ਚੰਡੀਗੜ੍ਹ, 3 ਫਰਵਰੀ 2023 – ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ ਸ਼ੱਕੀ ਟਿਕਾਣਿਆਂ ‘ਤੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸੀ ਮੁਹਿੰਮ (ਸੀ.ਏ.ਐਸ.ਓ.) ਚਲਾਈ।
ਸੂਬੇ ਭਰ ਦੇ ਸਾਰੇ ਜਿਲਿਆਂ ਵਿੱਚ ਦੋਵਾਂ ਅਪਰਾਧੀਆਂ ਨਾਲ ਜੁੜੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਆਪ੍ਰੇਸ਼ਨ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਆਪਸੀ ਗਠਜੋੜ ਨੂੰ ਤਾਰ-ਤਾਰ ਕਰਨਾ ਸੀ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਲਗਭਗ 2000 ਪੁਲਿਸ ਮੁਲਾਜਮਾਂ ਵਾਲੀਆਂ 200 ਪਾਰਟੀਆਂ ਵੱਲੋਂ ਸਬੇ ਭਰ ’ਚ ਪੂਰਾ ਦਿਨ ਚਲਾਏ ਗਏ ਇਸ ਆਪ੍ਰੇਸ਼ਨ ਦੌਰਾਨ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਜੁੜੇ ਸਮਾਜ ਵਿਰੋਧੀ ਅਨਸਰਾਂ ਦੇ 1490 ਤੋਂ ਵੱਧ ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ।
ਉਨਾਂ ਕਿਹਾ ਕਿ ਇਸ ਤਲਾਸ਼ੀ ਤੇ ਛਾਪੇਮਾਰੀ ਮੁਹਿੰਮ (ਸੀ.ਏ.ਐਸ.ਓ.) ਦੀ ਯੋਜਨਾ , ਹਾਲ ਹੀ ਵਿੱਚ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਹਮਾਇਤ ਵਾਲੇ ਮਾਡਿਊਲਾਂ ਦਾ ਪਰਦਾਫਾਸ਼ ਕੀਤੇ ਜਾਣ ਦੌਰਾਨ ਕੀਤੀ ਕਈ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ, ਬਣਾਈ ਗਈ ਸੀ । ਇਸ ਤੋਂ ਇਲਾਵਾ ਉਕਤ ਕਵਾਇਦ ਦਾ ਉਦੇਸ਼ ਸਮਾਜ ਵਿਰੋਧੀ ਤੱਤਾਂ ਵਿੱਚ ਡਰ ਪੈਦਾ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਵੀ ਹੈ।
ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਸੀ.ਏ.ਐਸ.ਓ.)ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਹੋਰ ਤਫ਼ਤੀਸ਼ ਦੇ ਮੱਦੇਨਜ਼ਰ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨਾਂ ਕੋਲੋਂ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ ਹੈ, ਜਿਨਾਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਇਨਾਂ ਅਪਰਾਧੀਆਂ ਨਾਲ ਸਬੰਧਤ ਘਰਾਂ ਅਤੇ ਹੋਰ ਥਾਵਾਂ ‘ਤੇ ਬਾਰੀਕੀ ਨਾਲ ਤਲਾਸ਼ੀ ਕੀਤੀ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਤੋਂ ਡਾਟਾ ਵੀ ਇਕੱਠਾ ਕੀਤਾ, ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।
ਉਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਅਸਲਾ ਲਾਇਸੈਂਸਾਂ ਦੀ ਵੀ ਜਾਂਚ ਕੀਤੀ ਅਤੇ ਅਸਲੇ ਦੀ ਸੋਰਸਿੰਗ ਬਾਰੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਅਗਲੇਰੀ ਜਾਂਚ ਲਈ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਦੀ ਯਾਤਰਾ ਦੇ ਵੇਰਵੇ, ਵਿਦੇਸ਼ਾਂ ਤੋਂ ਬੈਂਕਾਂ ਦੇ ਲੈਣ-ਦੇਣ ਅਤੇ ਵੈਸਟਰਨ ਯੂਨੀਅਨ ਅਤੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਮਾਰਚ 2022 ਤੋਂ ਲੈ ਕੇ ਹੁਣ ਤੱਕ 30 ਆਧੁਨਿਕ ਰਾਈਫਲਾਂ, 200 ਰਿਵਾਲਵਰ/ਪਿਸਟਲ ਅਤੇ 24 ਡਰੋਨ ਬਰਾਮਦ ਕਰਕੇ 160 ਅੱਤਵਾਦੀਆਂ/ਕੱਟੜਪੰਥੀਆਂ ਨੂੰ ਗਿ੍ਰਫਤਾਰ ਕਰਕੇ 25 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਜਿੱਥੋਂ ਤੱਕ ਗੈਂਗਸਟਰਾਂ ਦਾ ਸਬੰਧ ਹੈ, ਪੰਜਾਬ ਪੁਲਿਸ ਨੇ 555 ਗੈਂਗਸਟਰਾਂ/ਅਪਰਾਧੀਆਂ ਨੂੰ ਗਿ੍ਰਫਤਾਰ ਕਰਨ ਅਤੇ ਦੋ ਨੂੰ ਬੇਅਸਰ ਕਰਕੇ 140 ਗੈਂਗਸਟਰ ਮਾਡਿਊਲਾਂ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਉਕਤ ਦੋਸ਼ੀਆਂ ਕੋਲੋਂ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ 510 ਹਥਿਆਰ ਅਤੇ 129 ਵਾਹਨ ਬਰਾਮਦ ਕੀਤੇ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.