਬਿਊਰੋ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰਾਂ ਖਿਲਾਫ ਐਫ.ਆਈ.ਆਰ. ਨੰਬਰ 11 ਮਿਤੀ 16.08.2022 ਨੂੰ ਭਾਰਤੀ ਦੰਡਾਵਲੀ ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 12, 13 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਦਰਜ ਹੈ ਜਿਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਡਿਪਟੀ ਡਾਇਰੈਕਟਰ ਸਿੰਗਲਾ ਨੇ ਆਪਣੇ ਅਤੇ ਆਪਣੀ ਪਤਨੀ ਦੇ ਨਾਂ ‘ਤੇ ਅਣਜਾਣੇ ਆਮਦਨੀ ਦੇ ਸਰੋਤਾਂ ਤੋਂ 12 ਜਾਇਦਾਦਾਂ ਖਰੀਦੀਆਂ ਸਨ। ਬਾਅਦ ਵਿੱਚ ਸਿੰਗਲਾ ਨੂੰ ਉਪਰੋਕਤ ਕੇਸ ਵਿੱਚ ਇਸ਼ਤਿਹਾਰੀ ਭਗੌੜਾ (ਪੀ.ਓ.) ਕਰਾਰ ਦੇ ਦਿੱਤਾ ਗਿਆ ਸੀ।
ਇਸ ਉਪਰੰਤ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ) ਤੇ 13(2) ਤਹਿਤ ਐੱਫ.ਆਈ.ਆਰ. ਨੰਬਰ 08 ਮਿਤੀ 19.04.2023 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਰ.ਕੇ. ਸਿੰਗਲਾ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ‘ਚ ਤਾਇਨਾਤੀ ਦੌਰਾਨ ਰਿਸ਼ਵਤ ਰਾਹੀਂ ਵੱਡੀ ਰਕਮ ਇਕੱਠੀ ਕੀਤੀ ਸੀ ਅਤੇ ਆਪਣੀ ਪਤਨੀ ਰਚਨਾ ਸਿੰਗਲਾ ਦੀ ਅਪਰਾਧਿਕ ਮਿਲੀਭੁਗਤ ਨਾਲ ਉਸ ਦੇ ਨਾਂ ‘ਤੇ ਕਈ ਜਾਇਦਾਦਾਂ ਖਰੀਦੀਆਂ ਸਨ, ਜੋ ਉਸ ਦੀ ਆਮਦਨ ਦੇ ਸਰੋਤਾਂ ਨਾਲ ਮੇਲ ਨਹੀਂ ਖਾਂਦੀਆਂ।
ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਸਿੰਗਲਾ ਨੇ ਲਗਭਗ 5 ਕਰੋੜ ਰੁਪਏ ਦੀਆਂ 12 ਜਾਇਦਾਦਾਂ ਖਰੀਦੀਆਂ ਸਨ। ਇਹਨਾਂ 12 ਜਾਇਦਾਦਾਂ ਵਿੱਚੋਂ 5 ਲੁਧਿਆਣਾ ਸ਼ਹਿਰ ਵਿਖੇ, 5 ਐੱਸ.ਸੀ.ਓਜ਼ ਖੰਨਾ ਵਿਖੇ, 01 ਚੰਡੀਗੜ੍ਹ ਵਿਖੇ ਅਤੇ 2 ਜਾਇਦਾਦਾਂ (ਐੱਸ.ਸੀ.ਓਜ਼) ਮੁਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 18ਏ ਤਹਿਤ ਉਸ ਦੀਆਂ ਸਾਰੀਆਂ 12 ਜਾਇਦਾਦਾਂ ਦੀ ਕੁਰਕੀ ਲਈ ਲੁਧਿਆਣਾ ਦੀ ਅਦਾਲਤ ਵਿੱਚ ਕਾਰਵਾਈ ਪ੍ਰਕਿਰਿਆ ਅਧੀਨ ਹੈ।
ਬੁਲਾਰੇ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਨੁਰਾਗ ਬੱਤਰਾ ਵਾਸੀ ਐੱਸ.ਸੀ.ਓ. 360, ਸੈਕਟਰ 32 ਡੀ, ਚੰਡੀਗੜ੍ਹ ਨੇ ਆਰ. ਕੇ. ਸਿੰਗਲਾ ਦੀ ਉਸਦੇ ਕਾਲੇ ਧਨ ਨੂੰ ਚਿੱਟੇ ਵਿੱਚ ਤਬਦੀਲ ਕਰਨ ਵਿੱਚ ਮਦਦ ਕੀਤੀ ਸੀ। ਉਸ ਨੇ ਸਾਲ 2021 ਦੌਰਾਨ ਰਚਨਾ ਸਿੰਗਲਾ ਦੇ ਬੈਂਕ ਖਾਤੇ ਵਿੱਚ 9,03,450 ਲੱਖ ਰੁਪਏ ਅਤੇ 19,05,750 ਲੱਖ ਰੁਪਏ (ਕੁੱਲ 28,09,200 ਰੁਪਏ) ਤਬਦੀਲ ਕੀਤੇ ਸਨ।
ਮੁਲਜ਼ਮ ਅਨੁਰਾਗ ਬੱਤਰਾ ਇਸ ਗੱਲ ਦਾ ਸਪੱਸ਼ਟੀਕਰਨ ਦੇਣ ਵਿੱਚ ਅਸਫ਼ਲ ਰਿਹਾ ਕਿ ਹਰਿਆਣਾ ਸਰਕਾਰ ਤੋਂ 5 ਆਰਡਰ ਪ੍ਰਾਪਤ ਕਰਨ ਲਈ ਰਚਨਾ ਸਿੰਗਲਾ ਵੱਲੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਗਈ ਸੀ। ਮੁਲਜ਼ਮ ਬੱਤਰਾ ਵੱਲੋਂ ਜਾਂਚ ਦੌਰਾਨ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਜਿਨ੍ਹਾਂ ਦਿਨਾਂ ਵਿੱਚ ਪੈਸੇ ਟਰਾਂਸਫਰ ਕੀਤੇ ਗਏ, ਰਚਨਾ ਸਿੰਗਲਾ ਭਾਰਤ ਵਿੱਚ ਨਹੀਂ ਸਗੋਂ ਵਿਦੇਸ਼ ਵਿੱਚ ਸੀ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਉਕਤ ਮੁਲਜ਼ਮ ਬੱਤਰਾ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਖੁਲਾਸਾ ਕੀਤਾ ਹੈ ਕਿ ਉਸ ਦੇ ਇਕ ਦੋਸਤ ਨੇ ਉਸ ਨੂੰ ਆਰ. ਕੇ. ਸਿੰਗਲਾ ਦੇ ਕਾਲਾ ਧਨ ਨੂੰ ਚਿੱਟੇ ਵਿੱਚ ਤਬਦੀਲ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.