OpinionD5 special

ਪੰਜਾਬ ਦੀ ਨਵੀਂ ਸਰਕਾਰ ਤੇਜ਼ੀ ਨਾਲ ਰਾਜ ਦੇ ਲੋਕਾਂ ਨੂੰ ਕੁਝ ਕਰਕੇ ਦਿਖਾਉਣ ਦੇ ਰੌਂਅ ’ਚ

ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੋੇਵੇਗਾ ਨਵੇਂ ਮੁੱਖ ਮੰਤਰੀ ਚੰਨੀ ਨੂੰ

(ਜਸਪਾਲ ਸਿੰਘ ਢਿੱਲੋਂ)
ਪਟਿਆਲਾ : (22 ਸਤੰਬਰ) ਪੰਜਾਬ ਅੰਦਰ ਲੰਬੀ ਕਸ਼ਮਕਸ਼ ਤੋਂ ਬਾਅਦ ਰਾਜ ਅੰਦਰ ਵੱਡੀ ਸਿਆਸੀ ਤਬਦੀਲੀ ਆਈ ਹੈ। ਲੋਕਤੰਤਰ ਨੇ ਇਕ ਰਾਜੇ ਦੀ ਥਾਂ ਤੇ ਇੱਕ ਆਮ ਵਿਆਕਤੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਕੀਤਾ ਹੈ। ਉਨ੍ਹਾਂ ਦੇ ਨਾਲ ਦੋ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੂੰ ਬਣਾਇਆ ਗਿਆ ਹੈ। ਇਸ ਟੀਮ ਨੇ ਸਤਾ ਸੰਭਾਲਦਿਆਂ ਹੀ ਕਈ ਫੈਸਲੇ ਲਏ ਹਨ। ਮੁੱਖ ਮੰਤਰੀ ਚੰਨੀ ਨੇ ਜਿਸ ਤਰ੍ਹਾਂ ਅਹੁਦਾ ਸੰਭਾਲਦਿਆਂ ਭਾਵੁਕ ਤੌਰ ਤੇ ਜੋ ਕੁੱਝ ਕਿਹਾ ਉਹ ਇਕ ਵੱਖਰਾ ਪ੍ਰਭਾਵ ਦਿੱਤਾ ਗਿਆ ਹੈ, ਇਥੋਂ ਤੱਕ ਕਿ ਉਨ੍ਹਾਂ ਆਪਣਾ ਪਿਛੋਕੜ ਵੀ ਯਾਦ ਕੀਤਾ। ਉਨਾਂ ਦਾ ਸਿਆਸੀ ਸਫ਼ਰ ਨਗਰ ਕੌਂਸਲ ਤੋ ਸ਼ੂਰੂ ਕੀਤਾ। ਉਹ ਤਿੰਨ ਵਾਰ ਕੌਂਸਲਰ ਤੇ ਦੋ ਵਾਰ ਨਗਰ ਕੌਂਸਲ ਦੇ ਪ੍ਰਧਾਨ ਬਣੇ। ਬਾਅਦ ’ਚ ਉਹ ਪਹਿਲੀ ਵਾਰ ਆਜ਼ਾਦ ਤੌਰ ਤੇ ਵਿਧਾਇਕ ਬਣੇ, ਦੂਜੀ ਵਾਰ ਉਹ ਕਾਂਗਰਸ ਦੀ ਟਿਕਟ ਤੇ ਵਿਧਾਇਕ ਬਣੇ ਤੇ ਉਨਾਂ ਨੂੰ ਵਿਰੋਧੀ ਧਿਰ ਦਾ ਆਗੂ ਵੀ ਬਣਾਇਆ ਗਿਆ।

ਇਸ ਪਾਰੀ ’ਚ ਉਹ ਮੁੜ ਵਿਧਾਇਕ ਬਣੇ ਅਤੇ ਤਕਨੀਕੀ ਸਿੱਖਿਆ ਮੰਤਰੀ ਬਣੇ ਤੇ ਹੁਣ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚੇ। ਇਸ ਵੇਲੇ ਦੋ ਉਪ ਮੁੱਖ ਮੰਤਰੀ ਬਣਾਏ ਹਨ ਇਹ ਦੋਵੇਂ ਹੀ ਮਾਝੇ ਨਾਲ ਸਬੰਧਤ ਹਨ। ਪਹਿਲਾਂ ਪਟਿਆਲਾ ਦੇ ਦਿਹਾਤੀ ਦੇ ਵਿਧਾਇਕ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਤੁਰੀ ਉਨਾਂ ਦੇ ਸ਼ਹਿਰ ਦੇ ਵਿਚ ਫਲੈਕਸ ਵੀ ਲੱਗ ਗਏ ਇਥੋਂ ਤੱਕ ਕਿ ਕਈ ਥਾਈਂ ਆਤਿਸ਼ਬਾਜ਼ੀ ਵੀ ਚਲਾਈ ਗਈ , ਪਰ ਉਨਾਂ ਦੀ ਪਿਛਲੇ ਸਮੇਂ ਅੰਦਰ ਨਵਜੋਤ ਸਿੰਘ ਸਿੱਧੂ ਪ੍ਰਤੀ ਅਪਣਾਈ ਭੂਮਿਕਾ ਕਰਕੇ ਹੀ ਉਨਾਂ ਨੂੰ ਇਹ ਕੁਰਸੀ ਪ੍ਰਾਪਤ ਨਹੀਂ ਹੋ ਸਕੀ। ਇਸ ਵੇਲੇ ਚਰਨਜੀਤ ਸਿੰਘ ਚੰਨੀ ਜੋ ਅਨਸੂਚਿਤ ਜਾਤੀ ’ਚੋਂ ਆਉਦੇ ਹਨ ਦੇ ਮੁੱਖ ਮੰਤਰੀ ਬਣ ਜਾਣ ਨਾਲ ਵਿਰੋਧ ਪਾਰਟੀਆਂ ਅਕਾਲੀ ਦਲ, ਆਪ, ਭਾਜਪਾ ਤੇ ਹੋਰਨਾਂ ਦੇ ਮਨਸੂਬਿਆਂ ਤੇ ਪਾਣੀ ਫਿਰ ਗਿਆ ਹੈ।
ਪਹਿਲੇ ਹੀ ਦਿਨ ਤੋਂ ਉਨਾਂ ਨੇ ਇਸ ਤਰਾਂ ਦੀ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁੱਝ ਜਲਦ ਕਰਕੇ ਦਿਖਾਇਆ ਜਾਵੇ।

ਅੱਜ ਜਦੋਂ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ। ਇਸ ਦੇ ਨਾਲ ਹੀ ਉਹ ਦੁਰਗਿਆਨਾ ਮੰਦਿਰ ਅਤੇ ਜਲਿਆਂਵਾਲਾ ਬਾਗ ਵਿਖੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਨਗਰ ਸੁਧਾਰ ਟਰਸਟ ਅੰਮ੍ਰਿਤਸਰ ਅਤੇ ਬਟਾਲਾ ਦੇ ਚੇਅਰਮੈਨ ਜੋ ਸਿਆਸੀ ਆਧਾਰ ਤੇ ਬਦਲੇ ਗਏ ਸਨ ਨੂੰ ਬਦਲ ਕੇ ਮੁੜ ਪੁਰਾਣੇ ਚੇਅਰਮੈਨਾਂ ਨੂੰ ਹੀ ਬਹਾਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਜ ਅੰਦਰ ਜਲੰਧਰ , ਲੁਧਿਆਣਾ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕਰਮਵਾਰ ਨੌ ਨਿਹਾਲ ਸਿੰਘ, ਗੁਰਪ੍ਰੀਤ ਸਿੰਘ ਭੁੱਲਰ ਅਤੇ ਸੁਖਚੈਨ ਸਿੰਘ ਗਿੱਲ ਨੂੰ ਲਾਇਆ ਗਿਆ ਹੈ। ਇਨਾਂ ਨਿਯੁਕਤੀਆਂ ਨੇ ਸਾਫ ਕਰ ਦਿੱਤਾ ਹੈ ਕਿ ਅਗਲੇ ਦਿਨਾਂ ’ਚ ਸਿਵਲ ਅਤੇ ਪੁਲਿਸ ਪ੍ਰਸਾਸ਼ਨ ’ਚ ਰਾਜ ਅੰਦਰ ਵੱਡੀਆਂ ਤਬਦੀਲੀਆਂ ਹੋਣਗੀਆਂ। ਚਰਨਜੀਤ ਸਿੰਘ ਚੰਨੀ ਨੇ ਇਨਾਂ ਦੋ ਤਿੰਨ ਦਿਨਾਂ ’ਚ ਤੇਜ਼ੀ ਨਾਲ ਕਾਰਜ ਕੀਤੇ ਹਨ, ਉਹ ਜਿਥੇ ਧਾਰਮਿਕ ਸਥਾਨਾਂ ਤੇ ਡੇਰਿਆਂ ਵੱਲ ਜਾ ਰਹੇ ਹਨ, ਉਥੇ ਹੀ ਉਹ ਵੱਖ ਵੱਖ ਵੱਡੇ ਤੇ ਛੋਟੇ ਰਾਜਸੀ ਆਗੂਆਂ ਦੇ ਘਰਾਂ ’ਚ ਵੀ ਜਾ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਦੀ ਹਾਈਕਮਾਨ ਦੇ ਵੱਲੋਂ ਦਿੱਤੇ 18 ਨੁਕਾਤੀ ਪ੍ਰੋਗਰਾਮ ਨੂੰ ਸਭ ਤੋਂ ਪਹਿਲਾਂ ਤਰਜੀਹ ਦੇਣਗੇ। ਇਸ ਤੇ ਕਾਰਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਦੀ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਹੁਣ ਕੁੱਝ ਨਵਾਂ ਹੋਣ ਜਾ ਰਿਹਾ ਹੈ। ਜੋ ਵਾਅਦੇ ਕੀਤੇ ਹਨ ਉਹ ਜ਼ਰੂਰ ਪੂਰੇ ਹੋਣਗੇ।
ਕਾਂਗਰਸ ਲਈ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਇਸ ਵਿਚ ਸਾਰੇ ਧੜਿਆਂ ਨੂੰ ਨਾਲ ਲੈਕੇ ਚਲਣਾ ਸੌਖਾ ਨਹੀਂ ਹੋਵੇਗਾ। ਇਸ ਵੇਲੇ ਕਈ ਉਹ ਮੰਤਰੀ ਜੋ ਕੈਪਟਨ ਦੀ ਸਰਕਾਰ ’ਚ ਰਹੇ ਹਨ ਅਤੇ ਉਨਾਂ ਦੀ ਕਾਰਗੁਜ਼ਾਰੀ ਤਸੱਲੀ ਬਖਸ਼ ਨਹੀਂ ਰਹੀ ਹੈ, ਨੂੰ ਬਾਹਰ ਦਾ ਰਸਤਾ ਦਿਖਾਉਣਾ ਅਤੇ ਕਈ ਨਵਿਆਂ ਨੂੰ ਮੰਤਰੀ ਮੰਡਲ ’ਚ ਸ਼ਾਮਿਲ ਕਰਨਾ ਅਤੇ ਨੌਜ਼ਵਾਨਾਂ ਨੂੰ ਜਿੰਮੇਵਾਰੀ ਦੇਣਾ ਸ਼ਾਮਿਲ ਹੈ। ਇਸ ਕਾਫੀ ਔਖਾ ਕਾਰਜ ਹੈ , ਜਿਸ ਨੂੰ ਪੂਰਾ ਕਰਨਾ ਕਾਫੀ ਕੱਭਾ ਕੰਮ ਹੈ।

ਕਾਂਗਰਸ ਦੇ ਕਈ ਆਗੂ ਮੰਤਰੀ ਮੰਡਲ ਵੱਲ ਦੇਖ ਰਹੇ ਹਨ। ਇਸ ਵੇਲੇ ਸਰਕਾਰ ਕੋਲ ਕੇਵਲ 100 ਦਿਨ ਹੀ ਹਨ ਪਰ ਕਾਰਜ ਵੱਡੇ ਹਨ, ਪੈਂਡਾ ਵੀ ਲੰਬਾ ਹੈ, ਪਰ ਸਮਾਂ ਬਹੁਤਾ ਨਹੀਂ ਹੈ। ਇਸ ਸਰਕਾਰ ਤੋਂ ਲੋਕਾਂ ਨੂੰ ਆਸਾਂ ਹਨ ਕਿ ਇਹ ਸਰਕਾਰ ਕੁੱਝ ਕਰ ਸਕੇਗੀ। ਸਭ ਤੋਂ ਅਹਿਮ ਮੁੱਦਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਦੋਸ਼ੀਆਂ ਸਜ਼ਾਵਾਂ ਦਿਵਾਉਣਾ, ਨਸ਼ੇ ਦੇ ਵੱਡੇ ਸੋਦਾਗਰਾਂ ਨੂੰ ਸ਼ਲਾਖਾਂ ਅੰਦਰ ਡੱਕਣਾ, ਬਿਜਲੀ ਦੀਆਂ ਦਰਾਂ ਨੂੰ ਘਟਾਉਣਾ ਅਤੇ ਬਿਜਲੀ ਸਮਝੋਤੇ ਰੱਦ ਕਰਾਉਣਾ । ਇਸ ਦੇ ਨਾਲ ਹੀ ਰੇਤ, ਟਰਾਂਸਪੋਰਟ, ਕੇਬਲ , ਜ਼ਮੀਨ ਮਾਫੀਆ ਸਮੇਤ ਹੋਰ ਮਾਫੀਏ ਤੇ ਕਾਬੂ ਪਾਉਣਾ। ਮੁੱਖ ਮੰਤਰੀ ਵੱਲੋਂ ਆਪਣੇ ਆਪ ਨੂੰ ਆਮ ਆਦਮੀ ਦਰਸਾਉਣਾ ਤੇ ਇਹ ਕਹਿਣਾ ਕਿ ਕੋਈ ਵੀ ਮਾਫੀਆ ਵਾਲਾ ਵਿਆਕਤੀ ਮੈਨੂੰ ਨਾ ਮਿਲੇ ਇਸ ਨੇ ਕਈ ਚੰਗੇ ਸੰਕੇਤ ਦਿੱਤੇ ਹਨ।

ਮੁੱਖ ਮੰਤਰੀ ਚੰਨੀ ਵੱਲੋਂ ਇਹ ਕਹਿਣਾ ਕਿ ਊਹ ਸੰਯੁਕਤ ਕਿਸਾਨ ਮੋਰਚੇ ਤੇ ਜਾਣਗੇ ਅਤੇ ਉਥੇ ਸੰਘਰਸ਼ ਵਾਲੇ ਕਿਸਾਨੀ ਮੋਰਚੇ ਨੂੰ ਮੱਥਾ ਟੇਕਣ ਜਾਣਗੇ ਹਾਲਾਂ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਸਾਡਾ ਸਭ ਲਈ ਇਕੋ ਫੈਸਲਾ ਹੈ ਜੇ ਚੰਨੀ ਸਾਹਿਬ ਮੋਰਚੇ ਆਉਦੇ ਹਨ ਉਹ ਆਮ ਵਿਆਕਤੀ ਵਾਂਗ ਆਉਣ। ਇਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਚੰਨੀ ਸਾਹਿਬ ਕਿਸਾਨੀ ਕਰਜ਼ਿਆਂ ਤੇ ਲੀਕ ਮਾਰ ਦੇਣ ਕਿਸਾਨ ਉਨਾਂ ਦਾ ਸਵਾਗਤ ਕਰ ਦੇਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਰਾਜ ਦੀ ਨਵੀਂ ਸਰਕਾਰ ਆਪਣੇ 18 ਨੁਕਾਤੀ ਪ੍ਰੋਗਰਾਮ ਲਾਗੂ ਕਰ ਸਕੇਗੀ। ਘੱਟ ਸਮੇਂ ਅੰਦਰ ਜੇ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਕੁੱਝ ਕਰ ਦਿਖਾਇਆ ਤਾਂ ਇਸ ਦਾ ਅਸਰ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਪਵੇਗਾ। ਲੋਕਾਂ ਨੂੰ ਆਸ ਜ਼ਰੂਰ ਬੱਝੀ ਹੈ ਕਿ ਚੰਨੀ ਦੀ ਅਗਵਾਈ ਵਾਲੀ ਸਰਕਾਰ ਕੁੱਝ ਜ਼ਰੂਰ ਕਰਕੇ ਦਿਖਾਏਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button